ਪ੍ਰਕਾਸ਼ ਸਿੰਘ ਬਾਦਲ: ਪੰਜਾਬ ਤੇ ਪੰਥਕ ਸਿਆਸਤ ਦੇ ਮਹਾਰਥੀ ਦੀ ਜ਼ਿੰਦਗੀ ਦੇ ਅਹਿਮ ਪੜ੍ਹਾਅ

 ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, BBC/GOPAL SHOONYA

ਤਸਵੀਰ ਕੈਪਸ਼ਨ, 25 ਅਪ੍ਰੈਲ 2023 ਨੂੰ 95 ਸਾਲਾਂ ਦਾ ਉਮਰ ’ਚ ਉਨ੍ਹਾਂ ਦਾ ਦੇਹਾਂਤ ਹੋਇਆ ਸੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ।

ਇੱਕ ਲੰਬੇ ਸਿਆਸੀ ਜੀਵਨ ਤੋਂ ਬਾਅਦ 25 ਅਪ੍ਰੈਲ 2023 ਨੂੰ 95 ਸਾਲਾਂ ਦਾ ਉਮਰ ’ਚ ਉਨ੍ਹਾਂ ਦਾ ਦੇਹਾਂਤ ਹੋਇਆ ਸੀ।

ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਸਨ।

ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।

1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।

2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।

1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ ਸਨ।

ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।

ਪ੍ਰਕਾਸ਼ ਸਿੰਘ ਬਾਦਲ ਭਾਵੇਂ ਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਪਾਰਟੀ ਦੇ ਆਗੂ ਸਨ, ਪਰ ਉਨ੍ਹਾਂ ਹਿੰਦੂਤਵੀ ਸੋਚ ਵਾਲੀ ਭਾਜਪਾ ਨਾਲ ਗਠਜੋੜ ਕਰਕੇ ਸੱਤਾ ਹਾਸਲ ਕੀਤੀ ਅਤੇ ਪੰਜਾਬ ਦੀ ਸਿਆਸਤ ਵਿੱਚ ਕਈ ਕੀਰਤੀਮਾਨ ਸਥਾਪਿਤ ਕੀਤੇ।

ਬਾਦਲ ਦੇ ਸਿਆਸੀ ਵਿਰੋਧੀ ਵੀ ਉਨ੍ਹਾਂ ਦੀ ਠਰ੍ਹਮੇ ਤੇ ਗਹਿਰਾਈ ਵਾਲੀ ਸਿਆਸਤ ਦੇ ਕਾਇਲ ਰਹੇ ਹਨ। ਬਾਦਲ ਦੇ ਮੁੱਖ ਮੰਤਰੀ ਵਜੋਂ 2012-2017 ਵਾਲੇ ਕਾਰਜ ਦੌਰਾਨ ਦੋ ਵਾਰ ਅਜਿਹਾ ਵਾਪਰਿਆ।

ਪਹਿਲੀ ਵਾਰ ਕਾਂਗਰਸ ਅਤੇ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਆਗੂ ਉਨ੍ਹਾਂ ਦੀ ਰਿਹਾਇਸ਼ ਅੱਗੇ ਧਰਨਾ ਦੇਣ ਆਏ ਤਾਂ ਬਾਦਲ ਨੇ ਉਨ੍ਹਾਂ ਲਈ ਟੈਂਟ ਲੁਆ ਦਿੱਤਾ ਅਤੇ ਆਪ ਸਵਾਗਤ ਲਈ ਗੇਟ ਉੱਤੇ ਪਹੁੰਚ ਕੇ ਗੱਲਬਾਤ ਸੁਣੀ।

ਆਓ ਜਾਣਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਪਲਾਂ ਬਾਰੇ :

ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ

ਬਾਦਲ ਦਾ ਜਨਮ ਤੇ ਸਿੱਖਿਆ

ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ-ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਅਤੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ।

ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਉਹ ਲੰਬੀ ਦੇ ਸਕੂਲ ਵਿੱਚ ਪੜ੍ਹਨ ਲੱਗੇ, ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ਉੱਤੇ ਪੜ੍ਹਨ ਜਾਇਆ ਕਰਦੇ ਸਨ।

ਹਾਈ ਸਕੂਲ ਦੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਵਿੱਚ ਗਏ।

ਕਾਲਜ ਦੀ ਪੜ੍ਹਾਈ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ ਵਿਚ ਦਾਖਲ ਲਿਆ, ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮਨ ਕ੍ਰਿਸ਼ਚੀਅਨ ਕਾਲਜ ਵਿਚ ਦਾਖਲ ਹੋ ਗਏ ਅਤੇ ਇੱਥੋਂ ਹੀ ਉਨ੍ਹਾਂ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ।

ਉਹ ਪੀਸੀਐੱਸ ਅਫਸਰ ਬਣਨਾ ਚਾਹੁੰਦੇ ਸਨ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠ ਉਹ ਸਿਆਸਤ ਵਿੱਚ ਆ ਗਏ।

 ਪ੍ਰਕਾਸ਼ ਸਿੰਘ ਬਦਲ

ਤਸਵੀਰ ਸਰੋਤ, Getty Images/BBC

ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ

ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਸ਼ੁਰੂਆਤ 1947 ਤੋਂ ਹੋਈ। ਉਹ ਆਪਣੇ ਪਿਤਾ ਰਘੂਰਾਜ ਸਿੰਘ ਵਾਂਗ ਬਾਦਲ ਪਿੰਡ ਦੇ ਸਰਪੰਚ ਬਣੇ। ਫੇਰ ਉਹ ਲੰਬੀ ਬਲਾਕ ਸਮਿਤੀ ਦੇ ਚੇਅਰਮੈਨ ਨਿਯੁਕਤ ਹੋਏ।

1956 ਵਿੱਚ ਜਦੋਂ ਪੈਪਸੂ ਸਟੇਟ ਪੰਜਾਬ ਵਿੱਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ।

