You’re viewing a text-only version of this website that uses less data. View the main version of the website including all images and videos.
ਰਾਸ਼ਟਰਮੰਡਲ ਖੇਡਾਂ ਵਿੱਚ ਵਿਕਾਸ ਠਾਕੁਰ ਦਾ ਮੈਡਲ: 'ਮਾਪਿਆਂ ਨੇ ਬੁਰੀ ਸੰਗਤ ਤੋਂ ਬਚਾਉਣ ਲਈ ਖੇਡਾਂ ਵਿੱਚ ਪਾਇਆ'
ਲੁਧਿਆਣਾ ਦੇ ਵਿਕਾਸ ਠਾਕੁਰ ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਮੈਡਲ ਲਿਆਉਣ ਵਾਲੇ ਅੱਠਵੇਂ ਵੇਟਲਿਫਟਰ ਬਣ ਗਏ ਹਨ।
ਮੰਗਲਵਾਰ ਨੂੰ ਉਨ੍ਹਾਂ ਨੇ ਪੁਰਸ਼ਾਂ ਦੇ 96 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ।
ਆਪਣੀਆਂ ਕੋਸ਼ਿਸ਼ਾਂ ਦੌਰਾਨ ਉਨ੍ਹਾਂ ਨੇ ਕੁੱਲ 346 ਕਿੱਲੋ (155kg + 191 ਕਿੱਲੋ) ਭਾਰ ਚੁੱਕਿਆ ।
ਪਹਿਲੀ ਕੋਸ਼ਿਸ਼ ਵਿੱਚ 155 ਕਿੱਲੋ ਭਾਰ ਉਨ੍ਹਾਂ ਨੇ ਅਰਾਮ ਨਾਲ ਹੀ ਚੁੱਕ ਲਿਆ ਅਤੇ ਦੂਜੀ ਕੋਸ਼ਿਸ਼ ਵਿੱਚ 191 ਕਿੱਲੋ ਲਈ ਕੁਝ ਕੋਸ਼ਿਸ਼ ਕਰਨੀ ਪਈ। ਹੁਣ ਤੱਕ ਉਨ੍ਹਾਂ ਦਾ ਸਿਲਵਰ ਮੈਡਲ ਤਾਂ ਪੱਕਾ ਹੋ ਚੁੱਕਿਆ ਸੀ ਪਰ ਤੀਜੀ ਵਾਰ ਉਨ੍ਹਾਂ ਨੇ 198 ਕਿੱਲੋ ਭਾਰ ਦਾ ਬਾਲਾ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ।
ਇਹ ਵਿਕਾਸ ਦਾ ਤੀਜਾ ਰਾਸ਼ਟਰਮੰਡਲ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ 94 ਕਿੱਲੋ ਭਾਰ ਵਰਗ ਵਿੱਚ ਚਾਂਦੀ ਅਤੇ ਫਿਰ 2018 ਵਿੱਚ 94 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਮੈਡਲ ਹਾਸਲ ਕੀਤਾ ਸੀ।
- ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਵਿਕਾਸ ਤੋਂ ਇਲਾਵਾ ਸੱਤ ਹੋਰ ਵੇਟਲਿਫਟਰ ਭਾਰਤ ਲਈ ਮੈਡਲ ਜਿੱਤ ਚੁੱਕੇ ਹਨ।
- ਮੀਰਾਬਾਈ ਚਾਨੂ ਨੇ ਮਹਿਲਾਵਾਂ ਦੇ 49 ਕਿੱਲੋ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ।
- ਉਨ੍ਹਾਂ ਤੋਂ ਬਾਅਦ ਜੈਰਿਮੀ ਲਾਲਰਿੰਨੂਗਾ (67 ਕਿੱਲੋ) ਅਚਿੰਤਾ ਸ਼ਿਊਲੀ (73 ਕਿੱਲੋ) ਨੇ ਵੀ ਭਾਰਤ ਦੀ ਝੋਲੀ ਸੋਨੇ ਦੇ ਮੈਡਲ ਪਾਏ।
- ਫਿਰ ਸੰਕੇਤ ਸਾਗਰ (55 ਕਿੱਲੋ) ਬਿੰਦਿਆਰਾਨੀ ਦੇਵੀ (55 ਕਿੱਲੋ) ਨੇ ਚਾਂਦੀ ਦੇ ਪਦਕ ਹਾਸਲ ਕੀਤੇ।
- ਹਰਜਿੰਦਰ ਕੌਰ ਨੇ 71 ਕਿੱਲੋ ਭਾਰ ਵਰਗ ਵਿੱਚ ਭਾਰਤ ਲਈ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ।
ਮਾਂ ਨੂੰ ਸਮਰਪਿਤ ਕੀਤਾ ਮੈਡਲ
ਖ਼ਬਰ ਏਜੰਸੀ ਏਐਨਆਈ ਮੁਤਾਬਕ ਮੈਡਲ ਹਾਸਲ ਕਰਨ ਤੋਂ ਬਾਅਦ ਵਿਕਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਸੇ ਦੀ ਉਮੀਦ ਸੀ ਪਰ ਆਪਣੀ ਪੂਰੀ ਕੋਸ਼ਿਸ਼ ਕੀਤੀ ਚਾਂਦੀ ਦਾ ਮੈਡਲ ਜਿੱਤਿਆ।
ਉਨ੍ਹਾਂ ਨੇ ਕਿਹਾ ''ਅੱਜ ਮੇਰੀ ਮਾਂ ਦਾ ਜਨਮਦਿਨ ਹੈ, ਮੈਂ ਆਪਣਾ ਮੈਡਲ ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ।''
ਬੁਰੀ ਸੰਗਤ ਤੋਂ ਬਚਾਉਣ ਲਈ ਮਾਪਿਆਂ ਨੇ ਖੇਡਾਂ ਵਿੱਚ ਪਾਇਆ
ਮੁਕਾਬਲੇ ਤੋਂ ਬਾਅਦ ਉਨ੍ਹਾਂ ਨੇ ਆਪਣੀ ਪ੍ਰੇਰਨਾ ਬਾਰੇ ਦੱਸਿਆ, "ਮੈਂ ਆਪਣਾ ਘਰ ਦਾ ਕੰਮ ਜਲਦੀ ਖ਼ਤਮ ਕਰ ਲੈਂਦਾ ਸੀ ਅਤੇ ਯਕੀਨੀ ਬਣਾਉਣ ਲਈ ਕਿ ਮੈਂ ਬੁਰੀ ਸੰਗਤ ਵਿੱਚ ਨਾ ਪੈ ਜਾਵਾਂ ਮਾਪਿਆਂ ਨੇ ਮੈਨੂੰ ਖੇਡਾਂ ਵਿੱਚ ਪਾ ਦਿੱਤਾ।"
"ਮੈਂ ਅਥਲੈਟਿਕਸ, ਬੌਕਸਿੰਗ ਅਜ਼ਮਾਈ ਅਤੇ ਆਖਰਕਾਰ ਲੁਧਿਆਣਾ ਕਲੱਬ ਵਿੱਚ 1990 ਦੇ ਮੈਡਲਿਸਟ ਚੰਦਰ ਸ਼ਰਮਾ ਦੀ ਨਿਗਰਾਨੀ ਵਿੱਚ ਵੇਟਲਿਫਟਿੰਗ ਸ਼ੁਰੂ ਕੀਤੀ।"
ਇਹ ਵੀ ਪੜ੍ਹੋ:
ਉਹ ਦੱਸਦੇ ਹਨ ਕਿ ਸਾਲ 2010 ਵਿੱਚ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਕੇ ਰਵੀ ਕੁਮਾਰ ਜਿਨ੍ਹਾਂ ਨੇ 69 ਕਿੱਲੋ ਭਾਰ ਵਰਗ ਵਿੱਚ ਰਿਕਾਰਡ ਤੋੜ ਭਾਰ ਚੁੱਕ ਕੇ ਸੁਰਖੀਆਂ ਬਟੋਰੀਆਂ ਸਨ, ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।
ਉਹ ਦੱਸਦੇ ਹਨ ਹਾਲਾਂਕਿ ਉਨ੍ਹਾਂ ਨੇ 2002 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਪਰ ਦਿੱਲੀ ਵਿੱਚ ਰਵੀ ਕੁਮਾਰ ਦੀ ਕਾਰਗੁਜ਼ਾਰੀ ਨੇ ਸਾਰਿਆਂ ਨੂੰ ਪ੍ਰੇਰਿਤ ਕੀਤਾ। "ਇਸ ਨੇ ਅਜਿਹਾ ਜਨੂੰਨ ਪੈਦਾ ਕੀਤਾ ਕਿ ਪਿੱਠੇ ਦੇਖਣ ਦਾ ਸਵਾਲ ਹੀ ਨਹੀਂ ਸੀ।
ਵਿਕਾਸ ਠਾਕੁਰ ਦੇ ਖੇਡ ਜੀਵਨ 'ਤੇ ਇੱਕ ਝਾਤ
ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਸਾਲ 1993 ਦੇ ਬਾਲ ਦਿਵਸ (14 ਨਵੰਬਰ) ਵਾਲੇ ਦਿਨ ਜਨਮੇ ਵਿਕਾਸ ਠਾਕੁਰ ਨੇ ਆਪਣਾ ਖੇਡ ਸਫ਼ਰ ਲੁਧਿਆਣਾ ਦੀ ਰੇਲਵੇ ਕਾਲੋਨੀ ਵਿੱਚ ਸਾਲ 2003 ਵਿੱਚ ਸ਼ੁਰੂ ਕੀਤਾ।
ਸ਼ੁਰੂ ਵਿੱਚ ਉਹ ਆਪਣੇ ਪਿਤਾ ਜੋ ਕਿ ਖ਼ੁਦ ਵੀ ਇੱਕ ਵੌਲੀਬਾਲ ਖਿਡਾਰੀ ਰਹੇ ਹਨ ਦੀਆਂ ਲੋਹੇ ਦੀਆਂ ਛੜਾਂ ਦੇ ਬਾਲੇ ਕੱਢਿਆ ਕਰਦੇ ਸਨ।
ਰੇਲਵੇ ਗਾਰਡ ਪਿਤਾ ਨੇ ਦੋ ਸਾਲ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਵੇਟਲਿਫਟਿੰਗ ਸੈਂਟਰ ਵਿੱਚ ਪਾ ਦਿੱਤਾ ਜਿੱਥੇ ਵਿਕਾਸ ਨੇ ਪਰਵੇਸ਼ ਸ਼ਰਮਾ ਦੀ ਅਗਵਾਈ ਵਿੱਚ ਭਾਰ ਤੋਲਣ ਦੀਆਂ ਤਕਨੀਕਾਂ ਸਿੱਖੀਆਂ।
ਸਾਲ 2014 ਵਿੱਚ 86 ਕਿੱਲੋ ਭਾਰ ਵਰਗ ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦੇ ਮੈਡਲ ਨਾਲ ਵਿਕਾਸ ਨੇ ਖਾਤਾ ਖੋਲ੍ਹਿਆ।
ਅਗਲੇ ਚਾਰ ਸਾਲ ਉਨ੍ਹਾਂ ਨੇ ਆਪਣੇ ਭਾਰ ਵਰਗਾਂ ਵਿੱਚ ਤਬਦੀਲੀਆਂ ਕੀਤੀਆਂ ਅਤੇ ਤਿੰਨ ਵਾਰ ਨੈਸ਼ਨਲ ਚੈਂਪੀਅਨ ਤਾਂ ਬਣੇ ਹੀ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਮੈਡਲ ਹਾਸਲ ਕੀਤੇ, ਖਾਸ ਕਰਕੇ ਰਾਸ਼ਟਰਮੰਡਲ ਖੇਡਾਂ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ।
ਪਿਛਲੇ ਸਾਲ ਤਾਸ਼ਕੰਦ ਵਿੱਚ ਹੋਈ ਰਾਸ਼ਟਰੰਮਡਲ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 339 ਕਿੱਲੋ ਕੁੱਲ ਭਾਰ ਚੁੱਕ ਕੇ ਕਾਂਸੇ ਦਾ ਮੈਡਲ ਹਾਸਲ ਕੀਤਾ।
ਉੱਭਰ ਰਹੇ ਖਿਡਾਰੀਆਂ ਦੇ ਮਾਰਗ ਦਰਸ਼ਨ ਵੱਲ ਵੀ ਧਿਆਨ
ਵਿਕਾਸ ਦੇ ਪਿਤਾ ਬ੍ਰਿਜਲਾਲ ਠਾਕੁਰ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਧਿਆਨ ਹੁਣ ਖੁਦ ਮੈਡਲ ਜਿੱਤਣ ਵੱਲ ਤਾਂ ਹੈ ਹੀ ਉਹ ਸੈਂਟਰ ਵਿੱਚ ਨਵੇਂ ਵੇਟਲਿਫਟਰਾਂ ਨੂੰ ਤਿਆਰ ਕਰਨ ਵੱਲ ਵੀ ਧਿਆਨ ਦਿੰਦੇ ਹਨ।
ਬਾਕੌਲ ਬ੍ਰਿਜਲਾਲ ਠਾਕੁਰ, "ਜਦੋਂ ਉਸ ਨੇ ਸ਼ੁਰੂਆਤ ਕੀਤੀ ਤਾਂ ਹਾਲਾਤ ਬਹੁਤ ਮਾੜੇ ਸਨ। ਫਿਰ ਵੀ ਉਸ ਨੇ ਸ਼ਿਕਾਇਤ ਨਹੀਂ ਕੀਤੀ।"
"ਗਲਾਸਗੋ ਅਤੇ ਗੋਲਡਕੋਸਟ ਵਿੱਚ ਮੈਡਲ ਜਿੱਤਣ ਤੋਂ ਬਾਅਦ ਉਸ ਨੇ ਅਕੈਡਮੀ ਵਿੱਚ ਨਿੱਕੇ ਬੱਚਿਆਂ ਦੀ ਮਦਦ ਕੀਤੀ। ਨੈਸ਼ਨਲ ਕੈਂਪ ਤੋਂ ਉਹ ਜਦੋਂ ਵੀ ਘਰ ਆਉਂਦਾ ਹੈ ਤਾਂ ਹਮੇਸ਼ਾ ਜੂਨੀਅਰ ਖਿਡਾਰੀਆਂ ਨੂੰ ਤਕਨੀਕਾਂ ਸਿਖਾਅ ਕੇ ਅਤੇ ਆਪਣੇ ਅਨੁਭਵ ਦੱਸ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰਦਾ ਹੈ।"
ਇਹ ਵੀ ਪੜ੍ਹੋ: