You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਕੀ ਅਜੇ ਵੀ ਧੀਆਂ ਨਾਲੋਂ ਪੁੱਤਰਾਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ
- ਲੇਖਕ, ਸ਼ਾਦਾਬ ਨਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਸਰਕਾਰ ਦਾ ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਦੇਸ਼ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਤਾਂ ਹੋਇਆ ਹੈ, ਪਰ ਇੱਕ ਵੱਡੀ ਬਹੁਗਿਣਤੀ ਅਜੇ ਵੀ ਘੱਟੋ-ਘੱਟ ਇੱਕ ਪੁੱਤਰ ਦੀ ਇੱਛਾ ਰੱਖਦੀ ਹੈ।
ਨੈਸ਼ਨਲ ਫੈਮਿਲੀ ਹੈਲਥ ਸਰਵੇ-5 (ਐੱਨਐੱਫਐੱਚਐੱਸ-5), ਸਰਕਾਰ ਵੱਲੋਂ ਕਰਵਾਇਆ ਜਾਂਦਾ ਭਾਰਤੀ ਸਮਾਜ ਦਾ ਸਭ ਤੋਂ ਵਿਆਪਕ ਘਰੇਲੂ ਸਰਵੇਖਣ ਹੈ। ਸਰਵੇ ਵਿੱਚ ਸ਼ਾਮਲ ਲਗਭਗ 80 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਘੱਟੋ-ਘੱਟ ਇੱਕ ਪੁੱਤਰ ਤਾਂ ਚਾਹੁੰਦੇ ਹਨ।
ਧੀਆਂ ਦੀ ਬਜਾਏ ਪੁੱਤਰਾਂ ਲਈ ਇਹ ਤਰਜੀਹ - "ਪੁੱਤਰ ਨੂੰ ਤਰਜੀਹ" ਵਜੋਂ ਦਰਸਾਈ ਗਈ ਹੈ। ਇਸ ਤਰਜੀਹ ਦੀਆਂ ਜੜ੍ਹਾਂ ਇਸ ਰਵਾਇਤੀ ਵਿਸ਼ਵਾਸ ਵਿੱਚ ਧਸੀਆਂ ਹੋਈਆਂ ਹਨ ਕਿ ਇੱਕ ਪੁੱਤਰ ਪਰਿਵਾਰ ਦਾ ਨਾਮ ਅੱਗੇ ਵਧਾਏਗਾ ਅਤੇ ਬੁਢਾਪੇ ਵਿੱਚ ਮਾਪਿਆਂ ਦੀ ਦੇਖਭਾਲ ਕਰੇਗਾ, ਜਦਕਿ ਧੀਆਂ ਨੂੰ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਜਾਣਾ ਪਵੇਗਾ ਅਤੇ ਉਨ੍ਹਾਂ ਨੂੰ ਦਾਜ ਵੀ ਦੇਣਾ ਪਵੇਗਾ।
ਕੈਂਪੇਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਸੋਚ ਦੇ ਨਤੀਜੇ ਵਜੋਂ ਲਿੰਗ ਅਨੁਪਾਤ ਵਿੱਚ ਗਿਰਾਵਟ ਆਈ ਹੈ ਜੋ ਪੁਰਸ਼ਾਂ ਦੇ ਹੱਕ ਵਿੱਚ ਬਹੁਤ ਜ਼ਿਆਦਾ ਹੈ ਅਤੇ ਲੰਬੇ ਸਮੇਂ ਤੋਂ ਭਾਰਤ ਲਈ ਸ਼ਰਮਨਾਕ ਬਣਿਆ ਹੋਇਆ ਹੈ।
"ਗੁੰਮਸ਼ੁਦਾ ਔਰਤਾਂ ਦਾ ਦੇਸ਼"
100 ਸਾਲਾਂ ਤੋਂ ਵੱਧ ਸਮੇਂ ਤੋਂ, ਮਰਦਮਸ਼ੁਮਾਰੀ ਵਿੱਚ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਔਰਤਾਂ ਨਾਲੋਂ ਮਰਦਾਂ ਦੀ ਸੰਖਿਆ ਵੱਧ ਹੈ। ਸਾਲ 2011 ਦੀ ਪਿਛਲੀ ਮਰਦਮਸ਼ੁਮਾਰੀ ਦੇ ਅਨੁਸਾਰ, ਹਰ 1,000 ਮਰਦਾਂ ਪਿੱਛੇ 940 ਔਰਤਾਂ ਸਨ ਅਤੇ ਬਾਲ ਲਿੰਗ ਅਨੁਪਾਤ (ਜੋ ਜਨਮ ਤੋਂ ਛੇ ਸਾਲ ਤੱਕ ਦੇ ਬੱਚਿਆਂ ਦੇ ਉਮਰ ਸਮੂਹ ਅਨੁਸਾਰ ਦੇਖਿਆ ਜਾਂਦਾ ਹੈ) 1,000 ਮੁੰਡਿਆਂ ਪਿੱਛੇ 918 ਕੁੜੀਆਂ ਸਨ। ਅਜਿਹੇ ਅੰਕੜਿਆਂ ਦੇ ਕਾਰਨ ਆਲੋਚਕਾਂ ਨੇ ਭਾਰਤ ਨੂੰ "ਗੁੰਮਸ਼ੁਦਾ ਔਰਤਾਂ ਦਾ ਦੇਸ਼" ਕਿਹਾ ਹੈ।
ਐੱਨਐੱਫਐੱਚਐੱਸ-5, ਸਾਲ 2019 ਅਤੇ 2021 ਵਿਚਕਾਰ ਕੀਤਾ ਗਿਆ ਹੈ, ਜੋ ਕਿ ਇਹ ਦਿਖਾਉਂਦਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਭਾਰਤ ਵਿੱਚ ਪੁਰਸ਼ਾਂ ਨਾਲੋਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ।
ਇਹ ਵੀ ਪੜ੍ਹੋ:
ਪਰ ਅੰਕੜੇ ਦੱਸਦੇ ਹਨ ਕਿ ਅਜੇ ਵੀ ਲੋਕਾਂ ਵਿੱਚ ਮੁੰਡਿਆਂ ਦੀ ਚਾਹ ਵਧੇਰੇ ਹੈ। 15% ਤੋਂ ਵੱਧ ਲੋਕਾਂ, ਜਿਨ੍ਹਾਂ ਵਿੱਚ 16% ਮਰਦ ਅਤੇ 14% ਔਰਤਾਂ ਸ਼ਾਮਲ ਹਨ, ਨੇ ਸਰਵੇਖਣ ਕਰਨ ਵਾਲਿਆਂ ਨੂੰ ਦੱਸਿਆ ਕਿ ਉਹ ਧੀਆਂ ਦੀ ਬਜਾਏ ਪੁੱਤਰ ਦੀ ਇੱਛਾ ਵੱਧ ਰੱਖਦੇ ਹਨ। ਕਈ ਜੋੜੇ ਤਾਂ ਮੁੰਡਾ ਹੋਣ ਦੀ ਆਸ ਵਿੱਚ ਧੀਆਂ ਪੈਦਾ ਕਰਦੇ ਰਹਿੰਦੇ ਹਨ।
ਪੰਜਾਬ ਅਤੇ ਹਰਿਆਣਾ ਦੀ ਸਥਿਤੀ
ਪੰਜਾਬ ਦੀ ਗੱਲ ਕਰੀਏ ਤਾਂ 2015-16 'ਚ ਇੱਥੇ 12.1 ਫੀਸਦੀ ਔਰਤਾਂ ਕੁੜੀਆਂ ਦੇ ਮੁਕਾਬਲੇ ਮੁੰਡੇ ਦੀ ਇੱਛਾ ਰੱਖਦੀਆਂ ਸਨ ਜਦਕਿ 2019-20 ਵਿੱਚ ਇਹ ਸੰਖਿਆ ਘਟ ਕੇ 8.3 ਫੀਸਦੀ ਰਹੀ ਗਈ ਹੈ। ਜਦਕਿ ਇਸੇ ਕ੍ਰਮ 'ਚ ਪੁਰਸ਼ਾਂ ਦੀ ਫੀਸਦੀ 13.7 ਤੋਂ ਘਟ ਕੇ 9.9 ਰਹਿ ਗਿਆ ਹੈ।
