ਰਾਸ਼ਟਰਮੰਡਲ ਖੇਡਾਂ 2022: ਬਜਰੰਗ ਪੁਨੀਆ ਤੇ ਸਾਕਸ਼ੀ ਮਲਿਕ ਨੇ ਕੁਸ਼ਤੀ ਵਿੱਚ ਭਾਰਤ ਦੀ ਝੋਲੀ ਪਾਏ 2 ਸੋਨ ਤਮਗੇ

ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ੁੱਕਰਵਾਰ ਨੂੰ ਕੁਸ਼ਤੀ ਵਿੱਚ ਭਾਰਤ ਨੇ ਤਿੰਨ ਮੈਡਲ ਆਪਣੇ ਨਾਮ ਕੀਤੇ। ਰਵੀ ਪੁਨੀਆ ਤੇ ਸਾਕਸ਼ੀ ਮਲਿਕ ਨੇ ਸੋਨ ਤਮਗਾ ਅਤੇ ਅੰਸ਼ੂ ਮਲਿਕ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ।

ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਬਜਰੰਗ ਪੁਨੀਆ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕੈਨੇਡਾ ਦੇ ਪਹਿਲਵਾਨ ਮੈਕਨਿਲ ਲਚਨਾਨ ਨੂੰ 9-2 ਨਾਲ ਹਰਾ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ ਹੈ।

ਬਜਰੰਗ ਪੁਨੀਆ ਨੇ ਇਸ ਤੋਂ ਪਹਿਲਾਂ 2018 ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ। ਉੱਥੇ ਹੀ 2014 ਕਾਮਨਵੈਲਥ ਖੇਡਾਂ ਵਿੱਚ ਉਨ੍ਹਾਂ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ।

ਪੁਨੀਆ ਨੇ ਪਿਛਲੇ ਸਾਲ 2021 ਵਿੱਚ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਰੰਗ ਪੁਨੀਆ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ ਤੇ ਲਿਖਿਆ, ''ਲਗਾਤਾਰ ਤੀਸਰੇ ਰਾਸ਼ਟਰਮੰਡਲ ਤਮਗੇ ਵਾਲੀ ਕਮਾਲ ਦੀ ਜਿੱਤ ਲਈ ਵਧਾਈ।

ਉਨ੍ਹਾਂ ਨੇ ਅੱਗੇ ਲਿਖਿਆ, "ਉਨ੍ਹਾਂ ਦਾ ਜਜ਼ਬਾ ਅਤੇ ਆਤਮ ਵਿਸ਼ਵਾਸ ਪ੍ਰੇਰਨਾਦਾਇਕ ਹੈ। ਮੇਰੀਆਂ ਸ਼ੁਭਕਾਮਨਾਵਾਂ।"

ਬਜਰੰਗ ਪੁਨੀਆ ਨੇ ਕੁਸ਼ਤੀ ਵਿੱਚ ਕਿਵੇਂ ਪੈਰ ਰੱਖਿਆ

ਬਜਰੰਗ ਪੁਨੀਆ ਬੀਤੇ ਕੁਝ ਸਾਲਾਂ ਤੋਂ ਭਾਰਤ ਦੇ ਅਜਿਹੇ ਪਹਿਲਾਵਾਨ ਰਹੇ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਲਗਾਤਾਰ ਅਤੇ ਲਗਾਤਾਰ ਸਫ਼ਲਤਾ ਹਾਸਿਲ ਕੀਤੀ ਹੈ।

ਹਰਿਆਣੇ ਦੇ ਝੱਜਰ ਜ਼ਿਲ੍ਹੇ ਦੇ ਕੁਡਨ ਪਿੰਡ ਵਿੱਚ ਮਿੱਟੀ ਦੇ ਅਖਾੜਿਆਂ ਵਿੱਚ ਪੁਨੀਆ ਨੇ ਸੱਤ ਸਾਲ ਦੀ ਉਮਰ ਤੋਂ ਜਾਣਾ ਸ਼ੁਰੂ ਕੀਤਾ ਸੀ।

ਉਨ੍ਹਾਂ ਦੇ ਪਿਤਾ ਵੀ ਭਲਵਾਨੀ ਕਰਦੇ ਸਨ ਲਿਹਾਜ਼ਾ ਘਰ ਵਾਲਿਆਂ ਨੇ ਕਦੇ ਰੋਕਿਆ-ਟੋਕਿਆ ਨਹੀਂ।

ਪਰ ਪਿੰਡਾਂ ਦੇ ਮਿੱਟੀ ਦੇ ਅਖਾੜਿਆਂ ਵਿੱਚ ਜਿੱਥੇ ਮਿੱਟੀ ਕਾਰਨ ਭਲਵਾਨਾਂ ਨੂੰ ਕਾਫੀ ਮਦਦ ਮਿਲਦੀ ਹੈ, ਉੱਥੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਭਲਵਾਨਾਂ ਨੂੰ ਵੀ ਮੈਟ 'ਤੇ ਕੁਸ਼ਤੀ ਦੇ ਗੁਰ ਸਿੱਖਣੇ ਪੈਂਦੇ ਹਨ।

ਉਹ 12 ਸਾਲ ਦੀ ਉਮਰ ਵਿੱਚ ਭਲਵਾਨ ਸਤਪਾਲ ਕੋਲੋਂ ਕੁਸ਼ਤੀ ਦੇ ਗੁਰ ਸਿੱਖਣ ਲਈ ਦਿੱਲੀ ਦੇ ਛਤਰਸਾਲ ਸਟੇਡੀਅਮ ਪਹੁੰਚੇ।

ਕੁਸ਼ਤੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਉਦੋਂ ਵਧ ਗਈ ਜਦੋਂ ਉਨ੍ਹਾਂ ਦੀ ਮੁਲਾਕਾਤ ਯੋਗੇਸ਼ਵਰ ਦੱਤ ਨਾਲ ਹੋਈ।

ਇਸ ਮੁਲਾਕਾਤ ਬਾਰੇ ਯੋਗੇਸ਼ਵਰ ਦੱਤ ਨੇ ਐਪਿਕ ਚੈਨਲ ਦੇ ਪ੍ਰੋਗਰਾਮ ਉਮੀਦ ਇੰਡੀਆ ਵਿੱਚ ਦੱਸਿਆ, "2008 ਵਿੱਚ ਕੁਡਨ ਪਿੰਡ ਦਾ ਮੇਰਾ ਇੱਕ ਦੋਸਤ ਉਸ ਨੂੰ ਮਿਲਵਾਉਣ ਲੈ ਕੇ ਆਇਆ ਸੀ। ਉਦੋਂ ਤੋਂ ਹੀ ਉਸ ਵਿੱਚ ਲੱਗੇ ਰਹਿਣ ਵਾਲੀ ਭਾਵਨਾ ਸੀ। ਉਹ ਸਾਡੇ ਕੋਲੋਂ 12-13 ਸਾਲ ਛੋਟਾ ਸੀ ਪਰ ਮਿਹਨਤ ਓਨੀ ਹੀ ਕਰ ਰਿਹਾ ਸੀ।"

ਬਜਰੰਗ ਪੁਨੀਆ ਨੇ ਯੋਗੇਸ਼ਵਰ ਦੱਤ ਨੂੰ ਆਪਣਾ ਮੈਡਲ, ਗਾਈਡ ਅਤੇ ਦੋਸਤ ਸਭ ਬਣਾ ਲਿਆ ਸੀ।

ਸਾਲ 2012 ਦੇ ਲੰਡਨ ਓਲੰਪਿਕ ਵਿੱਚ ਯੋਗੇਸ਼ਵਰ ਦੱਤ ਦੀ ਸਫ਼ਲਤਾ ਨੇ ਉਨ੍ਹਾਂ ਵਿੱਚ ਵੀ ਇਹ ਭਾਵਨਾ ਭਰੀ ਕਿ ਉਹ ਓਲੰਪਿਕ ਮੈਡਲ ਹਾਸਿਲ ਕਰ ਸਕਦੇ ਹਨ।

ਸਾਕਸ਼ੀ ਮਲਿਕ ਨੇ ਜਿੱਤਿਆ ਸੋਨੇ ਦਾ ਤਮਗਾ

ਓਲੰਪਿਕ ਮੈਡਲ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਰੇਸਲਰ ਸਾਕਸ਼ੀ ਮਲਿਕ ਨੇ ਹੁਣ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ 'ਤੇ ਮੋਹਰ ਲਗਾ ਦਿੱਤੀ ਹੈ।

ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕੁਸ਼ਤੀ ਵਿੱਚ ਸਾਕਸ਼ੀ ਮਲਿਕ ਨੇ ਭਾਰਤ ਦੀ ਝੋਲੀ ਇੱਕ ਹੋਰ ਸੋਨੇ ਦਾ ਤਮਗਾ ਪਾਇਆ।

ਭਾਰਤ ਦੀ ਸਾਕਸ਼ੀ ਮਲਿਕ ਨੇ ਔਰਤਾਂ ਦੇ ਫਰੀਸਟਾਈਲ 62 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਕੈਨੇਡਾ ਦੀ ਅਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਕੁਆਟਰਫਾਇਨਲ ਵਿੱਚ ਸਾਕਸ਼ੀ ਮਿਲਕ ਨੇ ਫ੍ਰੀ ਸਟਾਇਲ 62 ਕਿਲੋਗ੍ਰਾਮ ਵਰਗ ਵਿੱਚ ਦੀ ਇੰਗਲੈਂਡ ਦੀ ਪਹਿਲਵਾਨ ਨੂੰ ਹਰਾਇਆ ਸੀ।

2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਲਿਕ ਨੇ ਸਿਲਵਰ ਅਤੇ 2018 ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ:

ਅੰਸ਼ੂ ਮਲਿਕ ਨੇ ਜਿੱਤਿਆ ਸਿਲਵਰ ਮੈਡਲ

ਇਸ ਤੋਂ ਪਹਿਲਾਂ ਹਰਿਆਣਾ ਦੀ ਅੰਸ਼ੂ ਮਲਿਕ ਨੇ ਕੁਸ਼ਤੀ ਵਿੱਚ ਭਾਰਤ ਲਈ 57 ਕਿਲਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਖਾਸ ਗੱਲ ਇਹ ਹੈ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਅੰਸ਼ੂ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਇਸ ਉਪਲਬਧੀ 'ਤੇ ਵਧਾਈ ਦਿੱਤੀ।

ਉਨ੍ਹਾਂ ਨੇ ਲਿਖਿਆ, "ਅੱਗੇ ਦੀ ਸਫ਼ਲ ਖੇਡ ਯਾਤਰਾ ਲਈ ਮੇਰੀਆਂ ਸ਼ੁਭਕਾਮਨਾਵਾਂ। ਖੇਡਾਂ ਪ੍ਰਤੀ ਉਨ੍ਹਾਂ ਦਾ ਜਨੂੰਨ ਬਹੁਤ ਸਾਰੇ ਆਉਣ ਵਾਲੇ ਐਥਲੀਟਾਂ ਨੂੰ ਪ੍ਰੇਰਿਤ ਕਰਦਾ ਹੈ।"

ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਆਏ ਮੈਡਲਾਂ ਦੀ ਸੂਚੀ ਪੜ੍ਹੋ

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)