ਆਵਾਬਾਈ ਵਾਡੀਆ: ਸ਼੍ਰੀਲੰਕਾ ਦੀ ਜੰਮਪਲ ਜੋ ਭਾਰਤ ‘ਚ ਪਰਿਵਾਰ ਨਿਯੋਜਨ ਅੰਦੋਲਨ ਦੀ ਮੋਢੀ ਬਣੀ

ਆਵਾਬਾਈ ਵਾਡੀਆ

ਤਸਵੀਰ ਸਰੋਤ, COURTESY FPAI

    • ਲੇਖਕ, ਪਰਿਨਾਜ਼ ਮਦਾਨ ਤੇ ਦਿਨਯਾਰ ਪਟੇਲ
    • ਰੋਲ, ਮੁੰਬਈ

ਇਹ 1933 ਦਾ ਸਾਲ ਸੀ ਜਦੋ ਇੱਕ ਸਾੜੀ ਵਾਲੀ ਅੱਲੜ ਕੁੜੀ ਕੌਮਾਂਤਰੀ ਅਖ਼ਬਾਰਾਂ ਦੀ ਸੁਰਖੀ ਬਣੀ।

ਸੀਲੋਨ (ਹੁਣ ਸ਼੍ਰੀਲੰਕਾ) ਦੀ ਰਹਿਣ ਵਾਲੀ ਆਵਾਬਾਈ ਵਾਡੀਆ (19) ਯੂਨਾਈਟਿਡ ਕਿੰਗਡਮ ਵਿੱਚ ਬਾਰ ਦੀ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਔਰਤ ਬਣ ਗਈ ਸੀ। ਵਾਡੀਆ ਦੀ ਸਫਲਤਾ ਨੇ ਸੀਲੋਨ ਦੀ ਸਰਕਾਰ ਨੂੰ ਔਰਤਾਂ ਨੂੰ ਕਾਨੂੰਨ ਦੀ ਪੜ੍ਹਾਈ ਦੀ ਇਜਾਜ਼ਤ ਦੇਣ ਲਈ ਉਤਸ਼ਾਹਿਤ ਕੀਤਾ।

ਇਹ ਪਹਿਲੀ ਵਾਰ ਨਹੀਂ ਸੀ ਜਦੋਂ ਵਾਡੀਆ ਨੇ ਔਰਤਾਂ ਦੇ ਅਧਿਕਾਰਾਂ ਉਪਰ ਸਰਕਾਰ ਦੀਆਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਸੀ। ਜਦੋਂ 2005 ਵਿੱਚ ਉਹਨਾਂ ਦੀ ਮੌਤ ਹੋਈ ਸੀ, ਉਸ ਸਮੇਂ ਤੱਕ ਉਹ ਪਰਿਵਾਰ ਨਿਯੋਜਨ ਅੰਦੋਲਨ 'ਚ ਕੌਮਾਂਤਰੀ ਪੱਧਰ ਦੀ ਸਤਿਕਾਰਿਤ ਸਖਸ਼ੀਅਤ ਬਣ ਗਈ ਸੀ।

ਇੱਕ ਵਕੀਲ ਦੀ ਸੂਝਬੂਝ ਅਤੇ ਸਮਾਜ ਨੂੰ ਸਮਰਪਿਤ ਭਾਵਨਾ ਨਾਲ ਉਹ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨ ਕਰ ਰਹੇ ਸਨ।

ਵਾਡੀਆ ਦਾ ਜਨਮ 1913 ਵਿੱਚ ਇੱਕ ਅਗਾਹਵਧੂ ਪਾਰਸੀ ਪਰਿਵਾਰ 'ਚ ਕੋਲੰਬੋ ਵਿਖੇ ਹੋਇਆ ਸੀ। ਉਹਨਾਂ ਨੇ ਵਕਾਲਤ ਦੀ ਯੋਗਤਾ ਪੂਰੀ ਕਰਨ ਤੋਂ ਬਾਅਦ ਲੰਡਨ ਅਤੇ ਕੋਲੰਬੋ ਵਿੱਚ ਕੰਮ ਕੀਤਾ। ਹਾਲਾਂਕਿ ਕੰਮ ਦੀਆਂ ਹਾਲਤਾਂ ਵਿੱਚ "ਮਰਦਾਨੀ ਪੱਖਪਾਤ" ਸੀ।

