'ਮਾਂ, ਕਿਵੇਂ ਦੱਸਾਂ ਮੈਂ ਵੀ ਮਾਂ ਬਣ ਗਈ ਹਾਂ'

Robyn Hollingsworth as a child held by her mother outdoors

ਜਦੋਂ ਪੁੱਤਰ ਟੈੱਡੀ ਦਾ ਜਨਮ ਹੋਇਆ ਤਾਂ ਰੌਬਿਨ ਹੋਲਿੰਗਵਰਥ ਦੀ ਪਹਿਲੀ ਇੱਛਾ ਸੀ ਕਿ ਇਹ ਖ਼ਬਰ ਉਹ ਆਪਣੀ ਮਾਂ ਨਾਲ ਸਾਂਝੀ ਕਰੇ ਪਰ ਉਹ ਅਜਿਹਾ ਨਹੀਂ ਕਰ ਸਕੀ। ਰੋਬਿਨ ਦੀ ਮਾਂ ਦੀ ਮੌਤ ਦਸ ਤੋਂ ਵੀ ਜ਼ਿਆਦਾ ਸਾਲ ਪਹਿਲਾਂ ਹੋ ਗਈ ਸੀ। ਇਸ ਲਈ ਰੌਬਿਨ ਨੇ ਆਪਣੀ ਮਾਂ ਦੇ ਨਾਮ ਇੱਕ ਖਤ ਲਿਖਿਆ।

ਪਿਆਰੀ ਮਾਂ,

ਜੁਲਾਈ ਮਹੀਨੇ ਦੀ ਗਰਮ ਰਾਤ ਸੀ ਜਦੋਂ ਸਾਡਾ ਪੁੱਤਰ ਇਸ ਦੁਨੀਆਂ ਵਿੱਚ ਆਇਆ। ਅਸੀਂ ਹਾਲੇ ਵੀ ਥੱਕੇ ਹੋਏ, ਖੁਸ਼ ਤੇ ਹੈਰਾਨ ਹਾਂ।

ਚੈਲਸਾ ਵਿੱਚ ਜਿੱਥੇ ਤੁਸੀਂ ਤੇ ਪਿਤਾ ਜੀ ਰਹਿੰਦੇ ਰਹੇ ਹੋ ਉਥੋਂ ਸਿਰਫ਼ ਕੁਝ ਹੀ ਦੂਰੀ 'ਤੇ ਹਸਪਤਾਲ ਸਥਿਤ ਹੈ।

ਮੈਨੂੰ ਇਹ ਮੰਨਣਾ ਪਏਗਾ ਕਿ ਇਹ ਇੱਕ ਮੁਸ਼ਕਲ ਜਨਮ ਸੀ। ਸਾਡਾ ਸੋਹਣਾ ਸੁੱਨਖਾ ਸ਼ਾਨਦਾਰ ਪੁੱਤਰ ਟੈੱਡੀ ਤੈਅ ਸਮੇਂ ਤੋਂ 12 ਦਿਨ ਬਾਅਦ ਪਹੁੰਚਿਆ ਹੈ (ਉਮੀਦ ਹੈ ਕਿ ਆਉਣ ਵਾਲੀਆਂ ਚੀਜ਼ਾਂ ਦਾ ਕੋਈ ਸੰਕੇਤ ਨਹੀਂ!)। ਲਗਦਾ ਹੈ ਕਿ ਉਹ ਜ਼ਿਆਦਾ ਸੰਤੁਸ਼ਟ ਸੀ ਇਸ ਲਈ ਉਸ ਨੂੰ ਇੱਕ ਅਜਿਹੀ ਮਸ਼ੀਨ ਰਾਹੀਂ ਕੱਢਣਾ ਪਿਆ ਜੋ ਕਿ ਵੱਡੇ ਸਲਾਦ ਸਰਵਰ ਦੇ ਸੈੱਟ ਵਰਗੀ ਲਗਦੀ ਸੀ।

ਇਹ ਵੀ ਪੜ੍ਹੋ:

ਮੈਂ ਉਸ ਵਿੱਚ ਤੁਹਾਨੂੰ ਦੇਖਣਾ ਚਾਹੁੰਦੀ ਹਾਂ ਪਰ ਨਹੀਂ ਦੇਖ ਸਕਦੀ, ਮੈਂ ਉਸ ਵਿੱਚ ਨਾ ਤਾਂ ਖੁਦ ਨੂੰ ਅਤੇ ਨਾ ਹੀ ਐਂਡੀ ਦਾ ਅਕਸ ਦੇਖਦੀ ਹਾਂ। ਉਹ ਖੁਦ ਹੀ ਆਪਣੀ ਪਛਾਣ ਹੈ।

'ਸਵਾਲਾਂ ਦਾ ਜਵਾਬ ਕਿਵੇਂ ਦੇਵਾਂਗੀ'

ਕੀ ਮੇਰਾ ਵੀ ਇਸ ਦੁਨੀਆਂ ਵਿੱਚ ਆਉਣਾ ਇਸੇ ਤਰ੍ਹਾਂ ਸਦਮੇ ਵਾਲਾ ਸੀ? ਮੈਨੂੰ ਪਤਾ ਹੈ ਮੈਂ ਵੀ ਐਮਰਜੈਂਸੀ ਰਾਹੀਂ ਆਈ ਸੀ ਅਤੇ ਮੈਨੂੰ ਡਰ ਸੀ ਕਿ ਕਿਤੇ ਮੇਰਾ ਬੱਚਾ ਵੀ ਇਸੇ ਤਰ੍ਹਾਂ ਹੀ ਨਾ ਆਏ।

Robyn holding her newborn son Teddy

ਮੇਰੇ ਮਨ ਵਿੱਚ ਕਈ ਸਵਾਲ ਹਨ ਅਤੇ ਆਨਲਾਈਨ ਜਵਾਬ ਕਾਫੀ ਡਰਾਉਣ ਵਾਲੇ ਹਨ। ਕੀ ਮੈਨੂੰ ਇਸ ਤਰ੍ਹਾਂ ਡਰ ਮਹਿਸੂਸ ਕਰਨਾ ਚਾਹੀਦਾ ਹੈ?

ਕੀ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ? ਕੀ ਉਸ ਦਾ ਇਹੀ ਰੰਗ ਹੋਣਾ ਚਾਹੀਦਾ ਹੈ?

ਉਸ ਨੂੰ ਦੁੱਧ ਪਿਲਾਉਣ ਦਾ ਤਰੀਕਾ ਤੇ ਪੋਤੜਿਆਂ ਨਾਲ ਪਏ ਧੱਫੜਾਂ ਦਾ ਕੀ ਕੀਤਾ ਜਾ ਸਕਦਾ ਹੈ?

ਜਦੋਂ ਮੇਰੇ ਕੋਲ ਮੌਕਾ ਸੀ ਉਦੋਂ ਮੈਂ ਤੁਹਾਨੂੰ ਇਹ ਸਵਾਲ ਨਹੀਂ ਪੁੱਛੇ। ਮੈਂ ਉਦੋਂ 20 ਸਾਲ ਦੀ ਸੀ ਅਤੇ ਬੱਚੇ ਦਾ ਖਿਆਲ ਹੀ ਨਹੀਂ ਸੀ।

ਤੁਹਾਡੇ ਅਖੀਰਲੇ ਦਿਨਾਂ ਵਿੱਚ ਮੇਰੇ ਅਤੇ ਮੇਰੇ ਭਵਿੱਖ ਬਾਰੇ ਗੱਲ ਕਰਨਾ ਉਚਿਤ ਨਹੀਂ ਜਾਪਦਾ ਸੀ।

ਉਹ ਹਫ਼ਤੇ ਤੁਹਾਡੀ ਦਵਾਈ, ਤੁਹਾਡੇ ਲਈ ਖਾਣਾ ਪਕਾਉਣ ਜੋ ਤੁਸੀਂ ਘੱਟ ਹੀ ਖਾ ਪਾ ਰਹੇ ਸੀ ਤੇ ਕੇਂਦਰਿਤ ਸਨ ਅਤੇ ਦੋਸਤਾਂ ਅਤੇ ਪਰਿਵਾਰ ਦੇ ਆਖਰੀ ਦੌਰੇ ਹੋ ਰਹੇ ਸਨ।

Robyn Hollingworth with her father
ਤਸਵੀਰ ਕੈਪਸ਼ਨ, ਰੌਬਿਨ ਦੀ ਪਿਤਾ ਨਾਲ ਬਚਪਨ ਦੀ ਤਸਵੀਰ

ਮੈਂ ਉਸ ਵੇਲੇ ਪਿਤਾ ਜੀ ਦਾ ਵੀ ਧਿਆਨ ਰੱਖ ਰਹੀ ਸੀ। ਉਸ ਵੇਲੇ ਡਿਮੈਨਸ਼ੀਆ ਤੋਂ ਪੀੜ੍ਹਤ ਹੋਣ ਕਾਰਨ ਉਨ੍ਹਾਂ ਦਾ ਧਿਆਨ ਰਖਣਾ ਬਹੁਤ ਔਖਾ ਸੀ।

ਮੈਂ ਅੰਨ੍ਹੇਵਾਹ ਹੀ ਸਭ ਕੁਝ ਕਰ ਰਹੀ ਹਾਂ, ਮੈਨੂੰ ਲਗਦਾ ਹੈ ਕਿ ਤੁਸੀਂ ਵੀ ਮੈਨੂੰ ਅਤੇ ਗੈਰੇਥ ਨੂੰ ਦੂਰ-ਦੁਰਾਡੇ ਕੀਨੀਆ ਅਤੇ ਦੁਬਈ ਵਿੱਚ ਪਾਲਦੇ ਹੋਏ ਇਸੇ ਤਰ੍ਹਾਂ ਹੀ ਕੀਤਾ ਹੋਵੇਗਾ।

ਉਸ ਦੌਰ ਵਿੱਚ ਵੀਡੀਓ ਕਾਲਿੰਗ ਅਤੇ ਫੋਨ ਐਪਸ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਅਤੇ ਤੁਸੀਂ ਸਕਾਟਲੈਂਡ ਵਿੱਚ ਆਪਣੇ ਮਾਪਿਆਂ ਨੂੰ ਟੈਲੀਗਰਾਮ ਲਿੱਖ ਰਹੇ ਸੀ।

ਬਚਪਨ ਦੀਆਂ ਉਹ ਯਾਦਾਂ...

ਕਾਸ਼! ਮੈਂ ਅੱਜ ਉਹ ਕਹਾਣੀਆਂ ਸੁਣ ਸਕਦੀ ਕਿ ਅਸੀਂ ਬਚਪਨ ਵਿੱਚ ਕਿਵੇਂ ਸੀ। ਗੈਰੇਥ ਨੂੰ ਯਾਦ ਹੈ ਕਿ ਤੁਸੀਂ ਮੈਨੂੰ ਪੀਲੇ ਰੰਗ ਦੇ ਪਲਾਸਟਿਕ ਦੇ ਟੱਬ ਵਿੱਚ ਰਸੋਈ ਵਿੱਚ ਹੀ ਭਾਂਡੇ ਧੋਣ ਵਾਲੀ ਹੌਦੀ ਵਿੱਚ ਨਹਾਉਂਦੇ ਸੀ।

ਮੈਂ ਵੀ ਉਹੀ ਕਰਦੀ ਹਾਂ ਹਾਲਾਂਕਿ ਮੇਰਾ ਟੱਬ ਚਿੱਟਾ ਹੈ।

ਮੈਨੂੰ ਯਾਦ ਹੈ ਪਿਤਾ ਜੀ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਕਿ ਉਹ ਮੇਰੇ ਜਨਮ ਤੋਂ ਬਾਅਦ ਗੈਰੇਥ ਨੂੰ ਖਿਡੌਣਿਆਂ ਦੀ ਇੱਕ ਦੁਕਾਨ 'ਤੇ ਲੈ ਕੇ ਗਏ ਸਨ।

ਗੈਰੇਥ ਨੇ ਇੱਕ ਪਲਾਸਟਿਕ ਦੇ ਗਿਟਾਰ ਚੁਣਿਆ ਸੀ ਤਾਂ ਕਿ ਉਹ ਮੇਰੇ ਲਈ ਗਾ ਸਕੇ।

ਮੈਨੂੰ ਪਿਤਾ ਜੀ ਦੀ ਆਵਾਜ਼ ਵਿੱਚ ਨਿੱਘੇ ਪਿਆਰ ਦੀ ਇਹ ਕਹਾਣੀ ਬਹੁਤ ਪਸੰਦ ਸੀ ਕਿਉਂਕਿ ਗੈਰੇਥ ਸੰਗੀਤ ਦੀ ਪ੍ਰਤਿਭਾ ਤੋਂ ਕਾਫੀ ਦੂਰ ਹੈ।

Robyn as a baby with her older brother Gareth serenading her on his guitar
ਤਸਵੀਰ ਕੈਪਸ਼ਨ, ਬਚਪਨ ਵਿੱਚ ਰੌਬਿਨ ਲਈ ਉਸ ਦੇ ਭਰਾ ਗੈਰੇਥ ਨੇ ਉਸ ਲਈ ਗਿਟਾਰ ਵਜਾਇਆ ਸੀ

ਫਿਰ ਤੁਸੀਂ ਇਹ ਦੱਸਿਆ ਸੀ ਕਿ ਸਾਰਾ ਦਿਨ ਸਾਡਾ ਧਿਆਨ ਰੱਖਣ ਤੋਂ ਬਾਅਦ ਤੁਸੀਂ ਪੂਰੀ ਗਰਮੀ ਵਿੱਚ ਛੱਤ ਉੱਤੇ ਬੈਠ ਕੇ ਲੋੜੀਂਦੇ ਟੌਨਿਕ ਲੈਂਦੇ ਸੀ।

ਜਦੋਂ ਮੈਂ ਬਾਹਰ ਹਵਾ ਵਿੱਚ ਬੈਠਦੀ ਹਾਂ ਤਾਂ ਮੈਂਨੂੰ ਲਗਦਾ ਹੈ ਕਿ ਮੈਂ ਤੁਹਾਡਾ ਅਵਤਾਰ ਹਾਂ।

ਇਹ ਵੀ ਪੜ੍ਹੋ:

ਗਰਮੀ ਮੇਰੇ ਅੱਥਰੂ ਸੁਕਾ ਦਿੰਦੀ ਹੈ ਅਤੇ ਮੈਂ ਆਪਣੇ ਗਲਾਸ 'ਚੋਂ ਘੁੱਟ ਭਰਦੀ ਹਾਂ ਅਤੇ ਮੇਰੇ ਮਾਂ ਬਣਨ ਦੀਆਂ ਮੁਸ਼ਕਲਾਂ ਸੁੱਕ ਜਾਂਦੀਆਂ ਹਨ।

ਇਸ ਟਿਪ ਲਈ ਤੁਹਾਡਾ ਧੰਨਵਾਦ। ਮੇਰੇ ਗਰਭ ਵੇਲੇ ਮੈਨੂੰ ਲਗਦਾ ਸੀ ਕਿ ਮੈਨੂੰ ਕੋਈ ਦੇਖ ਰਿਹਾ ਹੈ ਪਰ ਇਹ ਡਰਾਉਣਾ ਨਹੀਂ ਸੀ।

ਮੈਨੂੰ ਲਗਦਾ ਸੀ ਮੈਂ ਤੁਹਾਡੇ ਤੇ ਪਿਤਾ ਜੀ ਅਤੇ ਉਸ ਬੱਚੇ ਦੇ ਨਾਲ ਹਾਂ ਜੋ ਹਾਲੇ ਇਸ ਦੁਨੀਆਂ ਵਿੱਚ ਆਇਆ ਹੀ ਨਹੀਂ।

ਜੇ ਉਹ ਪੁੱਛੇਗਾ ਮੇਰੇ ਮਾਪੇ ਕਿੱਥੇ ਹਨ...

ਹੁਣ ਮੇਰਾ ਪੁੱਤਰ ਇਸ ਦੁਨੀਆਂ ਵਿੱਚ ਹੈ ਪਰ ਇਹ ਪਾੜਾ, ਇਹ ਖੱਪਾ ਕਦੇ ਪੂਰਾ ਨਹੀਂ ਹੋ ਸਕਦਾ।

ਮੈਨੂੰ ਨਹੀਂ ਪਤਾ ਕਿ ਮੈਂ ਉਨ੍ਹਾਂ ਸਵਾਲਾਂ ਦਾ ਜਵਾਬ ਕਿਵੇਂ ਦੇਵਾਂਗੀ ਜਦੋਂ ਮੇਰਾ ਪੁੱਤਰ ਤੁਹਾਡੇ ਬਾਰੇ ਪੁੱਛੇਗਾ।

ਮੈਂ ਕੀ ਜਵਾਬ ਦੇਵਾਂਗੀ ਜਦੋਂ ਉਹ ਪੁੱਛੇਗਾ ਕਿ ਤੁਹਾਡੇ ਮਾਪੇ ਕਿੱਥੇ ਹਨ ਅਤੇ ਕੀ ਅਸੀਂ ਵੀ ਇੱਕ ਦਿਨ ਮਰ ਜਾਵਾਂਗੇ।

ਤੁਸੀਂ ਆਪਣੇ ਪੋਤੇ ਨੂੰ ਕਦੇ ਨਹੀਂ ਮਿਲੋਗੇ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ-ਦੂਜੇ ਨੂੰ ਜਾਣੋ।

ਗੈਰੇਥ ਕਹਿੰਦਾ ਹੈ ਉਹ ਪਿਤਾ ਬਣਨ ਤੋਂ ਬਾਅਦ ਸੱਚਮੁਚ ਚਾਹੁੰਦਾ ਸੀ ਕਿ ਉਹ ਤੁਹਾਡੇ ਅਤੇ ਪਿਤਾ ਜੀ ਤੋਂ ਮਾਫੀ ਮੰਗੇ।

ਉਹ ਦੇਰ ਰਾਤ ਆਉਣ ਲਈ ਮਾਫੀ ਮੰਗਦਾ ਹੈ, ਉਨ੍ਹਾਂ ਰਾਤਾਂ ਲਈ ਮਾਫੀ ਮੰਗਦਾ ਹੈ ਜਦੋਂ ਉਸ ਨੇ ਝਗੜੇ ਕੀਤੇ ਨੱਖਰੇ ਕੀਤੇ - ਪਰ ਤੁਹਾਡੇ ਅਨੁਸਾਰ ਉਹ ਪਰਿਵਾਰ ਵਿੱਚ ਚੰਗਾ ਬੱਚਾ ਸੀ!

Robyn holding her son Teddy. She's standing next to her brother Gareth and his son, with her husband far right
ਤਸਵੀਰ ਕੈਪਸ਼ਨ, ਰੌਬਿਨ ਆਪਣੇ ਬੱਚੇ ਟੈੱਡੀ, ਪਤੀ ਅਤੇ ਭਰਾ ਗੈਰੇਥ ਤੇ ਉਸ ਦੇ ਪੁੱਤਰ ਦੇ ਨਾਲ

ਉਸ ਨੇ ਆਪਣੇ ਪੁੱਤਰ ਨੂੰ ਬਹੁਤ ਚੰਗਾ ਸਿਖਾਇਆ ਹੈ ਜੋ ਕਿ ਤੁਹਾਡੇ ਦੋਹਾਂ ਦੀਆਂ ਤਸਵੀਰਾਂ ਦੇਖ ਕੇ ਹੀ ਪਛਾਣ ਲੈਂਦਾ ਹੈ ਕਿ ਦਾਦਾ-ਦਾਦੀ ਹਨ।

ਉਸ ਨੂੰ ਪਤਾ ਹੈ ਕਿ ਤੁਸੀਂ ਕੌਣ ਹੋ ਅਤੇ ਇਹ ਵੀ ਪਤਾ ਹੈ ਕਿ ਤੁਸੀਂ ਉਸ ਨੂੰ ਕਾਫੀ ਪਿਆਰ ਕਰਦੇ।

'ਮੈਂ ਸੰਪੂਰਣ ਨਹੀਂ ਹਾਂ'

ਕੀ ਤੁਸੀਂ ਕਦੇ ਸੋਚਿਆ ਸੀ ਕਿ ਮੈਂ ਇੱਕ ਚੰਗੀ ਮਾਂ ਬਣਾਂਗੀ? ਮੈਨੂੰ ਪਤਾ ਹੈ ਕਿ ਮੈਂ ਜਵਾਨ ਹੁੰਦੇ ਹੋਏ ਜ਼ਿਆਦਾ ਧਿਆਨ ਰੱਖਣ ਵਾਲੀ ਨਹੀਂ ਸੀ।

