ਅਧਾਰ ਕਾਰਡ ਬਾਰੇ ਸਰਕਾਰ ਦੀ ਇਸ ਚੇਤਾਵਨੀ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ - ਪ੍ਰੈੱਸ ਰੀਵਿਊ

ਕੇਂਦਰ ਸਰਕਾਰ ਨੇ 'ਆਧਾਰ ਕਾਰਡ' ਦੀ ਫੋਟੋਕਾਪੀ ਕਿਸੇ ਨਾਲ ਸਾਂਝਾ ਨਾ ਕਰਨ ਵਾਲੀ ਆਪਣੀ ਚਿਤਾਵਨੀ ਨੂੰ 2 ਦਿਨਾਂ ਬਾਅਦ ਹੀ ਵਾਪਸ ਲੈ ਲਿਆ ਹੈ ਅਤੇ ਕਿਹਾ ਕਿ ਇਸ ਨੂੰ ''ਗਲਤ ਤਰੀਕੇ ਨਾਲ ਸਮਝਿਆ'' ਗਿਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਲੰਘੀ 27 ਮਈ ਨੂੰ ਆਧਾਰ ਦਾ ਪ੍ਰਬੰਧਨ ਕਰਨ ਵਾਲੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਆਧਾਰ ਕਾਰਡ ਦੀ ਫੋਟੋਕਾਪੀ ਕਿਸੇ ਨਾਲ ਵੀ ਸਾਂਝਾ ਨਾ ਕਰੇ ਕਿਉਂਕਿ ਇਸ ਦੀ ''ਦੁਵਰਤੋਂ'' ਹੋ ਸਕਦੀ ਹੈ।

ਇਸ ਨੋਟੀਫਿਕੇਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਚਰਚਾ ਛਿੜ ਗਈ ਕਿ ਇਹ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਬਹੁਤ ਦੇਰ ਹੋ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਹਸਪਤਾਲਾਂ, ਹੋਟਲਾਂ ਸਮੇਤ ਕਿੰਨੀਆਂ ਹੀ ਥਾਵਾਂ 'ਤੇ ਆਧਾਰ ਕਾਰਡ ਦੀ ਫੋਟੋ ਕਾਪੀ ਜਮ੍ਹਾਂ ਕੀਤੀ ਜਾ ਚੁੱਕੀ ਹੈ।

ਐਤਵਾਰ ਨੂੰ, ਇਲੈਕਟ੍ਰਾਨਿਕ ਅਤੇ ਸੂਚਨਾ ਤਕਨੀਕੀ ਨਾਲ ਜੁੜੇ ਮੰਤਰਾਲੇ ਨੇ ਕਿਹਾ ਕਿ ''ਨੋਟੀਫਿਕੇਸ਼ਨ ਵਿੱਚ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਆਧਾਰ ਦੀ ਫੋਟੋਕਾਪੀ ਨੂੰ ਕਿਸੇ ਵੀ ਸੰਸਥਾ ਨਾਲ ਸਾਂਝਾ ਨਾ ਕਰਨ ਕਿਉਂਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ।''

''ਬਦਲ ਤੌਰ 'ਤੇ, ਉਹ ਇੱਕ 'ਮਾਸਕਡ ਆਧਾਰ' ਜੋ ਆਧਾਰ ਨੰਬਰ ਦੇ ਸਿਰਫ਼ ਆਖਰੀ 4 ਅੰਕਾਂ ਨੂੰ ਦਿਖਾਉਂਦਾ ਹੈ, ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, ਪ੍ਰੈਸ ਰਿਲੀਜ਼ ਦੀ ਗਲਤ ਤਰੀਕੇ ਨਾਲ ਸਮਝੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ, ਉਹੀ ਸਟੈਂਡ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।''

ਇਹ ਵੀ ਪੜ੍ਹੋ:

ਆਈਪੀਐੱਲ 2022: ਗੁਜਰਾਤ ਟਾਈਟਨਜ਼ ਬਣਿਆ ਚੈਂਪੀਅਨ, ਹਾਰਦਿਕ ਪਾਂਡਿਆ ਅਤੇ ਸ਼ੁਭਮਨ ਗਿੱਲ ਦਾ ਵਧੀਆ ਪ੍ਰਦਰਸ਼ਨ

ਆਈਪੀਐੱਲ 2022 ਦਾ ਫਾਈਨਲ ਮੈਚ ਗੁਜਰਾਤ ਟਾਈਟਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਵਿੱਚ ਗੁਜਰਾਤ ਦੀ ਟੀਮ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕਰ ਲਿਆ।

ਐੱਨਡੀਟੀਵੀ ਸਪੋਰਟਸ ਦੀ ਖ਼ਬਰ ਮੁਤਾਬਕ, ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਚਾਰ ਓਵਰਾਂ ਵਿੱਚ 3 ਵਿਕਟਾਂ ਲੈ ਕੇ ਰਾਜਸਥਾਨ ਦੀ ਟੀਮ ਨੂੰ 130 ਦੌੜਾਂ ਤੱਕ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ।

ਅਹਿਮ ਪਾਰੀ ਖੇਡਦੇ ਹੋਏ ਸ਼ੁਭਮਨ ਗਿੱਲ ਨੇ ਟੀਮ ਲਈ ਨਾਬਾਦ 45 ਦੌੜਾਂ ਅਤੇ ਡੇਵਿਡ ਮਿਲਰ ਨੇ 19 ਗੇਂਦਾਂ ਵਿੱਚ 32 ਦੌੜਾਂ ਬਣਾਈਆਂ। ਆਰ ਸਾਈ ਕਿਸ਼ੋਰ ਨੇ ਵੀ ਦੋ ਵਿਕਟਾਂ ਲਈਆਂ।

ਰਾਜਸਥਾਨ ਦੀ ਟੀਮ ਲਈ ਸਭ ਤੋਂ ਵੱਧ ਦੌੜਾਂ ਜੋਸ਼ ਬਟਲਰ ਨੇ ਬਣਾਈਆਂ, ਜਿਨ੍ਹਾਂ ਨੇ 39 ਗੇਂਦਾਂ ਵਿੱਚ 35 ਦੌੜਾਂ ਜੋੜੀਆਂ।

ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਅਫ਼ਗਾਨਿਸਤਾਨ ਵਿੱਚ ਚਲਾ ਰਹੇ ਟ੍ਰੇਨਿੰਗ ਕੈਂਪ: ਯੂਐੱਨ ਟੀਮ

ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੀ ਨਿਗਰਾਨ ਟੀਮ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਤਾਲਿਬਾਨ ਦੇ ਇਲਾਕੇ ਵਿੱਚ ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਆਪਣੇ ਟ੍ਰੇਨਿੰਗ ਕੈਂਪ ਚਲਾ ਰਹੇ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲਸ਼ਕਰ-ਏ-ਤੈਯਬਾ ਅਤੇ ਜੈਸ਼-ਏ-ਮੁਹੰਮਦ ਦੇ ਤਾਲਿਬਾਨ ਨਾਲ ਡੂੰਘੇ ਸਬੰਧ ਹਨ ਅਤੇ ਇਨ੍ਹਾਂ ਸਮੂਹਾਂ ਦੇ ਸਿਖਰਲੇ ਆਗੂਆਂ ਵਿਚਕਾਰ ਬੈਠਕਾਂ ਵੀ ਹੁੰਦੀਆਂ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਉਪ ਮਹਾਂਦੀਪ ਵਿੱਚ ਅਲ ਕਾਇਦਾ (ਏਕਿਊਆਈਐੱਸ) ਕੋਲ 180 ਤੋਂ 400 ਲੜਾਕੇ ਹਨ, ਜਿਨ੍ਹਾਂ ਵਿੱਚ "ਬੰਗਲਾਦੇਸ਼, ਭਾਰਤ, ਮਿਆਂਮਾਰ ਅਤੇ ਪਾਕਿਸਤਾਨ ਦੇ ਨਾਗਰਿਕ ਸ਼ਾਮਲ ਹਨ... ਜੋ ਗਜ਼ਨੀ, ਹੇਲਮੰਡ, ਕੰਧਾਰ, ਨਿਮਰੂਜ਼, ਪਕਤਿਕਾ ਅਤੇ ਜ਼ਾਬੁਲ ਪ੍ਰਾਂਤਾਂ ਵਿੱਚ ਮੌਜੂਦ ਹਨ।"

ਨਿਗਰਾਨੀ ਟੀਮ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪਾਬੰਦੀ ਲਗਾਉਣ ਵਾਲੀ ਕਮੇਟੀ ਦੀ ਸਹਾਇਤਾ ਕਰਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।