ਹੁਸ਼ਿਆਰਪੁਰ ਵਿੱਚ ਬੋਰਵੈੱਲ 'ਚ ਡਿੱਗੇ 6 ਸਾਲਾ ਬੱਚੇ ਦੀ ਮੌਤ, 8 ਘੰਟੇ ਤੱਕ ਚੱਲਿਆ ਬਚਾਅ ਕਾਰਜ

    • ਲੇਖਕ, ਪ੍ਰਦੀਪ ਪੰਡਿਤ
    • ਰੋਲ, ਬੀਬੀਸੀ ਸਹਿਯੋਗੀ

ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿੱਚ ਬੋਰਵੈੱਲ 'ਚ ਡਿੱਗੇ 6 ਸਾਲਾ ਰਿਤਿਕ ਦੀ ਮੌਤ ਹੋ ਗਈ ਹੈ। ਹੁਸ਼ਿਆਰਪਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੱਚੇ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ,''ਬਦਕਿਸਮਤੀ ਨਾਲ ਬੱਚੇ ਦੀ ਮੌਤ ਹੋ ਗਈ ਹੈ ਪਰ ਯਤਨ ਸਾਰਥਕ ਸਨ। ਨਲਾਇਕੀ ਸਮਾਜ ਦੀ ਹੈ।''

ਮੁੱਖ ਮੰਤਰੀ ਨੇ ਰਿਤਿਕ ਦੀ ਮੌਤ ਤੋਂ ਬਾਅਦ ਕੀਤੇ ਆਪਣੇ ਟਵੀਟ ਕਰਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਦੋ ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।

'ਸਮਾਜ ਦੀ ਨਲਾਇਕੀ ਹੈ'

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬਚਾਅ ਕਾਰਜ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,''ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਕੋਈ ਇੰਤਜ਼ਾਮ ਕੀਤਾ ਜਾਵੇਗਾ ਕਿ ਜੋ ਕੋਈ ਬੋਰ ਕਰੇਗਾ ਉਹ ਪ੍ਰਸ਼ਾਸਨ ਨੂੰ ਸੂਚਿਤ ਕਰੇਗਾ।''

''ਜਿਸ ਕਿਸੇ ਦਾ ਵੀ ਬੋਰ ਹੈ ਉਸ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਨਲਾਇਕੀ ਨਾਲ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਹੈ।''

ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਬੱਚੇ ਨੂੰ ਬਚਾਉਣ ਲਈ ਕਰੀਬ 8 ਘੰਟੇ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਸੀ।

ਰਾਤ ਕਾਰਜ ਦੀ ਵੀਡੀਓ

ਰਿਤਿਕ ਨੂੰ ਕੱਢਣ ਲਈ ਦੋ ਵਾਰ ਐਨਡੀਆਰਐਫ਼ ਦੀਆਂ ਟੀਮਾਂ ਨੇ ਕੋਸ਼ਿਸ਼ ਕੀਤੀ। ਫਿਰ ਸੰਗਰੂਰ ਤੋਂ ਗੁਰਵਿੰਦਰ ਨੂੰ ਬੁਲਾਇਆ ਗਿਆ। ਗੁਰਵਿੰਦਰ ਉਹੀ ਹਨ ਜਿਨ੍ਹਾਂ ਨੇ ਫ਼ਤਹਿਵੀਰ ਨੂੰ ਬੋਰਵੈੱਲ ਵਿੱਚੋਂ ਕੱਢਿਆ ਸੀ। ਉਨ੍ਹਾਂ ਨੇ ਰਿਤਿਕ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਸੀ।

ਗੁਰਵਿੰਦਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪਹਿਲਾਂ ਬੇਨਤੀ ਕੀਤੀ, ''ਮੈਨੂੰ ਕੋਸ਼ਿਸ਼ ਕਰ ਲੈਣ ਦਿੱਤੀ ਜਾਵੇ ਪਰ ਸਮਾਂ ਨਹੀਂ ਦਿੱਤਾ ਗਿਆ। ਫਿਰ ਜਦੋਂ ਐਨਡੀਆਰਐਫ਼ ਨੇ ਦੋ ਕੋਸ਼ਿਸ਼ਾਂ ਕੀਤੀਆਂ ਅਤੇ ਅਸਫ਼ਲ ਰਹੇ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ।''

'ਬੱਚੇ ਦੀ ਮੌਤ ਹਸਪਤਾਲ ਦੇ ਰਸਤੇ ਵਿੱਚ ਹੀ ਹੋ ਗਈ ਸੀ'

ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਡਾ਼ ਮਨੀਸ਼ ਕੁਮਾਰ ਨੇ ਦੱਸਿਆ, ''ਹਸਪਤਾਲ ਦੀ ਟੀਮ ਪਹਿਲਾਂ ਹੀ ਬੱਚੇ ਦੇ ਨਾਲ ਸੀ। ਉਹ ਬੱਚੇ ਨੂੰ ਰਸਤੇ ਵਿੱਚ ਹੀ ਸੀਪੀਆਰ ਦਿੰਦੇ ਆ ਰਹੇ ਸਨ।

ਜਦੋਂ ਬੱਚੇ ਨੂੰ ਐਮਰਜੈਂਸੀ ਵਿੱਚ ਲਿਆਂਦਾ ਗਿਆ ਤਾਂ ਉਸਦਾ ਸਰੀਰ ਨੀਲਾ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਦੰਦ ਜਕੜੇ ਹੋਏ ਸਨ। ਇਸ ਤੋਂ ਪਤਾ ਲਗਾਇਆ ਜਾ ਸਕਦਾ ਸੀ ਕਿ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ:

''ਫਿਰ ਵੀ ਅਸੀਂ ਐਮਰਜੈਂਸੀ ਵਿੱਚ ਵੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਸੀਪੀਆਰ ਅਤੇ ਆਕਸਜੀਨ ਦਿੱਤੀ। ਫਿਰ ਈਸੀਜੀ ਕੀਤੀ ਗਈ। ਈਸੀਜੀ ਦੀ ਸਿੱਧੀ ਲਾਈਨ ਆਉਣ ਤੋਂ ਬਾਅਦ ਸਾਨੂੰ ਬੱਚੇ ਨੂੰ ਮ੍ਰਿਤਕ ਐਲਾਨਣਾ ਪਿਆ।''

ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ, ''ਬੱਚੇ ਦੀ ਮੌਤ ਲੰਬਾ ਸਮਾਂ ਬੋਰਵੈੱਲ ਵਿੱਚ ਰਹਿਣ ਕਰਕੇ ਦਮ ਘੁਟਣ ਕਾਰਨ ਹੋਈ ਹੈ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।''

ਕਿਵੇਂ ਵਾਪਰਿਆ ਸਾਰਾ ਦੁਖਾਂਤ

  • ਬੋਰਵੈੱਲ ਵਿੱਚ ਖ਼ਰਾਬੀ ਹੋਣ ਕਾਰਨ, ਲੰਘੀ 21 ਮਈ ਨੂੰ ਇਸ ਵਿੱਚੋਂ ਮੋਟਰ ਕਢਵਾਈ ਗਈ ਸੀ ਅਤੇ ਉਸ ਤੋਂ ਬਾਅਦ ਬੋਰਵੈੱਲ ਖੁੱਲ੍ਹਾ ਹੀ ਸੀ।
  • ਬੱਚੇ ਦੀ ਮਾਂ ਦਾ ਦਾਅਵਾ ਹੈ ਕਿ ਬੱਚਾ ''ਖੇਡਦਾ-ਖੇਡਦਾ ਇੱਧਰ ਨੂੰ ਆ ਗਿਆ ਸੀ। ਇੱਧਰੋਂ ਅੱਗੋਂ ਕੁੱਤੇ ਆ ਗਏ। ਉਨ੍ਹਾਂ ਤੋਂ ਡਰ ਕੇ 6 ਸਾਲਾ ਰਿਤਿਕ ਉੱਧਰ ਨੂੰ ਭੱਜ ਗਿਆ ਅਤੇ ਬੋਰਵੈੱਲ 'ਚ ਡਿੱਗ ਗਿਆ।''
  • ਘਟਨਾ ਦੀ ਸੂਚਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀ ਅਤੇ ਲਿਖਿਆ, ''ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਹਨ ਅਤੇ ਬਚਾਅ ਕਾਰਜ ਜਾਰੀ ਹਨ। ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।"
  • ਬੋਰਵੈੱਲ ਵਿੱਚ ਆਕਸੀਜਨ ਦੀ ਸਪਲਾਈ ਪਹੁੰਚਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਆਕਸੀਜਨ ਦੇ 5 ਸਿਲੰਡਰ ਮੌਕੇ 'ਤੇ ਲਿਆਂਦੇ ਗਏ।
  • ਸੰਗਰੂਰ ਤੋਂ ਗੁਰਵਿੰਦਰ ਨੂੰ ਬੁਲਾਇਆ ਗਿਆ। ਗੁਰਵਿੰਦਰ ਉਹੀ ਹਨ ਜਿਨ੍ਹਾਂ ਨੇ ਫ਼ਤਹਿਵੀਰ ਨੂੰ ਬੋਰਵੈੱਲ ਵਿੱਚੋਂ ਕੱਢਿਆ ਸੀ। ਉਨ੍ਹਾਂ ਨੇ ਰਿਤਿਕ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਸੀ।
  • ਬੱਚੇ ਨੂੰ ਕੱਢਣ ਤੋਂ ਬਾਅਦ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਬੱਚੇ ਨੂੰ ਡਾਕਟਰਾਂ ਨੇ ਈਸੀਜੀ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ।
  • ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
  • ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਟਾਂਡਾ ਉੜਮੁੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘਾ ਰਾਜਾ ਸਾਰੇ ਬਚਾਅ ਕਾਰਜ ਦੌਰਾਨ ਉੱਥੇ ਮੌਜੂਦ ਰਹੇ।

ਮਾਂ ਨੇ ਰਿਤਿਕ ਨੂੰ ਕੱਢਣ ਲਈ ਲਟਕਾਈਆਂ ਸਨ ਚੁੰਨੀਆਂ

ਬੱਚੇ ਦੀ ਮਾਂ ਦਾ ਦਾਅਵਾ ਹੈ ਕਿ ਬੱਚਾ ''ਖੇਡਦਾ-ਖੇਡਦਾ ਇੱਧਰ ਨੂੰ ਆ ਗਿਆ ਸੀ। ਇੱਧਰੋਂ ਅੱਗੋਂ ਕੁੱਤੇ ਆ ਗਏ। ਉਨ੍ਹਾਂ ਤੋਂ ਡਰ ਕੇ ਉੱਧਰ ਨੂੰ ਭੱਜ ਗਿਆ ਅਤੇ ਬੋਰਵੈੱਲ 'ਚ ਡਿੱਗ ਗਿਆ।''

ਉਹ ਰੋਂਦੇ ਹੋਏ ਕਹਿੰਦੇ ਹਨ ਕਿ ''ਮੈਨੂੰ ਕੈਮਰੇ 'ਚ ਨਹੀਂ ਦਿਖਾ ਰਹੇ ਹਨ। ਕਹਿ ਰਹੇ ਹਨ ਕਿ ਠੀਕ ਹੈ, ਦਿਖਾ ਦੇਵਾਂਗੇ।''

ਉਨ੍ਹਾਂ ਦੱਸਿਆ ਕਿ ਬੱਚੇ ਦੀ ਉਮਰ 6 ਸਾਲ ਹੈ ਅਤੇ ਉਹ ਪੜ੍ਹਦਾ ਨਹੀਂ ਹੈ। ਹਾਲਾਂਕਿ ਉਸ ਦੇ ਦੂਜੇ ਭੈਣ-ਭਰਾ ਪੜ੍ਹਦੇ ਹਨ।

ਮਾਂ ਨੇ ਦੱਸਿਆ ਕਿ ਬੱਚੇ ਨੂੰ ਕੱਢਣ ਲਈ ਉਨ੍ਹਾਂ ਨੇ ਇੱਕ ਨਾਲ ਇੱਕ ਚੁੰਨੀਆਂ ਬੰਨ੍ਹ ਕੇ ਬੋਰਵੈਲ ਵਿੱਚ ਲਟਕਾਈਆਂ ਅਤੇ ਅਵਾਜ਼ ਲਗਾ ਚੁੰਨੀ ਫੜਨ ਲਈ ਕਿਹਾ ਪਰ ਰਿਤਿਕ ਚੁੰਨੀ ਨਹੀਂ ਫੜ ਸਕਿਆ।

ਫਿਰ ਉਨ੍ਹਾਂ ਨੇ ਸਰਪੰਚ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਮਾਂ ਦੇ ਦੱਸੇ ਮੁਤਾਬਕ, ''ਅਸੀਂ ਤਾਂ ਕਿੱਥੋਂ ਇੰਨੇ ਲੋਕ ਜੋੜ ਲੈਂਦੇ ਇਹ ਤਾਂ ਉਨ੍ਹਾਂ ਨੇ ਹੀ ਕੀਤਾ ਹੈ ਜੋ ਕੀਤਾ ਹੈ। ਉਹੀ ਦੇਖ ਰਹੇ ਹਨ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)