ਜਗਤਾਰ ਸਿੰਘ ਤਾਰਾ: ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਬਾਰੇ ਜਾਣੋ ਕੁਝ ਖ਼ਾਸ ਗੱਲਾਂ

ਤਸਵੀਰ ਸਰੋਤ, FB/ Simranjit Singh/BBC
ਸਾਲ 2004 ਵਿੱਚ ਬੁੜੈਲ ਜੇਲ੍ਹ ਤੋੜਨ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਸਵੈ-ਇੱਛਾ ਨਾਲ ਦਿੱਤੇ ਗਏ ਇਕਬਾਲੀਆ ਬਿਆਨ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਜਿੰਨ੍ਹੇ ਦਿਨ ਜੇਲ ਵਿੱਚ ਕੱਟੇ ਹਨ, ਉਹ ਇਨ੍ਹਾਂ ਮਾਮਲਿਆਂ ਵਿੱਚ ਦਿੱਤੀ ਜਾਂਦੀ ਸਜ਼ਾ ਤੋਂ ਜ਼ਿਆਦਾ ਹਨ। ਇਸ ਲਈ ਉਨ੍ਹਾਂ ਦੀ ਸਜ਼ਾ ਨੂੰ ਪੂਰਾ ਹੋਇਆ ਮੰਨਿਆ ਜਾਵੇ।
ਸਾਲ 2018 ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਤਾਰਾ ਨੇ 1995 ਵਿੱਚ ਹੋਏ ਬੇਅੰਤ ਸਿੰਘ ਕਤਲ ਕੇਸ ਵਿੱਚ ਆਪਣੀ ਭੂਮਿਕਾ ਨੂੰ ਪਹਿਲਾਂ ਹੀ ਲਿਖਤੀ ਤੌਰ ਉੱਤੇ ਕਬੂਲ ਕਰ ਲਿਆ ਸੀ।
ਸੀਬੀਆਈ ਨੇ ਕੀ ਦਿੱਤੀ ਸੀ ਦਲੀਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਅਦਾਲਤ ਸਾਹਮਣੇ ਸੀਬੀਆਈ ਦੇ ਵਕੀਲ ਐੱਸ ਕੇ ਸਕਸੈਨਾ ਨੇ ਜਗਤਾਰ ਸਿੰਘ ਤਾਰਾ ਨੂੰ ਇਕੱਲੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੀ ਨਹੀਂ ਬਲਕਿ 16 ਹੋਰ ਨਿਰਦੋਸ਼ ਲੋਕਾਂ ਦਾ ਕਾਤਲ ਕਰਾਰ ਦਿੰਦਿਆਂ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ।
ਸੀਬੀਆਈ ਦੇ ਵਕੀਲ ਨੇ ਅਦਾਲਤ ਅੱਗੇ ਦਲੀਲ ਰੱਖੀ ਸੀ ਕਿ ਮੁਲਜ਼ਮ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਹੈ ਅਤੇ ਉਹ ਪਹਿਲਾਂ ਵੀ ਜੇਲ੍ਹ ਤੋੜ ਕੇ ਫ਼ਰਾਰ ਹੋ ਚੁੱਕਾ ਹੈ।
ਉਨ੍ਹਾਂ ਮੁਲਜ਼ਮ ਨੂੰ ਅਮਨ ਕਾਨੂੰਨ ਲਈ ਵੱਡਾ ਖਤਰਾ ਕਰਾਰ ਦਿੰਦਿਆ ਅਦਾਲਤ ਨੂੰ ਅਪੀਲ ਕੀਤੀ ਕਿ ਜੇਕਰ ਉਸ ਨੂੰ ਫਾਸੀ ਦੀ ਬਜਾਇ ਉਮਰ ਕੈਦ ਦਿੱਤੀ ਜਾਣੀ ਹੈ ਤਾਂ ਉਸ ਵਿੱਚ ਪੈਰੋਲ ਤੇ ਮਾਫ਼ੀ ਨਹੀਂ ਹੋਣੀ ਚਾਹੀਦੀ।
ਕਬੂਲਨਾਮੇ ਵਿੱਚ ਕੀ ਕਿਹਾ ਸੀ ਤਾਰਾ ਨੇ
ਜਗਤਾਰ ਸਿੰਘ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਤਾਰਾ ਤੇ ਸਾਥੀਆਂ ਦੀ ਲੜਾਈ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਲੈ ਕੇ ਆਜ਼ਾਦ ਭਾਰਤ ਤੱਕ ਸਿੱਖ ਰਾਜ ਲਈ ਲੜੀ ਜਾ ਰਹੀ ਲੜਾਈ ਦੱਸਦਿਆ ਤਾਰਾ ਨੂੰ ਕੌਮਾਂਤਰੀ ਜੰਗੀ ਕੈਦੀ ਐਲਾਨਣ ਦੀ ਮੰਗ ਕੀਤੀ ਸੀ।
ਤਾਰਾ ਦੇ ਵਕੀਲ ਨੇ ਦੱਸਿਆ ਕਿ ਤਾਰਾ ਨੇ ਆਪਣੇ ਨਾਲ ਨਰਮੀ ਵਰਤਣ ਦੀ ਅਪੀਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੂੰ ਕਤਲ ਕਰਨ ਦਾ ਉਨ੍ਹਾਂ ਨੂੰ ਅਫਸੋਸ ਨਹੀਂ ਹੈ।

ਤਸਵੀਰ ਸਰੋਤ, Getty Images
ਆਪਣੇ ਕਬੂਲਨਾਮੇ ਵਿੱਚ ਉਨ੍ਹਾਂ ਆਪਣੇ ਗੁਨਾਹ ਦੀ ਦਲੀਲ ਦਿੱਤੀ ਕਿ ਜਿਵੇਂ ਜਨਰਲ ਡਾਇਰ ਦੇ ਹੁਕਮ ਉੱਤੇ ਜੱਲਿਆਵਾਲੇ ਬਾਗ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਉਵੇਂ ਹੀ ਬੇਅੰਤ ਸਿੰਘ ਦੇ ਹੁਕਮਾਂ ਉੱਤੇ ਪੰਜਾਬ ਵਿੱਚ ਹਜ਼ਾਰਾਂ ਲੋਕਾਂ ਦਾ ਕਤਲ ਹੋਇਆ।
ਇਸੇ ਕਾਰਨ ਉਨ੍ਹਾਂ ਬੇਅੰਤ ਸਿੰਘ ਦਾ ਕਤਲ ਕੀਤਾ ਇਸ ਲਈ ਉਨ੍ਹਾਂ ਨੂੰ ਆਪਣੇ ਕੀਤੇ ਉੱਤੇ ਅਫ਼ਸੋਸ ਨਹੀਂ ਹੈ। ਤਾਰਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਜਿਵੇਂ ਉਧਮ ਸਿੰਘ ਦੀ ਕਾਰਵਾਈ ਜਾਇਜ਼ ਸੀ ਉਵੇਂ ਹੀ ਤਾਰਾ ਦੀ ਕਾਰਵਾਈ ਜਾਇਜ਼ ਹੈ। ਉਨ੍ਹਾਂ ਭਾਰਤ ਵਿੱਚ ਸਟੇਟ ਉੱਤੇ ਨਿਆਂ ਲਈ ਦੋਹਰੇ ਮਾਪਦੰਡ ਆਪਨਾਉਣ ਦੇ ਵੀ ਦੋਸ਼ ਲਗਾਏ।
ਵਕੀਲ ਮੁਤਾਬਕ ਤਾਰਾ ਨੇ ਕਿਹਾ ਬੰਬ ਧਮਾਕੇ ਵਿੱਚ ਮਾਰੇ ਗਏ ਦੂਜੇ 16 ਬੰਦਿਆਂ ਦੀ ਮੌਤ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ।
ਕੌਣ ਹੈ ਜਗਤਾਰ ਸਿੰਘ ਤਾਰਾ
- ਤਾਰਾ ਦਾ ਜਨਮ 1977 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਡੇਕਵਾਲਾ ਵਿੱਚ ਹੋਇਆ।
- ਬਚਪਨ ਵਿੱਚ ਹੀ ਉਹ ਆਪਣੇ ਖੇਤਰ ਵਿੱਚ ਸਰਗਰਮ ਖਾਲਿਸਤਾਨੀ ਲਹਿਰ ਦੇ ਕਾਰਕੁੰਨਾਂ ਦੇ ਪ੍ਰਭਾਵ ਹੇਠ ਆ ਗਏ।
- ਅਸੀਵਿਆਂ ਦੌਰਾਨ ਪੰਜਾਬ ਵਿੱਚ ਚੱਲਦੇ ਹਿੰਸਕ ਦੌਰ ਦੌਰਾਨ ਪਰਿਵਾਰ ਨੇ ਉਨ੍ਹਾਂ ਨੂੰ ਵੱਡੇ ਭਰਾ ਕੋਲ ਦਿੱਲੀ ਭੇਜ ਦਿੱਤਾ।
- ਦਿੱਲੀ ਆਕੇ ਉਨ੍ਹਾਂ ਨੇ ਖਾਲਿਸਤਾਨੀ ਕਾਰਕੁਨਾਂ ਨਾਲ ਰਾਬਤਾ ਵਧਾ ਦਿੱਤਾ ਤੇ ਬੱਬਰ ਖਾਲਸਾ ਵਿੱਚ ਪੂਰੇ ਸਰਗਰਮ ਹੋ ਗਏ।
- 1995 ਵਿੱਚ ਉਨ੍ਹਾਂ ਜਗਤਾਰ ਸਿੰਘ ਹਵਾਰਾ ਅਤੇ ਦਿਲਾਵਰ ਸਿੰਘ ਬੱਬਰ ਨਾਲ ਰਲ਼ ਕੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਲਈ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਵਿੱਚ ਬੰਬ ਧਮਾਕਾ ਕੀਤਾ।
- ਬੇਅੰਤ ਸਿੰਘ ਕਤਲ ਕੇਸ ਵਿੱਚ ਉਹ ਛੇਤੀ ਹੀ ਗ੍ਰਿਫ਼ਤਾਰ ਹੋ ਗਏ ਅਤੇ ਚੰਡੀਗੜ੍ਹ ਦੀ ਬੂੜੈਲ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ।
- 2004 ਵਿੱਚ ਉਹ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨਾਲ ਚੰਡੀਗੜ੍ਹ ਦੀ ਅਤਿ ਆਧੁਨਿਕ ਜੇਲ੍ਹ ਵਿੱਚੋਂ 94 ਫੁੱਟ ਲੰਬੀ ਸੁਰੰਗ ਪੁੱਟ ਕੇ ਫ਼ਰਾਰ ਹੋ ਗਏ।
- ਫਰਾਰ ਹੋਣ ਤੋਂ 11 ਸਾਲ ਬਾਅਦ ਉਹ 6 ਜਨਵਰੀ 2015 ਨੂੰ ਬੈਂਗਕਾਕ ਵਿੱਚ ਥਾਈਲੈਂਡ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਏ ਗਏ।
- ਤਾਰਾ ਨੂੰ ਭਾਰਤ ਲਿਆ ਕੇ ਮੁੜ ਬੇਅੰਤ ਸਿੰਘ ਕਤਲ ਕੇਸ ਅਤੇ ਬੂੜੈਲ ਜੇਲ੍ਹ ਬਰੇਕ ਵਰਗੇ ਕੇਸ ਚਲਾਏ ਗਏ।
- ਤਾਰਾ ਨੇ ਇਸ ਦੌਰਾਨ ਪਰਿਵਾਰ ਨੂੰ ਨਾ ਮਿਲਣ ਦੇਣ ਅਤੇ ਜੇਲ੍ਹ ਪ੍ਰਸਾਸ਼ਨ ਉੱਤੇ ਤਸ਼ੱਦਦ ਦੇ ਦੋਸ਼ ਵੀ ਲਾਏ
- ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਨੇ ਜਨਵਰੀ 2018 ਵਿੱਚ ਅਦਾਲਤ ਅੱਗੇ ਲਿਖਤੀ ਤੌਰ ਉੱਤੇ ਆਪਣਾ ਗੁਨਾਹ ਸਵਿਕਾਰ ਕਰ ਲਿਆ।
- 16 ਮਾਰਚ 2018 ਨੂੰ ਅਦਾਲਤ ਨੇ ਉਨ੍ਹਾਂ ਨੂੰ ਬੇਅੰਤ ਕੇਸ ਵਿੱਚ ਦੋਸ਼ੀ ਮੰਨਿਆ ਅਤੇ 17 ਮਾਰਚ 2018 ਨੂੰ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ।












