ਭਾਰਤ-ਪਾਕਿਸਤਾਨ: ਭਾਰਤੀਆਂ ਦਾ ਵੀ ਦਿਲ ਜਿੱਤਣ ਵਾਲੇ ਇਸ ਪਾਕਿਸਤਾਨੀ ਖਿਡਾਰੀ ਦੀ ਕਹਾਣੀ ਵਿਰਾਟ ਕੋਹਲੀ ਨਾਲ ਕਿਵੇਂ ਮਿਲਦੀ ਹੈ

ਤਸਵੀਰ ਸਰੋਤ, Getty Images
ਲੰਘੀ ਰਾਤ ਏਸ਼ੀਆ ਕੱਪ 2022 ਦੇ ਭਾਰਤ-ਪਾਕਿਸਤਾਨ ਵਿਚਕਾਰ ਹੋਏ ਮੈਚ ਦੀ ਬਹੁਤ ਚਰਚਾ ਰਹੀ। ਭਾਰਤ ਨੇ ਇਸ ਮੈਚ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਹਾਰਦਿਕ ਪਾਂਡਿਆ ਨੇ ਆਖ਼ਿਰੀ ਓਵਰ ਵਿੱਚ ਛੱਕਾ ਮਾਰ ਕੇ ਭਾਰਤ ਨੂੰ ਜਿਤਾਇਆ। ਭਾਰਤ ਪਾਕਿਸਤਾਨ ਦਾ ਮੈਚ ਹਰ ਵਾਰ ਵਾਂਗ ਹਾਈ ਵੋਲਟੇਜ ਸੀ।
ਮੈਚ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਰਹੀਆਂ ਸਨ। ਭਾਵੇਂ ਐਤਵਾਰ ਦੀ ਸਵੇਰ ਤੋਂ ਨੋਇਡਾ ਵਿੱਚ ਟਵਿਟ ਟਾਵਰਾਂ ਨੂੰ ਢਾਹੁਣ ਬਾਰੇ ਪੂਰੀ ਮੀਡੀਆ ਵਿੱਚ ਚਰਚਾ ਹੋ ਰਹੀ ਸੀ ਪਰ ਸ਼ਾਮ ਹੁੰਦੇ-ਹੁੰਦੇ ਸਾਰਾ ਫੋਕਸ ਭਾਰਤ-ਪਾਕਿਸਤਾਨ ਦੇ ਮੈਚ ਵੱਲ ਹੋ ਗਿਆ ਸੀ।
ਸੋਸ਼ਲ ਮੀਡੀਆ ’ਤੇ ਰਿਸ਼ਬ ਪੰਤ ਦਾ ਨਾ ਖੇਡਣਾ, ਦਿਨੇਸ਼ ਕਾਰਤਿਕ ਦੀ ਚੋਣ, ਹਾਰਦਿਕ ਪਾਂਡਿਆ ਦੀ ਪਾਰੀ, ਵਿਰਾਟ ਕੋਹਲੀ ਦਾ 100ਵਾਂ ਟੀ-20 ਮੈਚ ਹੋਣਾ, ਇਹ ਸਾਰਾ ਕੁਝ ਚਰਚਾ ਵਿੱਚ ਚੱਲ ਰਿਹਾ ਸੀ।
ਕਾਰਤਿਕ ਇਨ ਪੰਤ ਆਊਟ
ਭਾਰਤ ਦੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟਾਸ ਵੇਲੇ ਪਤਾ ਲਗਿਆ ਕਿ ਸ਼ਾਨਦਾਰ ਫੌਰਮ ਵਿੱਚ ਖੇਡ ਰਹੇ ਰਿਸ਼ਬ ਪੰਤ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਉੱਤੇ ਦਿਨੇਸ਼ ਕਾਰਤਿਕ ਨੂੰ ਥਾਂ ਦਿੱਤੀ ਗਈ ਹੈ।