2015-16 'ਚ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਮੁੰਡੇ ਦੀ ਇੱਛਾ ਜ਼ਿਆਦਾ ਰੱਖਣ ਵਾਲੇ ਲੋਕਾਂ ਦਾ ਫੀਸਦੀ 15.4 ਸੀ ਜੋ 2019-20 'ਚ ਘਟ ਕੇ 10.4 ਫੀਸਦੀ ਹੋ ਗਿਆ ਹੈ। ਇਸੇ ਕ੍ਰਮ ਵਿੱਚ ਪੁਰਸ਼ਾਂ ਦਾ ਫੀਸਦੀ 19.6 ਤੋਂ ਘਟ ਕੇ 10.5 ਹੋ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਵਿੱਚ ਮੁੰਡੇ ਦੀ ਬਜਾਏ ਕੁੜੀ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਦੀ ਸੰਖਿਆ 2015-16 ਵਿੱਚ 1.9 ਸੀ ਜੋ ਕਿ 2019-21 ਵਿੱਚ ਇੰਨੀ ਹੀ ਫੀਸਦੀ ਹੈ, ਜਦਕਿ ਇਸੇ ਕ੍ਰਮ ਵਿੱਚ ਅਜਿਹੀ ਇੱਛਾ ਰੱਖਣ ਵਾਲੇ ਪੁਰਸ਼ਾਂ ਦੀ ਸੰਖਿਆ 0.6 ਤੋਂ ਵਧ ਕੇ 1.9 ਫੀਸਦੀ ਹੋ ਗਈ ਹੈ।
ਹਰਿਆਣਾ ਵਿੱਚ ਵੀ ਪਿਛਲੇ ਸਰਵੇਖਣ ਵਿੱਚ ਕੁੜੀ ਦੀ ਵਧੇਰੇ ਇੱਛਾ ਰੱਖਣ ਵਾਲੀਆਂ ਔਰਤਾਂ 1.3 ਫੀਸਦੀ ਸਨ ਜੋ ਇਸ ਸਰਵੇਖਣ ਦੌਰਾਨ ਵੱਧ ਕੇ 2 ਫੀਸਦੀ ਹੋ ਗਈਆਂ ਹਨ। ਸੂਬੇ ਵਿੱਚ ਕੁੜੀ ਦੀ ਇੱਛਾ ਰੱਖਣ ਵਾਲੇ ਪੁਰਸ਼ਾਂ ਦਾ ਫੀਸਦੀ 1.5 ਤੋਂ ਵੱਧ ਕੇ 2.5 ਹੋ ਗਿਆ ਹੈ।
'ਅਸੀਂ ਹੋਰ ਬੱਚਿਆਂ ਨੂੰ ਨਹੀਂ ਪਾਲ ਸਕਦੇ'
ਤਿੰਨ ਕੁੜੀਆਂ ਦੀ ਮਾਂ ਇੰਦਰਾਣੀ ਦੇਵੀ, ਰਾਜਧਾਨੀ ਦਿੱਲੀ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇੱਕ "ਪੂਰਾ" ਪਰਿਵਾਰ ਚਾਹੁੰਦੇ ਹਨ - ਦੋ ਮੁੰਡੇ ਅਤੇ ਇੱਕ ਕੁੜੀ।
ਉਹ ਕਹਿੰਦੇ ਹਨ "ਪਰ ਰੱਬ ਦੀ ਕੁਝ ਹੋਰ ਮਰਜ਼ੀ ਸੀ ਅਤੇ ਮੈਨੂੰ ਧੀਆਂ ਹੀ ਮਿਲੀਆਂ।''
ਹੁਣ ਉਨ੍ਹਾਂ ਨੇ ਇਸ ਨੂੰ ਆਪਣੀ ਕਿਸਮਤ ਅਮਝ ਕੇ ਸਵੀਕਾਰ ਕਰ ਲਿਆ ਹੈ ਅਤੇ ਹੋਰ ਬੱਚੇ ਨਾ ਪੈਦਾ ਕਰਨ ਦਾ ਫ਼ੈਸਲਾ ਕੀਤਾ ਹੈ।
ਉਹ ਕਹਿੰਦੇ ਹਨ, "ਮੇਰਾ ਪਤੀ ਇੱਕ ਬੱਸ ਡਰਾਈਵਰ ਹੈ ਅਤੇ ਅਸੀਂ ਹੋਰ ਬੱਚਿਆਂ ਨੂੰ ਨਹੀਂ ਪਾਲ ਸਕਦੇ।''
ਇੰਦਰਾਣੀ ਦੇਵੀ ਵਾਂਗ, 15 ਤੋਂ 49 ਸਾਲ ਦੀ ਉਮਰ ਵਰਗ ਦੀਆਂ ਲਗਭਗ 6% ਵਿਆਹੀਆਂ ਹੋਇਆ ਔਰਤਾਂ, ਜਿਨ੍ਹਾਂ ਦੇ ਘੱਟੋ-ਘੱਟ ਦੋ ਧੀਆਂ ਹਨ ਅਤੇ ਕੋਈ ਪੁੱਤਰ ਨਹੀਂ ਹਨ, ਨੇ ਐੱਨਐੱਫਐੱਚਐੱਸ-5 ਨੂੰ ਦੱਸਿਆ ਕਿ ਉਹ ਹੋਰ ਬੱਚੇ ਨਹੀਂ ਚਾਹੁੰਦੇ ਹਨ।
