ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਾਲੇ ਦਿਨ ਕੀ-ਕੀ ਵਾਪਰਿਆ ਸੀ, ਚਸ਼ਮਦੀਦ ਦੀ ਜ਼ਬਾਨੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ 31 ਅਗਸਤ 1995 ਵਿੱਚ ਬੰਬ ਧਮਾਕੇ ਦੌਰਾਨ ਮਾਰੇ ਗਏ ਸਨ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

"ਸ਼ਾਮ 5.05 ਵਜੇ ਧਮਾਕਾ ਹੋਇਆ ਸੀ। ਮੈਂ ਕਾਰ ਦੇ ਨੇੜੇ ਗਿਆ। ਮੈਂ ਉਨ੍ਹਾਂ ਦੇ ਹੱਥ ਵਿਚ ਪਾਏ ਕੜੇ ਤੋਂ ਪਛਾਣ ਲਿਆ ਕਿ ਇਹ ਮੁੱਖ ਮੰਤਰੀ ਬੇਅੰਤ ਸਿੰਘ ਦੀ ਲਾਸ਼ ਸੀ।"

"ਲਾਸ਼ ਪਛਾਣਨੀ ਬੜੀ ਮੁਸ਼ਕਲ ਸੀ, ਮੈਂ ਉਨ੍ਹਾਂ ਦੇ ਕੜੇ ਨੂੰ ਹਜ਼ਾਰਾਂ ਵਾਰ ਦੇਖਿਆ ਸੀ। ਉਹ ਉਸ ਹੱਥ ਨਾਲ ਫਾਈਲਾਂ 'ਤੇ ਦਸਤਖ਼ਤ ਕਰਦੇ ਸੀ।"

ਇਹ ਸ਼ਬਦ 31 ਅਗਸਤ 1995 ਨੂੰ ਬੰਬ ਧਮਾਕੇ ਵਿਚ ਮਾਰੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਓਐੱਸਡੀ ਦਵਿੰਦਰ ਸਿੰਘ ਸਰੋਇਆ ਦੇ ਹਨ, ਜੋ ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।

ਸਰੋਆ ਅੱਗੇ ਦੱਸਦੇ ਹਨ, "ਲਾਸ਼ ਦੀ ਪਛਾਣ ਕਰਨ ਤੋਂ ਬਾਅਦ, ਮੈਂ ਸਾਡੇ ਪ੍ਰਮੁੱਖ ਸਕੱਤਰ ਜਿਵਤੇਜ ਸਿੰਘ ਮੈਣੀ ਕੋਲ ਗਿਆ।"

"ਉੱਥੇ ਬੇਅੰਤ ਸਿੰਘ ਤੋਂ ਬਾਅਦ ਮੁੱਖ ਮੰਤਰੀ ਬਣਨ ਵਾਲੇ ਹਰਚਰਨ ਸਿੰਘ ਬਰਾੜ ਵੀ ਉਨ੍ਹਾਂ ਦੇ ਨਾਲ ਖੜ੍ਹੇ ਸੀ।"

"ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਲਾਸ਼ ਦੀ ਪਛਾਣ ਕਰ ਲਈ ਹੈ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨਹੀਂ ਰਹੇ।"

ਸਿਵਲ ਸਕੱਤਰੇਤ 'ਚ ਅੱਜ ਵੀ ਉਸ ਦਲਾਨ ਦੇ ਅੰਦਰ ਅਤੇ ਆਲੇ-ਦੁਆਲੇ ਦੀ ਆਵਾਜਾਈ 'ਤੇ ਪਾਬੰਦੀ ਹੈ, ਜਿੱਥੇ ਮੁੱਖ ਮੰਤਰੀ ਦੀ ਅੰਬੈਸਡਰ ਕਾਰ 'ਚ ਧਮਾਕਾ ਹੋਇਆ ਸੀ।

ਦਵਿੰਦਰ ਸਰੋਇਆ ਨੇ ਦੱਸਿਆ, “ਉਸ ਦਿਨ ਸਾਡਾ ਵਿਚਾਰ ਇਹ ਸੀ ਕਿ ਅਸੀਂ ਫਾਈਲਾਂ ਕਲੀਅਰ ਕਰਨ ਲਈ ਚੰਡੀਗੜ੍ਹ ਦੇ ਯੂਟੀ ਗੈੱਸਟ ਹਾਊਸ ਜਾਵਾਂਗੇ।”

"ਮੈਂ ਵੀ ਉੱਥੇ ਜਾਣਾ ਸੀ। ਸੀਐੱਮ ਸਾਬ੍ਹ ਸ਼ਾਮ 5 ਵਜੇ ਦੇ ਕਰੀਬ ਦਫ਼ਤਰ ਤੋਂ ਚਲੇ ਗਏ। ਕਰੀਬ ਪੰਜ ਮਿੰਟਾਂ 'ਚ ਧਮਾਕੇ ਨੇ ਸਕੱਤਰੇਤ ਦੀ ਇਮਾਰਤ ਨੂੰ ਹਿਲਾ ਕੇ ਰੱਖ ਦਿੱਤਾ। ਫਾਅਲ ਸੀਲਿੰਗ ਹੇਠਾਂ ਆ ਰਹੀ ਸੀ।"

ਸਰੋਆ ਮੁਤਾਬਕ, "ਉਸ ਦਿਨ ਲਗਭਗ 2600 ਲੋਕ ਮੁੱਖ ਮੰਤਰੀ ਨੂੰ ਮਿਲੇ ਸਨ। ਉਸ ਦਿਨ ਉਨ੍ਹਾਂ ਨੂੰ ਹਲਕਾ ਬੁਖ਼ਾਰ ਵੀ ਸੀ।"

ਉਹ ਅੱਗੇ ਦੱਸਦੇ ਹਨ, "ਦੁਪਹਿਰ ਨੂੰ ਅਸੀਂ ਸਕੱਤਰੇਤ ਪਹੁੰਚ ਗਏ ਸੀ। ਕਲੀਅਰ ਕਰਨ ਲਈ ਬਹੁਤ ਸਾਰੀਆਂ ਫਾਈਲਾਂ ਸਨ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ 5 ਵੱਜ ਗਏ।"

"ਅਸੀਂ ਯੂਟੀ ਗੈੱਸਟ ਹਾਊਸ ਜਾਣਾ ਸੀ। ਫਾਈਲ ਦਾ ਕੰਮ ਸਾਡੇ ਤਿੰਨ ਅਫ਼ਸਰਾਂ ਵਿੱਚ ਵੰਡਿਆ ਗਿਆ ਸੀ। ਮੈਂ ਸੋਚਿਆ ਕਿ ਮੇਰੀ ਵਾਰੀ ਆਉਣ ਵਿਚ ਅੱਧਾ ਘੰਟਾ ਲੱਗੇਗਾ ਤੇ ਮੈਂ ਬਾਅਦ ਵਿਚ ਆਪਣੀ ਗੱਡੀ ਵਿਚ ਚਲੇ ਜਾਵਾਂਗਾ।"

ਇਸਤਗਾਸਾ ਪੱਖ ਅਨੁਸਾਰ, ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਡੀਕੇ ਤ੍ਰਿਪਾਠੀ ਵੀ ਧਮਾਕੇ ਵਿੱਚ ਜ਼ਖਮੀ ਹੋਏ ਸੀ।

ਬੀਬੀਸੀ

ਬੇਅੰਤ ਸਿੰਘ, ਵਿਵਾਦ ਤੇ ਕਤਲ

  • ਬੇਅੰਤ ਸਿੰਘ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਉਹ 1992 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
  • 1980 ਤੇ 1990 ਦਹਾਕੇ ਦੇ ਸ਼ੁਰੂਆਤੀ ਸਾਲਾਂ ਤੱਕ ਪੰਜਾਬ ਵਿਚ ਵੱਖਰੀ ਸਿੱਖ ਸਟੇਟ ਲਈ ਹਥਿਆਰਬੰਦ ਖਾੜਕੂ ਲਹਿਰ ਚੱਲ ਰਹੀ ਸੀ।
  • ਬੇਅੰਤ ਸਿੰਘ ਦੀ ਸਰਕਾਰ ਦੌਰਾਨ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਅਤੇ ਮਨੁੱਖੀ ਅਧਿਆਰਾਂ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਸਨ।
  • ਪੰਜਾਬ ਦੇ ਕਈ ਪੁਲਿਸ ਅਧਿਕਾਰੀਆਂ ਖਿਲਾਫ਼ ਜਾਂਚ ਪੜਤਾਲਾਂ ਹੋਈਆਂ ਅਤੇ ਸਜਾਵਾਂ ਵੀ ਭੁਗਤਣੀਆਂ ਪਈਆਂ ਸਨ।
  • ਬੇਅੰਤ ਸਿੰਘ ਦੇ ਕਤਲ ਦਾ ਇਲਜ਼ਾਮ ਖਾਲਿਸਤਾਨੀ ਜਥੇਬੰਦੀ ਬੱਬਰ ਖਾਲਸਾ ਉੱਤੇ ਲੱਗਿਆ ਸੀ।
  • ਬੇਅੰਤ ਸਿੰਘ ਦੇ ਕਤਲ ਵਿਚ ਸ਼ਾਮਲ ਖਾੜਕੂਆਂ ਨੇ ਅਦਾਲਤ ਵਿਚ ਦਿੱਤੇ ਬਿਆਨ ਵਿਚ ਕਿਹਾ ਸੀ ਉਨ੍ਹਾਂ ਨੇ ''ਸਰਕਾਰੀ ਜ਼ਬਰ'' ਖਿਲਾਫ਼ ਕਾਰਵਾਈ ਕੀਤੀ ਸੀ।
ਬੀਬੀਸੀ

ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਸ਼ਾਮ 5:05 ਵਜੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੀ।

ਮੁੱਖ ਮੰਤਰੀ ਲਿਫ਼ਟ ਰਾਹੀਂ ਗਰਾਊਡ ਫਲੋਰ 'ਤੇ ਆਏ। ਲਿਫ਼ਟ ਦੇ ਗੇਟ ਖੁੱਲ੍ਹਣ 'ਤੇ ਵਿਧਾਇਕ ਬਲਦੇਵ ਸਿੰਘ ਮੁੱਖ ਮੰਤਰੀ ਨੂੰ ਮਿਲੇ।

"ਵਿਧਾਇਕ ਬਲਦੇਵ ਸਿੰਘ ਇਸ ਬੰਬ ਧਮਾਕੇ ਦੌਰਾਨ ਪੂਰੀ ਤਰ੍ਹਾਂ ਝੁਲਸ ਗਏ ਸਨ, ਉਨ੍ਹਾਂ ਦੇ ਸਾਰੇ ਕੱਪੜੇ ਸੜ੍ਹ ਗਏ ਸਨ, ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਅਵਾਜ਼ ਤੋਂ ਪਛਾਣਿਆ ਸੀ।"

ਇਸ ਹਮਲੇ ਤੋਂ 10 ਦਿਨਾਂ ਬਾਅਦ ਵਿਧਾਇਕ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ।

ਫੇਰ ਉਹ ਸਾਰੇ ਮੁੱਖ ਮੰਤਰੀ ਦੀ ਕਾਰ ਵੱਲ ਚੱਲ ਪਏ। ਇੱਕ ਡਾ. ਅਨਿਲ ਦੁੱਗਲ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਸਨ।

ਇਸ ਲਈ ਐੱਸਪੀ ਡੀਆਰ ਤ੍ਰਿਪਾਠੀ ਇੱਕ ਪਾਸੇ ਹੋ ਗਏ ਸਨ। ਉਸ ਨੇ ਇੱਕ ਅਫ਼ਸਰ ਏਐੱਸਆਈ ਨੂੰ ਮੁੱਖ ਮੰਤਰੀ ਦੀ ਕਾਰ ਦਾ ਦਰਵਾਜ਼ਾ ਬੰਦ ਕਰਨ ਲਈ ਕਿਹਾ।

"ਡੀਕੇ ਤ੍ਰਿਪਾਠੀ ਕਾਰ ਵਿਚ ਬੈਠਣ ਲਈ ਅਜੇ ਕਾਰ ਕੋਲ ਪਹੁੰਚੇ ਹੀ ਸਨ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ।"

2 ਵਜੇ ਤੋਂ ਉਡੀਕ ਕਰ ਰਹੇ ਸਨ ਹਮਲਾਵਰ

ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਇੱਕ ਹੋਰ ਵਿਅਕਤੀ ਹਰਕੇਸ਼ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਦੀ ਵਰਦੀ 'ਚ ਇੱਕ ਵਿਅਕਤੀ ਨੂੰ ਬੇਅੰਤ ਸਿੰਘ ਵੱਲ ਆਉਂਦੇ ਦੇਖਿਆ ਤੇ ਫੇਰ ਇੱਕ ਵੱਡਾ ਧਮਾਕਾ ਹੋਇਆ।

"ਮੁੱਖ ਮੰਤਰੀ ਦੀ ਕਾਰ ਵੱਲ ਆਉਣ ਵਾਲਾ ਵਿਅਕਤੀ ਇੱਕ ਨੌਜਵਾਨ ਸੀ। ਉਹ ਮਨੁੱਖੀ ਬੰਬ ਦਿਲਾਵਰ ਸਿੰਘ ਸੀ।"

ਇੱਕ ਦੋਸ਼ੀ ਬਲਵੰਤ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਿਨ ਉਹ ਦਿਲਾਵਰ ਸਿੰਘ ਦੇ ਨਾਲ ਦੁਪਹਿਰ 2 ਵਜੇ ਤੋਂ ਤਤਕਾਲੀ ਮੁੱਖ ਮੰਤਰੀ ਦੇ ਹੇਠਾਂ ਆਉਣ ਦੀ ਉਡੀਕ ਕਰ ਰਿਹਾ ਸੀ।

ਬੇਅੰਤ ਸਿੰਘ

ਤਸਵੀਰ ਸਰੋਤ, Beant Singh family/BBC

ਤਸਵੀਰ ਕੈਪਸ਼ਨ, ਬੇਅੰਤ ਸਿੰਘ ਨੂੰ ਉਸ ਦਿਨ 2600 ਲੋਕ ਮਿਲੇ ਸਨ

ਬਚਾਅ ਪੱਖ ਦੇ ਵਕੀਲ ਅਮਰ ਸਿੰਘ ਚਾਹਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਸੀਬੀਆਈ ਵੱਲੋਂ ਸਬੂਤ ਪੇਸ਼ ਕੀਤੇ ਗਏ ਉਸ ਮੁਤਾਬਕ ਇਸ ਘਟਨਾ ਪਿੱਛੇ ਬੱਬਰ ਖ਼ਾਲਸਾ ਸੀ ।

ਇੱਕ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਅਸੀਂ ਬੇਅੰਤ ਸਿੰਘ ਨੂੰ ਮਾਰਿਆ ਹੈ। ਹੋਰ ਵੀ ਕਈਆਂ ਨੇ ਕਿਹਾ ਕਿ ਬੇਅੰਤ ਸਿੰਘ ਨੂੰ ਇਸ ਲਈ ਨਹੀਂ ਮਾਰਿਆ ਸੀ ਕਿਉਂਕਿ ਉਹ ਸਾਡਾ ਦੁਸ਼ਮਣ ਸੀ।

"ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੋਈ ਕਾਨੂੰਨ ਨਹੀਂ ਹੈ ਕਿ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਮਾਰਿਆ ਜਾਵੇ ਤੇ ਅਸੀਂ ਉਸ ਨੂੰ ਸਿੱਖ ਮਰਿਆਦਾ ਅਨੁਸਾਰ ਮਾਰਿਆ ਹੈ।"

ਬੇਅੰਤ ਕਤਲ ਕੇਸ ਦੇ ਮੁਲਜ਼ਮ

ਉਨ੍ਹਾਂ ਨੇ ਕਿਹਾ ਕਿ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਅਦਾਲਤ ਵਿੱਚ ਚੱਲੇ।

ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ। ਦੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦਕਿ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਜਗਤਾਰ ਸਿੰਘ ਤਾਰਾ ਦੀ ਮੌਤ ਦੀ ਸਜ਼ਾ ਨੂੰ ਬਾਅਦ ਵਿੱਚ ਉਮਰ ਕੈਦ ਵਿਚ ਤਬਦੀਲ ਕੀਤਾ ਗਿਆ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਫਿਰ ਮਾਮਲਾ ਹਾਈ ਕੋਰਟ ਵਿਚ ਚਲਾ ਗਿਆ ਜਿਸ ਨੇ ਜਗਤਾਰ ਹਵਾਰਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ। ਕੁਝ ਅਪੀਲਾਂ ਅਜੇ ਵੀ ਸੁਪਰੀਮ ਕੋਰਟ ਵਿੱਚ ਪੈਂਡਿੰਗ ਹਨ।

ਇਹ ਮਾਮਲਾ ਹਾਲ ਹੀ ਵਿੱਚ ਉਦੋਂ ਸੁਰਖ਼ੀਆਂ ਵਿੱਚ ਆਇਆ ਸੀ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਨੂੰ 1995 ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਇਸ ਪਟੀਸ਼ਨ ਉੱਤੇ ਦੋ ਮਹੀਨਿਆਂ ਵਿੱਚ ਫ਼ੈਸਲਾ ਕਰਨ ਦਾ ਹੁਕਮ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ।

ਅਦਾਲਤ ਨੇ ਕਿਹਾ ਕਿ ਕੇਸ ਦੇ ਦੂਜੇ ਸਹਿ-ਦੋਸ਼ੀਆਂ ਦੀਆਂ ਅਪੀਲਾਂ ਦਾ ਸੁਪਰੀਮ ਕੋਰਟ ਵਿੱਚ ਲੰਬਿਤ ਹੋਣਾ ਰਾਜੋਆਣਾ ਦੀ ਪਟੀਸ਼ਨ ਦਾ ਫ਼ੈਸਲਾ ਕਰਨ ਵਿੱਚ ਅਧਿਕਾਰੀਆਂ ਦੇ ਰਾਹ ਵਿੱਚ ਨਹੀਂ ਆਵੇਗਾ।

ਅਦਾਲਤ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ ਕਿਉਂਕਿ ਉਹ 26 ਸਾਲਾਂ ਤੋਂ ਜੇਲ੍ਹ ਵਿਚ ਹੈ।

(ਇਹ ਰਿਪੋਰਟ ਪਹਿਲੀ ਵਾਰ 31 ਅਗਸਤ, 2022 ਨੂੰ ਛਪੀ ਸੀ।)

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)