ਇਸ ਮਗਰੋਂ ਸ਼ੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਛਿੜ ਗਈ ਕਿ ਪੰਤ ਨੂੰ ਟੀਮ ਵਿੱਚ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਦਰਅਸਲ ਮੈਚ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਬਹੁਤ ਚਰਚਾ ਰਹੀ ਸੀ ਕਿ ਵਿਕਟਕੀਪਰ ਵਜੋਂ ਪੰਤ ਅਤੇ ਕਾਰਤਿਕ ਵਿੱਚੋਂ ਕਿਸ ਨੂੰ ਰੱਖਿਆ ਜਾਵੇ।
ਇਸ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਰਤ ਦੇ ਟੈਸਟ ਖਿਡਾਰੀ ਚੇਤੇਸ਼ਵਰ ਪੁਜਾਰਾ ਨੇ ਈਐੱਸਪੀਐੱਨ ਕ੍ਰਿਕਇੰਫ਼ੋ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਤ ਅਤੇ ਕਾਰਤਿਕ ਦੋਵਾਂ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨਾ "ਅਸੰਭਵ" ਹੈ।
ਉਨ੍ਹਾਂ ਕਿਹਾ, "ਟੀਮ ਮੈਨੇਜਮੈਂਟ ਲਈ ਇੱਕ ਵੱਡੀ ਸਿਰਦਰਦੀ ਹੈ ਕਿਉਂਕਿ ਦੋਵੇਂ (ਪੰਤ ਅਤੇ ਕਾਰਤਿਕ) ਟੀ-20 ਫਾਰਮੈਟ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਫੈਸਲਾ ਇਹ ਕਰਨਾ ਹੈ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਕੋਈ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰੇ ਜਾਂ ਤੁਹਾਨੂੰ ਅਜਿਹਾ ਫਿਨਿਸ਼ਰ ਚਾਹੀਦਾ ਹੈ ਜੋ 6ਵੇਂ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਸਕੇ।''
ਉਨ੍ਹਾਂ ਅੱਗੇ ਕਿਹਾ, "ਇਸ ਲਈ, ਮੈਂ ਕਹਾਂਗਾ ਕਿ ਜੇਕਰ ਤੁਸੀਂ ਕਿਸੇ ਨੂੰ 5ਵੇਂ ਨੰਬਰ 'ਤੇ ਚਾਹੁੰਦੇ ਹੋ, ਤਾਂ ਰਿਸ਼ਭ ਪੰਤ ਇੱਕ ਬਿਹਤਰ ਵਿਕਲਪ ਹਨ, ਪਰ ਜੇਕਰ ਤੁਸੀਂ ਇੱਕ ਚੰਗੇ ਫਿਨਿਸ਼ਰ ਦੇ ਨਾਲ ਬੱਲੇਬਾਜ਼ੀ ਲਾਈਨਅੱਪ ਕਰਨਾ ਚਾਹੁੰਦੇ ਹੋ ਜੋ 10 ਜਾਂ 20 ਗੇਂਦਾਂ ਖੇਡ ਕੇ ਤੁਹਾਨੂੰ 40-50 ਦੌੜਾਂ ਦੇ ਸਕਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਡੀਕੇ (ਕਾਰਤਿਕ) ਬਿਹਤਰ ਵਿਕਲਪ ਹਨ।''