ਛੇ ਸਾਲ ਪਹਿਲਾਂ, ਸਰਵੇਖਣ 4 ਵੇਲੇ ਅਜਿਹਾ ਕਹਿਣ ਵਾਲੀਆਂ ਔਰਤਾਂ ਦੀ ਗਿਣਤੀ 64 ਫੀਸਦੀ ਸੀ।
ਇਸ ਦਾ ਮਤਲਬ ਇਹ ਹੈ ਕਿ ਲੰਘੇ ਸਾਲਾਂ ਵਿੱਚ ਅਜਿਹੀਆਂ ਔਰਤਾਂ ਦੀ ਗਿਣਤੀ ਵਧੀ ਹੈ ਜੋ ਮੁੰਡੇ ਦੀ ਆਸ ਵਿੱਚ ਹੋਰ ਕੁੜੀਆਂ ਪੈਦਾ ਨਹੀਂ ਕਰਨਾ ਚਾਹੁੰਦੀਆਂ।
ਧੀਆਂ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ
ਇੱਕ ਹੋਰ ਚੰਗੀ ਗੱਲ ਇਹ ਹੈ ਕਿ ਪੁੱਤਰਾਂ ਨਾਲੋਂ ਵੱਧ ਧੀਆਂ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਇਹ ਅੰਕੜਾ, ਸਾਲ 2015-16 (ਸਰਵੇਖਣ- 4) ਵਿੱਚ 4.96 ਫੀਸਦੀ ਸੀ ਜੋ ਹੁਣ ਵਧ ਕੇ 5.17 ਫੀਸਦੀ ਹੋ ਗਿਆ ਹੈ।
ਹਾਲਾਂਕਿ ਇਹ ਬਦਲਾਅ ਮਾਮੂਲੀ ਹੈ, ਪਰ ਇਹ ਦਰਸਾਉਂਦਾ ਹੈ ਕਿ ਘੱਟੋ-ਘੱਟ ਕੁਝ ਭਾਰਤੀ ਮਾਪੇ ਅਜਿਹੇ ਹਨ ਜੋ ਮੁੰਡਿਆਂ ਨਾਲੋਂ ਕੁੜੀਆਂ ਦੀ ਵਧੇਰੇ ਇੱਛਾ ਰੱਖਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੂੰ ਸਿੱਧੇ ਤੌਰ 'ਤੇ ਭਾਰਤ ਦੀ ਡਿੱਗਦੀ ਪ੍ਰਜਨਨ ਦਰ (ਇੱਕ ਮਹਿਲਾ ਦੁਆਰਾ ਜਨਮ ਦਿੱਤੇ ਜਾਣ ਵਾਲੇ ਬੱਚਿਆਂ ਦੀ ਔਸਤਨ ਗਿਣਤੀ) ਨਾਲ ਜੋੜਿਆ ਜਾ ਸਕਦਾ ਹੈ।
ਸ਼ਹਿਰੀਕਰਨ, ਮਹਿਲਾਂ ਵਿੱਚ ਵਧਦੀ ਸਾਖਰਤਾ ਅਤੇ ਗਰਭ-ਨਿਰੋਧਕਾਂ ਦੀ ਵਧਦੀ ਪਹੁੰਚ ਨੇ ਪ੍ਰਜਨਣ ਦਰ ਨੂੰ 2 ਤੱਕ ਪਹੁੰਚਾ ਦਿੱਤਾ ਹੈ - ਜੇਕਰ ਇਹ ਸੰਖਿਆ ਲਗਭਗ 2.1 ਤੋਂ ਹੇਠਾਂ ਆਉਂਦੀ ਹੈ ਤਾਂ ਆਬਾਦੀ ਦਾ ਘਟਣੀ ਸ਼ੁਰੂ ਹੋ ਜਾਂਦੀ ਹੈ।
1.3 ਬਿਲੀਅਨ ਆਬਾਦੀ ਵਾਲੇ ਦੇਸ਼ ਲਈ ਇਹ ਇੱਕ ਬੁਰੀ ਗੱਲ ਨਹੀਂ ਜਾਪਦੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਸਿਹਤਮੰਦ ਆਬਾਦੀ ਵਾਧੇ ਲਈ, ਭਾਰਤ ਨੂੰ ਆਪਣੇ ਲਿੰਗ ਅਨੁਪਾਤ ਨੂੰ ਹੱਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: