You’re viewing a text-only version of this website that uses less data. View the main version of the website including all images and videos.
ਪਿੰਡ ਦੇ 4 ਮੁਸਲਮਾਨ ਪਰਿਵਾਰਾਂ ਲਈ ਸਾਰੇ ਭਾਈਚਾਰੇ ਗੁਰਦੁਆਰੇ ਦੀ ਕੰਧ ਨਾਲ ਬਣਾ ਰਹੇ ਹਨ ਮਸਜਿਦ
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਜਗਰਾਉਂ ਅਤੇ ਰਾਏਕੋਟ ਮਾਰਗ ਤੋਂ ਇੱਕ ਪਾਸੇ ਨੂੰ ਹਟਵੇਂ ਪਿੰਡ ਫੇਰੂਰਾਈਂ ਨੇ ਭਾਈਚਾਰਕ ਸਾਂਝ ਦੀ ਇੱਕ ਅਨੌਖੀ ਮਿਸਾਲ ਕਾਇਮ ਕੀਤੀ ਹੈ। ਇੱਥੇ ਚਾਰ ਮੁਸਲਮਾਨ ਪਰਿਵਾਰਾਂ ਲਈ ਪਿੰਡ ਵਾਸੀ ਮਿਲ ਕੇ ਇੱਕ ਮਸੀਤ ਦੀ ਉਸਾਰੀ ਕਰ ਰਹੇ ਹਨ।
ਇਸ ਪਿੰਡ ਦੇ ਇੰਦਰ ਖਾਨ, ਜਿਨ੍ਹਾਂ ਦਾ 'ਸਰਕਾਰੀ ਕਾਗਜ਼ਾਂ ਵਿੱਚ ਨਾਂ' ਹਰੇਕ ਥਾਂ ਇੰਦਰਜੀਤ ਸਿੰਘ ਹੈ। ਉਹ ਰੋਜ਼ਾਨਾ ਤੜਕੇ ਚਾਰ ਵਜੇ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ 'ਚ ਸਾਫ਼-ਸਫਾਈ ਮਗਰੋਂ ਨਿਤਨੇਮ ਦਾ ਪਾਠ ਕਰਦੇ ਹਨ। ਬਾਅਦ ਵਿੱਚ ਨਮਾਜ਼ ਵੇਲੇ ਉਹ ਗੁਰਦੁਆਰਾ ਸਾਹਿਬ ਦੇ ਸੁੱਖ ਆਸਨ ਵਾਲੇ ਸਥਾਨ 'ਤੇ ਹੀ ਨਮਾਜ਼ ਅਦਾ ਕਰਦੇ ਹਨ।
ਉਨ੍ਹਾਂ ਨੇ ਇੱਕ ਹੋਰ ਅਨੌਖਾ ਕੰਮ ਸ਼ੁਰੂ ਕੀਤਾ ਹੋਇਆ ਹੈ। 2009 ਤੋਂ ਪਿੰਡ 'ਚ ਜਿਸ ਕਿਸੇ ਦੀ ਵੀ ਮੌਤ ਹੋਈ ਤਾਂ ਉਸ ਦਾ ਵੇਰਵਾ, ਭੋਗ ਦੀ ਤਾਰੀਕ ਆਦਿ ਦਾ ਰਿਕਾਰਡ ਉਹ ਰਜਿਸਟਰ 'ਚ ਰੱਖ ਰਹੇ ਹਨ।
ਇੰਨਾ ਹੀ ਨਹੀਂ ਜਿਸ ਘਰ 'ਚ ਮੌਤ ਹੋਈ ਹੁੰਦੀ ਹੈ ਉਥੇ ਜਾ ਕੇ ਜਪੁਜੀ ਸਾਹਿਬ ਦੇ 21 ਪਾਠ ਵੀ ਕਰਦੇ ਹਨ ਅਤੇ ਭੋਗ ਦੀਆਂ ਰਸਮਾਂ ਵੀ ਨਿਭਾਉਂਦੇ ਹਨ। ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ 'ਚ ਹੋਈ ਮੌਤ 'ਤੇ ਉਹ ਕਲਮਾਂ ਪੜ੍ਹਨ ਜਾਂਦੇ ਹਨ।
