ਕੀ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ਨਹੀਂ ਹੋਣਗੇ?

ਤਸਵੀਰ ਸਰੋਤ, Getty Images
- ਲੇਖਕ, ਅਪਰਣਾ ਅਲੂਰੀ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮੀਡੀਆ ਦੀਆਂ ਖ਼ਬਰਾਂ ਪੜ੍ਹ ਸੁਣ ਕੇ ਤੁਹਾਨੂੰ ਲੱਗ ਸਕਦਾ ਹੈ ਕਿ ਭਾਰਤ ਪਾਕਿਸਤਾਨ ਨਾਲ ਮੈਨਚੈਸਟਰ ਵਿੱਚ ਇਸੇ ਸਾਲ 16 ਜੂਨ ਨੂੰ ਹੋਣ ਵਾਲਾ ਮੈਚ ਨਹੀਂ ਖੇਡੇਗਾ।
ਇਹ ਪੁਲਵਾਮਾ ਹਮਲੇ ਦੇ ਵਿਰੋਧ ਵਜੋਂ ਕੀਤਾ ਜਾਵੇਗਾ, ਜਿਸ ਵਿੱਚ ਭਾਰਤ ਦੇ ਘੱਟੋ-ਘੱਟ 46 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ ਤੋਂ ਕੰਮ ਕਰਨ ਵਾਲੇ ਇੱਕ ਅੱਤਵਾਦੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇੱਕ ਹੋਰ ਭਾਫ ਬਾਹਰ ਇਹ ਆ ਰਹੀ ਹੈ ਕਿ ਭਾਰਤ ਵਿਸ਼ਵ-ਕੱਪ ਦੇ ਪ੍ਰਬੰਧਕਾਂ 'ਤੇ ਪਾਕਿਸਤਾਨ ਨੂੰ ਮੁਕਾਬਲੇ ਤੋਂ ਬਾਹਰ ਰੱਖਣ ਲਈ ਦਬਾਅ ਪਾ ਰਿਹਾ ਹੈ।
ਹਾਲਾਂਕਿ, ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਕਿ ਅਜਿਹਾ ਹੋ ਸਕਦਾ ਹੈ। ਇਸ 46 ਦਿਨਾਂ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਬਾਕੀ ਟੀਮਾਂ ਅਜਿਹੀ ਬੇਨਤੀ ਕਿਉਂ ਮੰਨਣਗੀਆਂ।
ਪਹਿਲਾ ਇਸ ਨਾਲ ਟੂਰਨਾਮੈਂਟ ਦਾ ਸੁਆਦ ਖ਼ਰਾਬ ਹੋ ਜਾਵੇਗਾ ਦੂਸਰਾ ਉਨ੍ਹਾਂ ਦੇਸਾਂ ਦੇ ਪਾਕਿਸਤਾਨ ਨਾਲ ਖੇਡ ਰਿਸ਼ਤਿਆਂ 'ਤੇ ਅਸਰ ਪਏਗਾ।
ਇਹ ਵੀ ਪੜ੍ਹੋ:
ਹਮਲੇ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਈ ਗੁੱਸੇ ਦੀ ਲਹਿਰ ਕਾਰਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ 'ਤੇ ਪਾਕਿਸਤਾਨ ਖ਼ਿਲਾਫ ਕਾਰਵਾਈ ਕਰਨ ਲਈ ਦਬਾਅ ਹੇਠ ਹੈ।
ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਰਿਸ਼ਤਿਆਂ 'ਤੇ ਦੋਹਾਂ ਮੁਲਕਾਂ ਦੇ ਸਿਆਸੀ ਰਿਸ਼ਤਿਆਂ ਦਾ ਅਸਰ ਹਮੇਸ਼ਾ ਰਿਹਾ ਹੈ।
ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸਾਂ ਨੇ ਕੋਈ ਦੁਵੱਲੀ ਕ੍ਰਿਕਟ ਲੜੀ ਨਹੀਂ ਖੇਡੀ ਹੈ।

ਤਸਵੀਰ ਸਰੋਤ, Getty Images
"ਬਿਨਾਂ ਨਿਊਕਲੀਅਰ ਮਿਜ਼ਾਈਲਾਂ ਦੀ ਜੰਗ"
ਇਸ ਤੋਂ ਪਹਿਲਾਂ ਵੀ ਅਜਿਹੇ ਮੌਕੇ ਆਉਂਦੇ ਰਹੇ ਹਨ ਜਦੋਂ ਦੋਹਾਂ ਦੇਸਾਂ ਨੇ ਇੱਕ ਦੂਜੇ ਨਾਲ ਕਾਫੀ ਦੇਰ ਤੱਕ ਕ੍ਰਿਕਟ ਨਹੀਂ ਖੇਡੀ।
ਮਿਸਾਲ ਵਜੋਂ ਭਾਰਤ ਤੇ ਪਾਕਿਸਤਾਨ ਦੇ ਖੇਡ ਰਿਸ਼ਤੇ 18 ਸਾਲਾਂ ਬਾਅਦ 1978 ਵਿੱਚ ਮੁੜ ਸ਼ੁਰੂ ਹੋਏ।
ਪਾਕਿਸਤਾਨੀ ਖਿਡਾਰੀਆਂ ਨੂੰ ਦੁਨੀਆਂ ਦੇ ਸਭ ਤੋਂ ਮਹਿੰਗੇ ਕ੍ਰਿਕਟ ਟੂਰਨਾਮੈਂਟਚ ਇੰਡੀਅਨ ਪ੍ਰੀਮੀਅਰ ਲੀਗ ਵਿੱਚੋਂ ਵੀ ਬਾਹਰ ਰੱਖਿਆ ਗਿਆ।
ਜੌਰਜ ਔਰਵੈੱਲ ਨੇ ਕ੍ਰਿਕਟ ਨੂੰ ਠੀਕ ਹੀ "ਬਿਨਾਂ ਗੋਲੀ ਦੀ ਜੰਗ ਕਿਹਾ" ਸੀ। ਅੱਜ ਜਦੋਂ ਭਾਰਤ ਤੇ ਪਾਕਿਸਤਾਨ ਦੋਹਾਂ ਕੋਲ ਹੀ ਮਿਜ਼ਾਈਲਾਂ ਹਨ ਤਾਂ ਇਸ ਨੂੰ "ਬਿਨਾਂ ਨਿਊਕਲੀਅਰ ਮਿਜ਼ਾਈਲਾਂ ਦੀ ਜੰਗ" ਵੀ ਕਿਹਾ ਜਾ ਸਕਦਾ ਹੈ।
ਅਤੀਤ ਵਿੱਚ ਪਾਕਿਸਤਾਨ-ਭਾਰਤ ਦਰਮਿਆਨ ਖੇਡੇ ਜਾਂਦੇ ਕ੍ਰਿਕਟ ਮੈਚ ਦੇਸ ਭਗਤੀ ਜਾਂ ਕਹਿ ਲਓ ਅੰਧ ਦੇਸ ਭਗਤੀ ਨਾਲ ਲਬਰੇਜ਼ ਰਹੇ ਹਨ।
ਇੱਕ ਵਾਰ ਦਿੱਲੀ ਵਿੱਚ ਦੋਹਾਂ ਦੇਸਾਂ ਵਿੱਚ ਖੇਡੇ ਜਾਣ ਵਾਲੇ ਇੱਕ ਟੈਸਟ-ਮੈਚ ਤੋਂ ਪਹਿਲਾਂ ਪਿੱਚ ਪੁੱਟ ਦਿੱਤੀ ਗਈ ਸੀ।
