'ਆਪ' ਵਿਧਾਇਕ ਪਠਾਣਮਾਜਰਾ ’ਤੇ ਬਿਨ੍ਹਾਂ ਤਲਾਕ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ, ਵਿਧਾਇਕ ਨੇ ਕੀ ਕਿਹਾ

ਹਰਮੀਤ ਸਿੰਘ ਪਠਾਣਮਾਜਰਾ

ਤਸਵੀਰ ਸਰੋਤ, FB/Harmeet Singh Pathanmajra

ਤਸਵੀਰ ਕੈਪਸ਼ਨ, ਹਰਮੀਤ ਸਿੰਘ ਪਠਾਣਮਾਜਰਾ

ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਇੱਕ ਔਰਤ ਨੇ ਦੂਜਾ ਵਿਆਹ ਕਰਵਾਉਣ ਅਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧ ਵਿੱਚ ਜ਼ੀਕਰਪੁਰ ਪੁਲਿਸ ਕੋਲ ਸ਼ਿਕਾਇਤ ਦੀ ਦਰਜ ਕਰਵਾਈ ਗਈ ਹੈ।

ਹਾਲਾਂਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮੀਡੀਆ ਅਦਾਰਿਆਂ ਨਾਲ ਗੱਲਬਾਤ ਕਰਦਿਆਂ ਦੂਜਾ ਵਿਆਹ ਕਰਵਾਉਣ ਦੀ ਗੱਲ ਕਬੂਲੀ ਹੈ ਪਰ ਉਹਨਾਂ ਕਿਸੇ ਵੀ ਕਿਸਮ ਦੀ ਧਮਕੀ ਦੇਣ ਤੋਂ ਇਨਕਾਰ ਕੀਤਾ ਹੈ। ਉਹਨਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਹਨ।

ਬਿਨ੍ਹਾਂ ਤਲਾਕ ਦੂਜਾ ਵਿਆਹ

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਜ਼ੀਕਰਪੁਰ ਦੀ ਰਹਿਣ ਵਾਲੀ ਇੱਕ ਔਰਤ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 'ਤੇ ਬਿਨ੍ਹਾਂ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਜ਼ੀਰਕਪੁਰ ਥਾਣੇ ਦੇ ਮੁਖੀ ਦੀਪਇੰਦਰ ਸਿੰਘ ਬਰਾੜ ਨੇ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨਾਲ ਮੋਬਾਇਲ 'ਤੇ ਗੱਲ ਕਰਦਿਆਂ ਕਿਹਾ, "ਇੱਕ ਔਰਤ ਨੇ ਮੰਗਲਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਠਾਣਮਾਜਰਾ ਨਾਲ ਉਸ ਔਰਤ ਦਾ ਵਿਆਹ ਪਿਛਲੇ ਸਾਲ ਅਗਸਤ ਵਿੱਚ ਹੋਇਆ ਸੀ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਰਮੀਤ ਸਿੰਘ ਪਠਾਣਮਾਜਰਾ ਨਾਲ ਰਿਸ਼ਤਾ ਪਿਛਲੇ ਕਰੀਬ ਇੱਕ ਦਹਾਕੇ ਤੋਂ ਸੀ।

ਇੱਕ ਵੈੱਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜਦੋਂ ਪਠਾਣਮਾਜਰਾ ਨੂੰ ਪਾਰਟੀ ਦੀ ਟਿਕਟ ਮਿਲਣ ਦੀ ਖ਼ਬਰ ਚੱਲੀ ਤਾਂ ਉਹਨਾਂ ਨੇ ਵਿਆਹ ਦਾ ਸਰਪਰਾਇਜ਼ ਦਿੱਤਾ ਸੀ। ਇਹ ਅਨੰਦ ਕਾਰਜ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਏ ਸਨ।"

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪਠਾਣਮਾਜਰਾ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਦਾ ਭਰੋਸਾ ਦਿੱਤਾ ਸੀ ਪਰ ਚੋਣਾਂ ਸਮੇਂ ਭਰੇ ਕਾਗਜਾਂ ਵਿੱਚ ਉਹਨਾਂ ਨੇ ਉਸ ਨੂੰ ਆਪਣੀ ਪਤਨੀ ਦਰਜ ਨਹੀਂ ਕਰਵਾਇਆ ਜਿਸ ਤੋਂ ਬਾਅਦ ਤਕਰਾਰ ਸ਼ੁਰੂ ਹੋ ਗਿਆ ਸੀ।

ਉਨ੍ਹਾਂ ਨੇ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਵੀ ਲਗਾਏ ਹਨ ਜਿਸ ਦੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ।

ਇਸ ਔਰਤ ਦਾ ਕਹਿਣਾ ਹੈ ਕਿ ਉਸ ਨੇ ਆਰਥਿਕ ਤੌਰ 'ਤੇ ਵੀ ਪਠਾਣਮਾਜਰਾ ਦੀ ਸਹਾਇਤਾ ਕੀਤੀ ਸੀ। "ਮੈਂ ਉਹਨਾਂ ਦੀ ਪਤਨੀ ਹਾਂ ਅਤੇ ਉਹਨਾਂ ਬਲੈਕਮੇਲ ਕਿਉਂ ਕਰਨਗੇ?"

ਮੈਨੂੰ ਸਜ਼ਾ ਮਿਲ ਗਈ: ਪਠਾਣਮਾਜਰਾ

ਹਰਮੀਤ ਸਿੰਘ ਪਠਾਣਮਾਜਰਾ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। 'ਆਪ' ਤੋਂ ਪਹਿਲਾਂ ਉਹ ਅਕਾਲੀ ਦਲ ਨਾਲ ਵੀ ਜੁੜੇ ਰਹੇ ਸਨ।

ਪਠਾਣਮਾਜਰਾ ਨੇ ਕਬੂਲਿਆ ਹੈ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਦੂਜਾ ਵਿਆਹ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ ਪਰ "ਇਹ ਵਿਆਹ ਕਵਾਉਣਾ ਉਹਨਾਂ ਦੀ ਗਲਤੀ ਸੀ।"

ਪਠਾਣਮਾਜਰਾ ਨੇ ਇੱਕ ਵੈਬ ਚੈਨਲ ਨੂੰ ਦੱਸਿਆ ਕਿ ਉਹ ਸੋਸਲ ਮੀਡੀਆ ਉਪਰ ਮਿਲੇ ਸਨ। ਉਹਨਾਂ ਕਿਹਾ ਕਿ ਉਹਨਾਂ ਦੇ ਮਨ ਡੋਲਣ ਦੀ ਉਹਨਾਂ ਨੂੰ ਸਜ਼ਾ ਮਿਲੀ ਹੈ।

ਪਠਾਨਮਾਜਰਾ ਨੇ ਕਿਹਾ ਕਿ ਉਹਨਾਂ ਨੇ ਇਸ ਔਰਤ ਨੂੰ ਕੋਈ ਧੋਖਾ ਨਹੀਂ ਦਿੱਤਾ ਸਗੋਂ ਉਸ ਨੂੰ ਖਰਚਾ ਦਿੰਦੇ ਰਹੇ ਅਤੇ ਇੱਕ ਘਰ ਵੀ ਲੈ ਕੇ ਦਿੱਤਾ।

Banner

ਇਹ ਵੀ ਪੜ੍ਹੋ-

Banner

ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 'ਆਪ' ਤੋਂ ਕਰਾਵਾਈ ਦੀ ਮੰਗ

ਹਰਮੀਤ ਸਿੰਘ ਪਠਾਣਮਾਜਰਾ

ਤਸਵੀਰ ਸਰੋਤ, Getty Images

ਸਾਬਕਾ ਲੋਕ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 'ਆਪ' ਤੋਂ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਕਰਾਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੱਕ ਔਰਤ ਨਾਲ ਧੋਖਾ ਕਰਨ ਵਾਲੇ ਵਿਆਕਤੀ ਨੂੰ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਘਟਨਾ ਸਮਾਜ ਵਿੱਚ ਗਲਤ ਸੁਨੇਹਾ ਦੇ ਰਹੀ ਹੈ। ਚੰਦੂਮਾਜਰਾ ਨੇ ਵਿਧਾਇਕ ਖਿਲਾਫ਼ ਕਰਵਾਈ ਦੀ ਮੰਗ ਕਰਦਿਆ ਕਿਹਾ, "ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਔਰਤਾਂ ਦੀ ਇੱਜ਼ਤ ਅਤੇ ਇੱਜ਼ਤ ਦੀ ਰਾਖੀ ਲਈ ਕੇਜਰੀਵਾਲ ਵੱਲੋਂ ਕੀਤੇ ਗਏ ਸਾਰੇ ਵੱਡੇ-ਵੱਡੇ ਵਾਅਦੇ ਸਿਰਫ਼ ਖਾਲ਼ੀ ਗੱਲਾਂ ਹਨ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)