ਇੰਦਰ ਖ਼ਾਨ ਨੇ ਦੱਸਿਆ ਕਿ ਮੱਕੇ ਜਾਣ ਦਾ ਹਾਲੇ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਚਾਰਾਂ ਦਰਵਾਜ਼ਿਆਂ 'ਚ ਬੈਠ ਕੇ ਨਮਾਜ਼ ਅਦਾ ਕਰਨ ਦੀ ਚਾਹਤ ਪੂਰੀ ਕਰ ਲਈ ਹੈ ਜਿਸ ਨਾਲ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਡਾਢਾ ਸਕੂਨ ਮਿਲਿਆ।
ਪਿੰਡ 'ਚ ਮਸਜਿਦ ਦੀ ਉਸਾਰੀ
ਪਹਿਲਾਂ ਰਾਏਕੋਟ ਨੇੜਲੇ ਪਿੰਡ ਮੂਮ 'ਚ ਪੰਡਿਤਾਂ ਨੇ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਦੀ ਉਸਾਰੀ ਲਈ ਜ਼ਮੀਨ ਦਾਨ ਦੇ ਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਤਾਂ ਹੁਣ ਇਸ ਪਿੰਡ ਦੇ ਕੁਝ ਵਿੱਥ 'ਤੇ ਸਥਿਤ ਸਿੱਖ ਭਾਈਚਾਰਾ ਪਿੰਡ 'ਚ ਰਹਿੰਦੇ ਚਾਰ ਮੁਸਲਮਾਨ ਪਰਿਵਾਰਾਂ ਲਈ ਮਦੀਨਾ ਮਸਜਿਦ ਦੀ ਉਸਾਰੀ ਕਰਵਾ ਰਿਹਾ ਹੈ।
ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਨੇ ਇਸ ਦੇ ਲਈ 52 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ।
ਉਸ ਤੋਂ ਬਾਅਦ ਪਿੰਡ ਦੇ ਇੱਕ ਹੋਰ ਸਿੱਖ ਪਰਿਵਾਰ ਨੇ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ। ਹੁਣ ਕਈ ਪਰਿਵਾਰ 50-50 ਹਜ਼ਾਰ ਰੁਪਏ ਦਾ ਯੋਗਦਾਨ ਇਸ ਮਸਜਿਦ ਨੂੰ ਬਣਾਉਣ 'ਚ ਪਾ ਚੁੱਕੇ ਹਨ।
ਪਿੰਡ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿੰਡ ਫੇਰੂਰਾਈਂ 'ਚ ਇੱਕੋ ਮੁਸਲਮਾਨ ਪਰਿਵਾਰ ਬਚਿਆ ਸੀ।
ਇਹ ਵੀ ਪੜ੍ਹੋ-
ਅੱਜ ਪਿੰਡ 'ਚ ਰਹਿੰਦੇ ਚਾਰੇ ਪਰਿਵਾਰ ਇਕੋ ਖ਼ਾਨਦਾਨ ਨਾਲ ਸਬੰਧਤ ਹਨ। ਇਹ ਪਿੰਡ ਦੇ ਹਰ ਸਾਂਝੇ ਪ੍ਰੋਗਰਾਮ 'ਚ ਬਣਦਾ ਯੋਗਦਾਨ ਪਾਉਂਦੇ ਹਨ ਅਤੇ ਧਾਰਮਿਕ ਕਾਰਜਾਂ 'ਚ ਵੀ ਪਿੱਛੇ ਨਹੀਂ ਹੁੰਦੇ ਇਸ ਲਈ ਪਿੰਡ 'ਚ ਗੁਰਦੁਆਰੇ ਦੀ ਹਦੂਦ ਨਾਲ ਹੀ ਜ਼ਮੀਨ ਦਿੱਤੀ ਗਈ ਅਤੇ ਕੁਝ ਜ਼ਮੀਨ ਪੰਚਾਇਤ ਨੇ ਦਿੱਤੀ ਹੈ।
ਇਹ ਪਿੰਡ ਫਿਰਕੂ ਸਦਭਾਵਨਾ ਦੀ ਇੱਕ ਵਧੀਆ ਮਿਸਾਲ ਬਣਿਆ ਹੈ।
