ਨਫ਼ਰਤ ਦੇ ਦੌਰ 'ਚ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਦਾ ਸਬਕ ਕਿਵੇਂ ਸਿਖਾਈਏ

ਬੱਚੇ

ਤਸਵੀਰ ਸਰੋਤ, NATASHA BADHWAR

    • ਲੇਖਕ, ਨਤਾਸ਼ਾ ਬਧਵਾਰ
    • ਰੋਲ, ਬੀਬੀਸੀ ਲਈ

ਮਾਂ ਬਣਨ ਦਾ ਸੁਪਨਾ ਮੈਂ ਹਮੇਸ਼ਾ ਦੇਖਦੀ ਹੁੰਦੀ ਸੀ। ਮੈਨੂੰ ਆਪਣੇ ਉੱਪਰ ਪੂਰਾ ਯਕੀਨ ਸੀ। ਪਤਾ ਸੀ ਕਿ ਮੈਂ ਚੰਗੀ ਮਾਂ ਬਣਾਂਗੀ। ਮੈਂ ਆਪਣੇ ਬੱਚੇ ਦਾ ਹੱਥ ਫੜ ਕੇ ਤੁਰਨ ਦੀ ਕਲਪਨਾ ਕਰਦੀ ਸੀ। ਅਸੀਂ ਦੋਵੇਂ ਚੁਸਤ ਚਾਲ ਵਿੱਚ ਕਦਮ ਵਧਾਉਂਦੇ ਹੋਏ ਤੇ ਖੁਸ਼ੀ ਸਾਡੇ ਦਿਲ ਵਿੱਚ ਹਿਲੋਰੇ ਲੈਂਦੀ ਹੋਈ।

ਮੇਰਾ ਪਹਿਲਾ ਬੱਚਾ ਹੋਇਆ, ਉਸ ਦੇ ਕਈ ਸਾਲ ਪਹਿਲਾਂ ਤਾਂ ਮੈਂ ਇਸ ਤਰ੍ਹਾਂ ਦੇ ਨੋਟਸ ਬਣਾ ਰਹੀ ਸੀ ਕਿ ਆਪਣੇ ਬੱਚਿਆਂ ਨੂੰ ਮੈਂ ਕਿਵੇਂ ਪਾਲਾਂਗੀ ਅਤੇ ਇਹ ਨੋਟਸ ਚੰਗੇ ਸਨ।

ਮੈਂ ਡਲਿਵਰੀ ਟੇਬਲ 'ਤੇ ਹੀ ਸੀ, ਜਦੋਂ ਪਹਿਲੀ ਵਾਰ ਮੈਂ ਆਪਣੀ ਬੇਟੀ ਨੂੰ ਗੋਦ ਵਿੱਚ ਲਿਆ। ਮੈਂ ਉਸ ਲਈ ਹੌਲੀ ਜਿਹੀ ਗਾਉਣਾ ਸ਼ੁਰੂ ਕਰ ਦਿੱਤਾ।

ਇੱਕ ਨਵਜੰਮੇ ਬੱਚੇ ਦੀ ਤਰ੍ਹਾਂ ਉਹ ਲਗਾਤਾਰ ਰੋਈ ਜਾ ਰਹੀ ਸੀ। ਪਰ ਮੇਰੇ ਗੀਤ ਨਾਲ ਉਸ ਦਾ ਰੋਣਾ ਘੱਟ ਗਿਆ। ਉਹ ਸੁਣ ਰਹੀ ਸੀ, ਅਜਿਹਾ ਮੈਨੂੰ ਵਿਸ਼ਵਾਸ ਸੀ। ਮੇਰੀ ਆਵਾਜ਼ ਉਹ ਪਛਾਣਦੀ ਸੀ। ਇਹ ਗੀਤ ਮੈਂ ਉਦੋਂ ਤੋਂ ਉਸ ਲਈ ਗਾਉਂਦੀ ਆ ਰਹੀ ਸੀ, ਜਦੋਂ ਉਹ ਮੇਰੀ ਕੁੱਖ ਵਿੱਚ ਸੀ।

ਪਰ ਸਮੇਂ ਨਾਲ ਮੈਨੂੰ ਅਹਿਸਾਸ ਹੁੰਦਾ ਗਿਆ ਕਿ ਮੇਰੀ ਆਵਾਜ਼ ਉਸ ਨੂੰ ਹਮੇਸ਼ਾ ਸ਼ਾਂਤ ਨਹੀਂ ਕਰ ਸਕੇਗੀ। ਬੱਚੀ ਕਿਉਂ ਰੋ ਸਕਦੀ ਹੈ, ਅਜਿਹੀ ਇੱਕ ਚੈੱਕਲਿਸਟ ਸਿਰਫ਼ ਦੋ ਹਫ਼ਤਿਆਂ ਦੇ ਅੰਦਰ ਮੇਰੇ ਪਤੀ, ਮੇਰੀ ਮਾਂ ਅਤੇ ਮੈਂ ਲਿਖ ਕੇ ਤਿਆਰ ਕਰ ਲਈ। ਇਹ ਇਸ ਤਰ੍ਹਾਂ ਸੀ:

  • ਕੀ ਉਸ ਨੂੰ ਭੁੱਖ ਲੱਗੀ ਹੈ?
  • ਕੀ ਉਸ ਨੂੰ ਡਕਾਰ ਦਿਵਾਉਣ ਦੀ ਲੋੜ ਹੈ?
  • ਕੀ ਉਸ ਦੀ ਨੈਪੀ ਗਿੱਲੀ ਹੈ?
  • ਕੀ ਉਸ ਨੂੰ ਸੌਣ ਲਈ ਹੌਲੀ ਹੌਲੀ ਹਿਲਾਉਣ ਦੀ ਜ਼ਰੂਰਤ ਹੈ?
  • ਕੀ ਉਸ ਦਾ ਨੱਕ ਬੰਦ ਹੈ?
  • ਅਤੇ ਫਿਰ ਵਾਪਸ ਪਹਿਲੇ ਸਵਾਲ 'ਤੇ

ਕਦੇ ਕਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਚੁੱਪ ਕਰਾਉਣਾ ਮੁਸ਼ਕਿਲ ਹੁੰਦਾ ਹੈ ਅਤੇ ਜਦੋਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਜਾਂਦੀਆਂ, ਉਦੋਂ ਅਸੀਂ ਆਪਣੇ ਇੱਕ ਮੁਲਾਇਮ ਨੀਲੇ ਦੁਪੱਟੇ ਵਿੱਚ ਆਪਣੇ ਬੱਚੇ ਨੂੰ ਲਪੇਟ ਲੈਂਦੇ ਅਤੇ ਮੋਟਰ ਸਾਈਕਲ ਦੀ ਸਵਾਰੀ 'ਤੇ ਨਿਕਲ ਪੈਂਦੇ। ਇਸ ਨਾਲ ਸਾਰਿਆਂ ਦਾ ਮਨ ਸ਼ਾਂਤ ਹੋ ਜਾਂਦਾ ਸੀ।

ਦੁਨੀਆ ਦੀਆਂ ਗੱਲਾਂ ਸੁਣਨ ਦੀ ਪ੍ਰੈਕਟਿਸ

ਮੈਨੂੰ ਅਜਿਹੀ ਹੀ ਇੱਕ ਘਟਨਾ ਯਾਦ ਹੈ ਜਦੋਂ ਇੱਕ ਸ਼ਾਮ ਇਸ ਤਰ੍ਹਾਂ ਹੀ ਘੁੰਮਣ ਦੌਰਾਨ ਮੀਂਹ ਪੈਣ ਲੱਗਿਆ ਅਤੇ ਸਾਨੂੰ ਸੜਕ ਦੇ ਕੰਢੇ ਇੱਕ ਢਾਬੇ 'ਤੇ ਸ਼ਰਨ ਲੈਣੀ ਪਈ। ਸਾਡੇ ਆਲੇ-ਦੁਆਲੇ ਮੌਜੂਦ ਲੋਕ ਫੁਸ-ਫੁਸ ਕਰ ਰਹੇ ਸਨ ਕਿ ਇਹ ਨਵੇਂ ਨਵੇਂ ਮਾਂ-ਬਾਪ ਇੰਨੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਇੱਧਰ ਆ ਗਏ।

ਮੈਂ ਬੱਚੀ ਨੂੰ ਹਿਫਾਜ਼ਤ ਨਾਲ ਆਪਣੀ ਛਾਤੀ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ ਵੀ ਅਸੀਂ ਖ਼ੁਦ ਨੂੰ ਕਟਹਿਰੇ ਵਿੱਚ ਖੜ੍ਹਾ ਮਹਿਸੂਸ ਕਰ ਰਹੇ ਸੀ।

ਬੱਚਾ

ਤਸਵੀਰ ਸਰੋਤ, NATASHA BADHWAR

ਜਿਵੇਂ ਜਿਵੇਂ ਸਾਲ ਬੀਤਦੇ ਗਏ, ਜ਼ਿੰਦਗੀ ਦੀ ਸੜਕ 'ਤੇ ਸਾਡਾ ਸਫ਼ਰ ਅੱਗੇ ਵਧਦਾ ਗਿਆ। ਰੁੱਤਾਂ ਬਦਲਦੀਆਂ ਰਹੀਆਂ ਅਤੇ ਬਹੁਤ ਪਿਆਰ ਨਾਲ ਪਾਲੀਆਂ ਹੋਈਆਂ ਗਲਤਫਹਿਮੀਆਂ ਦੂਰ ਹੋਣ ਲੱਗੀਆਂ। ਮੈਂ ਸਿੱਖ ਲਿਆ ਕਿ ਲੋਕ ਘੂਰਦੇ ਹਨ ਤਾਂ ਘੂਰਦੇ ਰਹਿਣ। ਲੋਕਾਂ ਦੀਆਂ ਗੱਲਾਂ ਨੂੰ ਦਿਲ 'ਤੇ ਨਾ ਲੈਣਾ ਵੀ ਮੈਂ ਸਿੱਖ ਲਿਆ।

ਅਜਨਬੀਆਂ ਦੀਆਂ ਟਿੱਪਣੀਆਂ, ਉਨ੍ਹਾਂ ਦੀਆਂ ਸਲਾਹਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਝਿੜਕ 'ਤੇ ਵੀ ਸਿਰਫ਼ ਮੁਸਕਰਾ ਦੇਣ ਦੀ ਪ੍ਰੈਕਟਿਸ ਮੈਂ ਕਰ ਲਈ। ਬੱਚੇ ਜਦੋਂ ਆਪਣੇ ਤਰੀਕੇ ਨਾਲ ਦੁਨੀਆ ਦੀ ਖੋਜਬੀਨ ਕਰਨ ਨਿਕਲੇ ਤਾਂ ਮੈਂ ਦਿਲ ਕਠੋਰ ਕਰ ਲਿਆ।

ਸਭ ਤੋਂ ਖਾਸ ਗੱਲ ਇਹ ਕਿ ਆਪਣੀ ਮਾਨਸਿਕ ਸੁਰੱਖਿਆ ਲਈ ਮੈਂ ਅਜਿਹਾ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਜੋ ਸਾਡਾ ਆਲ੍ਹਣਾ ਹੋਵੇ। ਜਿੱਥੇ ਅਸੀਂ ਸੁਰੱਖਿਅਤ ਰਹਿਣ ਲਈ, ਜ਼ੋਰ ਨਾਲ ਹੱਸਣ ਲਈ ਅਤੇ ਖ਼ੁਦ ਨੂੰ ਤਰੋਤਾਜ਼ਾ ਕਰਨ ਲਈ ਵਾਪਸ ਜਾ ਸਕੀਏ।

ਇਹ ਵੀ ਪੜ੍ਹੋ:

ਮਾਂ-ਬਾਪ ਹੋਣ ਦਾ ਅਰਥ ਕੀ ਹੈ?

ਮਾਂ-ਬਾਪ ਬਣਨ ਦਾ ਸਬੰਧ ਸਿਰਫ਼ ਬੱਚੇ ਪੈਦਾ ਕਰਨ ਨਾਲ ਨਹੀਂ ਹੈ। ਕੁਝ ਨਵਾਂ ਬਣਾਉਣ ਦਾ ਕੰਮ ਤਾਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ। ਪਹਿਲਾਂ ਕਈ ਚੀਜ਼ਾਂ ਦਾ ਵਿਨਾਸ਼ ਜ਼ਰੂਰੀ ਹੈ। ਤੁਹਾਡੇ ਹੰਕਾਰ ਦਾ ਬਿਨਾਂ ਕੋਈ ਆਵਾਜ਼ ਕੀਤੇ ਢਹਿ ਢੇਰੀ ਹੋ ਜਾਣਾ। ਗਰਭਧਾਰਨ ਤੋਂ ਪਹਿਲਾਂ ਤੁਸੀਂ ਜੋ ਵੀ ਸੀ, ਉਸ ਨੂੰ ਅਲਵਿਦਾ ਕਹਿਣਾ।

ਆਪਣੇ ਆਪ ਦਾ ਜੋ ਵੀ ਬੋਧ ਤੁਹਾਡੇ ਵਿੱਚ ਹੈ, ਉਸ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ। ਸਾਡੇ ਵਿਚਕਾਰ ਇੱਕ ਬੱਚਾ ਆਉਣ ਤੋਂ ਪਹਿਲਾਂ ਅਸੀਂ ਇਕੱਠੇ ਜੋ ਕੁਝ ਵੀ ਹੋਇਆ ਕਰਦੇ ਸੀ, ਉਸ ਦੀ ਇੱਕ ਧੁੰਦਲੀ ਜਿਹੀ ਯਾਦ ਬਚਾ ਕੇ ਰੱਖਣਾ।

ਮਾਤਾ-ਪਿਤਾ ਹੋਣ ਦਾ ਅਰਥ ਹੈ ਇੱਕ ਹੀ ਸਾਹ ਵਿੱਚ ਮਾਣ ਅਤੇ ਬੇਚੈਨੀ, ਦੋਵੇਂ ਮਹਿਸੂਸ ਕਰਨਾ। ਕੁਝ ਗੁਆ ਦੇਣ ਦਾ ਅਹਿਸਾਸ ਹੋਣਾ। ਤੁਸੀਂ ਇਸ ਦੌਰਾਨ ਕੀ ਖੋਇਆ ਹੈ, ਇਹ ਦੱਸਣਾ ਮੁਸ਼ਕਿਲ ਹੁੰਦਾ ਹੈ। ਆਪਣੇ ਬਚਪਨ ਦੀਆਂ ਯਾਦਾਂ ਨੂੰ ਤੁਸੀਂ ਬਾਰ-ਬਾਰ ਖੰਗਾਲਦੇ ਹੋ, ਇਹ ਪਤਾ ਲਗਾਉਣ ਲਈ ਕਿ ਆਖਿਰ ਅਸੀਂ ਕੀ ਲੱਭ ਰਹੇ ਹਾਂ।

ਇਹ ਕੰਮ ਤੁਸੀਂ ਉਨ੍ਹਾਂ ਸਦਮਿਆਂ, ਉਨ੍ਹਾਂ ਡਰਾਂ ਨੂੰ ਪਛਾਣਨ ਲਈ ਵੀ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਆਪਣੇ ਬੱਚੇ ਦੇ ਹਿੱਸੇ ਨਹੀਂ ਆਉਣ ਦੇਣਾ ਚਾਹੁੰਦੇ। ਇਸ ਲੜੀ ਵਿੱਚ ਤੁਸੀਂ ਉਨ੍ਹਾਂ ਸੱਟਾਂ ਤੋਂ ਜਾਣੂ ਹੁੰਦੇ ਹੋ, ਜਿਨ੍ਹਾਂ ਨੂੰ ਤੁਸੀਂ ਨਕਾਰਦੇ ਆਏ ਹੋ, ਪਰ ਜੋ ਹੁਣ ਤੱਕ ਹਰੀਆਂ ਹਨ।

ਇੱਕ ਇਨਸਾਨ ਜਦੋਂ ਵੱਡਾ ਹੋ ਜਾਂਦਾ ਹੈ ਅਤੇ ਉਸ ਦੇ ਬੱਚੇ ਹੋ ਜਾਂਦੇ ਹਨ, ਉਦੋਂ ਉਸ ਦਾ ਗੁਆਚਿਆ ਹੋਇਆ ਬਚਪਨ ਉਸ ਦੀ ਚੇਤਨਾ ਦੀ ਬਾਰੀ ਖੜਕਾਉਂਦਾ ਹੈ ਅਤੇ ਆਪਣਾ ਇਲਾਜ ਕਰਨ ਦੀ ਮੰਗ ਕਰਦਾ ਹੈ।

ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੌਰਾਨ ਹੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਅੰਦਰ ਦੇ ਗੁਆਚੇ ਹੋਏ ਬੱਚੇ ਨੂੰ ਫਿਰ ਤੋਂ ਜ਼ਿੰਦਾ ਕਰਨ ਦੀ ਜ਼ਰੂਰਤ ਹੈ।

ਵੀਡੀਓ ਕੈਪਸ਼ਨ, ਛੋਟੋ ਬੱਚਿਆਂ ਨੂੰ ਕਸਰਤ ਲਈ ਪ੍ਰੇਰਿਤ ਕਰਦਾ ਜਿਮ

ਜਿਵੇਂ-ਜਿਵੇਂ ਮੇਰੇ ਬੱਚੇ ਵੱਡੇ ਹੋ ਰਹੇ ਹਨ, ਮੈਂ ਇਸ ਗੱਲ 'ਤੇ ਗੌਰ ਕਰਨ ਤੋਂ ਖ਼ੁਦ ਨੂੰ ਰੋਕ ਪਾ ਰਹੀ ਹਾਂ ਕਿ ਉਨ੍ਹਾਂ ਦੇ ਆਲੇ-ਦੁਆਲੇ ਦਾ ਮਾਹੌਲ ਘਰ ਤੋਂ ਲੈ ਕੇ ਬਾਹਰ ਤੱਕ ਕਿੰਨਾ ਖਰਾਬ ਹੋ ਚੁੱਕਿਆ ਹੈ। ਉਨ੍ਹਾਂ ਦੀਆਂ ਸੰਵੇਦਨਾਵਾਂ 'ਤੇ ਬੁਰੀਆਂ ਖ਼ਬਰਾਂ, ਟਕਰਾਅ ਅਤੇ ਸ਼ੋਰ ਦੀ ਬੰਬਾਰੀ ਹੋ ਰਹੀ ਹੈ।

ਟੀਵੀ ਦੇ ਪਰਦਿਆਂ ਤੋਂ ਆਉਣ ਵਾਲੀ ਚੀਕ-ਪੁਕਾਰ, ਵੀਡੀਓ ਨਾਲ ਭਰੇ ਮੋਬਾਈਲ, ਵੱਡਿਆਂ ਦੀ ਤੇਜ਼ ਆਵਾਜ਼ ਵਿੱਚ ਗੱਲਬਾਤ, ਦੁੱਖ ਪਹੁੰਚਾਉਣ ਵਾਲੀਆਂ ਟਿੱਪਣੀਆਂ, ਦੂਜਿਆਂ ਦਾ ਅਪਮਾਨ, ਕੋਈ ਹੈਰਾਨੀ ਨਹੀਂ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਆਲੇ ਦੁਆਲੇ ਤੋਂ ਕੱਟੇ ਹੋਏ ਨੌਜਵਾਨ ਦੇ ਰੂਪ ਵਿੱਚ ਵੱਡੇ ਹੁੰਦੇ ਹਨ।

ਅਜਿਹੇ ਨੌਜਵਾਨ ਜੋ ਹਰ ਤਰ੍ਹਾਂ ਦੀ ਹਿੰਸਾ ਪ੍ਰਤੀ ਸੁੰਨ ਹੋ ਚੁੱਕੇ ਹਨ ਅਤੇ ਜਿਨ੍ਹਾਂ ਲੋਕਾਂ 'ਤੇ ਉਹ ਨਿਰਭਰ ਸਨ, ਉਨ੍ਹਾਂ ਨੂੰ ਅਜਨਬੀ ਮੰਨਣ ਲੱਗੇ ਹਨ। ਸੰਵੇਦਨਸ਼ੀਲ ਬੱਚੇ ਖ਼ੁਦ ਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਹਮੇਸ਼ਾ ਲਈ ਕੱਟ ਲੈਂਦੇ ਹਨ।

ਚਿੰਤਾ, ਘਬਰਾਹਟ ਅਤੇ ਉਦਾਸੀਨਤਾ ਦਾ ਇਹ ਦੌਰ ਅਸੀਂ ਆਪਣੇ ਉੱਪਰ ਥੋਪ ਰੱਖਿਆ ਹੈ, ਪਰ ਮਾਤਾ-ਪਿਤਾ ਦੇ ਰੂਪ ਵਿੱਚ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਮਾਮਲੇ ਵਿੱਚ ਅਸੀਂ ਲਾਚਾਰ ਨਹੀਂ ਹਾਂ। ਆਪਣੇ ਬੱਚਿਆਂ ਦਾ ਬਚਪਨ ਬਚਾਉਣ ਵਿੱਚ ਸਾਨੂੰ ਵੀ ਇੱਕ ਭੂਮਿਕਾ ਨਿਭਾਉਣੀ ਹੈ।

ਬੱਚੇ ਉਹੀ ਕਰਦੇ ਹਨ ਜੋ ਤੁਹਾਨੂੰ ਕਰਦੇ ਦੇਖਦੇ ਹਨ

ਆਪਣੇ ਜੀਵਨ ਦੇ ਮੱਧ ਵਿੱਚ ਜਦੋਂ ਮੈਂ ਬੱਚਿਆਂ ਨੂੰ ਪਾਲਣ ਪੋਸ਼ਣ ਦਾ ਸਫ਼ਰ ਸ਼ੁਰੂ ਕੀਤਾ ਤਾਂ ਇਸ ਦੇ ਪਿੱਛੇ ਕਿਧਰੇ ਤੋਂ ਵੀ ਇਹ ਸੋਚ ਮੌਜੂਦ ਨਹੀਂ ਸੀ ਕਿ ਮੈਂ ਕਿਸੇ ਆਤਮ-ਸੁਧਾਰ ਪ੍ਰੋਗਰਾਮ 'ਤੇ ਹਸਤਾਖਰ ਕਰ ਰਹੀ ਹਾਂ।

ਬੱਚਾ

ਤਸਵੀਰ ਸਰੋਤ, NATASHA BADHWAR

ਮੈਨੂੰ ਕੁਝ ਗੱਲਾਂ ਸਿਖਾਉਣੀਆਂ ਸਨ, ਖ਼ੁਦ ਕੁਝ ਸਿੱਖਣਾ ਨਹੀਂ ਸੀ, ਪਰ ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਪਾਲਣ ਪੋਸ਼ਣ ਵਿੱਚ ਆਪਣੇ ਮਾਤਾ-ਪਿਤਾ ਤੋਂ ਅਲੱਗ ਰਸਤਾ ਫੜਨ ਦੀ ਇੱਛਾ ਰੱਖਣਾ ਕਿੰਨਾ ਆਸਾਨ ਹੈ, ਪਰ ਆਪਣੀਆਂ ਸਮਾਜਿਕ-ਸੰਸਕ੍ਰਿਤਕ ਪੂਰਨ ਧਾਰਨਾਵਾਂ ਤੋਂ ਆਜ਼ਾਦ ਹੋਣਾ ਕਿੰਨਾ ਮੁਸ਼ਕਿਲ ਹੈ।

ਆਪਣੀ ਨੈਤਿਕ ਸਿੱਖਿਆ ਦੇ ਪਾਠ ਮੈਨੂੰ ਯਾਦ ਸਨ। ਚਾਲ-ਚਲਣ ਅਤੇ ਸੰਸਕਾਰ ਦੀ ਜਾਣਕਾਰੀ ਵੀ ਮੈਨੂੰ ਸੀ। ਇੰਟਰਨੈੱਟ 'ਤੇ ਜਵਾਬ ਲੱਭਣਾ ਮੈਨੂੰ ਖੂਬ ਆਉਂਦਾ ਸੀ। ਇੱਥੋਂ ਤੱਕ ਕਿ ਪੇਰੈਂਟਿੰਗ 'ਤੇ ਕੁਝ ਕਿਤਾਬਾਂ ਵੀ ਮੇਰੇ ਕੋਲ ਪਈਆਂ ਸਨ, ਜਿਨ੍ਹਾਂ ਵਿੱਚ ਬਹੁਤ ਜਾਣਕਾਰੀ ਸਬੰਧਿਤ ਤਸਵੀਰਾਂ ਦੇ ਨਾਲ ਛਪੀ ਸੀ।

ਪਰ ਜ਼ਿੰਦਗੀ ਦੀਆਂ ਜੋ ਕਦਰਾਂ ਕੀਮਤਾਂ ਕਿਤਾਬਾਂ ਅਤੇ ਕਲਾਸਾਂ ਵਿੱਚ ਬਹੁਤ ਚੰਗੀਆਂ ਲੱਗਦੀਆਂ ਹਨ, ਉਹ ਹਕੀਕਤ ਵਿੱਚ ਜ਼ਿਆਦਾ ਕਾਰਗਰ ਨਹੀਂ ਹੁੰਦੀਆਂ। ਹਰ ਪਲ ਉਨ੍ਹਾਂ ਦੀ ਪ੍ਰੀਖਿਆ ਲੈਣ ਅਤੇ ਉਨ੍ਹਾਂ 'ਤੇ ਸਵਾਲ ਖੜ੍ਹੇ ਕਰਨ ਦੀ ਜ਼ਰੂਰਤ ਪੈਂਦੀ ਹੈ।

ਕੀ ਵੱਡਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ?

ਕੀ ਅਧਿਆਪਕ ਹਮੇਸ਼ਾ ਸਹੀ ਹੁੰਦੇ ਹਨ?

ਕਿੰਨੀ ਆਈਸਕਰੀਮ ਨੂੰ ਜ਼ਿਆਦਾ ਆਈਸਕਰੀਮ ਮੰਨਿਆ ਜਾਵੇ?

ਕੀ ਮੈਂ ਲਹਿੰਗੇ ਨਾਲ ਆਪਣੀਆਂ ਹਵਾਈ ਚੱਪਲਾਂ ਪਹਿਨ ਸਕਦੀ ਹਾਂ?