ਪ੍ਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ।

ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ ਦੀ ਕੈਟੇਗਰੀ ਵਿੱਚ ਆਉਂਦੇ ਹਨ, ਜਿਹੜੇ ਅਕਾਲੀ ਦਲ ਨੂੰ ਵੱਖਰੀ ਹੋਂਦ ਦੀ ਕਾਇਮ ਕਰਨ ਅਤੇ ਮੁਲਕ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਦੇ ਮੁੱਦਈ ਰਹੇ ਹਨ।

ਇਹ ਗੱਲ ਵੱਖਰੀ ਹੈ ਕਿ ਜਦੋਂ 1997 ਵਿੱਚ ਮੁਲਕ ਦੀਆਂ ਖੇਤਰੀ ਪਾਰਟੀਆਂ ਨੇ ਕਾਂਗਰਸ ਦਾ ਸਮਰਥਨ ਲੈ ਕੇ ਐਚ. ਡੀ. ਦੇਵਗੋੜਾ ਦੀ ਅਗਵਾਈ ਵਿੱਚ ਸਰਕਾਰ ਬਣਾਈ ਤਾਂ ਪ੍ਰਕਾਸ਼ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਦੇ ਹੱਕ ਵਿੱਚ ਭੁਗਤ ਗਏ।

ਪ੍ਰਕਾਸ਼ ਸਿੰਘ ਬਾਦਲ ਖੁਦ ਕਹਿੰਦੇ ਹਨ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਦੇ ਕੱਟੜ ਆਲੋਚਕ ਰਹੇ ਹਨ।

ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਤੱਕ ਅਤੇ ਪੰਜਾਬ ਵਿੱਚ ਸੱਤਾ ਦੀ ਲੜਾਈ ਲਈ ਉਨ੍ਹਾਂ ਨੂੰ ਹਮੇਸ਼ਾ ਕਾਂਗਰਸ ਨਾਲ ਟੱਕਰ ਲੈਣੀ ਪਈ ਹੈ।

ਇੱਕ ਟੀਵੀ ਇੰਟਰਵਿਊ ਦੌਰਾਨ ਉਹ ਕਾਂਗਰਸ ਦੇ ਟਿਕਟ ਤੋਂ ਵਿਧਾਇਕ ਬਣ ਕੇ ਅਕਾਲੀ ਦਲ ਵਿੱਚ ਜਾਣ ਬਾਰੇ ਉਹ ਕਹਿੰਦੇ ਹਨ, ''ਕਾਂਗਰਸ ਉੱਤੇ ਮੈਨੂੰ ਸ਼ੁਰੂ ਤੋਂ ਹੀ ਕਦੇ ਵੀ ਭਰੋਸਾ ਨਹੀਂ ਰਿਹਾ।''

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ-ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ

ਨੌਜਵਾਨ ਤੇ ਬਜ਼ੁਰਗ ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ ਨੇ 1969-70 ਦੀਆਂ ਮੱਧਵਰਤੀ ਚੋਣਾਂ ਅਕਾਲੀ ਦਲ ਦੀ ਟਿਕਟ ਉੱਤੇ ਲੜੀਆਂ ਅਤੇ ਉਹ ਪਹਿਲੀ ਵਾਰ ਬਣੀ ਪੰਜਾਬ ਦੀ ਗੈਰ-ਕਾਂਗਰਸੀ ਸਰਕਾਰ ਵਿੱਚ ਮੰਤਰੀ ਬਣੇ।

ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਜਨਸੰਘ ਦੇ ਸਮਰਥਨ ਨਾਲ ਬਣਾਈ ਗਈ ਸੀ ਅਤੇ ਦੂਜੀ ਵਾਰ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਇਸ ਸਰਕਾਰ ਦੇ ਵਿਕਾਸ ਮੰਤਰੀ ਬਣੇ।

ਉਨ੍ਹਾਂ ਪੰਚਾਇਤੀ ਰਾਜ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਨਿਭਾਈ।

1970 ਵਿੱਚ ਹੀ ਰਾਜ ਸਭਾ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਦੀ ਹਾਰ ਕਾਰਨ ਤਤਕਾਲੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਨੇ ਜਸਟਿਸ ਗੁਰਨਾਮ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਵਾ ਦਿੱਤਾ।

ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, PARKASH SINGH BADAL /SAD

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਨੇ 1969-70 ਦੀਆਂ ਮੱਧਵਰਤੀ ਚੋਣਾਂ ਅਕਾਲੀ ਦਲ ਦੀ ਟਿਕਟ ਉੱਤੇ ਲੜੀਆਂ

ਪਹਿਲੀ ਵਾਰ ਮੁੱਖ ਮੰਤਰੀ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਸਿਰਫ਼ 43 ਸਾਲ ਦੇ ਸਨ। ਉਹ 1967 ਵਿੱਚ ਇੱਕ ਵਾਰ ਚੋਣ ਹਾਰੇ, ਇਸ ਤੋਂ ਬਾਅਦ 1969 ਤੋਂ ਲੈ ਕੇ 2017 ਤੱਕ ਉਹ ਲੰਬੀ ਤੋਂ ਕਦੇ ਵੀ ਚੋਣ ਨਹੀਂ ਹਾਰੇ।

ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ ਹਾਰ ਗਏ। ਇਹ ਉਨ੍ਹਾਂ ਦੀ ਆਖ਼ਰੀ ਚੋਣ ਸੀ।

1976 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 25 ਜੂਨ 1975 ਨੂੰ ਮੁਲਕ ਵਿੱਚ ਲਾਈ ਐਮਰਜੈਂਸੀ ਕਾਰਨ ਕਾਂਗਰਸ ਖ਼ਿਲਾਫ਼ ਪੈਦਾ ਮਾਹੌਲ ਦਾ ਫਾਇਦਾ ਗੈਰ-ਕਾਂਗਰਸੀ ਦਲਾਂ ਨੂੰ ਮਿਲਿਆ।

1977 ਦੀਆਂ ਚੋਣਾਂ ਵਿੱਚ ਅਕਾਲੀ ਦਲ, ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਇਸ ਵਾਰ ਉਹ 1977 ਤੋਂ 1980 ਤੱਕ ਸੱਤਾ ਵਿੱਚ ਰਹੇ।