ਮਸਜਿਦ ਲਈ ਪਹਿਲੀਆਂ 13 ਇੱਟਾਂ ਗੁਰਦੁਆਰਾ ਰਾਏ ਪੱਤੀ ਵਿਖੇ ਇੱਕ ਸਾਂਝੀ ਅਰਦਾਸ ਅਤੇ ਦੁਆ 'ਚ ਪਿੰਡ ਦੇ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਸਤਿਕਾਰ ਨਾਲ ਉਸਾਰੀ ਵਾਲੀ ਥਾਂ 'ਤੇ ਪਹੁੰਚਾਉਣ ਤੋਂ ਪਹਿਲਾਂ ਬਖਸ਼ਿਸ਼ ਕੀਤੀਆਂ ਗਈਆਂ।
ਸਿੱਖ ਭਾਈਚਾਰਾ ਇਸ 'ਚ ਰੁਪਏ ਅਤੇ ਸਮੱਗਰੀ ਪੱਖੋਂ ਵੱਡਾ ਯੋਗਦਾਨ ਪਾ ਰਿਹਾ ਹੈ।
ਗੁਰਦੁਆਰੇ ਦੇ ਪ੍ਰਧਾਨ ਇਕਬਾਲ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਪਿੰਡ 'ਚ ਗੁਰਦੁਆਰਾ ਅਤੇ ਮੰਦਰ ਸੀ ਅਤੇ ਉਹ ਇੱਕ ਮਸਜਿਦ ਵੀ ਚਾਹੁੰਦੇ ਸਨ।
ਪੰਜਾਬ ਵਰਗੀ ਭਾਈਚਾਰਕ ਸਾਂਝ ਨੂੰ ਪੂਰੇ ਦੇਸ਼ 'ਚ ਪ੍ਰਫੁੱਲਤ ਕਰਨ ਦਾ ਕੰਮ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਪਿੰਡ ਵਿੱਚ ਕੁੱਲ 1400 ਵੋਟਰ ਹਨ ਤੇ ਸਿੱਖਾਂ ਦੀ ਬਹੁਗਿਣਤੀ ਹੈ।
ਇੰਦਰ ਖ਼ਾਨ ਨੇ ਦੱਸਿਆ ਕਿ ਮਸਜਿਦ ਲਈ ਕਰੀਬ 10 ਸਾਲ ਪਹਿਲਾਂ ਪੌਣੇ ਦੋ ਲੱਖ ਰੁਪਏ ਸਾਢੇ ਚਾਰ ਬਿਸਵੇ ਜ਼ਮੀਨ ਖਰੀਦੀ ਸੀ ਪਰ ਮਸਜਿਦ ਬਣਾਉਣ ਲਈ ਉਨ੍ਹਾਂ ਕੋਲ ਸਾਧਨਾਂ ਦੀ ਕਮੀ ਸੀ।
ਉਨ੍ਹਾਂ ਨੇ ਕਿਹਾ, "ਗੁਰਦੁਆਰੇ 'ਚ ਅਰਦਾਸ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ ਅਤੇ ਉਸ ਤੋਂ ਬਾਅਦ ਸਿੱਖ ਭਰਾ ਇੱਟਾਂ ਲੈ ਕੇ ਸਾਡੇ ਨਾਲ ਆਏ। ਅਗਲੇ ਕੁਝ ਚਾਰ ਦਿਨਾਂ 'ਚ ਉਸਾਰੀ ਸ਼ੁਰੂ ਹੋ ਜਾਵੇਗੀ ਅਤੇ ਕੁਝ ਮਹੀਨੇ 'ਚ ਮਸਜਿਦ ਬਣ ਜਾਵੇਗੀ।"
ਪਿੰਡ ਦੇ ਮੁਸਲਮਾਨ ਭਾਈਚਾਰੇ ਦੀ ਸਿੱਖ ਧਰਮ 'ਚ ਬਹੁਤ ਆਸਥਾ ਹੈ ਅਤੇ ਉਨ੍ਹਾਂ ਵੱਲੋਂ ਇਹ ਮਸਜਿਦ ਵੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਗਤ ਗਨੀ ਖਾਂ ਤੇ ਨਬੀ ਖਾਂ ਦੀ ਯਾਦ 'ਚ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: