ਆਮਿਰ ਖ਼ਾਨ: ਇੱਕ ਮੰਤਰੀ ਨੇ 'ਹਿੰਦੂ-ਵਿਰੋਧੀ' ਵਿਗਿਆਪਨਾਂ ਤੋਂ ਬਚਣ ਦੀ ਕਿਉਂ ਦਿੱਤੀ ਸਲਾਹ

ਤਸਵੀਰ ਸਰੋਤ, Getty Images
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਨੂੰ ‘ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ’ ਇਸ਼ਤਿਹਾਰਾਂ ਤੋਂ ਬਚਣ ਲਈ "ਅਪੀਲ" ਕੀਤੀ ਹੈ।
ਨਰੋਤਮ ਮਿਸ਼ਰਾ ਦੀ ਇਹ ਟਿੱਪਣੀ ਆਮਿਰ ਖ਼ਾਨ ਦੇ ਨਵੇਂ ਵਿਗਿਆਪਨ ਨੂੰ ਲੈ ਕੇ ਆਈ ਹੈ, ਜਿਸ ਨੇ ਹਿੰਦੂ ਸੱਜੇ-ਪੱਖੀਆਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ।
ਇੱਕ ਬੈਂਕ ਲਈ ਬਣਾਏ ਗਏ ਇਸ ਇਸ਼ਤਿਹਾਰ ਵਿੱਚ ਆਮਿਰ ਖ਼ਾਨ ਅਤੇ ਅਭਿਨੇਤਰੀ ਕਿਆਰਾ ਅਡਵਾਨੀ ਨਵ-ਵਿਆਹੁਤਾ ਦੇ ਰੂਪ ’ਚ ਹਿੰਦੂ ਵਿਆਹ ਦੀਆਂ ਰਸਮਾਂ ਨਿਭਾਉਂਦੇ ਦਰਸਾਏ ਗਏ ਹਨ।
ਪਰ ਆਲੋਚਕਾਂ ਦਾ ਇਲਜ਼ਾਮ ਹੈ ਕਿ ਇਸ ਵਿਗਿਆਪਨ ਨੇ ਹਿੰਦੂ ਪਰੰਪਰਾਵਾਂ ਅਤੇ ਸੱਭਿਆਚਾਰ ਨੂੰ ਢਾਹ ਲਾਈ ਹੈ।
ਇਸ ਵਿਗਿਆਪਨ ਵਿੱਚ ਆਮਿਰ ਖ਼ਾਨ ਦੇ ਕਿਰਦਾਰ ਨੂੰ ਵਿਆਹ ਤੋਂ ਬਾਅਦ ਆਪਣੀ ਵਹੁਟੀ ਦੇ ਘਰ ਵਿੱਚ ਰਸਮੀ ਤੌਰ 'ਤੇ ਪਹਿਲਾ ਕਦਮ ਰੱਖਦਿਆਂ ਦਿਖਾਇਆ ਗਿਆ ਹੈ। ਇਹ ਇੱਕ ਅਜਿਹੀ ਰਸਮ ਜੋ ਰਵਾਇਤੀ ਤੌਰ 'ਤੇ ਹਿੰਦੂ ਦੁਲਹਨਾਂ ਵੱਲੋਂ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Dr Narottam Mishra/Twitter
ਹਾਲਾਂਕਿ, ਕੁਝ ਲੋਕ ਵਿਗਿਆਪਨ ਦੇ ਹੱਕ ਵਿੱਚ ਖੜੇ ਹਨ ਅਤੇ ਇਸ ਨੂੰ "ਸ਼ਾਨਦਾਰ" ਕਹਿ ਰਹੇ ਹਨ।
ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਇਸ ਇਸ਼ਤਿਹਾਰ ਵਿੱਚ ਸਾਡੀਆਂ ਧੀਆਂ ਨਾਲ ਇੱਜ਼ਤ ਅਤੇ ਪਿਆਰ ਨਾਲ ਪੇਸ਼ ਆਉਣ ਬਾਰੇ ਦੱਸਿਆ ਗਿਆ ਹੈ ਅਤੇ ਦਰਸਾਇਆ ਗਿਆ ਹੈ ਕਿ ਕੁੜੀਆਂ ਹੁਣ ਮੁੰਡਿਆਂ ਨਾਲੋਂ ਵੱਖ ਨਹੀਂ ਹਨ।"
ਪਰ ਦੂਜਿਆਂ ਦਾ ਕਹਿਣਾ ਹੈ ਕਿ ਇਸ ਵਿਗਿਆਪਨ ਨੇ ਹਿੰਦੂ ਰੀਤੀ ਰਿਵਾਜ਼ਾਂ ਅਤੇ ਪਰੰਪਰਾਵਾਂ ਦਾ "ਮਜ਼ਾਕ" ਅਤੇ "ਅਪਮਾਨ" ਕੀਤਾ ਹੈ।
ਗ੍ਰਹਿ ਮੰਤਰੀ ਮਿਸ਼ਰਾ ਨੇ ਦੱਸਿਆ ਕਿ ਲੋਕਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਇਸ਼ਤਿਹਾਰ ਦੇਖਿਆ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "ਮੈਂ ਉਨ੍ਹਾਂ (ਆਮਿਰ ਖ਼ਾਨ) ਨੂੰ ਬੇਨਤੀ ਕਰਦਾ ਹਾਂ ਕਿ ਉਹ ਭਾਰਤੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਧਿਆਨ 'ਚ ਰੱਖ ਕੇ ਅਜਿਹੇ ਇਸ਼ਤਿਹਾਰ ਨਾ ਹੀ ਕਰਨ।"

- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਆਮਿਰ ਖ਼ਾਨ ਨੂੰ ਅਪੀਲ ਕੀਤੀ ਹੈ ਉਹ 'ਹਿੰਦੂ-ਵਿਰੋਧੀ' ਵਿਗਿਆਪਨਾਂ ਤੋਂ ਬਚਣ।
- ਆਮਿਰ ਖ਼ਾਨ ਦੇ ਨਵੇਂ ਇਸ਼ਤਿਹਾਰ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।
- ਕਈਆਂ ਨੇ ਇਸ਼ਤਿਹਾਰ ਦੀ ਤਾਰੀਫ਼ ਵੀ ਕੀਤੀ ਹੈ।
- ਪਰ ਕਈਆਂ ਦਾ ਕਹਿਣਾ ਹੈ ਕਿ ਇਸ਼ਤਿਹਾਰ ਵਿੱਚ ਹਿੰਦੂ ਰੀਤੀ ਰਿਵਾਜ਼ਾਂ ਅਤੇ ਪਰੰਪਰਾਵਾਂ ਦਾ "ਮਜ਼ਾਕ" ਅਤੇ "ਅਪਮਾਨ" ਕੀਤਾ ਹੈ।
- ਆਮਿਰ ਖ਼ਾਨ ਨੂੰ ਪਹਿਲਾਂ ਵੀ ਕਈ ਵਾਰ ਆਲੋਚਨਾ ਝੱਲਣੀ ਪਈ ਹੈ।

ਪਹਿਲਾਂ ਵੀ ਝੱਲੀ ਆਲੋਚਨਾ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਆਮਿਰ ਖ਼ਾਨ 'ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਗਿਆ ਹੋਵੇ।
ਉਨ੍ਹਾਂ ਦੀ ਹਾਲ ਹੀ ’ਚ ਆਈ ਫਿਲਮ, ਲਾਲ ਸਿੰਘ ਚੱਢਾ ਨੂੰ 2015 ਦੀ ਇੱਕ ਟਿੱਪਣੀ ਨੂੰ ਲੈਕੇ ਔਨਲਾਈਨ ਬਾਈਕਾਟ ਮੁਹਿੰਮ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਇੰਟਰਵਿਊ ਵਿੱਚ ਅਦਾਕਾਰ ਨੇ ਦੇਸ਼ ਵਿੱਚ ਵੱਧ ਰਹੀ ਧਾਰਮਿਕ ਅਸਹਿਣਸ਼ੀਲਤਾ 'ਤੇ ਚਿੰਤਾ ਪ੍ਰਗਟ ਕੀਤੀ ਸੀ।
ਉਸੇ ਵੇਲੇ, ਈ-ਕਾਮਰਸ ਪਲੇਟਫਾਰਮ ਸਨੈਪਡੀਲ ਨੇ ਲੋਕਾਂ ਦੀ ਅਜਿਹੀ ਪ੍ਰਤੀਕਿਰਿਆ ਮਗਰੋਂ ਖ਼ਾਨ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਹਟਾ ਦਿੱਤਾ ਸੀ।
ਉਦੋਂ ਤੋਂ ਆਮਿਰ ਖ਼ਾਨ ਨੇ ਅਕਸਰ ਆਪਣੇ ਬਿਆਨਾਂ ਨੂੰ ਸਪੱਸ਼ਟ ਕੀਤਾ ਹੈ ਅਤੇ ਜਨਤਕ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ਨੂੰ ਪਿਆਰ ਕਰਦੇ ਹਨ।

ਇਹ ਵੀ ਪੜ੍ਹੋ-

ਵੀਡੀਓ- ਤਨਿਸ਼ਕ ਦੇ ਇਸ਼ਤਿਹਾਰ ਨੂੰ ਲੈ ਕੇ ਵੀ ਹੋਇਆ ਸੀ ਹੰਗਾਮਾ
2021 ਵਿੱਚ, ਅਦਾਕਾਰ ਨੂੰ ਇੱਕ ਟਾਇਰ ਦੇ ਇਸ਼ਤਿਹਾਰ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਹਿੰਦੂਆਂ ਦੇ ਦਿਵਾਲੀ ਤਿਉਹਾਰ ਦੌਰਾਨ ਸੜਕ 'ਤੇ ਪਟਾਕੇ ਚਲਾਉਣ ਤੋਂ ਬਚਣ ਲਈ ਕਿਹਾ ਸੀ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਅਕਸਰ ਬਾਲੀਵੁੱਡ ਨੂੰ ਚੇਤਾਵਨੀਆਂ ਅਤੇ ਸੁਝਾਅ ਜਾਰੀ ਕਰਦਿਆਂ ਦੇਖਿਆ ਜਾ ਸਕਦਾ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਆਉਣ ਵਾਲੀ ਮਿਥਿਹਾਸਕ ਫਿਲਮ ਆਦਿਪੁਰਸ਼ ਨੂੰ ਲੈ ਕੇ ਬਿਆਨ ਜਾਰੀ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਫਿਲਮ ਵਿੱਚੋਂ ਹਿੰਦੂ ਦੇਵਤਾ ਹਨੂੰਮਾਨ ਨੂੰ "ਚਮੜੇ ਦੇ ਕੱਪੜੇ" ਪਹਿਨੇ ਹੋਏ ਵਾਲੇ ਦ੍ਰਿਸ਼ਾਂ ਨੂੰ ਨਹੀਂ ਹਟਾਇਆ ਗਿਆ ਤਾਂ ਉਹ ਨਿਰਮਾਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ, "ਅਜਿਹੇ ਦ੍ਰਿਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।"
ਇਸੇ ਲੜੀ ਵਿੱਚ ਆਮਿਰ ਖ਼ਾਨ ਦਾ ਇਹ ਨਵਾਂ ਇਸ਼ਤਿਹਾਰ ਵੀ ਸੱਜੇ-ਪੱਖੀ ਹਿੰਦੂਆਂ ਦੇ ਨਿਸ਼ਾਣੇ ’ਤੇ ਹੈ।
2021 ਵਿੱਚ, ਅਭਿਨੇਤਰੀ ਆਲੀਆ ਭੱਟ ਨੂੰ ਇੱਕ ਵਿਗਿਆਪਨ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਹਿੰਦੂ ਵਿਆਹਾਂ ਵਿੱਚ ਕੰਨਿਆਦਾਨ ਦੀ ਪ੍ਰਥਾ 'ਤੇ ਸਵਾਲ ਚੁੱਕੇ ਗਏ ਸਨ।
ਇੱਕ ਸਾਲ ਪਹਿਲਾਂ, ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਨੇ ਅੰਤਰ-ਧਰਮੀ ਜੋੜੇ ਨੂੰ ਪੇਸ਼ ਕਰਨ ਵਾਲਾ ਇੱਕ ਇਸ਼ਤਿਹਾਰ ਬਣਾਇਆ ਸੀ। ਆਲੋਚਨਾਵਾਂ ਤੋਂ ਬਾਅਦ ਉਨ੍ਹਾਂ ਨੂੰ ਇਹ ਇਸ਼ਤਿਹਾਰ ਹਟਾਉਣਾ ਪਿਆ ਸੀ।

ਇਹ ਵੀ ਪੜ੍ਹੋ-