ਇਹ ਵੀ ਪੜ੍ਹੋ:-

ਆਪਣੀ ਮਿਸਾਲ ਜ਼ਰੀਏ ਰਸਤਾ ਦਿਖਾਉਣ ਦੇ ਮਾਮਲੇ ਵਿੱਚ ਇਹ ਸਭ ਤੋਂ ਜ਼ਿਆਦਾ ਅਸੁਵਿਧਾਜਨਕ ਪਾਠ ਸਿੱਧ ਹੋਇਆ ਹੈ। ਤੁਹਾਨੂੰ ਯਾਦ ਹੈ ਕਿ ਕਿਵੇਂ ਸਾਡੇ ਮਾਤਾ-ਪਿਤਾ ਕਹਿੰਦੇ ਸਨ, ''ਵੱਡੇ ਹੋਣ 'ਤੇ ਤੁਹਾਡਾ ਜੋ ਦਿਲ ਕਰੇ ਉਹ ਕਰਨਾ।''

ਉਹ ਅਜਿਹਾ ਕਹਿੰਦੇ ਜ਼ਰੂਰ ਸਨ, ਪਰ ਉਨ੍ਹਾਂ ਦਾ ਮਤਲਬ ਇਹ ਨਹੀਂ ਹੁੰਦਾ ਸੀ। ਜੇਕਰ ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਚੰਗੀ ਤਰ੍ਹਾਂ ਸੌਣ, ਸਿਹਤਮੰਦ ਖਾਣਾ ਖਾਣ ਅਤੇ ਸਿੱਧੇ ਬੈਠਣ ਤਾਂ ਇਹ ਸਭ ਪਹਿਲਾਂ ਮੈਨੂੰ ਖ਼ੁਦ ਕਰਨਾ ਹੋਵੇਗਾ। ਉਹ ਉਹੀ ਕਰਦੇ ਹਨ ਜੋ ਮੈਂ ਕਰਦੀ ਹਾਂ, ਉਹ ਨਹੀਂ ਜੋ ਮੈਂ ਉਨ੍ਹਾਂ ਨੂੰ ਕਰਨ ਨੂੰ ਕਹਿੰਦੀ ਹਾਂ।

ਅਜਿਹਾ ਨਹੀਂ ਹੋ ਸਕਦਾ ਕਿ ਮੈਂ ਖ਼ੁਦ ਤਾਂ ਹਮੇਸ਼ਾ ਔਨਲਾਈਨ ਰਹਾਂ, ਪਰ ਆਪਣੇ ਬੱਚਿਆਂ ਤੋਂ ਉਮੀਦ ਕਰਾਂ ਕਿ ਉਹ ਕੰਪਿਊਟਰ ਲੌਗ ਆਫ ਕਰਕੇ ਪਾਰਕ ਵਿੱਚ ਖੇਡਣ ਚਲੇ ਜਾਣ। ਹਰ ਕੰਮ ਮੈਨੂੰ ਖ਼ੁਦ ਕਰਕੇ ਦਿਖਾਉਣਾ ਹੁੰਦਾ ਹੈ।

ਉਲਝੀਆਂ ਹੋਈਆਂ ਗੱਲਾਂ ਨੂੰ ਵੀ ਫੜ ਲੈਂਦੇ ਹਨ ਬੱਚੇ

ਆਖ਼ਰੀ ਗੱਲ ਇੱਕ ਅਜਿਹੇ ਤੋਹਫੇ ਦੀ, ਜਿਸ ਦੀ ਕੋਈ ਉਮੀਦ ਵੀ ਨਹੀਂ ਕੀਤੀ ਜਾਂਦੀ। ਬੱਚਿਆਂ ਦੀ ਬਦੌਲਤ, ਇਸ ਨਾਲ ਮੇਰਾ ਕਾਫ਼ੀ ਦਬਾਅ ਹਟ ਜਾਂਦਾ ਹੈ। ਮੈਨੂੰ ਸਿਰਫ਼ ਸੁਣਨ ਦੀ ਜ਼ਰੂਰਤ ਹੁੰਦੀ ਹੈ।

ਵੱਡਿਆਂ ਦੀ ਗੱਲਬਾਤ ਵਿੱਚ ਜੋ ਝੂਠ ਦਾ ਉਲਝਿਆ ਹੋਇਆ ਜਾਲਾ ਲੱਗਿਆ ਰਹਿੰਦਾ ਹੈ, ਬੱਚੇ ਉਸ ਨੂੰ ਬਹੁਤ ਆਸਾਨੀ ਨਾਲ ਦੇਖ ਸਕਦੇ ਹਨ।

ਬੱਚਾ

ਤਸਵੀਰ ਸਰੋਤ, NATASHA BADHWAR

ਮੇਰੀ ਸਭ ਤੋਂ ਛੋਟੀ ਬੱਚੀ ਜਦੋਂ ਚਾਰ ਸਾਲ ਦੀ ਸੀ ਤਾਂ ਉਸ ਨੇ ਕਿਹਾ, "ਸਾਰੇ ਲੋਕ ਮੈਨੂੰ ਪਿਆਰ ਕਰਦੇ ਹਨ। ਮੇਰੇ ਘਰ ਵਿੱਚ ਆਉਣ ਵਾਲੇ ਸਾਰੇ ਮਹਿਮਾਨ ਮੈਨੂੰ ਪਿਆਰ ਕਰਦੇ ਹਨ।"

ਮੈਂ ਉਸ ਨੂੰ ਕਿਹਾ, "ਸੁਣਨ ਵਿੱਚ ਤਾਂ ਇਹ ਗੱਲ ਬਹੁਤ ਚੰਗੀ ਲੱਗ ਰਹੀ ਹੈ।'' ਉਸ ਦੇ ਲਹਿਜੇ ਵਿੱਚ ਕੁਝ ਅਜਿਹਾ ਸੀ, ਜਿਵੇਂ ਕਿ ਉਸ ਦੇ ਦਿਲ ਵਿੱਚ ਕੋਈ ਤਕਲੀਫ਼ ਹੋਵੇ।"

ਉਸ ਨੇ ਕਿਹਾ, ''ਮੈਨੂੰ ਇਹ ਚੰਗਾ ਨਹੀਂ ਲੱਗਦਾ।''

ਮੈਂ ਪੁੱਛਿਆ, ''ਤੈਨੂੰ ਚੰਗਾ ਕਿਉਂ ਨਹੀਂ ਲੱਗਦਾ।''

ਉਸ ਨੇ ਕਿਹਾ, ''ਕੱਲ੍ਹ ਭੂਆ ਨੇ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ, ਪਰ ਉਸ ਦੇ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਨੇ ਆਪਣੀ ਬੇਟੀ ਨੂੰ ਝਿੜਕਿਆ। ਮੇਰੀ ਭੈਣ ਨੂੰ ਕਿਵੇਂ ਲੱਗ ਰਿਹਾ ਹੋਵੇਗਾ। ਉਹ ਸੋਚ ਕੇ ਮੈਨੂੰ ਚੰਗਾ ਨਹੀਂ ਲੱਗਿਆ।''

ਮੈਂ ਉਸ ਨੂੰ ਗਲ਼ ਨਾਲ ਲਾ ਲਿਆ। ਇੱਕ ਮਾਂ-ਬਾਪ ਦੀ ਹੈਸੀਅਤ ਨਾਲ ਮੈਨੂੰ ਸਿਰਫ਼ ਇੰਨਾ ਹੀ ਕਰਨਾ ਹੈ ਕਿ ਮੈਂ ਆਪਣੇ ਬੱਚਿਆਂ 'ਤੇ ਭਰੋਸਾ ਕਰਾਂ ਤਾਂ ਕਿ ਬੱਚਿਆਂ ਦਾ ਖ਼ੁਦ ਵਿੱਚ ਭਰੋਸਾ ਬਣਿਆ ਰਹੇ।

ਸਹੀ ਕੀ ਹੈ, ਇਨਸਾਫ਼ ਕੀ ਹੈ? ਇਸ ਦੀ ਸਮਝ ਬੱਚਿਆਂ ਵਿੱਚ ਕੁਦਰਤੀ ਹੁੰਦੀ ਹੈ। ਜੋ ਲੋਕ ਵੀ ਉਨ੍ਹਾਂ ਲਈ ਮਾਅਨੇ ਰੱਖਦੇ ਹਨ, ਉਹ ਉਨ੍ਹਾਂ ਵੱਲ ਦੇਖਦੇ ਹਨ। ਸਾਨੂੰ ਕੋਈ ਦੁਖ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਵੀ ਦੁਖ ਪਹੁੰਚਦਾ ਹੈ।

ਉਹ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਦੇ ਹਨ। ਸਾਡੇ ਬੱਚੇ ਅਜਿਹੀ ਪੀੜ੍ਹੀ ਬਣਨਗੇ ਜੋ ਪਿਆਰ ਦੇ ਠੰਢੇ ਬੁੱਲੇ ਨਾਲ ਨਫ਼ਰਤ ਦੇ ਬੱਦਲਾਂ ਨੂੰ ਉਡਾ ਲੈ ਜਾਣਗੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)