ਸਿੱਧੂ ਮੂਸੇਲਵਾਲਾ ਦੇ ਨਵੇਂ ਗੀਤ ਵਿੱਚ ਐੱਸਵਾਈਐੱਲ ਤੇ ਬੰਦੀ ਸਿੱਖਾਂ ਸਣੇ ਇਨ੍ਹਾਂ ਬਾਰੇ ਗੱਲ ਹੋਈ

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, Sidhu moosewala/FB

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ

ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਆਖਰੀ ਗੀਤ ਐੱਸਵਾਈਐੱਲ ਯੂਟਿਊਬ ਉੱਪਰ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ ਹੈ।

ਖ਼ਬਰ ਲਿਖੇ ਜਾਣ ਤੱਕ ਗੀਤ ਨੂੰ ਯੂਟਿਊਬ ਉੱਪਰ 13,347,232 ਵਾਰ ਦੇਖਿਆ ਜਾ ਚੁੱਕਿਆ ਸੀ। ਗੀਤ ਆਪਣੇ ਬੋਲਾਂ ਅਤੇ ਉਸ ਵਿੱਚ ਕੀਤੇ ਗਏ ਇਸ਼ਾਰਿਆਂ ਕਾਰਨ ਚਰਚਾ ਵਿੱਚ ਹੈ।

ਇੱਥੇ ਅਸੀਂ ਗੀਤ ਵਿੱਚ ਆਏ ਕੁਝ ਹਵਾਲਿਆਂ ਨੂੰ ਸਮਝਣ ਦਾ ਯਤਨ ਕੀਤਾ ਹੈ।

ਐਸਵਾਈਐਲ ਨਹਿਰ

ਐਸਵਾਈਐਲ ਨਹਿਰ ਦੀ ਫ਼ਾਈਲ ਫ਼ੋਟੋ

ਤਸਵੀਰ ਸਰੋਤ, jagtar singh/bbc

ਤਸਵੀਰ ਕੈਪਸ਼ਨ, ਐਸਵਾਈਐਲ ਨਹਿਰ ਦੀ ਫ਼ਾਈਲ ਫ਼ੋਟੋ

ਇਹ ਵੀ ਪੜ੍ਹੋ:

ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਲਈ ਬਣਾਈ ਜਾਣੀ ਸੀ।

ਇਹ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਣ ਲਈ ਬਣਾਈ ਗਈ ਸੀ। ਇਸ ਤੋਂ ਪਹਿਲਾਂ ਕਿ ਇਹ ਨਹਿਰ ਪੂਰੀ ਹੁੰਦੀ ਇਹ ਸਿਆਸਤ ਵਿੱਚ ਉਲਝ ਗਈ।

1976 ਦੇ ਦਹਾਕੇ ਵਿੱਚ ਐਮਰਜੈਂਸੀ ਦੌਰਾਨ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ।

ਸਤਲੁਜ ਯਮੁਨਾ ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਹੈ ਜਿਸ ਵਿੱਚੋਂ 122 ਕਿੱਲੋਮੀਟਰ ਦਾ ਨਿਰਮਾਣ ਪੰਜਾਬ ਨੇ ਕਰਨਾ ਸੀ ਜਦੋਂਕਿ 92 ਕਿੱਲੋਮੀਟਰ ਦਾ ਨਿਰਮਾਣ ਹਰਿਆਣਾ ਨੇ ਕਰਨਾ ਸੀ।

ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅਧੂਰੀ ਹੈ।

ਤਕਰੀਬਨ ਪੰਜ ਦਹਾਕਿਆਂ ਤੋਂ ਇਹ ਨਹਿਰ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਵੱਖ ਵੱਖ ਸਰਕਾਰਾਂ ਨੇ ਪਾਣੀ ਉੱਪਰ ਆਪਣਾ ਪੱਖ ਅਦਾਲਤਾਂ ਵਿੱਚ ਵੀ ਰੱਖਿਆ ਹੈ।

ਸੁਸ਼ੀਲ ਗੁਪਤਾ

ਸੁਸ਼ੀਲ ਗੁਪਤਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਹਨ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਬਿਆਨ ਦਿੱਤਾ ਕਿ ਜੇ ਹਰਿਆਣਾ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਈ ਤਾਂ ਯਮੁਨਾ ਅਤੇ ਸਤੁਲੁਜ ਨੂੰ ਜੋੜਨ ਵਾਲੀ ਨਹਿਰ ਦੀ ਉਸਾਰੀ ਪੂਰੀ ਕਰਵਾਈ ਜਾਵੇਗੀ ਅਤੇ ਉਸ ਨਹਿਰ ਦਾ ਪਾਣੀ ਹਰਿਆਣਾ ਦੇ ਹਰੇਕ ਖੇਤ ਤੱਕ ਪਹੁੰਚੇਗਾ।

ਸਿੱਧੂ ਮੂਸੇਵਾਲਾ ਦੇ ਗਾਣੇ ਦੀ ਸ਼ੁਰੂਆਤ ਸੁਸ਼ੀਲ ਗੁਪਤਾ ਦੇ ਉਪਰੋਕਤ ਬਿਆਨ ਦੀ ਅਵਾਜ਼ ਨਾਲ ਹੀ ਹੁੰਦੀ ਹੈ।

ਗੁਪਤਾ ਆਪਣੇ ਬਿਆਨ ਵਿੱਚ ਕਹਿੰਦੇ ਹਨ ਕਿ 2025 ਤੱਕ ਐੱਸਵਾਈਐੱਲ ਦਾ ਪਾਣੀ ਹਰਿਆਣਾ ਦੇ ਖੇਤਾਂ ਵਿੱਚ ਪਹੁੰਚ ਜਾਵੇਗਾ ''ਇਹ ਸਾਡਾ ਵਾਅਦਾ ਨਹੀਂ ਸਗੋਂ ਗਰੰਟੀ ਹੈ।''

ਸਿੱਧੂ ਮੂਸੇ ਵਾਲਾ

ਤਸਵੀਰ ਸਰੋਤ, SIDHU MOOSEWALA/TWITTER

ਸੌਵਰਿਨਿਟੀ

ਮੂਸੇ ਵਾਲਾ ਆਪਣੇ ਗਾਣੇ ਵਿੱਚ ਕਹਿੰਦੇ ਹਨ, ''ਜਿੰਨਾ ਚਿਰ ਸਾਨੂੰ ਸੌਵਰਨਿਟੀ ਦਾ ਰਾਹ ਨਹੀਂ ਦਿੰਦੇ, ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ।''

ਸੌਵਰਿਨਿਟੀ ਦਾ ਅਰਥ ਹੈ ਪ੍ਰਭੂਸੱਤਾ। ਰਾਜਨੀਤੀ ਸ਼ਾਸਤਰ ਵਿੱਚ ਪ੍ਰਭੂਸੱਤਾ ਅਜ਼ਾਦ ਦੇਸ਼ ਦਾ ਇੱਕ ਗੁਣ ਹੁੰਦੀ ਹੈ।

ਕੋਈ ਦੇਸ ਤਾਂ ਹੀ ਅਜ਼ਾਦ ਮੰਨਿਆ ਜਾਂਦਾ ਹੈ ਜਦੋਂ ਕਿਸੇ ਖਾਸ ਭੂਗੋਲਿਕ ਖੇਤਰ ਵਿੱਚ ਅਜਿਹੀ ਸਰਕਾਰ ਹੋਵੇ ਜਿਸ ਦਾ ਉਸ ਭੂਗੋਲਿਕ ਖੇਤਰ ਵਿੱਚ ਬਾਹਰੀ ਦਬਾਅ ਤੋਂ ਸੁਤੰਤਰ ਸ਼ਾਸਨ ਹੋਵੇ।

ਬੰਦੀ ਸਿੱਖਾਂ ਦੀ ਰਿਹਾਈ

(ਖੱਬਿਓਂ ਸੱਜੇ) ਬਲਵੰਤ ਸਿੰਘ ਰਾਜੋਆਣਾ, ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ,ਜਗਤਾਰ ਸਿੰਘ ਤਾਰਾ

ਤਸਵੀਰ ਸਰੋਤ, Getty Images/facebook

ਤਸਵੀਰ ਕੈਪਸ਼ਨ, (ਖੱਬਿਓਂ ਸੱਜੇ) ਬਲਵੰਤ ਸਿੰਘ ਰਾਜੋਆਣਾ, ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ, ਜਗਤਾਰ ਸਿੰਘ ਤਾਰਾ

ਗਾਣੇ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਵਿੱਚ 1980ਵਿਆਂ ਦੌਰਾਨ ਸ਼ੁਰੂ ਹੋਈ ਖਾੜਕੂ ਲਹਿਰ ਦੌਰਾਨ ਹਿੰਸਕ ਤੇ ਅੱਤਵਾਦੀ ਗਤੀਵਿਧੀਆਂ ਦੇ ਇਲਜ਼ਾਮਾਂ/ ਮਾਮਲਿਆਂ ਤਹਿਤ ਜੇਲ੍ਹਾਂ ਵਿਚ ਬੰਦ ਖਾਲਿਸਤਾਨ ਪੱਖ਼ੀ ਕੈਦੀਆਂ ਦੀ ਗੱਲ ਹੋ ਰਹੀ ਹੈ। ਇਨ੍ਹਾਂ ਨੂੰ ਬੰਦੀ ਸਿੰਘ ਵੀ ਕਿਹਾ ਜਾਂਦਾ ਹੈ। ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਇਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਹੈ।

ਇਨ੍ਹਾਂ ਵਿੱਚ ਕਈ ਤਾਂ 25-30 ਸਾਲ ਤੋਂ ਵੀ ਵੱਧ ਸਮੇਂ ਤੋਂ ਵੱਖ-ਵੱਖ ਸਜ਼ਾਵਾਂ ਤਹਿਤ ਜੇਲ੍ਹਾਂ ਵਿਚ ਬੰਦ ਹਨ।

ਇਨ੍ਹਾਂ ਸਿੰਘਾਂ ਵਿੱਚ ਹੇਠ ਲਿਖੇ ਅਹਿਮ ਨਾਮ ਹਨ। ਭਾਰਤ ਸਰਕਾਰ ਨੇ ਸਾਲ 2019 ਵਿੱਚ ਅੱਠ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ ਪਰ ਮਾਮਲਾ ਅਜੇ ਵੀ ਲਟਕਿਆ ਹੋਇਆ ਹੈ।

  • ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਹਵਾਰਾ ਪੰਜਾਬ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਦੋਸ਼ੀ ਵਜੋਂ ਉਮਰ ਕੈਦ ਦੀ ਸਜ਼ਾ ਕਟ ਰਹੇ ਹਨ।
  • ਦਵਿੰਦਰਪਾਲ ਸਿੰਘ ਭੁੱਲਰ 55) ਉਹ ਸਾਲ 1995 ਤੋਂ ਜੇਲ੍ਹ ਵਿੱਚ ਹਨ। ਉਹ ਸਾਲ 1993 ਵਿੱਚ ਦਿੱਲੀ ਯੂਥ ਕਾਂਗਰਸ ਦੇ ਮੁੱਖ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਹਨ। ਇਸ ਘਟਨਾ ਵਿੱਚ ਨੌਂ ਜਣਿਆਂ ਦੀ ਮੌਤ ਹੋ ਗਈ ਸੀ।
  • ਗੁਰਦੀਪ ਸਿੰਘ ਖਹਿਰਾ (59) ਵੀ ਸਾਲ 1995 ਤੋਂ ਜੇਲ੍ਹ ਵਿੱਚ ਬੰਦ ਹਨ। ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਵਿੱਚ ਸ਼ਾਮਲ ਖਹਿਰਾ ਨੇ ਸਾਰਿਆਂ ਤੋਂ ਜ਼ਿਆਦਾ ਸਮਾਂ ਜੇਲ੍ਹ ਵਿੱਚ ਬਿਤਾਇਆ ਹੈ। ਸਾਲ 2001 ਵਿੱਚ ਇੱਕ ਟਰਾਇਲ ਅਦਾਲਤ ਵੱਲੋਂ ਸਜ਼ਾ-ਏ-ਮੌਤ ਸੁਣਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਸੁਪਰੀਮ ਕੋਰਟ ਨੇ ਸਾਲ 2014 ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ।
  • ਬਲਵੰਤ ਸਿੰਘ ਰਾਜੋਆਣਾ (57) ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਜਿਨ੍ਹਾਂ ਦਾ ਬੰਬ ਧਮਾਕੇ ਵਿੱਚ ਕਤਲ ਕੀਤਾ ਗਿਆ, ਉਸ ਮਾਮਲੇ ਵਿੱਚ ਮੁੱਖ ਮੁਲਜ਼ਮ ਹਨ। ਉਨ੍ਹਾਂ ਵੱਲੋਂ ਆਪਣਾ ਜੁਰਮ ਕਬੂਲ ਕਰ ਲਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ।
  • ਲਖਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਵੀ 25 ਸਾਲ ਤੋਂ ਜ਼ਿਆਦਾ ਦੀ ਸਜ਼ਾ ਕੱਟ ਚੁੱਕੇ ਹਨ। ਇਹ ਤਿੰਨੇ ਜਣੇ ਸਾਲ 2013 ਤੋਂ ਪੇਰੋਲ ਉੱਪਰ ਜੇਲ੍ਹ ਤੋਂ ਬਾਹਰ ਹਨ।
  • ਜਗਤਾਰ ਸਿੰਘ ਤਾਰਾ, 1995 ਵਿੱਚ ਹੋਏ ਬੇਅੰਤ ਸਿੰਘ ਕਤਲ ਕੇਸ ਵਿੱਚ ਆਪਣੀ ਭੂਮਿਕਾ ਨੂੰ ਪਹਿਲਾਂ ਹੀ ਲਿਖਤੀ ਤੌਰ ਉੱਤੇ ਕਬੂਲ ਕਰ ਲਿਆ ਸੀ।

ਲਾਲ ਕਿਲੇ ਉੱਪਰ ਨਿਸ਼ਾਨ ਸਾਹਿਬ ਝੁਲਾਉਣ ਦੀ ਘਟਨਾ

ਲਾਲ ਕਿਲਾ

ਤਸਵੀਰ ਸਰੋਤ, Hindustan times

ਤਸਵੀਰ ਕੈਪਸ਼ਨ, ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ਦੇ ਇੱਕ ਪੋਲ ਉਪਰ ਨਿਸ਼ਾਨ ਸਾਹਿਬ ਲਗਾ ਰਿਹਾ ਨੌਜਵਾਨ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪੰਜਾਬ ਸਮੇਤ ਕਈ ਸੂਬਿਆਂ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਉੱਪਰ ਕਿਸਾਨ ਮੋਰਚਾ ਲੜਿਆ ਗਿਆ।

ਇਸੇ ਦੌਰਾਨ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਕੁਝ ਨੌਜਵਾਨਾਂ ਨੇ ਲਾਲ ਕਿਲ੍ਹੇ ਉੱਪਰ ਇੱਕ ਖਾਲੇ ਪੋਲ ਉੱਪਰ ਨਿਸ਼ਾਨ ਸਾਹਿਬ ਲਗਾ ਦਿੱਤਾ ਸੀ।

ਸਿੱਧੂ ਮੂਸੇਵਾਲਾ ਨੇ ਇਸੇ ਘਟਨਾ ਦਾ ਹਵਾਲਾ ਆਪਣੇ ਆਖਰੀ ਗੀਤ ਵਿੱਚ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਸੀ ਇੰਨਾ ਤਾਂ ਉਹ ਆਪਣੇ ਮਾਪਿਆਂ ਦੀ ਮੌਤ ਮੌਕੇ ਨਹੀਂ ਰੋਏ ਸਨ ਜਿੰਨਾ ਕਿ ਉਹ ਇਸ ਘਟਨਾ ਤੋਂ ਬਾਅਦ ਰੋਏ ਹਨ।

ਬਲਵਿੰਦਰ ਜਟਾਣਾ

ਗੀਤ ਦੇ ਆਖਰੀ ਪੈਰੇ ਵਿੱਚ ਸਿੱਧੂ ਮੂਸੇ ਵਾਲਾ ਨੇ ਜਟਾਣਾ ਪਿੰਡ ਦੇ ਬਲਵਿੰਦ ਸਿੰਘ ਦਾ ਜ਼ਿਕਰ ਕੀਤਾ ਹੈ।

ਬਲਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਰੋਪੜ ਜਿਲ੍ਹੇ ਦੇ ਚਮਕੌਰ ਸਾਹਿਬ ਨਾਲ ਸੀ। ਉਨ੍ਹਾਂ ਦੇ ਪਿੰਡ ਦਾ ਨਾਂ ਜਟਾਣਾ ਹੋਣ ਕਰਕੇ ਉਹ ਖਾਲਿਸਤਾਨੀ ਲਹਿਰ ਦੀਆਂ ਖਾੜਕੂ ਸਫ਼ਾਂ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਨਾਲ ਮਸ਼ਹੂਰ ਹੋਏ।

1990 ਵਿੱਚ ਚੰਡੀਗੜ੍ਹ ਦੇ ਸੈਕਟਰ 26 ਵਿੱਚ ਐੱਸਵਾਈਐੱਲ ਦੇ ਦਫ਼ਤਰ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰਾਜੈਕਟ ਵਿੱਚ ਲੱਗੇ ਚੀਫ ਇੰਜਨੀਅਰ ਐੱਮਐੱਸ ਸੀਕਰੀ ਅਤੇ ਸੁਪਰਡੈਂਟ ਇੰਜਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਦੋਵਾਂ ਦੀ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ।

ਐੱਸਵਾਈਐੱਲ ਗਾਣੇ ’ਤੇ ਪ੍ਰਤੀਕਿਰਿਆ

ਹਰਿਆਣਾ ਨਾਲ ਤਾਲੁੱਕ ਰੱਖਣ ਵਾਲੇ ਮੁੱਕੇਬਾਜ਼ ਵਿਰੇਂਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗਾਣੇ ਉੱਤੇ ਆਪਣੀ ਪ੍ਰਿਤਿਕਿਰਿਆ ਦਿੱਤੀ ਹੈ।

ਉਨ੍ਹਾਂ ਆਪਣੇ ਫੇਸਬੁੱਕ ਪੇਜ ਉੱਤੇ ਹਿੰਦੀ ਵਿੱਚ ਬਕਾਇਦਾ ਇੱਕ ਨੋਟ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਗਾਣੇ ਦੀ ਸ਼ੁਰੂਆਤ ਵਿੱਚ ਹੀ ਪਰਿਵਾਰ ਨੂੰ ਇੱਕ ਕਰਨ ਦੀ ਗੱਲ ਕਹੀ ਹੈ।

ਵਿਜੇਂਦਰ ਸਿੰਘ

ਤਸਵੀਰ ਸਰੋਤ, FB/Vijender Singh

ਕਵਿੱਤਰੀ ਤੇ ਲੇਖਕ ਰੂਪੀ ਕੌਰ ਨੇ ਵੀ ਇਸ ਗੀਤ ਨੂੰ ਸਾਂਝਾ ਕਰਦਿਆਂ ਆਪਣੀ ਪ੍ਰਤੀਕਿਰਿਆ ਟਵਿੱਟਰ ਉੱਤੇ ਸ਼ੇਅਰ ਕੀਤੀ ਹੈ।

ਉਨ੍ਹਾਂ ਲਿਖਿਆ ਕਿ ਇਹ ਬਿਹਤਰੀਨ ਗੀਤ ਹੈ ਅਤੇ ਸਾਡੇ ਹੀਰੋ ਅਤੇ ਮੁਹਿੰਮਾਂ ਦੀ ਅਗਵਾਈ ਕਰਨ ਵਾਲਿਆਂ ਦੀ ਗੱਲ ਕਰਦਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)