ਭਾਰਤ ਵਿੱਚ ਪਰਿਵਾਰ ਨਿਯੋਜਨ ਅੰਦੋਲਨ ਦੀ ਮੋਢੀ

ਦੂਸਰੀ ਸੰਸਾਰ ਜੰਗ ਤੋਂ ਬਾਅਦ ਉਹ ਬੰਬੇ (ਮੁੰਬਈ) ਆ ਗਏ ਅਤੇ ਉਹਨਾਂ ਨੇ ਆਪਣੇ ਆਪ ਨੂੰ ਸਮਾਜ ਸੇਵਾ ਦੇ ਕੰਮ ਵਿੱਚ ਲਗਾ ਲਿਆ ਪਰ ਵਾਡੀਆ ਨੂੰ ਆਪਣਾ ਅਸਲੀ ਟੀਚਾ ਪਰਿਵਾਰ ਨਿਯੋਜਨ ਵਿੱਚ ਮਿਲਿਆ।

ਉਹ ਆਪਣੀ ਸਵੈ-ਜੀਵਨੀ 'ਦਿ ਲਾਈਟ ਇਜ਼ ਆਰਜ਼' ਵਿੱਚ ਲਿੱਖਦੇ ਹਨ, ''ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਜੀਵਨ ਨੇ ਮੈਨੂੰ ਕੰਮ ਖੁਦ ਸੌਂਪਿਆ ਹੈ ਬਜਾਏ ਕਿ ਮੈਂ ਇਸ ਦੀ ਭਾਲ ਕਰਾਂ।"

"ਮੈਂ ਕਾਨੂੰਨੀ ਕੈਰੀਅਰ ਨੂੰ ਅੱਗੇ ਵਧਾਉਣਾ ਵਿਅਰਥ ਨਹੀਂ ਸਮਝਿਆ, ਕਿਉਂਕਿ ਮੈਂ ਜੋ ਵੀ ਕੀਤਾ ਹੈ ਉਸ ਵਿੱਚ ਕਾਨੂੰਨ ਇੱਕ ਮਜ਼ਬੂਤ ਤੱਤ ਸੀ।"

ਆਵਾਬਾਈ ਵਾਡੀਆ

ਤਸਵੀਰ ਸਰੋਤ, HULTON-DEUTSCH COLLECTION/CORBIS VIA GETTY

ਤਸਵੀਰ ਕੈਪਸ਼ਨ, 1970 ਵਿੱਚ ਭਾਰਤ ਵਿੱਚ ਜਨਮ ਨਿਯੰਤਰਣ ਅਤੇ ਪਰਿਵਾਰ ਨਿਯੋਜਨ ਦਾ ਪ੍ਰਚਾਰ ਹਾਥੀਆਂ ਰਾਹੀਂ ਕੀਤਾ ਜਾ ਰਿਹਾ ਸੀ

1940 ਵਿੱਚ ਜਦੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਰਿਵਾਰ ਨਿਯੋਜਨ ਦੁਨੀਆ ਭਰ ਵਿੱਚ ਇੱਕ ਵਰਜਿਤ ਵਿਸ਼ਾ ਸੀ।

ਧਾਰਮਿਕ ਰੂੜ੍ਹੀਵਾਦੀਆਂ ਦੇ ਵਿਰੋਧ ਨੂੰ ਰੋਕਣ ਤੋਂ ਇਲਾਵਾ, ਇਸ ਦੇ ਨਸਲਵਾਦ ਅਤੇ ਯੂਜੇਨਿਕਸ ਨਾਲ ਵੀ ਬੁਰੇ ਸਬੰਧ ਸਨ।

ਵਾਡੀਆ ਲਿਖਦੇ ਹਨ, "ਪਹਿਲੀ ਵਾਰ ਜਦੋਂ ਮੈਂ 'ਜਨਮ ਨਿਯੰਤਰਣ' ਸ਼ਬਦ ਸੁਣਿਆ, ਤਾਂ ਮੈਂਨੂੰ ਬਹੁਤ ਬੁਰਾ ਲੱਗਿਆ।''

ਇਹ ਵੀ ਪੜ੍ਹੋ:-

ਫਿਰ ਉਹ ਬੰਬਈ ਵਿੱਚ ਇੱਕ ਮਹਿਲਾ ਡਾਕਟਰ ਤੋਂ ਬਹੁਤ ਪ੍ਰਭਾਵਿਤ ਹੋਈ। ਡਾਕਟਰ ਨੇ ਕਿਹਾ ਸੀ ਕਿ ਭਾਰਤੀ ਔਰਤਾਂ "ਗਰਭ ਅਤੇ ਦੁੱਧ ਚੁੰਘਾਉਣ ਦੇ ਵਿਚਕਾਰ ਉਦੋਂ ਤੱਕ ਘੁੰਮਦੀਆਂ ਰਹਿੰਦੀਆਂ ਹਨ ਜਦੋਂ ਤੱਕ ਮੌਤ ਦੀ ਅਫਸੋਸਨਾਕ ਕਹਾਣੀ ਨਹੀਂ ਹੋ ਜਾਂਦੀ।"

ਭਾਵੇਂ ਕਿ ਸਮਾਜਿਕ ਭੇਦਭਾਵ ਦਾ ਖਤਰਾ ਸੀ ਪਰ ਇਸ ਦੇ ਬਾਵਜੂਦ ਵਾਡੀਆ ਇਸ ਕਾਰਜ ਵਿੱਚ ਜੁੱਟ ਗਈ।

ਉਹਨਾਂ ਨੇ 1949 ਵਿੱਚ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ ਇੰਡੀਆ (FPAI) ਦੀ ਸਥਾਪਨਾ ਵਿੱਚ ਮਦਦ ਕੀਤੀ। ਇਸ ਸੰਸਥਾ ਦੀ ਉਹਨਾਂ 34 ਸਾਲਾਂ ਤੱਕ ਅਗਵਾਈ ਵੀ ਕੀਤੀ।

ਫੈਮਿਲੀ ਪਲੈਨਿੰਗ ਐਸੋਸੀਏਸ਼ਨ ਆਫ ਇੰਡੀਆ ਦਾ ਕੰਮ ਗਰਭ ਨਿਰੋਧਕ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਜਣਨ ਸੇਵਾਵਾਂ ਪ੍ਰਦਾਨ ਕਰਨ ਤੱਕ ਸੀ। ਫਿਰ ਵਾਡੀਆ ਨੂੰ ਇਸ ਨੇ "ਸੰਤੁਸ਼ਟੀ ਦੀ ਇੱਕ ਅਸਲ ਭਾਵਨਾ" ਦਿੱਤੀ। ਉਹਨਾ ਦਾ ਗਰਭਪਾਤ ਹੋ ਗਿਆ ਸੀ ਅਤੇ ਉਹਨਾਂ ਦੇ ਕੋਈ ਬੱਚੇ ਨਹੀਂ ਸਨ।

ਸਾਲ 1951-52 ਵਿੱਚ ਅਧਿਕਾਰਤ ਤੌਰ 'ਤੇ ਭਾਰਤ ਸਰਕਾਰ ਪਰਿਵਾਰ ਨਿਯੋਜਨ ਨੀਤੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਦੁਨੀਆ ਦੀ ਪਹਿਲੀ ਸਰਕਾਰ ਬਣ ਗਈ। ਇਹ ਸਭ ਵਾਡੀਆ ਦੇ ਯਤਨਾਂ ਦੇ ਕਾਰਨ ਸੰਭਵ ਹੋਇਆ ਸੀ।

ਵਾਡੀਆ ਦੀ ਅਗਵਾਈ ਵਿੱਚ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਨੇ ਭਾਰਤ ਦੇ ਕੁਝ ਸਭ ਤੋਂ ਗਰੀਬ ਖੇਤਰਾਂ ਦੇ ਸ਼ਹਿਰੀ ਗਰੀਬਾਂ ਅਤੇ ਪੇਂਡੂਆਂ ਨਾਲ ਕੰਮ ਕੀਤਾ। ਇਸ ਦੌਰਾਨ ਵਿਕੇਂਦਰੀਕ੍ਰਿਤ ਅਤੇ ਭਾਈਚਾਰਿਆਂ ਉਪਰ ਅਧਾਰਿਤ ਪਹੁੰਚ ਅਪਣਾਈ ਗਈ।

ਰਚਨਾਤਮਕ ਸੰਚਾਰ ਤਕਨੀਕਾਂ ਦੀ ਵਰਤੋਂ

ਪਰਿਵਾਰ ਨਿਯੋਜਨ ਨੂੰ ਸਿੱਖਿਆ, ਹੁਨਰ ਅਤੇ ਸਿਹਤ ਦੇ ਏਜੰਡੇ ਨਾਲ ਜੋੜਦੇ ਹੋਏ ਵਾਡੀਆ ਅਤੇ ਉਸਦੀ ਟੀਮ ਨੇ ਕੁਝ ਰੌਚਕ ਤਰੀਕੇ ਵੀ ਅਪਣਾਏ। ਉਹਨਾਂ ਨੇ ਸਮਾਜਿਕ ਸੰਦੇਸ਼ ਦੇ ਨਾਲ ਭਜਨ ਗਾਉਣ ਅਤੇ ਪਰਿਵਾਰ ਨਿਯੋਜਨ ਪ੍ਰਦਰਸ਼ਨੀ ਦਾ ਪ੍ਰਬੰਧ ਕਰਨ ਵਰਗੀਆਂ ਰਚਨਾਤਮਕ ਸੰਚਾਰ ਤਕਨੀਕਾਂ ਨੂੰ ਆਪਣਾਇਆ। ਇਹ ਟੀਮਾਂ ਰੇਲ ਦੁਆਰਾ ਦੇਸ਼ ਭਰ ਵਿੱਚ ਪਹੁੰਚੀਆਂ।

ਐਫਪੀਏਆਈ ਦੇ ਕੰਮ ਨੇ ਲੋਕਾਂ ਦਾ ਵਿਸ਼ਵਾਸ ਵਧਾਇਆ ਅਤੇ ਵਿਕਾਸ ਸੂਚਕਾਂ ਵਿੱਚ ਮਹੱਤਵਪੂਰਨ ਸੁਧਾਰ ਕੀਤੇ।

ਉਦਾਹਰਨ ਵੱਜੋਂ 1970 ਵਿੱਚ ਕਰਨਾਟਕ ਦੇ ਮਲੂਰ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਸੀ। ਇਸ ਦੇ ਨਤੀਜੇ ਵਜੋਂ ਬਾਲ ਮੌਤ ਦਰ ਘਟੀ, ਵਿਆਹ ਦੀ ਔਸਤ ਉਮਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਅਤੇ ਸਾਖਰਤਾ ਦਰ ਦੁੱਗਣੀ ਹੋ ਗਈ।

ਇਸ ਪ੍ਰੋਜੈਕਟ ਦੀ ਹਰਮਨ-ਪਿਆਰਤਾ ਐਨੀ ਵਧੀ ਕਿ ਜਦੋਂ ਐਫਪੀਏਆਈ ਉੱਥੋਂ ਬਾਹਰ ਹੋ ਗਈ ਤਾਂ ਪਿੰਡ ਵਾਸੀਆਂ ਨੇ ਪ੍ਰੋਜੈਕਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ।

ਸ਼ਾਇਦ ਕੌਮਾਂਤਰੀ ਮਾਹੌਲ ਵਿੱਚ ਹੋਈ ਪਰਵਰਿਸ਼ ਦੇ ਕਾਰਨ ਵਾਡੀਆ ਨੇ ਭਾਰਤੀ ਪਰਿਵਾਰ ਨਿਯੋਜਨ ਲਈ ਇੱਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਲਿਆਂਦਾ ਸੀ।

ਦੱਖਣੀ ਕੋਰੀਆਈ ਮਾਵਾਂ ਦੇ ਕਲੱਬਾਂ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਵਾਡੀਆ ਨੇ ਨਜ਼ਦੀਕੀ ਸਮੂਹਾਂ ਦਾ ਗਠਨ ਕੀਤਾ ਸੀ। ਇਥੇ ਔਰਤਾਂ ਦਾਜ ਤੋਂ ਲੈ ਕੇ ਰਾਜਨੀਤੀ ਵਿੱਚ ਔਰਤਾਂ ਦੀ ਘੱਟ ਪ੍ਰਤੀਨਿਧਤਾ ਤੱਕ ਦੇ ਸਮਾਜਿਕ ਮੁੱਦਿਆਂ ਉਪਰ ਚਰਚਾ ਕਰ ਸਕਦੀਆਂ ਹਨ।

ਉਹ ਇੰਟਰਨੈਸ਼ਨਲ ਪਲੈਨਡ ਪੇਰੈਂਟਹੁੱਡ ਫੈਡਰੇਸ਼ਨ (IPPF) ਵਿੱਚ ਇੱਕ ਮੋਹਰੀ ਹਸਤੀ ਬਣ ਗਏ ਸਨ। ਉਹਨਾਂ ਨੇ ਭਾਰਤ ਨੂੰ ਆਪਣੀ ਜਨਸੰਖਿਆ ਸਬੰਧੀ ਨਿਯੰਤਰਿਤ ਕਰਨ ਵਿੱਚ ਦਰਪੇਸ਼ ਵਿਲੱਖਣ ਚੁਣੌਤੀਆਂ ਨੂੰ ਸਾਹਮਣੇ ਲਿਆਂਦਾ।

ਰਾਜਨੀਤੀ ਨੇ ਇਨ੍ਹਾਂ ਚੁਣੌਤੀਆਂ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।

ਵੀਡੀਓ ਕੈਪਸ਼ਨ, ਕੁਝ ਔਰਤਾਂ ਨੂੰ ਮਾਂ ਬਣਨਾ ਹੈ ਨਾਪਸੰਦ

ਐਮਰਜੈਂਸੀ ਨੇ "ਪੂਰੇ ਪ੍ਰੋਗਰਾਮ ਨੂੰ ਬਦਨਾਮ ਕਰ ਦਿੱਤਾ"

ਐਮਰਜੈਂਸੀ ਦੌਰਾਨ (1975 ਤੋਂ 1977) ਭਾਰਤ ਸਰਕਾਰ ਨੇ ਜ਼ਬਰਦਸਤੀ ਨਸਬੰਦੀ ਸਮੇਤ ਸਖ਼ਤ ਆਬਾਦੀ ਕੰਟਰੋਲ ਦੇ ਤਰੀਕੇ ਅਪਣਾਏ ਸਨ। ਵਾਡੀਆ ਨੇ ਇਸਦੀ ਨਿੰਦਾ ਕੀਤੀ।

ਉਹਨਾਂ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਵਿੱਚ ਜ਼ਬਰਦਸਤੀ ਵਿਰੁੱਧ ਚੇਤਾਵਨੀ ਦਿੱਤੀ ਅਤੇ ਘੋਸ਼ਣਾ ਕੀਤੀ ਕਿ ਲੋਕਾਂ ਦੀ ਭਾਗੀਦਾਰੀ ਸਵੈਇੱਛਤ ਹੋਣੀ ਚਾਹੀਦੀ ਹੈ।

ਪਰਿਵਾਰ ਨਿਯੋਜਨ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ ਪਰ ਵਾਡੀਆ ਨੇ ਅਫਸੋਸ ਜਤਾਇਆ। ਐਮਰਜੈਂਸੀ ਨੇ "ਪੂਰੇ ਪ੍ਰੋਗਰਾਮ ਨੂੰ ਬਦਨਾਮ ਕਰ ਦਿੱਤਾ।"

ਵਾਡੀਆ ਨੂੰ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਈਪੀਪੀਐੱਫ ਦੇ ਪ੍ਰਧਾਨ ਵਜੋਂ ਇੱਕ ਹੋਰ ਜ਼ਬਰਦਸਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਉਸਨੇ ਯੂਐਸ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪ੍ਰਸ਼ਾਸਨ ਨਾਲ ਸਿੰਗ ਫਸਾ ਲਏ ਸੀ।

ਯੂਐਸ ਨੇ ਦੇਸ਼ ਤੋਂ ਉਹਨਾਂ ਸੰਸਥਾਵਾਂ ਨੂੰ ਫੰਡਾਂ ਵਿੱਚ ਕਟੌਤੀ ਕੀਤੀ ਜੋ ਗਰਭਪਾਤ ਸੇਵਾਵਾਂ ਪ੍ਰਦਾਨ ਕਰਦੀਆਂ ਸਨ ਜਾਂ ਇਸ ਦਾ ਸਮਰਥਨ ਕਰਦੀਆਂ ਸੀ।

ਭਾਵੇਂ ਕਿ ਪਲੈਨਡ ਪੇਰੈਂਟਹੁੱਡ ਫੈਡਰੇਸ਼ਨ ਨੇ ਅਧਿਕਾਰਤ ਤੌਰ 'ਤੇ ਗਰਭਪਾਤ ਨੂੰ ਉਤਸ਼ਾਹਿਤ ਨਹੀਂ ਕੀਤਾ, ਇਸਦੇ ਕੁਝ ਸਹਿਯੋਗੀਆਂ ਨੇ ਉਨ੍ਹਾਂ ਦੇਸ਼ਾਂ ਵਿੱਚ ਗਰਭਪਾਤ ਸੇਵਾਵਾਂ ਪ੍ਰਦਾਨ ਕੀਤੀਆਂ ਜਿੱਥੇ ਇਹ ਕਾਨੂੰਨੀ ਸੀ।

ਪਲੈਨਡ ਪੇਰੈਂਟਹੁੱਡ ਫੈਡਰੇਸ਼ਨ ਨੇ ਅਮਰੀਕੀ ਦਬਾਅ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਨਤੀਜੇ ਵਜੋਂ ਇਸਦੇ ਪ੍ਰੋਗਰਾਮਾਂ ਲਈ ਫੰਡਿੰਗ ਵਿੱਚ 17 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਵਾਡੀਆ ਨੇ ਰੀਗਨਾਈਟ ਧਾਰਨਾ ਦਾ ਮਜ਼ਾਕ ਉਡਾਇਆ ਕਿ ਮੁਕਤ ਬਾਜ਼ਾਰ ਅਰਥਸ਼ਾਸਤਰ ਆਬਾਦੀ ਵਾਧੇ ਦਾ ਮੁਕਾਬਲਾ ਕਰੇਗਾ। ਉਹਨਾਂ ਨੇ ਕਿਹਾ, "ਇੱਥੇ ਬਹੁਤ ਸਾਰੇ ਪੂਰੀ ਤਰ੍ਹਾਂ ਗਰੀਬ ਹਨ ਅਤੇ ਤੁਸੀਂ ਇਸਨੂੰ ਲੇਸੇਜ਼-ਫੈਅਰ ਤੱਕ ਨਹੀਂ ਛੱਡ ਸਕਦੇ"।

ਵਾਡੀਆ ਦਾ ਕੈਰੀਅਰ ਪਰਿਵਾਰ ਨਿਯੋਜਨ ਵਿੱਚ ਸਮਕਾਲੀ ਦੁਬਿਧਾਵਾਂ ਨੂੰ ਦਬਾਉਣ ਵਾਲਾ ਹੈ।

ਸੰਯੁਕਤ ਰਾਜ ਵਿੱਚ ਰੂੜ੍ਹੀਵਾਦੀਆਂ ਨੇ ਦਲੀਲ ਦਿੱਤੀ ਕਿ ਰੋ ਬਨਾਮ ਵੇਡ ਵਿੱਚ ਗਰਭਪਾਤ ਦੇ ਅਧਿਕਾਰਾਂ ਨੂੰ ਉਲਟਾਉਣ ਤੋਂ ਬਾਅਦ ਗਰਭ ਨਿਰੋਧਕ ਪਹੁੰਚ ਦੇ ਨਿਯਮਾਂ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਵਾਡੀਆ ਖੁਦ ਵੀ ਭਾਰਤ ਦੇ ਆਪਣੇ ਗਰਭਪਾਤ ਕਾਨੂੰਨ ਨੂੰ ਸੰਕਲਪਿਤ ਕਰਨ ਵਿੱਚ ਸ਼ਾਮਲ ਸਨ। ਉਹ ਇਸ ਬਾਰੇ ਚਿੰਤਤ ਸੀ ਕਿ ਗਰਭਪਾਤ ਨੂੰ ਜਨਮ ਨਿਯੰਤਰਣ ਦੇ ਵਿਰੁੱਧ ਇੱਕ ਵੱਡੇ ਅੰਦੋਲਨ ਵਿੱਚ ਕਿਵੇਂ ਹਥਿਆਰ ਬਣਾਇਆ ਜਾ ਸਕਦਾ ਹੈ।

ਉਹ ਕਹਿੰਦੇ ਸੀ ਕਿ, "ਜੋ ਲੋਕ ਗਰਭਪਾਤ ਨੂੰ ਪਰਿਵਾਰ ਨਿਯੋਜਨ ਦੇ ਨਾਲ ਬਰਾਬਰ ਕਰਕੇ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ ਅਸਲ ਵਿੱਚ ਉਹ ਮਨੁੱਖੀ ਅਤੇ ਵਿਅਕਤੀਗਤ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਵਾਡੀਆ ਵੱਲੋ ਸਾਵਧਾਨ ਰਹਿਣ ਦਾ ਸੁਨੇਹਾ

ਅੱਜ ਭਾਰਤ ਵਿੱਚ ਰਾਜਨੀਤਿਕ ਬਹਿਸਾਂ ਪਰਿਵਾਰਾਂ ਦੇ ਆਕਾਰ ਨੂੰ ਸੀਮਤ ਕਰਨ ਲਈ ਨਿਰਾਸ਼ਾਜਨਕ ਅਤੇ ਜ਼ਬਰਦਸਤੀ ਤੱਤਾਂ ਨੂੰ ਰੁਜ਼ਗਾਰ ਦੇਣ ਬਾਰੇ ਬਹੁਤ ਹਨ। ਵਾਡੀਆ ਨੇ ਅਜਿਹੀਆਂ ਗੱਲਾਂ ਵਿਰੁੱਧ ਲੋਕਾਂ ਨੂੰ ਸਾਵਧਾਨ ਕੀਤਾ ਸੀ।

ਸਾਲ 2000 ਵਿੱਚ ਮਹਾਰਾਸ਼ਟਰ ਦੋ ਬੱਚਿਆਂ ਦੇ ਨਿਯਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਸੀ। ਇਸ ਮੁਤਾਬਕ, ਤੀਜੇ ਬੱਚੇ ਨੂੰ ਰਾਸ਼ਨ ਤੇ ਮੁਫਤ ਸਿੱਕਿਆ ਨਾ ਦੇਣ ਦਾ ਪਲਾਨ ਸੀ।

ਵਾਡੀਆ ਨੇ ਕਿਹਾ, ''ਅਸੀਂ ਉਸ ਨਿਰਾਸ਼ਾ ਦਾ ਸਮਰਥਨ ਨਹੀਂ ਕਰ ਸਕਦੇ ਜੋ ਬੁਨਿਆਦੀ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਨਹੀਂ ਰੱਖਦੀਆਂ।''

ਇਨ੍ਹਾਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਪਰਿਵਾਰ ਨਿਯੋਜਨ, ਕਾਨੂੰਨ ਅਤੇ ਰਾਜਨੀਤੀ ਨਾਲ ਅੰਦਰੂਨੀ ਤੌਰ 'ਤੇ ਜੁੜਿਆ ਹੋਇਆ ਹੈ। ਸ਼ਾਇਦ ਇਹ ਖੁਸ਼ਕਿਸਮਤ ਸੀ ਕਿ ਭਾਰਤ ਕੋਲ ਆਪਣੀ ਪਰਿਵਾਰ ਨਿਯੋਜਨ ਲਹਿਰ ਦੇ ਪ੍ਰਮੁੱਖ ਨੀਤੀ ਘਾੜਿਆਂ ਵਿੱਚੋਂ ਇੱਕ ਵਜੋਂ ਮੋਹਰੀ ਔਰਤ ਵਕੀਲ ਸੀ।

ਵਾਡੀਆ ਦਾ ਕਰੀਅਰ ਯਾਦ ਦਿਵਾਉਂਦਾ ਹੈ ਕਿ ਪਰਿਵਾਰ ਨਿਯੋਜਨ ਨੂੰ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ।

ਵਾਡੀਆ ਦੀ ਮੌਤ ਤੋਂ ਕੁਝ ਸਾਲ ਪਹਿਲਾਂ, ਐੱਮਐੱਸ ਸਵਾਮੀਨਾਥਨ, ਜਿੰਨ੍ਹਾਂ ਨੇ ਭਾਰਤ ਦੀ ਹਰੀ ਕ੍ਰਾਂਤੀ ਦੀ ਅਗਵਾਈ ਕੀਤੀ, ਨੇ ਇਸ ਤੱਥ ਨੂੰ ਸ਼ਰਧਾਂਜਲੀ ਦਿੱਤੀ।

ਉਹਨਾਂ ਕਿਹਾ ਸੀ ਕਿ, "ਕਿਸੇ ਹੋਰ ਨਾਲੋਂ ਵੱਧ, ਵਾਡੀਆ ਜਾਣਦੀ ਸੀ ਕਿ ਜੇ ਸਾਡੀ ਆਬਾਦੀ ਨੀਤੀਆਂ ਗਲਤ ਹੁੰਦੀਆਂ ਹਨ ਤਾਂ ਹੋਰ ਕੁਝ ਵੀ ਸਹੀ ਹੋਣ ਦਾ ਮੌਕਾ ਨਹੀਂ ਮਿਲੇਗਾ।"

(ਪਰਿਨਾਜ਼ ਮਦਾਨ ਪੇਸ਼ੇ ਵੱਜੋਂ ਵਕੀਲ ਹਨ ਅਤੇ ਦਿਨਿਆਰ ਪਟੇਲ ਇੱਕ ਇਤਿਹਾਸਕਾਰ ਹਨ)

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)