ਜਦਕਿ ਇੱਕ ਹੋਰ ਮੌਕੇ 'ਤੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਪਾਕਿਸਤਾਨੀ ਟੀਮ ਨੂੰ ਫੀਲਡਿੰਗ ਵੀ ਹੈਲਮਿਟ ਪਾ ਕੇ ਕਰਨੀ ਪਈ ਸੀ। ਕਰਾਚੀ ਵਿੱਚ ਸਟੈਂਡਾਂ ਨੂੰ ਅੱਗ ਲਾ ਦਿੱਤੀ ਗਈ ਸੀ।
ਗੁੱਸੇ ਦੀ ਇਹ ਭਾਵਨਾ ਸਮੇਂ ਨਾਲ ਵਧਦੀ ਹੀ ਰਹੀ ਹੈ। ਜਿਵੇਂ ਕਿ ਰਾਮ ਚੰਦਰ ਗੁਹਾ ਨੇ ਲਿਖਿਆ ਹੈ, "ਹਿੰਦੂਆਂ ਤੇ ਮੁਸਲਮਾਨਾਂ ਦੀਆਂ 1947 ਤੋਂ ਪਹਿਲਾਂ ਦੀਆਂ ਅਸਹਿਮਤੀਆਂ ਅਤੇ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਤਭੇਦਾਂ ਨੇ ਦੁਨੀਆਂ ਦੇ ਖੇਡ ਮੈਦਾਨਾਂ 'ਤੇ ਆਪਣਾ ਪਰਛਾਵਾਂ ਪਾਇਆ ਹੈ।"

ਤਸਵੀਰ ਸਰੋਤ, AFP / Getty
"ਸ਼ਾਇਦ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੁਕਾਬਲਾ"
ਓਲਡ ਟਰਾਫੋਰਡ ਦੇ ਸਟੇਡੀਅਮ ਵਿੱਚ ਜੂਨ ਮਹੀਨੇ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਟੂਰਨਾਮੈਂਟ ਦੇ ਵਕਾਰ ਅਤੇ ਆਰਥਿਕਤਾ ਲਈ ਬਹੁਤ ਅਹਿਮ ਹੈ।
ਇਸ ਮੈਚ ਲਈ 25000 ਟਿੱਕਟਾਂ ਹਨ ਜਿਨ੍ਹਾਂ ਲਈ 5 ਲੱਖ ਲੋਕਾਂ ਨੇ ਅਰਜੀਆਂ ਦਿੱਤੀਆਂ ਹਨ। ਜਦਕਿ, ਟੂਰਨਾਮੈਂਟ ਦੇ ਫੈਸਲਾਕੁਨ ਮੈਚ ਦੀਆਂ ਟਿੱਕਟਾਂ ਲਈ ਪ੍ਰਬੰਧਕਾਂ ਕੋਲ ਲਗਭਗ 270,000 ਅਰਜੀਆਂ ਪਹੁੰਚੀਆਂ ਹਨ।
ਮੁਕਾਬਲੇ ਦੇ ਨਿਰਦੇਸ਼ਕ ਸਟੀਵ ਐੱਲਵੌਰਥੀ ਮੁਤਾਬਕ ਇਹ ਮੈਚ, "ਸ਼ਾਇਦ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੁਕਾਬਲਾ ਹੈ।"
ਮੈਚ ਵਿਰੋਧੀਆਂ ਦੀ ਦਲੀਲ
ਜਿਹੜੇ ਭਾਰਤੀ ਇਸ ਮੈਚ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਦੀ ਦਲੀਲ ਹੈ ਕਿ ਇਸ ਮੈਚ ਦੇ ਅੰਕਾਂ ਨਾਲ ਸਮੁੱਚੇ ਮੁਕਾਬਲੇ ਵਿੱਚ ਭਾਰਤ ਦੀ ਸਥਿਤੀ 'ਤੇ ਕੋਈ ਅਸਰ ਨਹੀਂ ਪਵੇਗਾ।
ਇਹ ਕੋਈ ਜੱਗੋਂ ਤੇਰ੍ਹਵੀਂ ਦਲੀਲ ਨਹੀਂ ਹੈ। ਮਿਸਾਲ ਵਜੋਂ, ਸਾਲ 2013 ਦੇ ਵਿਸ਼ਵ-ਕੱਪ ਵਿੱਚ ਇੰਗਲੈਂਡ ਨੂੰ ਚਾਰ ਵਿਸ਼ਵ ਕੱਪ ਅੰਕਾਂ ਦਾ ਨੁਕਸਾਨ ਝੱਲਣਾ ਪਿਆ ਸੀ।
ਇੰਗਲੈਂਡ ਦੀ ਮੰਗ ਸੀ ਕਿ ਉਸ ਦੇ ਮੈਚ ਸੁਰੱਖਿਆ ਕਾਰਨਾਂ ਕਰਕੇ ਹਰਾਰੇ ਤੋਂ ਬਦਲ ਕੇ ਦੱਖਣੀ ਅਫਰੀਕਾ ਵਿੱਚ ਕਰਵਾ ਦਿੱਤੇ ਜਾਣ।
ਇਹ ਮੰਗ ਰੱਦ ਕਰ ਦਿੱਤੀ ਗਈ ਸੀ। ਇੰਗਲੈਂਡ ਦੀ ਟੀਮ ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਨਹੀਂ ਜਾਣਾ ਚਾਹੁੰਦੀ ਸੀ।
ਹੁਣ ਜੇ ਟੂਰਨਾਮੈਂਟ ਦੇ ਸਭ ਤੋਂ ਵਧ ਉਡੀਕੇ ਜਾ ਰਹੇ ਅਤੇ ਸਭ ਤੋਂ ਵੱਡੇ ਮੈਚ ਦੀ ਗੱਲ ਕੀਤੀ ਜਾਵੇਂ ਤਾਂ ਇਸ ਨੂੰ ਰੱਦ ਕਰਨ ਨਾਲ ਟੂਰਨਾਮੈਂਟ ਨੂੰ ਵਾਕਈ ਬਹੁਤ ਨੁਕਸਾਨ ਹੋਵੇਗਾ।

ਤਸਵੀਰ ਸਰੋਤ, Routes2roots
"ਬਿਨਾਂ ਲੜੇ ਹਾਰ"
ਭਾਰਤ, ਪਾਕਿਸਤਾਨ ਤੋਂ ਕਦੇ ਵੀ ਕੋਈ ਵੀ ਵਿਸ਼ਵ-ਕੱਪ ਮੈਚ ਨਹੀਂ ਹਾਰਿਆ। 1996 ਦੀ ਕਾਰਗਿਲ ਜੰਗ ਦੌਰਾਨ ਦੋਹਾਂ ਦੇਸਾਂ ਦਰਮਿਆਨ ਮੈਨਚੈਸਟਰ ਵਿੱਚ ਇੱਕ ਕ੍ਰਿਕਟ ਮੈਚ ਖੇਡਿਆ। ਦੋਹਾਂ ਨੇ ਬਹੁਤ ਘੱਟ ਦੌੜਾਂ ਬਣਾਈਆਂ ਪਰ ਭਾਰਤ ਨੇ 47 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਉਸ ਦਿਨ ਕਾਰਗਿਲ ਵਿੱਚ ਛੇ ਪਾਕਿਸਤਾਨੀ ਫੌਜੀਆਂ ਅਤੇ ਭਾਰਤੀ ਫੌਜ ਦੇ ਤਿੰਨ ਅਫਸਰਾਂ ਦੀ ਮੌਤ ਹੋਈ ਸੀ। ਭਾਰੀਤੀ ਸੰਸਦ ਮੈਂਬਰ ਅਤੇ ਲੇਖਕ ਸ਼ਸ਼ੀ ਥਰੂਰ ਦਾ ਕਹਿਣਾ ਹੈ, "ਇਸ ਸਾਲ ਮੈਚ ਨਾ ਖੇਡਣ ਨਾਲ ਦੋ ਅੰਕਾਂ ਦਾ ਹੀ ਨੁਕਸਾਨ ਨਹੀਂ ਹੋਵੇਗਾ ਸਗੋਂ, ਇਹ ਆਤਮ ਸਮਰਪਣ ਤੋਂ ਵੀ ਮਾੜਾ ਹੋਵੇਗਾ, ਬਿਨਾਂ ਲੜੇ ਹਾਰ।"
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