ਇਸ ਤੋਂ ਬਾਅਦ ਉਹ 1997 ਤੋਂ 2002 ਤੱਕ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਪਹਿਲੀ ਵਾਰ 5 ਸਾਲ ਰਾਜ ਕੀਤਾ।

ਫੇਰ ਬਾਦਲ ਨੇ 2007-2012 ਅਤੇ 2012 ਤੋਂ 2017 ਵਿੱਚ ਲਗਾਤਾਰ ਦੋ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਵਾਂ ਸਿਆਸੀ ਰਿਕਾਰਡ ਬਣਾਇਆ।

ਫਰਵਰੀ 2017 ਵਿੱਚ ਜਦੋਂ ਅਕਾਲੀ ਦਲ ਦੀ ਹਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫ਼ਾ ਦਿੱਤਾ ਤਾਂ ਉਨ੍ਹਾਂ ਦੀ ਉਮਰ 90 ਸਾਲ ਸੀ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, PARKASH SINGH BADAL /SAD

ਤਸਵੀਰ ਕੈਪਸ਼ਨ, 1967 ਵਿੱਚ ਇੱਕ ਵਾਰ ਚੋਣ ਹਾਰੇ, ਇਸ ਤੋਂ ਬਾਅਦ 1969 ਤੋਂ ਲੈ ਕੇ 2017 ਤੱਕ ਉਹ ਲੰਬੀ ਤੋਂ ਕਦੇ ਵੀ ਚੋਣ ਨਹੀਂ ਹਾਰੇ

ਮੋਰਚੇ ਅਤੇ ਸੰਘਰਸ਼ ਦੀ ਗੁੜ੍ਹਤੀ

ਅਕਾਲੀ ਦਲ ਦਾ ਸੰਘਰਸ਼ ਨਾਲ ਵਾਸਤਾ ਮੁੱਢ ਤੋਂ ਹੀ ਰਿਹਾ, ਭਾਵੇਂ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ, ਗੁਰਦੁਆਰਾ ਸੁਧਾਰ ਲਹਿਰ ਜਾਂ ਆਜ਼ਾਦੀ ਤੋਂ ਬਾਅਦ ਪੰਥਕ ਤੇ ਪੰਜਾਬ ਮਸਲਿਆਂ ਦੀ ਹੋਵੇ।

ਅਕਾਲੀ ਦਲ ਇਨ੍ਹਾਂ ਸਾਰੇ ਹੀ ਘੋਲਾਂ ਵਿੱਚ ਮੋਹਰੀ ਰਿਹਾ ਹੈ। ਮਾਸਟਰ ਤਾਰਾ ਸਿੰਘ ਅਤੇ ਹੋਰ ਟਕਸਾਲੀ ਪੰਥਕ ਆਗੂਆਂ ਦੀ ਸੰਗਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਜ਼ਾਬਤੇਬੱਧ ਤੇ ਵਫ਼ਾਦਾਰ ਕਾਡਰ ਬਣਾਇਆ।

ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਇੱਕ ਲੇਖ ਵਿੱਚ ਲਿਖਦੇ ਹਨ, ''ਪ੍ਰਕਾਸ਼ ਸਿੰਘ ਬਾਦਲ ਵਿੱਚ ਜੋ ਸਭ ਤੋਂ ਵੱਡਾ ਗੁਣ ਉਨ੍ਹਾਂ ਦੇਖਿਆ ਕਿ ਉਹ ਪਾਰਟੀ ਦੇ ਵਫ਼ਾਦਾਰ ਰਹੇ ਅਤੇ ਬਿਨਾਂ ਕਿਸੇ ਕਿੰਤੂ-ਪਰੰਤੂ ਫੈਸਲੇ ਉੱਤੇ ਅਮਲ ਕਰਦੇ ਸਨ।''

ਉਹ ਲਿਖਦੇ ਹਨ ਕਿ ਕਈ ਫੈਸਲੇ ਬਾਦਲ ਨੂੰ ਨਿੱਜੀ ਤੌਰ 'ਤੇ ਪਸੰਦ ਨਹੀਂ ਸਨ, ਪਰ ਉਹ ਪਾਰਟੀ ਵਲੋਂ ਲਾਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ।

ਤਰਲੋਚਨ ਸਿੰਘ ਅੱਗੇ ਲਿਖਦੇ ਹਨ, ''1983 ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਫੈਸਲਾ ਕੀਤਾ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦੀ ਮੰਗ ਤਹਿਤ ਅਕਾਲੀ ਆਗੂ ਸੰਵਿਧਾਨ ਦੀਆਂ ਕਾਪੀਆਂ ਪਾੜਨ੍ਹਗੇ। ਗਿਆਨੀ ਜ਼ੈਲ ਸਿੰਘ ਨੇ ਮੇਰੀ ਡਿਊਟੀ ਲਗਾਈ ਕਿ ਮੈਂ ਉਨ੍ਹਾਂ ਨੂੰ ਰੋਕਾਂ, ਮੈਂ ਦੋਵਾਂ ਦੀ ਫੋਨ ਉੱਤੇ ਗੱਲ ਕਰਵਾ ਦਿੱਤੀ। ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਮੰਨੇ ਉਨ੍ਹਾਂ ਕਿਹਾ ਕਿ ਉਹ ਸੰਤ ਲੌਂਗੋਵਾਲ ਦੇ ਹੁਕਮਾਂ ਤੋਂ ਬਿਨਾਂ ਨਹੀਂ ਰੁਕ ਸਕਦੇ।''

ਤਰਲੋਚਨ ਸਿੰਘ ਇਹ ਵੀ ਦਾਅਵਾ ਕਰਦੇ ਹਨ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਅਕਾਲੀ ਦਲ ਨਾਲ ਸਮਝੌਤੇ ਦੇ ਮੂਡ ਵਿੱਚ ਸੀ। ਐਮਰਜੈਂਸੀ 25 ਜੂਨ 1975 ਨੂੰ ਲੱਗੀ ਸੀ ਅਤੇ ਰਾਤੋ ਰਾਤੋ ਵੱਡੇ ਵੱਡੇ ਆਗੂ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, SAD

ਤਸਵੀਰ ਕੈਪਸ਼ਨ, ਅਕਾਲੀ ਦਲ ਇਨ੍ਹਾਂ ਸਾਰੇ ਹੀ ਘੋਲਾਂ ਵਿੱਚ ਮੋਹਰੀ ਰਿਹਾ ਹੈ

ਜਦੋਂ ਮੋਦੀ ਨੇ ਬਾਦਲ ਨੂੰ ਨੈਲਸਨ ਮੰਡੇਲਾ ਕਿਹਾ...

ਅਕਾਲੀ ਦਲ ਦੇ ਪਹਿਲੇ ਜਥੇ ਨੇ 9 ਜੁਲਾਈ 1975 ਨੂੰ ਗ੍ਰਿਫਤਾਰੀ ਦਿੱਤੀ ਸੀ। ਇਸ ਤੋਂ ਪਹਿਲਾਂ 15 ਦਿਨ ਕਿਸੇ ਸਿੱਖ ਆਗੂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ।

ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਹੁਕਮਾਂ ਮੁਤਾਬਕ ਪਹਿਲੇ ਜਥੇ ਵਿੱਚ ਹੀ ਗ੍ਰਿਫ਼ਤਾਰੀ ਦਿੱਤੀ ਅਤੇ 19 ਮਹੀਨੇ ਜੇਲ੍ਹ ਵਿੱਚ ਰਹੇ।

ਗਿਆਨੀ ਕਰਤਾਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣਾ ਸਿਆਸੀ ਗੁਰੂ ਮੰਨਦੇ ਹਨ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਵਰਗੇ ਵੱਡੇ ਆਗੂਆਂ ਦੀ ਅਗਵਾਈ ਵਿੱਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵਿੱਚ ਸਰਗਰਮ ਰਹੇ।

ਉਨ੍ਹਾਂ ਪੰਜਾਬੀ ਸੂਬਾ ਮੋਰਚਾ, ਕਪੂਰੀ ਮੋਰਚਾ ਅਤੇ ਧਰਮ ਯੁੱਧ ਮੋਰਚਿਆਂ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਜ਼ਿੰਦਗੀ ਦੇ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਬੀਤੇ ਹਨ।

ਮੀਡੀਆ ਵਿੱਚ ਇਸ ਬਾਰੇ ਬਹੁਤ ਚਰਚਾ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ '17 ਸਾਲ ਜੇਲ੍ਹ ਕੱਟੀ ਹੈ'।

2015 ਵਿਚ ਜੈ ਪ੍ਰਕਾਸ਼ ਨਰਾਇਣ ਦੀ 113ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਭਾਰਤ ਦਾ ਨੈਸਲਨ ਮੰਡੇਲਾ ਕਹਿ ਨੇ ਸੰਬੋਧਨ ਕੀਤਾ ਸੀ।

ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ ਮੋਦੀ ਨੇ ਕਿਹਾ ਸੀ, ਬਾਦਲ ਸਾਹਿਬ ਇੱਥੇ ਬੈਠੇ ਹਨ, ਇਹ ਭਾਰਤ ਦੇ ਨੈਲਸਨ ਮੰਡੇਲਾ ਹਨ। ਬਾਦਲ ਸਾਹਿਬ ਵਰਗੇ ਲੋਕਾਂ ਇੱਕੋ ਅਪਰਾਧ ਸੀ, ਕਿ ਇਹ ਸੱਤਾਧਾਰੀਆਂ ਨਾਲੋਂ ਵੱਖਰਾ ਵਿਚਾਰ ਰੱਖਦੇ ਸਨ।''

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਆਰਟੀਆਈ ਰਾਹੀ ਪ੍ਰਕਾਸ਼ ਸਿੰਘ ਬਾਦਲ ਦੇ ਜੇਲ੍ਹਾਂ ਵਿਚ ਬੰਦ ਰਹਿਣ ਦੇ ਸਮੇਂ ਦੇ ਅੰਕੜੇ ਇਕੱਠੇ ਕੀਤੇ ਹਨ।

ਜਗਤਾਰ ਸਿੰਘ ਨੇ ਆਪਣੇ ਲੇਖ ਵਿਚ ਇਸ ਦਾ ਜ਼ਿਕਰ ਕੀਤਾ ਹੈ ਕਿ ਬਾਦਲ ਕੁੱਲ ਮਿਲਾ ਕੇ 5 ਸਾਲ ਜੇਲ੍ਹ ਵਿੱਚ ਰਹੇ ਸਨ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, PARKASH BADAL/FB

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਹੁਕਮਾਂ ਮੁਤਾਬਕ ਪਹਿਲੇ ਜਥੇ ਵਿੱਚ ਹੀ ਗ੍ਰਿਫ਼ਤਾਰੀ ਦਿੱਤੀ ਅਤੇ 19 ਮਹੀਨੇ ਜੇਲ੍ਹ ਵਿੱਚ ਰਹੇ

ਭਾਈਚਾਰਕ ਸਾਂਝ ਦੇ ਮੋਹਰੀ ਆਗੂ ਰਹੇ

ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਅਹਿਮ ਸਿਆਸੀ ਪ੍ਰਾਪਤੀ ਦੀ ਗੱਲ ਕਰਦੇ ਹਾਂ। ਸੀਨੀਅਰ ਪੱਤਰਕਾਰ ਅਤੁਲ ਸੰਗਰ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦੇ ਆਲੋਚਕ ਕਹਿੰਦੇ ਹਨ ਕਿ ਉਨ੍ਹਾਂ 1996 ਵਿੱਚ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ ਨੂੰ ਸਮੂਚੇ ਪੰਜਾਬੀਆਂ ਦੀ ਪਾਰਟੀ ਬਣਾ ਕੇ ਅਕਾਲੀ ਦਲ ਦੀ ਸਿੱਖ ਸਿਆਸਤ ਨੂੰ ਢਾਹ ਲਗਾਈ ਹੈ।

ਹਾਲਾਂਕਿ ਇਸ ਤੱਥ ਨੂੰ ਨਕਾਰਿਆਂ ਨਹੀਂ ਜਾ ਸਕਦਾ ਹੈ ਕਿ 1996 ਦੇ ਮਾਹੌਲ ਵਿੱਚ ਪੰਜਾਬ ਦੇ ਭਾਈਚਾਰਿਆਂ ਵਿੱਚ ਵਧੇ ਵੱਖਰੇਵਿਆਂ ਨੂੰ ਦੂਰ ਕਰਕੇ ਸਿੱਖਾਂ ਦੇ ਗੈਰ ਸਿੱਖਾਂ ਨੂੰ ਇਕੱਠੇ ਕਰਨ ਦਾ ਕੰਮ ਵੀ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਇਸ ਫੈਸਲੇ ਨੂੰ ਜਾਂਦਾ ਹੈ।

ਖਾੜਕੂ ਲਹਿਰ ਦੌਰਾਨ ਅਤੇ ਖਾੜਕੂ ਲਹਿਰ ਤੋਂ ਬਾਅਦ ਉਹ ਲਗਾਤਾਰ ਹਿੰਦੂ-ਸਿੱਖ ਭਾਈਚਾਰੇ ਤੇ ਸਾਂਝੀਵਾਲਤਾ ਦੀ ਮੋਹਰੀ ਆਗੂ ਰਹੇ। ਉਹ ਆਖਰੀ ਦਮ ਤੱਕ ਇਸ ਸਿਆਸਤ ਉੱਤੇ ਕਾਇਮ ਰਹੇ।

ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਕੌਮੀ ਪੱਧਰ ਉੱਤੇ ਅਟਲ ਬਿਹਾਰੀ ਵਾਜਪਈ, ਐੱਲ ਕੇ ਅਡਵਾਣੀ, ਇੰਦਰ ਕੁਮਾਰ ਗੁਜਰਾਲ ਤੇ ਚੰਦਰਸ਼ੇਖਰ ਵਰਗੇ ਆਗੂਆਂ ਦਾ ਸਾਥ ਮਿਲਿਆ।

ਉਨ੍ਹਾਂ ਦੀ ਇਸ ਸਿਆਸਤ ਦਾ ਸਦਕਾ 1997 ਵਿੱਚ ਅਕਾਲ ਦਲ-ਭਾਜਪਾ ਦੇ ਗਠਜੋੜ ਨੂੰ ਪੰਜਾਬ ਵਿੱਚ ਵੱਡਾ ਬਹੁਮਤ ਹਾਸਲ ਹੋਇਆ ਸੀ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਖੁਦ ਕਹਿੰਦੇ ਹਨ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਦੇ ਕੱਟੜ ਆਲੋਚਕ ਰਹੇ ਹਨ

ਪਰਿਵਾਰਵਾਦ ਤੇ ਲਿਫ਼ਾਫ਼ਾ ਕਲਚਰ

ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵਿੱਚ ਕਈ ਦਹਾਕਿਆਂ ਤੋਂ ਬਿਨਾਂ ਸ਼ੱਕ ਸਿਰਮੌਰ ਆਗੂ ਚਲੇ ਆ ਰਹੇ ਹਨ।

ਉਹ 1996 ਤੋਂ 2008 ਤੱਕ ਅਕਾਲੀ ਦੇ ਆਪ ਪ੍ਰਧਾਨ ਰਹੇ ਅਤੇ ਉਨ੍ਹਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸੌਂਪ ਦਿੱਤੀ।

ਪ੍ਰਕਾਸ਼ ਸਿੰਘ ਬਾਦਲ ਨਾਲ ਜਿਹੜਾ ਸਭ ਤੋਂ ਵੱਡਾ ਵਿਵਾਦ ਜੁੜਦਾ ਹੈ, ਉਹ ਹੈ ਪਰਿਵਾਰਵਾਦ ਦਾ।

ਪ੍ਰਕਾਸ਼ ਸਿੰਘ ਬਾਦਲ ਜਦੋਂ ਸੱਤਾ ਵਿੱਚ ਆਏ ਤਾਂ ਇੱਕ ਸਮੇਂ ਉਹ ਆਪ ਮੁੱਖ ਮੰਤਰੀ ਸਨ, ਪੁੱਤਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ, ਭਤੀਜਾ ਮਨਪ੍ਰੀਤ ਬਾਦਲ ਵਿੱਤ ਮੰਤਰੀ, ਜਵਾਈ ਆਦੇਸ਼ ਪ੍ਰਤਾਪ ਕੈਰੋਂ, ਸਿਵਲ ਸਪਲਾਈ ਮੰਤਰੀ ਤੇ ਪੁੱਤਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ।

ਦੂਜੇ ਕਾਰਜਕਾਲ ਵਿੱਚ ਤਾਂ ਉਨ੍ਹਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਸੌਂਪ ਦਿੱਤਾ।

ਇਹ ਗੱਲ ਵੱਖਰੀ ਹੈ ਕਿ ਸ਼ਰੀਕੇਬਾਜ਼ੀ ਕਾਰਨ ਮਨਪ੍ਰੀਤ ਬਾਦਲ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲਾ ਗਿਆ, ਜਦੋਂ 2017 ਵਿੱਚ ਕਾਂਗਰਸ ਸਰਕਾਰ ਬਣੀ ਤਾਂ ਉਹ ਉੱਥੇ ਵੀ ਵਿੱਤ ਮੰਤਰੀ ਬਣ ਗਿਆ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਨਾਲ ਜਿਹੜਾ ਸਭ ਤੋਂ ਵੱਡਾ ਵਿਵਾਦ ਜੁੜਦਾ ਹੈ, ਉਹ ਹੈ ਪਰਿਵਾਰਵਾਦ ਦਾ

ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਕੇਂਦਰ ਵਿੱਚ ਵਜ਼ਾਰਤ ਦਾ ਮੌਕਾ ਮਿਲਿਆ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਰਗੇ ਸੀਨੀਅਰ ਆਗੂਆਂ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ।

ਬਾਦਲ ਉੱਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਨਹੀਂ ਛੱਡੀ, ਇਸ ਦੇ ਨਾਲ-ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਉੱਤੇ ਵੀ ਆਪਣੇ ਸਿਆਸੀ ਬੰਦਿਆਂ ਰਾਹੀ ਕਾਬਜ਼ ਹੋ ਗਏ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਬਾਰੇ ਤਾਂ ਪੰਜਾਬ ਵਿੱਚ ਇਹ ਇਲਜ਼ਾਮ ਆਮ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਬਾਦਲ ਦੇ ਚੰਡੀਗੜ੍ਹ ਤੋਂ ਗਏ ਲਿਫਾਫੇ ਵਿੱਚੋਂ ਨਿਕਲਦਾ ਹੈ।

ਅਕਾਲੀ ਦਲ, ਗਾਂਧੀ ਪਰਿਵਾਰ ਦੇ ਜਿਸ ਪਰਿਵਾਰਵਾਦ ਦਾ ਵਿਰੋਧ ਕਰਦਾ ਸੀ ਉਸੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ।

1980ਵਿਆਂ ਦੌਰਾਨ ਹੋਈ ਹਿੰਸਾ ਵਿੱਚ ਜਾਨੀ ਤੇ ਮਾਲੀ ਨੁਕਸਾਨ ਦਾ ਪਤਾ ਲਗਾਉਣ ਅਤੇ ਸਿਆਸੀ ਆਗੂਆਂ ਦੀ ਭੂਮਿਕਾ ਬਾਰੇ ਇੱਕ ਟਰੁੱਥ ਕਮਿਸ਼ਨ ਸਥਾਪਤ ਕਰਨ ਦਾ ਐਲਾਨ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਭੁੱਲ ਗਏ।

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਟਰੁੱਥ ਕਮਿਸ਼ਨ ਬਾਬਤ ਪੁੱਛਿਆਂ ਤਾਂ ਉਨ੍ਹਾਂ ਕਿਹਾ, ''ਛੱਡੋ ਜੀ ਪੁਰਾਣੇ ਜ਼ਖ਼ਮਾਂ ਨੂੰ ਕਿਉਂ ਕੁਰੇਦਣਾ''।

ਚੰਡੀਗੜ੍ਹ ਪੰਜਾਬ ਨੂੰ ਦੇਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਵਾਉਣਾ ਅਤੇ ਦਰਿਆਈ ਪਾਣੀਆਂ ਦੇ ਮਸਲੇ ਵਰਗੇ ਅਕਾਲੀ ਦਲ ਦੇ ਰਵਾਇਤੀ ਮੁੱਦੇ ਵੀ ਹੱਲ ਨਹੀਂ ਕਰਵਾ ਸਕੇ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, PARKASH BADAL/FB

ਤਸਵੀਰ ਕੈਪਸ਼ਨ, 2007 ਵਿਚ ਅਕਾਲੀ ਦਲ ਮੁੜ ਸੱਤਾ ਵਿਚ ਆ ਗਿਆ ਅਤੇ 2010 ਤੱਕ ਜਾਂਚ ਅਫ਼ਸਰ ਸਣੇ ਗਵਾਹ ਮੁੱਕਰ ਗਏ

ਭ੍ਰਿਸ਼ਟਾਚਾਰ ਦੇ ਇਲਜ਼ਾਮ

ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਮੰਤਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗਦੇ ਰਹੇ।

2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਅਤੇ ਬਾਦਲਾਂ ਨੂੰ ਜੇਲ੍ਹ ਭੇਜਣ ਦੇ ਨਾਂ ਉੱਤੇ ਚੋਣਾਂ ਲੜੀਆਂ।

ਸਰਕਾਰ ਬਣਦਿਆਂ ਦੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਉੱਤੇ ਆਮਦਨ ਤੋਂ ਵੱਧ 3000 ਕਰੋੜ ਰੁਪਏ ਦੀ ਜਾਇਦਾਦ ਦੇ ਇਲਜ਼ਾਮਾਂ ਦੀ ਜਾਂਚ ਵਿਜ਼ੀਲੈਂਸ ਬਿਊਰੋ ਨੂੰ ਸੌਂਪੀ।

2003 ਵਿੱਚ ਇਹ ਕੇਸ ਸ਼ੁਰੂ ਹੋਏ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਵੀ ਹੋਈ, ਪਰ ਕੁਝ ਦਿਨ ਬਾਅਦ ਉਹ ਜ਼ਮਾਨਤ ਉੱਤੇ ਰਿਹਾਅ ਹੋ ਗਏ।

ਮਹੀਨਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਿਰਫ਼ 78 ਕਰੋੜ ਰੁਪਏ ਦੀ ਚਾਰਜਸ਼ੀਟ ਪੇਸ਼ ਕੀਤੀ, ਕੈਪਟਨ ਸਰਕਾਰ ਆਪਣੇ ਪੰਜ ਸਾਲ ਕੇ ਕਾਰਜਕਾਲ ਦੌਰਾਨ ਇਨ੍ਹਾਂ ਇਲਜ਼ਾਮਾਂ ਨੂੰ ਅਦਾਲਤ ਵਿੱਚ ਸਾਬਿਤ ਨਹੀਂ ਕਰ ਸਕੀ।

2007 ਵਿੱਚ ਅਕਾਲੀ ਦਲ ਮੁੜ ਸੱਤਾ ਵਿੱਚ ਆ ਗਿਆ ਅਤੇ 2010 ਤੱਕ ਜਾਂਚ ਅਫ਼ਸਰ ਸਣੇ ਗਵਾਹ ਮੁੱਕਰ ਗਏ ਅਤੇ ਸੀਨੀਅਰ ਤੇ ਜੂਨੀਅਰ ਬਾਦਲ ਦੋਵੇਂ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤੇ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, PARKASH BADAL/FB

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਸੰਗਤ ਦਰਸ਼ਨ ਪ੍ਰੋਗਰਾਮ ਕਰਦੇ ਸੀ ਅਤੇ ਆਮ ਲੋਕਾਂ ਨੂੰ ਖੁਦ ਮਿਲਦੇ ਸਨ

ਵਿਰੋਧੀਆਂ ਦੇ ਇਲਜ਼ਾਮ ਬਾਦਲ ਅੱਗੇ ਨਾਕਾਮ

ਸੱਤਾ ਦੌਰਾਨ ਬਾਦਲ ਪਰਿਵਾਰ ਉੱਤੇ ਪੰਜਾਬ ਦੀ ਸੱਤਾ ਮਾਫ਼ੀਆ ਵਾਂਗ ਚਲਾਉਣ ਦੇ ਇਲਜ਼ਾਮ ਲੱਗਦੇ ਰਹੇ। ਬਾਦਲ ਪਰਿਵਾਰ ਇਨ੍ਹਾਂ ਨੂੰ ਹਮੇਸ਼ਾਂ ਰੱਦ ਕਰਦਾ ਰਿਹਾ ਹੈ।

ਇਹ ਇਲਜ਼ਾਮ ਕਿਸੇ ਅਦਾਲਤ ਵਿੱਚ ਵੀ ਸਾਬਿਤ ਨਹੀਂ ਹੋ ਸਕੇ। ਮਿਸਾਲ ਵਜੋਂ ਸੁਖਬੀਰ ਬਾਦਲ ਦੇ ਸਾਲ਼ੇ ਤੇ ਮੰਤਰੀ ਬਿਕਰਮ ਮਜੀਠੀਆ ਉੱਤੇ ਡਰੱਗਜ਼ ਮਾਫ਼ੀਆ ਤੇ ਮਾਈਨਿੰਗ ਮਾਫ਼ੀਆ ਦੀ ਸਰਪ੍ਰਸਤੀ ਦੇ ਇਲਜ਼ਾਮ ਲੱਗੇ।

ਸੁਖਬੀਰ ਬਾਦਲ ਉੱਤੇ ਲੋਕਾਂ ਦੇ ਕਾਰੋਬਾਰ ਖਾਸ ਕਰ ਟਰਾਂਸਪੋਰਟ ਹਥਿਆਉਣ ਅਤੇ ਕੇਬਲ ਮਾਫ਼ੀਆ ਤੇ ਸ਼ਰਾਬ ਮਾਫ਼ੀਆ ਦੇ ਇਲਜ਼ਾਮ ਲੱਗੇ।

ਪਰ ਇਹ ਇਲਜ਼ਾਮ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ। ਅਦਾਲਤ ਵਿੱਚ ਇਸ ਮਸਲੇ ਦਾ ਇਹ ਰਿਪੋਰਟ ਲਿਖੇ ਜਾਣ ਤੱਕ ਬਾਦਲ ਪਰਿਵਾਰ ਖ਼ਿਲਾਫ਼ ਕੋਈ ਇਲਜ਼ਾਮ ਸਾਬਿਤ ਨਹੀਂ ਹੋਇਆ।

ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਆਟਾ ਦਾਲ ਸਕੀਮ, ਸੰਗਤ ਦਰਸ਼ਨ, ਸਕੂਲ ਪੜ੍ਹਨ ਜਾਣ ਵਾਲੀਆਂ ਕੁੜੀਆਂ ਨੂੰ ਮੁਫ਼ਤ ਸਾਇਕਲ, ਸਪੋਰਟਸ ਕਲੱਬਾਂ ਨੂੰ ਕਿੱਟਾਂ ਵੰਡਣ ਅਤੇ ਪੰਜਾਬ ਵਿੱਚ ਢਾਂਚਾਗਤ ਵਿਸਥਾਰ ਲਈ ਕੀਤੇ ਕੰਮਾ ਨੇ ਸਾਰੇ ਇਲਜ਼ਾਮ ਰੱਦ ਕਰ ਦਿੱਤੇ।

ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦੇ 80ਵਿਆਂ ਵਿਚ ਵੀ ਇੰਨੀ ਵੱਧ ਸਰਗਰਮੀ ਅਤੇ ਲੋਕਾਂ ਤੱਕ ਪਹੁੰਚ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਹੋਰ ਹਰਮਨਪਿਆਰਾ ਬਣਾ ਦਿੱਤਾ।

2012 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਸੱਤਾ ਹਾਸਲ ਕਰਕੇ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਲਾਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਨਵੀਂ ਪਿਰਤ ਪਾ ਦਿੱਤੀ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, PUNJAB GOVT./JAGRITI

ਤਸਵੀਰ ਕੈਪਸ਼ਨ, ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਹੀ ਰਾਜ ਵਿੱਚ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਪੰਥ ਰਤਨ ਫਖਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ ਜਿਸ ਨੂੰ ਦਸਬੰਰ 2024 ਵਿੱਚ ਵਾਪਸ ਲੈ ਲਿਆ ਗਿਆ

ਫਖ਼ਰ-ਏ-ਕੌਮ ਸਨਮਾਨ ਲਿਆ ਗਿਆ ਵਾਪਿਸ

2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਪੰਥਕ ਸੇਵਾਵਾਂ ਬਦਲੇ ਦਿੱਤਾ ਫਖ਼ਰ-ਏ-ਕੌਮ ਐਵਾਰਡ ਵਾਪਸ ਲੈ ਲਿਆ ਹੈ।

ਦਰਅਸਲ ਉਨ੍ਹਾਂ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੇ 2007 ਤੋਂ 2017 ਦੋ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਨਾ ਹੋਣ, ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫੀ ਮੰਗਵਾਉਣ ਲਈ ਜਥੇਦਾਰਾਂ ਨੂੰ ਆਪਣੇ ਘਰ ਉੱਤੇ ਤਲਬ ਕਰਨ, ਝੂਠੇ ਪੁਲਿਸ ਮੁਕਾਬਲਿਆਂ ਦੇ ਮੁਲਜ਼ਮ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਅਤੇ ਪੰਥਕ ਰਵਾਇਤਾਂ ਤੋਂ ਉਲਟ ਕੰਮ ਕਰਨ ਦੇ ਇਲ਼ਜਾਮ ਹਨ।

ਇਨ੍ਹਾਂ ਸਾਰੇ ਦੋਸ਼ਾਂ ਨੂੰ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਮੰਨ ਲਿਆ, ਜਿਸ ਤੋਂ ਬਾਅਦ ਸੁਖਬੀਰ ਬਾਦਲ ਅਤੇ ਅਕਾਲੀ ਸਰਕਾਰ ਵੇਲੇ ਦੀ ਲਗਭਗ ਸਮੁੱਚੀ ਕੈਬਨਿਟ ਨੂੰ ਧਾਰਮਿਕ ਸਜਾ ਲਗਾਈ ਗਈ।

ਇਸੇ ਦੌਰਾਨ ਬਾਦਲ ਤੋਂ ਫਖ਼ਰ-ਏ- ਕੌਮ ਦਾ ਸਨਮਾਨ ਵਾਪਸ ਲੈ ਲਿਆ ਗਿਆ।

ਪੰਥਕ ਸਿਆਸਤ ਤੇ ਬਾਦਲ

ਅਕਾਲੀ ਦਲ ਦਾ ਗਠਨ ਸਿੱਖ ਕੌਮ ਦੀ ਸਿਆਸੀ ਨੁਮਾਇੰਦਗੀ ਲਈ ਕੀਤਾ ਗਿਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਪੰਜਾਬੀ ਪਾਰਟੀ ਵਜੋਂ ਹੋਰ ਮੋਕਲਾ ਕੀਤਾ।

ਉਨ੍ਹਾਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਿਆਸੀ ਗਠਜੋੜ ਕੀਤਾ।

ਜਦਕਿ ਦੂਜੇ ਪਾਸੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਆਰਐੱਸਐੱਸ ਉੱਤੇ ਸਿੱਖ ਕੌਮ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ਦਾ ਇਲਜ਼ਾਮ ਲਾਉਂਦੀ ਰਹੀ ਹੈ।

ਪ੍ਰਕਾਸ਼ ਸਿੰਘ ਬਾਦਲ ਉੱਤੇ ਕਈ ਪੰਥਕ ਆਗੂ ਸਿੱਖੀ ਰਵਾਇਤਾਂ ਨੂੰ ਢਾਅ ਲਾਉਣ, ਆਪਣੇ ਨਿੱਜੀ ਹਿੱਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੂੰ ਵਰਤਣ ਦਾ ਇਲਜ਼ਾਮ ਲਾਉਂਦੇ ਰਹੇ ਹਨ।

ਪਰ ਪੰਥਕ ਚੋਣ ਰਾਜਨੀਤੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੋਂ ਕਦੇ ਵੀ ਮਾਰ ਨਹੀਂ ਖਾਧੀ।

2012-2017 ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀਆਂ ਘਟਨਾਵਾਂ ਨੇ ਪੰਥਕ ਹਲਕਿਆਂ ਵਿੱਚ ਬਾਦਲ ਪਰਿਵਾਰ ਖ਼ਿਲਾਫ਼ ਰੋਸ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲੀ ਭਾਜਪਾ ਸਰਕਾਰ ਵੇਲੇ ਹੀ ਮਾਰਚ 2015 ਵਿੱਚ ਮੁਲਕ ਦਾ ਵੱਕਾਰੀ ਸਿਵਲੀਅਨ ਸਨਮਾਨ ''ਪਦਮ ਵਿਭੂਸ਼ਨ'' ਦਿੱਤਾ ਗਿਆ

ਪ੍ਰਕਾਸ਼ ਸਿੰਘ ਬਾਦਲ ਆਪਣੇ ਮੰਤਰੀਆਂ ਅਤੇ ਲੀਡਰਸ਼ਿਪ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਭੁੱਲਾਂ ਵੀ ਬਖਸ਼ਾ ਕੇ ਆਏ ਪਰ ਲੋਕਾਂ ਨੇ ਨੂੰ ਉਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ।

ਬੇਅਦਬੀ ਕਾਂਡ ਨੂੰ ਵਿਰੋਧੀ ਪਾਰਟੀਆਂ ਨੇ ਚੋਣ ਮੁੱਦਾ ਬਣਾਇਆ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ 100 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਚਲੀ ਗਈ।

ਇਸ ਵੇਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਕਾਰਨ ਅਕਾਲੀ ਦਲ (ਪ੍ਰਕਾਸ਼ ਸਿੰਘ ਬਾਦਲ) ਨੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚੋਂ ਵਾਪਸ ਬੁਲਾ ਲਿਆ।

ਜਿਸ ਭਾਜਪਾ ਨਾਲ ਰਿਸ਼ਤੇ ਨੂੰ ਬਾਦਲ ਨਹੁੰ-ਮਾਸ ਦਾ ਰਿਸ਼ਤਾ ਕਹਿੰਦੇ ਸਨ, ਉਹ ਵੀ ਤੋੜ ਲਿਆ।

ਪ੍ਰਕਾਸ਼ ਸਿੰਘ ਬਾਦਲ ਅਣਐਲਾਨੀ ਸੇਵਾਮੁਕਤੀ ਵਾਂਗ ਸਿਆਸੀ ਸਰਗਰਮੀ ਘਟਾ ਦਿੱਤੀ। ਪਰ ਆਖਰੀ ਵਾਰ ਪੰਜਾਬ ਵਿਧਾਨ ਸਭਾ ਦੀ 2022 ਦੀ ਚੋਣ ਲੜੇ ਅਤੇ ਹਾਰ ਗਏ।

( ਇਹ ਲੇਖ 2022 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)