ਤਸਵੀਰ ਸਰੋਤ, Getty Images
ਖ਼ੈਰ, ਭਾਰਤ ਪਾਕ ਮੁਕਾਬਲੇ ਵਿੱਚ ਪਲੇਇੰਗ ਇਲੈਵਨ ਵਿੱਚ ਕਾਰਤਿਕ ਨੂੰ ਥਾਂ ਮਿਲੀ ਅਤੇ ਪੰਤ ਨੂੰ ਪਾਸੇ ਬੈਠਣਾ ਪਿਆ।
ਗੰਭੀਰ ਦੀ ਨਾਰਾਜ਼ਗੀ
ਹਾਲਾਂਕਿ ਬਹੁਤ ਸਾਰੇ ਕ੍ਰਿਕੇਟ ਪ੍ਰੇਮੀ ਅਤੇ ਗੌਤਮ ਗੰਭੀਰ ਵਰਗੇ ਕ੍ਰਿਕਟਰ ਵੀ ਇਸ ਗੱਲ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆਏ।
ਗੰਭੀਰ ਨੇ ਮੇਜ਼ਬਾਨ ਪ੍ਰਸਾਰਕ ਨੂੰ ਕਿਹਾ, "ਹੁਣ ਸਮਾਂ ਆ ਗਿਆ ਹੈ ਜਦੋਂ ਐਕਸਪੈਰੀਮੈਂਟ ਬੰਦ ਹੋ ਜਾਣ ਅਤੇ ਇੱਕ ਸਹੀ ਸੁਮੇਲ ਬਿਠਾਇਆ ਜਾਵੇ, ਕਿਉਂਕਿ ਭਾਰਤ ਕੋਲ ਵਿਸ਼ਵ ਕੱਪ ਤੋਂ ਪਹਿਲਾਂ ਖੇਡਣ ਲਈ ਕੋਈ ਜ਼ਿਆਦਾ ਮੈਚ ਨਹੀਂ ਹਨ।''
''ਮੈਨੂੰ ਲੱਗਦਾ ਹੈ ਕਿ ਰਿਸ਼ਭ ਪੰਤ ਦੇ ਮਾਮਲੇ 'ਚ ਉਨ੍ਹਾਂ ਨੇ ਗਲਤ ਸਮਝਿਆ ਅਤੇ ਉਨ੍ਹਾਂ ਨੂੰ ਖੇਡਣਾ ਚਾਹੀਦਾ ਸੀ। ਨਾਲ ਹੀ, ਉਨ੍ਹਾਂ ਨੂੰ ਸ਼ਾਮਲ ਕਰਨ ਦਾ ਮਤਲਬ ਹੈ ਕਿ ਮੱਧ ਕ੍ਰਮ ਦੇ ਸੱਜੇ ਹੱਥ ਦੇ ਬੱਲੇਬਾਜ਼ਾਂ ਵਿਚਕਾਰ ਇੱਕ ਖੱਬੇ ਹੱਥ ਦਾ ਬੱਲੇਬਾਜ਼ ਵੀ ਹੁੰਦਾ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਾਕਿਸਤਾਨ ਦੇ ਸਾਬਕਾ ਤੇ ਬਿਹਤਰੀਨ ਖਿਡਾਰੀ ਵਸੀਮ ਅਕਰਮ ਨੇ ਵੀ ਗੰਭੀਰ ਦੀ ਇਸ ਗੱਲ ਨਾਲ ਆਪਣੀ ਸਹਿਮਤੀ ਪ੍ਰਗਟਾਈ।
ਇਹ ਵੀ ਦੇਖਿਆ ਗਿਆ ਕਿ ਮੈਚ ਵਿੱਚ ਭਾਰਤ ਨੇ ਖੱਬੇ ਹੱਥ ਦੇ ਬੱਲੇਬਾਜ਼ ਰਵਿੰਦਰ ਜਡੇਜਾ ਨੂੰ ਉੱਤੇ ਭੇਜਿਆ। ਜੇ ਰਿਸ਼ਭ ਪੰਤ ਹੁੰਦੇ ਤਾਂ ਉਨ੍ਹਾਂ ਨੇ ਉਸ ਪੌਜ਼ੀਸ਼ਨ ਉੱਤੇ ਖੇਡਣਾ ਸੀ। ਰਿਸ਼ਬ ਦੇ ਨਾ ਖੇਡਣ ਦੇ ਨਾਲ ਭਾਰਤ ਦੀ ਪੂਰੀ ਬੈਟਿੰਗ ਲਾਈਨਅਪ ਵਿੱਚ ਕੇਵਲ ਇੱਕ ਲੈਫਟ ਹੈਂਡਰ ਹੀ ਰਹਿ ਗਿਆ ਸੀ।
ਵਸੀਮ ਅਕਰਮ ਦਾ ਗੁੱਸਾ
ਇਸ ਤੋਂ ਇਲਾਵਾ ਇਸ ਮੈਚ ਦੀ ਸ਼ੁਰੂਆਤ ਵਿੱਚ ਵਸੀਮ ਅਕਰਮ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਦਰਅਸਲ ਮਾਮਲਾ ਪਾਕਿਸਤਾਨ ਦੇ ਪਲੇਇੰਗ ਇਲੈਵਨ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ:

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਪ੍ਰਸਾਰਕ ਵੱਲੋਂ ਪਾਕਿਸਤਾਨ ਦੀ ਟੀਮ ਦਿਖਾਈ ਗਈ ਤਾਂ ਉਸ ਵਿੱਚ ਹਸਨ ਅਲੀ ਦਾ ਨਾਮ ਦਿਖਾਇਆ ਗਿਆ ਅਤੇ ਸ਼ਾਹਨਵਾਜ ਦਾਹਾਨੀ ਦਾ ਨਾਮ ਨਹੀਂ ਸੀ।
ਅਕਰਮ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਟੀਮ ਦੀ ਬੱਲੇਬਾਜ਼ੀ ਦੇ ਕੋਚ ਮੁਹੰਮਦ ਯੂਸਫ਼ ਨੇ ਦੱਸਿਆ ਸੀ ਕਿ ਸ਼ਾਹਨਵਾਜ ਦਾਹਾਨੀ ਖੇਡ ਰਹੇ ਹਨ।
ਇਹ ਪਤਾ ਲੱਗਣ 'ਤੇ ਕਿ ਪ੍ਰਸਾਰਕ ਨੇ ਸੂਚੀ ਵਿੱਚ ਗਲਤੀ ਹੈ ਤਾਂ ਵਸੀਮ ਅਕਰਮ ਆਨ ਏਅਰ ਹੀ ਗੁੱਸਾ ਹੋ ਗਏ।
ਉਨ੍ਹਾਂ ਕਿਹਾ, "ਮੈਨੂੰ ਖੁਸ਼ ਨਾ ਰੱਖੋ, ਉਸ ਵਿਅਕਤੀ ਨੂੰ ਖੁਸ਼ ਰੱਖੋ ਜੋ ਗਲਤ ਟੀਮ ਦਿਖਾ ਰਿਹਾ ਹੈ। ਇਹ ਇੱਕ ਵੱਡੀ ਖੇਡ ਹੈ, ਇਹ ਕੋਈ ਛੋਟੀ ਗਲਤੀ ਨਹੀਂ ਹੈ। ਇਹ ਹੁਣ ਠੀਕ ਹੈ।''
ਹਾਲਾਂਕਿ ਬਾਅਦ ਵਿੱਚ ਇਹ ਗਲਤੀ ਸੁਧਾਰ ਲਈ ਗਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਨਸੀਮ ਸ਼ਾਹ ਨੇ ਜਿੱਤਿਆ ਦਿਲ
ਪਾਕਿਸਤਾਨ ਦੇ 19 ਸਾਲਾ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਇਸ ਮੈਚ ਵਿੱਚ ਪਾਕਿਸਤਾਨ ਦੇ ਨਾਲ-ਨਾਲ ਭਾਰਤੀ ਪ੍ਰਸ਼ੰਸਕਾਂ ਦਾ ਵੀ ਦਿਲ ਜਿੱਤ ਲਿਆ।
ਭਾਰਤ ਦੇ ਖਿਲਾਫ ਇਹ ਮੈਚ ਨਸੀਮ ਸ਼ਾਹ ਦਾ ਪਹਿਲਾ ਅੰਤਰਰਾਸ਼ਟਰੀ ਟੀ-20 ਮੈਚ ਸੀ। ਹਾਲਾਂਕਿ ਉਹ ਇਸ ਤੋਂ ਪਹਿਲਾਂ ਦੇਸ਼ ਲਈ ਵਨ ਡੇਅ ਅਤੇ ਟੈਸਟ ਮੈਚ ਖੇਡ ਚੁੱਕੇ ਹਨ।
ਮੈਚ ਦੌਰਾਨ ਆਪਣੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਹੀ ਨਸੀਮ ਨੇ ਕੇਐੱਲ ਰਾਹੁਲ ਦੀਆਂ ਵਿਕਟਾਂ ਉਡਾ ਦਿੱਤੀਆਂ।
ਰਾਹੁਲ ਤੋਂ ਬਾਅਦ ਨਸੀਮ ਦੇ ਝੋਲੀ 'ਚ ਅਗਲੀ ਵਿਕਟ ਸੂਰਿਆਕੁਮਾਰ ਯਾਦਵ ਦੀ ਆਈ।
ਨਸੀਮ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਭਾਰਤ ਦੀਆਂ ਦੋ ਮਹੱਤਵਪੂਰਨ ਵਿਕਟਾਂ ਝਟਕੀਆਂ।

ਤਸਵੀਰ ਸਰੋਤ, Getty Images
ਪਰ ਉਨ੍ਹਾਂ ਦੇ ਆਖਰੀ ਓਵਰ ਦੀ ਦੂਜੀ ਗੇਂਦ ਤੋਂ ਬਾਅਦ, ਨਸੀਮ ਦੀ ਲੱਤ ਦੀਆਂ ਮਾਸਪੇਸ਼ੀਆਂ ਖਿੱਚੀਆਂ ਗਈਆਂ ਪਰ ਉਨ੍ਹਾਂ ਨੇ ਆਪਣਾ ਓਵਰ ਪੂਰਾ ਕੀਤਾ। ਇੱਕ ਮੌਕਾ ਅਜਿਹਾ ਵੀ ਆਇਆ ਜਦੋਂ ਉਹ ਦਰਦ ਨਾਲ ਚੀਕ ਪਏ ਅਤੇ ਜ਼ਮੀਨ 'ਤੇ ਬੈਠ ਗਏ।
ਹਾਲਾਂਕਿ ਉਨ੍ਹਾਂ ਦੇ ਆਖਰੀ ਓਵਰ ਦੀ ਹੀ ਪੰਜਵੀਂ ਗੇਂਦ 'ਤੇ ਰਵਿੰਦਰ ਜਡੇਜਾ ਨੇ ਛੱਕਾ ਜੜਿਆ ਜੋ ਭਾਰਤ ਲਈ ਕਾਫੀ ਕੀਮਤੀ ਸਾਬਤ ਹੋਇਆ।
ਕੋਹਲੀ ਨਾਲ ਮਿਲਦੀ-ਜੁਲਦੀ ਹੈ ਨਸੀਮ ਦੀ ਕਹਾਣੀ
ਨਸੀਮ ਸ਼ਾਹ ਅਤੇ ਵਿਰਾਟ ਕੋਹਲੀ ਦੇ ਜੀਵਨ ਦੀ ਇੱਕ ਘਟਨਾ ਲਗਭਗ ਇੱਕੋ-ਜਿਹੀ ਹੈ।
ਕੋਹਲੀ ਦਾ ਖੇਡ ਪ੍ਰਤੀ ਸਮਰਪਣ ਉਨ੍ਹਾਂ ਦੇ ਜੀਵਨ ਦੇ ਸ਼ੁਰੂਆਤੀ ਸਾਲਾਂ ਦੇ ਅਨੁਭਵ ਤੋਂ ਦੇਖਿਆ ਜਾ ਸਕਦਾ ਹੈ। 2006 ਵਿੱਚ ਉਹ ਦਿੱਲੀ ਦੀ ਰਣਜੀ ਟੀਮ ਦਾ ਹਿੱਸਾ ਸਨ।
ਉਨ੍ਹਾਂ ਦੀ ਟੀਮ ਕਰਨਾਟਕ ਦੇ ਖ਼ਿਲਾਫ਼ ਮੈਚ ਖੇਡ ਰਹੀ ਸੀ, ਜਦੋਂ ਦੂਜੇ ਦਿਨ ਦਾ ਖੇਡ ਖਤਮ ਹੋਇਆ ਤਾਂ ਕੋਹਲੀ ਅਤੇ ਉਨ੍ਹਾਂ ਦੇ ਸਾਥੀ ਬੱਲੇਬਾਜ਼ ਪੁਨੀਤ ਨਾਟ ਆਊਟ ਸਨ।
ਉਸੇ ਰਾਤ 17 ਸਾਲਾ ਕੋਹਲੀ ਦੇ ਪਿਤਾ ਪ੍ਰੇਮ ਕੋਹਲੀ ਨੂੰ ਬ੍ਰੇਨ ਸਟ੍ਰੋਕ ਆਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਤਸਵੀਰ ਸਰੋਤ, Getty Images
ਪਿਤਾ ਦੇ ਅਚਾਨਕ ਚਲੇ ਜਾਣ ਦਾ ਦੁੱਖ ਬਹੁਤ ਵੱਡਾ ਸੀ। ਕੋਹਲੀ ਦੇ ਘਰ ਰਿਸ਼ਤੇਦਾਰ-ਜਾਣਕਾਰ ਆਉਣ ਲੱਗੇ ਪਰ ਕੋਹਲੀ ਨਾਟ ਆਊਟ ਪਾਰੀ ਨੂੰ ਅੱਗੇ ਵਧਾਉਣ ਲਈ ਮੈਦਾਨ 'ਤੇ ਪਹੁੰਚ ਗਏ।
ਉਦੋਂ ਦਿੱਲੀ ਦੇ ਕੋਚ ਚੇਤਨ ਸ਼ਰਮਾ ਸਨ ਤੇ ਕਪਤਾਨ ਮਿਥੁਨ ਮਿਨਹਾਸ। ਦੋਵਾਂ ਨੇ ਕੋਹਲੀ ਨੂੰ ਘਰ ਜਾ ਕੇ ਪਰਿਵਾਰ ਨਾਲ ਰਹਿਣ ਦੀ ਸਲਾਹ ਦਿੱਤੀ।
ਪਰ, ਕੋਹਲੀ ਨੇ ਮੈਚ ਖੇਡਣ 'ਤੇ ਜ਼ੋਰ ਦਿੱਤਾ। ਉਸ ਪਾਰੀ ਵਿੱਚ ਉਸ ਨੇ 90 ਦੌੜਾਂ ਬਣਾਈਆਂ ਸਨ। ਕਰਨਾਟਕ ਟੀਮ ਦੀ ਕਪਤਾਨੀ ਕਰ ਰਹੇ ਯੇਰੇ ਗੌਡ ਅਤੇ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਵੀ ਕੋਹਲੀ ਦੇ ਹੌਂਸਲੇ ਅਤੇ ਵਚਨਬੱਧਤਾ ਦੀ ਤਾਰੀਫ ਕੀਤੀ।
ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ।
ਕੁੱਝ ਇਸੇ ਤਰ੍ਹਾਂ ਦੀ ਕਹਾਣੀ ਨਸੀਮ ਸ਼ਾਹ ਦੀ ਵੀ ਹੈ।
ਲਗਭਗ ਤਿੰਨ ਸਾਲ ਪਹਿਲਾਂ ਜਦੋਂ ਉਹ ਮਹਿਜ਼ 16 ਸਾਲ ਦੇ ਸਨ, ਉਦੋਂ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ।
ਜਿਸ ਸਮੇਂ ਨਸੀਮ ਨੇ ਪਾਕਿਸਤਾਨ ਲਈ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸੇ ਸਮੇਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ।
ਉਸ ਵੇਲੇ ਨਸੀਮ ਆਪਣੇ ਅੰਤਰਰਾਸ਼ਟਰੀ ਡੈਬਿਊ ਮੈਚ ਲਈ ਆਸਟ੍ਰੇਲੀਆ ਵਿੱਚ ਸਨ, ਜਦੋਂ ਇਸ ਨੌਜਵਾਨ ਖਿਡਾਰੀ ਦੀ ਮਾਂ ਦੀ ਮੌਤ ਦੀ ਖ਼ਬਰ ਆਈ, ਪਰ ਉਹ ਆਸਟ੍ਰੇਲੀਆ ਤੋਂ ਵਾਪਸ ਨਹੀਂ ਪਰਤੇ।
ਉਹ ਆਪਣੀ ਮਾਂ ਦੇ ਜਨਾਜ਼ੇ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।
ਸੰਜੈ ਮਾਂਜਰੇਕਰ ਨੇ ਜਦੋਂ ਰਵਿੰਦਰ ਜਡੇਜਾ ਨੂੰ ਪੁੱਛਿਆ...
ਮੈਚ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਸੰਜੈ ਮਾਂਜਰੇਕਰ ਅਤੇ ਰਵਿੰਦਰ ਜਡੇਜਾ ਨੇ ਚੁਟਕੀ ਲਈ।
ਦਰਅਸਲ 2019 ਦੇ ਵਿਸ਼ਵ ਕੱਪ ਮੁਕਾਬਲੇ ਸਮੇਂ ਸੰਜੈ ਨੇ ਜਡੇਜਾ ਨੂੰ ''ਛੋਟਾ'' ਕ੍ਰਿਕਟਰ ਕਿਹਾ ਸੀ। ਬਾਅਦ ਵਿੱਚ ਇਸ ਗੱਲ ਦਾ ਜਵਾਬ ਦਿੰਦਿਆਂ ਜਡੇਜਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਰ ਵੀ ਸੰਜੈ ਨਾਲ ਦੁੱਗਣੇ ਮੈਚ ਖੇਡੇ ਹਨ ਅਤੇ ਖੇਡ ਰਹੇ ਹਨ।
ਜਡੇਜਾ ਨੇ ਉਸ ਵੇਲੇ ਸੰਜੈ ਨੂੰ ਕਿਹਾ ਸੀ ਕਿ ਜੋ ਲੋਕ ਕੋਈ ਪ੍ਰਾਪਤੀ ਕਰਦੇ ਹਨ, ਉਨ੍ਹਾਂ ਦਾ ਆਦਰ ਕਰਨਾ ਸਿੱਖਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਉਸ ਵੇਲੇ ਦੀ ਨਾਰਾਜ਼ਗੀ ਦੀ ਝਲਕ ਕੱਲ੍ਹ ਦੇ ਮੈਚ ਵਿੱਚ ਵੀ ਦਿਖਾਈ ਦਿੱਤੀ ਜਦੋਂ ਪਾਕਿਸਤਾਨ ਖ਼ਿਲਾਫ਼ 29 ਗੇਂਦਾਂ 'ਚ 35 ਦੌੜਾਂ ਦੀ ਅਹਿਮ ਪਾਰੀ ਖੇਡਣ ਵਾਲੇ ਜਡੇਜਾ ਨੂੰ ਸੰਜੈ ਨੇ ਗੱਲਬਾਤ ਲਈ ਬੁਲਾਇਆ।
ਸੰਜੈ ਨੇ ਜਡੇਜਾ ਨੂੰ ਬੁਲਾਉਂਦਿਆਂ ਕਿਹਾ, ''ਮੇਰੇ ਨਾਲ ਹਨ ਰਵਿੰਦਰ ਜੜੇਜਾ, ਪਹਿਲਾ ਸਵਾਲ, ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਜੱਗੂ, ਹੈ ਨਾ?''
ਇਸ 'ਤੇ ਜਡੇਜਾ ਨੇ ਕਿਹਾ, ''ਹਾਂ, ਹਾਂ, ਬਿਲਕੁਲ। ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ।''
ਸ਼ੋਏਬ ਅਖ਼ਤਰ ਕਿਉਂ ਹੋਏ ਨਾਰਾਜ਼
ਪਾਕਿਸਤਾਨ ਦੀ ਹਾਰ 'ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖ਼ਤਰ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਟੀਮ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ।
ਉਨ੍ਹਾਂ ਕਿਹਾ, ''ਰਿਜ਼ਵਾਨ ਜੇ 45 ਗੇਂਦਾਂ 'ਚ 45 ਦੌੜਾਂ ਬਣਾਵੇਗਾ ਤਾਂ ਕੀ ਹੋਵੇਗਾ? ਪਹਿਲੇ 6 ਓਵਰਾਂ ਵਿੱਚ 19 ਡਾਟ ਗੇਂਦਾਂ। ਤੁਸੀਂ ਆਪ ਸੋਚੋ ਕਿ ਜੇ ਤੁਸੀਂ ਪਹਿਲੇ ਦਾਇਰੇ 'ਚ ਇੰਨੀਆਂ ਡਾਟ ਗੇਂਦਾ ਖੇਡੋਗੇ ਤਾਂ ਤੁਹਾਨੂੰ ਮੁਸੀਬਤ ਪੈਣੀ ਹੀ ਪੈਣੀ ਹੈ।''
ਉਨ੍ਹਾਂ ਪਾਕਿਸਤਾਨ ਦੇ ਨਾਲ-ਨਾਲ ਭਾਰਤ ਦੀ ਟੀਮ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ, ''ਦੋਵਾਂ ਕਪਤਾਨਾਂ ਰੋਹਿਤ ਸ਼ਰਮਾ ਤੇ ਬਾਬਰ ਆਜ਼ਮ ਨੇ ਪੂਰੀ ਕੋਸ਼ਿਸ਼ ਕੀਤੀ ਕਿ ਟੀਮ ਠੀਕ ਨਾ ਚੁਣੀਏ। ਉਨ੍ਹਾਂ ਨੇ ਪੰਤ ਨੂੰ ਛੱਡ ਦਿੱਤਾ, ਅਸੀਂ ਇਫਤਿਕਾਰ ਨੂੰ ਪਾ ਲਿਆ, ਕਿੱਥੇ ਚੌਥੇ ਨੰਬਰ 'ਤੇ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