ਮੈਨੂੰ ਨਹੀਂ ਲਗਦਾ ਕਿ ਤੁਹਾਡੇ ਅਤੇ ਪਿਤਾ ਜੀ ਦਾ ਧਿਆਨ ਰਖਣ ਲਈ ਘਰ ਆਉਣ ਤੋਂ ਪਹਿਲਾਂ ਮੈਂ ਕਿਸੇ ਚੀਜ਼ ਦੀ ਪਰਵਾਹ ਕਰਦੀ ਸੀ।

ਪਰ ਮੇਰੇ ਉਸ ਤਜ਼ੁਰਬੇ ਨੇ ਮੈਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਮੈਨੂੰ ਲਗਦਾ ਹੈ ਕਿ ਮੈਂ ਉਸ ਬੇਸ਼ਰਤ ਪਿਆਰ ਦੇ ਕਾਬਿਲ ਹੋਵਾਂਗੀ।

ਮੈਂ ਸੰਪੂਰਣ ਨਹੀਂ ਹਾਂ। ਜਦੋਂ ਪਿਤਾ ਜੀ ਫੋਨ ਫ੍ਰੀਜ਼ਰ ਵਿੱਚ ਰੱਖ ਦਿੰਦੇ ਸਨ ਜਾਂ ਨਾਸ਼ਤੇ ਵਿੱਚ ਚਿਕਨ ਚਾਉਮਿਨ ਆਰਡਰ ਕਰਦੇ ਸਨ ਤਾਂ ਮੇਰਾ ਸਬਰ ਟੁੱਟ ਜਾਂਦਾ ਸੀ।

ਮੈਂ ਖੁਦ ਨੂੰ ਕਾਫ਼ੀ ਉਦਾਸ ਮਹਿਸੂਸ ਕਰਦੀ ਹਾਂ ਜਦੋਂ ਮੇਰੇ ਕਪੜਿਆਂ ਵਿੱਚੋਂ ਬੱਚੇ ਦਾ ਮੱਲ ਦੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ:

ਮੈਂ ਤੁਹਾਡਾ ਅਤੇ ਪਿਤਾ ਜੀ ਦਾ ਮਜ਼ਾਕੀਆ ਅੰਦਾਜ਼ ਯਾਦ ਕਰਦੀ ਹਾਂ। ਮੈਂ ਤੁਹਾਨੂੰ ਦੋਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਿੰਨੀ ਬੁਰੀ ਸੀ ਅਤੇ ਮੇਰੇ ਕੋਲ ਹੁਣ ਕਿੰਨਾ ਸੁੱਖ ਹੈ।

ਇਹ ਇੰਨਾ ਵੀ ਬੁਰਾ ਨਹੀਂ ਹੈ, ਮੈਂ ਆਪਣੇ ਹੰਝੂ ਪੂੰਝਦੀ ਹਾਂ ਅਤੇ ਮਾਂ ਹੋਣ ਦਾ ਸੁੱਖ ਭੋਗਦੀ ਹਾਂ।

ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਨੂੰ ਦੇਖੋ, ਮਹਿਸੂਸ ਕਰੋ ਅਤੇ ਮਿਲੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਕਰਦੀ ਹਾਂ।

ਮੈਂ ਚਾਹੁੰਦੀ ਹਾਂ ਕਿ ਉਹ ਵੀ ਤੁਹਾਨੂੰ ਉਸੇ ਤਰ੍ਹਾਂ ਪਿਆਰ ਕਰੇ ਜਿਵੇਂ ਮੈਂ ਤੁਹਾਨੂੰ ਕਰਦੀ ਹਾਂ। ਇਸ ਦੁਨੀਆਂ ਵਿੱਚ ਕਦੇ ਵੀ ਬਹੁਤਾ ਪਿਆਰ ਨਹੀਂ ਹੋ ਸਕਦਾ।

(ਰੌਬਿਨ ਹੋਲਿੰਗਵਰਥ 'ਮਾਈ ਮੈਡ ਡੈਡ: ਦਿ ਡਾਇਰੀ ਆਫ਼ ਐਨ ਅਨਰੈਵਲਿੰਗ ਮਾਈਂਡ' ਦੀ ਲੇਖਿਕਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)