ਅਜ਼ਾਦੀ ਦੇ 75 ਵਰ੍ਹਿਆਂ ਬਾਅਦ: ਵੀਆਈਪੀ ਹਲਕਿਆਂ ਦੇ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਦੀ ਬਦਹਾਲੀ – ‘ਸਬਜ਼ੀ ਵਾਲੇ ਦਾ ਨਹੀਂ ਪਾਣੀ ਵਾਲੇ ਦਾ ਇੰਤਜ਼ਾਰ’

ਪਾਣੀ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਜਦੋਂ ਪਰਿਵਾਰ ਵਿੱਚ ਕੋਈ ਪਾਣੀ ਢੋਣ ਵਾਲਾ ਨਾ ਹੋਵੇ ਤਾਂ ਲੋਕਾਂ ਲਈ ਪਾਣੀ ਖ਼ਰੀਦਣਾ ਹੀ ਇੱਕ ਵਸੀਲਾ ਰਹਿ ਜਾਂਦਾ ਹੈ
    • ਲੇਖਕ, ਸੁਰਿੰਦਰ ਮਾਨ ਤੇ ਕੁਲਦੀਪ ਬਰਾੜ
    • ਰੋਲ, ਬੀਬੀਸੀ ਪੰਜਾਬੀ ਲਈ

"ਮੇਰੀ ਤਾਂ ਲੱਗਦਾ ਹੈ ਸਾਰੀ ਉਮਰ ਪੀਣ ਵਾਲਾ ਪਾਣੀ ਢੋਣ ਵਿੱਚ ਹੀ ਲੰਘ ਜਾਵੇਗੀ। ਸਰਕਾਰਾਂ ਤੋਂ ਆਸ ਮੁੱਕ ਗਈ ਹੈ ਅਤੇ ਹੁਣ ਕੁਦਰਤ ਹੀ ਕੁਝ ਕਰ ਸਕਦੀ ਹੈ।”

“ਜਦੋਂ ਮੈਂ ਟੈਲੀਵਿਜ਼ਨ ਉੱਪਰ ਨੇਤਾਵਾਂ ਦੀਆਂ ਗੱਲਾਂ ਸੁਣਦੀ ਹਾਂ ਤਾਂ ਲੱਗਦਾ ਹੈ ਕਿ ਮੈਂ ਕਿਸੇ ਹੋਰ ਦੇਸ਼ ਦੀ ਵਾਸੀ ਹਾਂ ਕਿਉਂਕਿ ਜਿਹੜਾ ਦੇਸ਼ ਨੇਤਾਵਾਂ ਵੱਲੋਂ ਆਪਣੇ ਭਾਸ਼ਣਾਂ ਰਾਹੀਂ ਦਿਖਾਇਆ ਜਾ ਰਿਹਾ ਹੈ, ਉਹ ਹਕੀਕਤ ਵਿੱਚ ਨਹੀਂ ਹੈ।"

ਇਹ ਬੋਲ ਜਲਾਲਾਬਾਦ ਦੇ ਪਿੰਡ ਚੱਕ ਜੈਮਲ ਸਿੰਘ ਵਾਲਾ ਵਿੱਚ ਰਹਿਣ ਵਾਲੀ ਸ਼ਿਮਲਾ ਦੇਵੀ ਦੇ ਹਨ।

ਫਾਜ਼ਿਲਕਾ ਅਧੀਨ ਪੈਂਦੇ ਖੇਤਰ ਜਲਾਲਾਬਾਦ ਦੇ ਦਰਜਨਾਂ ਪਿੰਡਾਂ ਵਿੱਚ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਕਮੀ ਇਸ ਵੇਲੇ ਲੋਕਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ।

ਫਰੀਦਕੋਟ ਅਤੇ ਜਲਾਲਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਸਲੇ ਨੂੰ ਪਿਛਲੀਆਂ ਸਰਕਾਰਾਂ ਤੇ ਸੁੱਟਿਆ ਅਤੇ ਭਰੋਸਾ ਦਵਾਇਆ ਕਿ ਮੁੱਖ ਮੰਤਰੀ ਨਾਲ ਗੱਲ ਕਰਕੇ ਹੱਲ ਕਰਵਾਇਆ ਜਾਵੇਗਾ।

ਇਨ੍ਹਾਂ ਪਿੰਡਾਂ ਦੇ ਬਹੁਤੇ ਲੋਕ ਪਾਣੀ ਮੁੱਲ ਖਰੀਦਦੇ ਹਨ ਤੇ ਕਈ ਖ਼ੁਦ ਜਾ ਕੇ ਆਪਣੇ ਸਾਧਨਾਂ ਰਾਹੀਂ ਪਲਾਸਟਿਕ ਦੀਆਂ ਬਾਲਟੀਆਂ ਤੇ ਟੈਂਕੀਆਂ ਵਿੱਚ ਕਈ ਕਿੱਲੋਮੀਟਰ ਦਾ ਸਫ਼ਰ ਕਰਕੇ ਪੀਣ ਵਾਲਾ ਪਾਣੀ ਹਰ ਰੋਜ਼ ਭਰ ਕੇ ਲਿਆਉਂਦੇ ਹਨ।

ਵੀਡੀਓ ਕੈਪਸ਼ਨ, ਸਰਹੱਦੀ ਇਲਾਕਿਆਂ ਵਿੱਚ ਪਾਣੀ ਦੀ ਭਾਰੀ ਕਿੱਲਤ ਬਾਰੇ ਬੀਬੀਸੀ ਪੰਜਾਬੀ ਦੀ ਗਰਾਉਂਡ ਰਿਪੋਰਟ

ਪਾਣੀ ਵੇਚ ਕੇ ਮੋਟੀ ਕਮਾਈ

ਇਲਾਕੇ ਦੇ ਪਿੰਡਾਂ ਦੇ ਲੋਕ ਸਿਰਫ਼ ਇੱਕ ਹੀ 'ਰੋਣਾ ਰੋ' ਰਹੇ ਹਨ ਕਿ ਉਨ੍ਹਾਂ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ। ਕੁਝ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਹ 25 ਕਿਲੋਮੀਟਰ ਦੀ ਦੂਰੀ ਤੋਂ ਪੀਣ ਵਾਲਾ ਪਾਣੀ ਰੇਹੜੀਆਂ ਅਤੇ ਟਰਾਲੀਆਂ ਉੱਪਰ ਲੱਦ ਕੇ ਲਿਆਉਣ ਲਈ ਮਜਬੂਰ ਹਨ।

ਪਾਣੀ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਪੰਜਾਬ ਦੇ ਕਈ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੀ ਥੁੜ ਕਾਰਨ ਪਰੇਸ਼ਾਨ ਹਨ।

ਇੱਥੇ ਹੀ ਬੱਸ ਨਹੀਂ ਇਸ ਖਿੱਤੇ ਦੇ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਮੁੱਲ ਵਿਕਦਾ ਹੈ। ਪਾਣੀ ਵੇਚਣ ਦੇ ਕੰਮ ਨੂੰ ਕਈ ਲੋਕਾਂ ਨੇ ਆਪਣਾ ਰੁਜ਼ਗਾਰ ਬਣਾ ਲਿਆ ਹੈ ਅਤੇ ਉਹ ਪਾਣੀ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ।

ਜਲਾਲਾਬਾਦ ਖੇਤਰ ਵਿੱਚ ਪਾਣੀ ਦੱਸ ਰੁਪਏ ਪ੍ਰਤੀ ਵੀਹ ਲਿਟਰ ਅਤੇ ਫ਼ਰੀਦਕੋਟ ਵਿੱਚ ਪੰਦਰਾਂ ਰੁਪਏ ਪ੍ਰਤੀ ਵੀਹ ਲੀਟਰ ਦੇ ਹਿਸਾਬ ਨਾਲ ਪਾਣੀ ਵਿਕ ਰਿਹਾ ਹੈ।

'ਮੈਂ ਪਿਛਲੇ ਪੰਜਾਹ ਸਾਲਾਂ ਤੋਂ ਕਦੇ ਸਾਫ਼ ਪਾਣੀ ਨਹੀਂ ਪੀਤਾ'

ਦਿਲਚਸਪ ਪਹਿਲੂ ਇਹ ਹੈ ਕਿ ਵੇਚਿਆ ਜਾਣ ਵਾਲਾ ਪਾਣੀ ਕਿਸੇ ਫਿਲਟਰ ਸਿਸਟਮ ਤੋਂ ਨਹੀਂ ਸਗੋਂ ਇਲਾਕੇ ਵਿੱਚੋਂ ਗੁਜ਼ਰਦੀ ਨਹਿਰ ਅਤੇ ਰਜਵਾਹਿਆਂ ਦੇ ਕਿਨਾਰੇ ਬੋਰ ਕਰਕੇ ਲਗਾਏ ਗਏ ਨਲਕਿਆਂ ਤੋਂ ਲਿਆਂਦਾ ਜਾਂਦਾ ਹੈ।

"ਮੈਂ ਪਿਛਲੇ ਪੰਜਾਹ ਸਾਲਾਂ ਤੋਂ ਕਦੇ ਸਾਫ਼ ਪਾਣੀ ਨਹੀਂ ਪੀਤਾ। ਵੋਟਾਂ ਵੇਲੇ ਲੀਡਰ ਆਉਂਦੇ ਹਨ, ਵਾਅਦੇ ਕਰਦੇ ਹਨ ਅਤੇ ਚਲੇ ਜਾਂਦੇ ਹਨ। ਸ਼ੋਰੇ ਵਾਲਾ ਪਾਣੀ ਪੀ ਕੇ ਪਸ਼ੂਆਂ ਦੇ ਹੱਡ ਖੁਰ ਜਾਂਦੇ ਹਨ ਅਤੇ ਸਾਡੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਹਨ। ਹੁਣ ਤਾਂ ਫ਼ਰੀਦਕੋਟ ਵਾਲੀ ਨਹਿਰ ਹੀ ਸਾਡੀ ਜਿੰਦ ਜਾਨ ਹੈ।"

ਇਹ ਸ਼ਬਦ 70 ਸਾਲਾਂ ਦੇ ਬੀਰਾ ਸਿੰਘ ਦੇ ਹਨ, ਜਿਹੜੇ ਕਿ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਪੱਕਾ ਦੇ ਵਸਨੀਕ ਹਨ।

ਇਹ ਕਹਾਣੀ ਇਕੱਲੇ ਬੀਰਾ ਸਿੰਘ ਦੀ ਨਹੀਂ ਹੈ ਸਗੋਂ ਕਈ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੀ ਥੁੜ ਕਾਰਨ ਪਰੇਸ਼ਾਨ ਹਨ।

ਪਾਣੀ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਫ਼ਾਜ਼ਿਲਕਾ ਦੇ ਕਰੀਬ ਸੌ ਪਿੰਡਾਂ ਦੇ ਲੋਕ ਜ਼ਮੀਨੀ ਪਾਣੀ ਪੀਣਾ ਛੱਡ ਚੁੱਕੇ ਹਨ

ਅਸਲ ਵਿੱਚ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਕਰੀਬ ਸੌ ਪਿੰਡਾਂ ਦੇ ਲੋਕ ਅਤੇ ਫ਼ਰੀਦਕੋਟ ਖੇਤਰ ਦੇ ਇੰਨੇ ਹੀ ਪਿੰਡਾਂ ਦੇ ਲੋਕ ਧਰਤੀ ਹੇਠਲਾ ਪਾਣੀ ਪੀਣਾ ਛੱਡ ਚੁੱਕੇ ਹਨ।

ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਜੀਵਨ ਨਹਿਰਾਂ ਕਿਨਾਰੇ ਲੱਗੇ ਨਲਕਿਆਂ ਅਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਬੋਰਾਂ ਵਿੱਚੋਂ ਨਿਕਲਣ ਵਾਲੇ ਪਾਣੀ ਉੱਪਰ ਹੀ ਨਿਰਭਰ ਹੈ।

ਇਹ ਵੀ ਪੜ੍ਹੋ:

ਬੀਰਾ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਮਰਦ ਤੇ ਔਰਤਾਂ ਰੇਹੜੀਆਂ ਉੱਪਰ ਜਾ ਕੇ ਨਹਿਰ ਤੋਂ ਪਾਣੀ ਲੈ ਕੇ ਆਉਂਦੇ ਹਨ।

"ਜਦੋਂ ਕਿਤੇ ਪਰਿਵਾਰ ਵਿੱਚ ਕੋਈ ਢਿੱਲਾ-ਮੱਠਾ ਹੋ ਜਾਵੇ ਜਾਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਚਲਿਆ ਜਾਵੇ, ਤਾਂ ਫਿਰ ਸਾਨੂੰ ਪਾਣੀ ਮੁੱਲ ਖਰੀਦਣਾ ਪੈਂਦਾ ਹੈ। ਸਾਡੀ ਜ਼ਿੰਦਗੀ ਤਾਂ ਖਾਰਾ ਪਾਣੀ ਪੀ ਕੇ ਲੰਘ ਗਈ ਹੈ, ਜੇ ਸਰਕਾਰ ਸਾਡੇ ਬੱਚਿਆਂ ਬਾਰੇ ਕੁਝ ਸੋਚ ਲਵੇ ਤਾਂ ਚੰਗਾ ਹੈ।"

ਵੀਡੀਓ: ਇੱਥੇ ਕਮਾਈ ਦਾ ਇੱਕ ਚੌਥਾਈ ਹਿੱਸਾ ਪਾਣੀ 'ਤੇ ਹੁੰਦਾ ਹੈ ਖਰਚ

ਵੀਡੀਓ ਕੈਪਸ਼ਨ, ਇੱਥੇ ਸੈਕਸ ਦੇ ਬਦਲੇ ਮਿਲਦਾ ਹੈ ਪਾਣੀ, ਔਰਤਾਂ ਲਈ ਆਫ਼ਤ (ਵੀਡੀਓ ਮਈ 2022 ਦਾ ਹੈ)

ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਕਸਬਾ ਜਲਾਲਾਬਾਦ ਦੇ ਨੇੜਲੇ ਪਿੰਡਾਂ ਵਿਚ ਪਾਣੀ ਦੀ ਤਸਵੀਰ ਕਈ ਗੰਭੀਰ ਸੁਆਲ ਖੜ੍ਹੇ ਕਰਦੀ ਨਜ਼ਰ ਆਉਂਦੀ ਹੈ।

ਪਿੰਡ ਚੱਕ ਛਪੜੀਵਾਲਾ ਦੇ ਵਸਨੀਕ ਸਰੋਜ ਛਪੜੀਵਾਲਾ ਇੱਕ ਸਮਾਜਿਕ ਕਾਰਕੁਨ ਹਨ ਅਤੇ ਉਹ ਔਰਤਾਂ ਦੇ ਹੱਕਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਹਨ।

ਉਹ ਕਹਿੰਦੇ ਹਨ, "ਮੇਰੇ ਇਲਾਕੇ ਦੇ ਪਿੰਡਾਂ ਦੀਆਂ ਔਰਤਾਂ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਬਾਲਟੀਆਂ ਚੁੱਕ ਕੇ ਪੀਣ ਵਾਲਾ ਪਾਣੀ ਇਕੱਠਾ ਕਰਦੀਆਂ ਹਨ। ਸਖ਼ਤ ਗਰਮੀ ਦੇ ਦਿਨਾਂ ਵਿੱਚ ਇਹ ਔਰਤਾਂ ਲਈ ਪੀੜਾਦਾਇਕ ਕੰਮ ਹੈ।"

'ਸਿਲਸਿਲਾ 20 ਸਾਲਾਂ ਤੋਂ ਲਗਾਤਾਰ ਜਾਰੀ ਹੈ'

"ਡਿਜੀਟਲ ਇੰਡੀਆ ਦੇ ਦੌਰ ਵਿੱਚ ਜੇ ਪੀਣ ਵਾਲਾ ਪਾਣੀ ਨਹੀਂ ਹੈ ਤਾਂ ਦੇਸ਼ ਦੇ ਹਾਲਾਤ ਨੂੰ ਬਿਆਨ ਕਰਦੀ ਸਥਿਤੀ ਬਿਲਕੁਲ ਸਾਫ ਹੈ। ਸਿਆਸੀ ਦਲਾਂ ਦੇ ਆਗੂਆਂ ਤੋਂ ਲੋਕ ਆਸ ਰੱਖਦੇ ਹਨ ਪਰ ਹਰ ਵਾਰ ਇਹ ਬੇਅਰਥ ਜਾਂਦੀ ਹੈ। ਇਸ ਖਿੱਤੇ ਵਿੱਚ ਇਹ ਸਿਲਸਿਲਾ 20 ਸਾਲਾਂ ਤੋਂ ਲਗਾਤਾਰ ਜਾਰੀ ਹੈ।"

ਵੀਡੀਓ: ਪੰਜਾਬ ਦੇ ਕੁਝ ਪਿੰਡਾਂ ਵਿੱਚ ਪਾਣੀ ਮੁੱਲ ਖਰੀਦਣ ਦੀ ਨੌਬਤ ਕਿਉਂ ਆਈ

ਵੀਡੀਓ ਕੈਪਸ਼ਨ, ਪੰਜਾਬ ਦੇ ਕੁਝ ਪਿੰਡਾਂ ਵਿੱਚ ਪਾਣੀ ਮੁੱਲ ਖਰੀਦਣ ਦੀ ਨੌਬਤ ਕਿਉਂ ਆਈ (ਵੀਡੀਓ ਜੁਲਾਈ 2021 ਦੀ ਹੈ)

ਪੀਣ ਵਾਲੇ ਪਾਣੀ ਦੀ ਕਮੀ ਨੂੰ ਦੇਖਦਿਆਂ ਫਰੀਦਕੋਟ ਅਤੇ ਫਾਜ਼ਿਲਕਾ ਖੇਤਰ ਦੀਆਂ ਨਹਿਰਾਂ ਦੇ ਕਿਨਾਰੇ ਕਈ ਲੋਕਾਂ ਨੇ ਨਲਕੇ ਲਗਾ ਲਏ ਹਨ। ਜਲਾਲਾਬਾਦ ਖੇਤਰ ਵਿੱਚ ਤਾਂ ਹਾਲਾਤ ਇਹ ਹਨ ਕਿ ਨਹਿਰ ਦੇ ਕਿਨਾਰੇ ਮੋਟਰਾਂ ਵਾਲੇ ਬੋਰ ਕਰਕੇ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ।

ਜੁਗਾੜ ਰਾਹੀਂ ਬਣਾਈਆਂ ਗਈਆਂ ਰੇਹੜੀਆਂ ਉੱਪਰ ਪਲਾਸਟਿਕ ਦੀਆਂ ਟੈਂਕੀਆਂ ਭਰ ਕੇ ਘਰਾਂ, ਮੁਹੱਲਿਆਂ ਅਤੇ ਗਲੀਆਂ ਵਿੱਚ ਸਪੀਕਰ ਰਾਹੀਂ ਹੋਕਾ ਦੇ ਕੇ ਪਾਣੀ ਵੇਚਿਆ ਜਾ ਰਿਹਾ ਹੈ।

ਸਰੋਜ ਛਪੜੀਵਾਲਾ ਕਹਿੰਦੇ ਹਨ, "ਜਿਸ ਤਰ੍ਹਾਂ ਲੋਕ ਸਬਜ਼ੀ ਵਾਲੀਆਂ ਰੇਹੜੀਆਂ ਅਤੇ ਦੁੱਧ ਵਾਲੇ ਦਾ ਇੰਤਜ਼ਾਰ ਕਰਦੇ ਹਨ ਉਸ ਤੋਂ ਵੱਧ ਪਾਣੀ ਵੇਚਣ ਵਾਲਿਆਂ ਦਾ ਇੰਤਜ਼ਾਰ ਹੋਣ ਲੱਗਾ ਹੈ।"

"ਕੇਂਦਰ ਸਰਕਾਰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਆਜ਼ਾਦੀ ਦਾ ਮਹਾਂ ਉਤਸਵ ਵਰ੍ਹਾ ਮਨਾ ਰਹੀ ਹੈ ਪਰ ਸਾਡੇ ਕੋਲ ਤਾਂ 75 ਸਾਲ ਬਾਅਦ ਵੀ ਪੀਣ ਵਾਲਾ ਪਾਣੀ ਨਹੀਂ ਪਹੁੰਚਿਆ ਹੈ।"

'ਪਤਾ ਨਹੀਂ ਨਹਿਰੀ ਪਾਣੀ ਚੰਗਾ ਹੈ ਜਾਂ ਮਾੜਾ ਪਰ...'

ਚੱਕ ਜੈਮਲ ਸਿੰਘ ਵਾਲਾ ਵਿਖੇ ਰਹਿ ਰਹੇ ਅਧਿਆਪਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਨਾਲ ਧੋਤੀਆਂ ਜਾਂਦੀਆਂ ਫਰਸ਼ਾਂ ਦੀ ਸ਼ੋਰੇ ਵਾਲੇ ਪਾਣੀ ਨੇ ਚਮਕ ਖ਼ਤਮ ਕਰ ਦਿੱਤੀ ਹੈ।

"ਸਾਫ਼ ਪਾਣੀ ਲਈ ਸਾਨੂੰ ਪੱਚੀ ਤੋਂ ਤੀਹ ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਇਹ ਕੰਮ ਅਸੀਂ ਹਫਤੇ ਵਿੱਚ ਚਾਰ ਵਾਰ ਕਰਦੇ ਹਾਂ। ਨਹਿਰਾਂ ਵਾਲੇ ਨਲਕਿਆਂ ਤੋਂ ਪਾਣੀ ਲਿਆ ਕੇ ਘਰ ਵਿੱਚ ਸਟੋਰ ਕਰ ਦਿੰਦੇ ਹਾਂ ਪਰ ਉਸ ਨੂੰ ਸਾਫ ਰੱਖਣ ਦਾ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ।''

ਸਰੋਜ ਛਪੜੀਵਾਲਾ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਸਰੋਜ ਛਪੜੀਵਾਲਾ ਇੱਕ ਸਮਾਜਿਕ ਕਾਰਕੁਨ ਹਨ ਅਤੇ ਉਹ ਔਰਤਾਂ ਦੇ ਹੱਕਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਹਨ।

ਉਨ੍ਹਾਂ ਦੱਸਿਆ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਮੇਂ-ਸਮੇਂ ਸਰਕਾਰਾਂ ਕੋਲ ਆਪਣੀ ਆਵਾਜ਼ ਪਹੁੰਚਾਈ ਹੈ, ਪਰ ਮੁਸ਼ਕਲ ਦਾ ਹੱਲ ਕਦੇ ਵੀ ਨਹੀਂ ਹੋਇਆ।

ਸ਼ਿਮਲਾ ਦੇਵੀ, ਜੋ ਕਿ ਘਰੇਲੂ ਸੁਆਣੀ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਜੀਵਨ ਰੇਖਾ ਪਾਣੀ ਲਈ ਉਹ ਪਿੰਡ ਚੱਕਪੱਖੀ ਵਾਲੀ ਨਹਿਰ ਉੱਪਰ ਹੋਏ ਟਿਊਬਵੈੱਲ ਦੇ ਬੋਰਾਂ ਉੱਪਰ ਨਿਰਭਰ ਹੈ।

"ਸਾਨੂੰ ਨਹੀਂ ਪਤਾ ਕਿ ਨਹਿਰ ਤੋਂ ਲਿਆਂਦਾ ਜਾਂਦਾ ਪਾਣੀ ਪੀਣ ਲਈ ਸਿਹਤ ਲਈ ਫ਼ਾਇਦੇਮੰਦ ਹੈ ਜਾਂ ਹਾਨੀਕਾਰਕ ਪਰ ਸਾਡੇ ਘਰ ਦੇ ਨਲਕਿਆਂ ਤੋਂ ਤਾਂ ਉਹ ਪਾਣੀ ਚੰਗਾ ਹੈ।"

ਸ਼ਿਮਲਾ ਦੇਵੀ ਕਹਿੰਦੇ ਹਨ, "ਮੇਰੀ ਤਾਂ ਲੱਗਦਾ ਹੈ ਸਾਰੀ ਉਮਰ ਪੀਣ ਵਾਲਾ ਪਾਣੀ ਢੋਣ ਵਿੱਚ ਹੀ ਲੰਘ ਜਾਵੇਗੀ। ਸਰਕਾਰਾਂ ਤੋਂ ਆਸ ਮੁੱਕ ਗਈ ਹੈ ਅਤੇ ਹੁਣ ਕੁਦਰਤ ਹੀ ਕੁਝ ਕਰ ਸਕਦੀ ਹੈ। ਜਦੋਂ ਮੈਂ ਟੈਲੀਵਿਜ਼ਨ ਉੱਪਰ ਨੇਤਾਵਾਂ ਦੀਆਂ ਗੱਲਾਂ ਸੁਣਦੀ ਹਾਂ ਤਾਂ ਲੱਗਦਾ ਹੈ ਕਿ ਮੈਂ ਕਿਸੇ ਹੋਰ ਦੇਸ਼ ਦੀ ਵਾਸੀ ਹਾਂ ਕਿਉਂਕਿ ਜਿਹੜਾ ਦੇਸ਼ ਨੇਤਾਵਾਂ ਵੱਲੋਂ ਆਪਣੇ ਭਾਸ਼ਣਾਂ ਰਾਹੀਂ ਦਿਖਾਇਆ ਜਾ ਰਿਹਾ ਹੈ, ਉਹ ਹਕੀਕਤ ਵਿੱਚ ਨਹੀਂ ਹੈ।"

'ਕਮਾਈ ਵੀ ਹੋ ਜਾਂਦੀ ਹੈ ਅਤੇ ਸੇਵਾ ਵੀ'

ਫ਼ਰੀਦਕੋਟ ਦੀ ਨਹਿਰ ਤੋਂ ਟੈਂਕੀਆਂ ਵਿੱਚ ਪਾਣੀ ਭਰ ਕੇ ਪਿੰਡਾਂ ਵਿੱਚ ਵੇਚਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਣੀ ਦਾ ਕੰਮ ਕੋਰੋਨਾ ਦੇ ਦੌਰ ਦੌਰਾਨ ਸੇਵਾ ਵਜੋਂ ਸ਼ੁਰੂ ਕੀਤਾ ਸੀ।

"ਲੌਕਡਾਊਨ ਦੌਰਾਨ ਪਾਣੀ ਭਰਨ ਦੀ ਇਜਾਜ਼ਤ ਸੀ। ਮੈਂ ਸੇਵਾ ਵਜੋਂ ਪਾਣੀ ਭਰ ਕੇ ਲੋਕਾਂ ਦੇ ਘਰਾਂ ਵਿੱਚ ਦਿੰਦਾ ਰਿਹਾ ਪਰ ਬਾਅਦ ਵਿੱਚ ਇਹ ਮੇਰਾ ਕਿੱਤਾ ਬਣ ਗਿਆ। ਮੈਂ ਅਤੇ ਮੇਰੀ ਪਤਨੀ ਹਰ ਰੋਜ਼ ਅੱਠ ਤੋਂ ਬਾਰਾਂ ਹਜ਼ਾਰ ਲੀਟਰ ਤੱਕ ਪਾਣੀ ਸ਼ਹਿਰ ਵਿੱਚ ਵੇਚਦੇ ਹਾਂ। ਕਮਾਈ ਵੀ ਹੋ ਜਾਂਦੀ ਹੈ ਅਤੇ ਸੇਵਾ ਵੀ।"

ਪਾਣੀ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਇਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਤਸਵੀਰ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਨਜ਼ਰ ਆਉਂਦੀ ਹੈ

ਦੇਖਣ ਵਿੱਚ ਆਇਆ ਹੈ ਕਿ ਕੁਝ ਪੜ੍ਹੇ ਲਿਖੇ ਬੇਰੁਜ਼ਗਾਰ ਮੁੰਡੇ ਵੀ ਪਾਣੀ ਵੇਚਣ ਦੇ ਕਾਰੋਬਾਰ ਵਿੱਚ ਲੱਗ ਗਏ ਹਨ।

ਇਸੇ ਤਰ੍ਹਾਂ ਪਿੰਡ ਪੱਕਾ-4 ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਉਹ ਪਿਛਲੇ ਢਾਈ ਸਾਲਾਂ ਤੋਂ ਨਹਿਰ ਤੋਂ ਪਾਣੀ ਭਰ ਕੇ ਲਿਜਾ ਰਹੇ ਹਨ।

"ਇਹ ਸਿਲਸਿਲਾ ਹਰ ਰੋਜ਼ ਦਾ ਹੈ ਪਰ ਜੇਕਰ ਕਿਧਰੇ ਘਰ ਵਿੱਚ ਕੋਈ ਮੁਸ਼ਕਲ ਖੜ੍ਹੀ ਹੋ ਜਾਵੇ ਤਾਂ ਫਿਰ ਮੁੱਲ ਪਾਣੀ ਖ਼ਰੀਦਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਸਰਕਾਰੀ ਪੱਧਰ 'ਤੇ ਲਗਾਏ ਗਏ ਫਿਲਟਰ ਸਿਸਟਮ ਫੇਲ੍ਹ ਹੋ ਚੁੱਕੇ ਹਨ। ਸਾਡਾ ਤਾਂ ਰੱਬ ਹੀ ਰਾਖਾ ਹੈ।"

'ਸਾਡੀ ਸਰਕਾਰ ਜਲਦੀ ਹੀ ਇਸ ਵੱਲ ਧਿਆਨ ਦੇਣ ਜਾ ਰਹੀ ਹੈ'

ਇਸ ਪਾਣੀ ਦੀ ਸਮੱਸਿਆ ਸਬੰਧੀ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ, "ਜਿਹੜਾ ਪਾਣੀ ਪਿੰਡਾਂ ਦੇ ਲੋਕ ਨਹਿਰ ਦੇ ਨਲਕਿਆਂ ਤੋਂ ਭਰ ਕੇ ਲਿਜਾਂਦੇ ਹਨ ਉਹ ਵੀ ਪੀਣ ਯੋਗ ਨਹੀਂ ਹੈ।“

“ਧਰਤੀ ਹੇਠਲਾ ਪਾਣੀ ਉਦਯੋਗਾਂ ਦੇ ਰਸਾਇਣਕ ਪਾਣੀ ਕਾਰਨ ਖਰਾਬ ਹੋ ਗਿਆ ਹੈ। ਨਹਿਰਾਂ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ, ਪਾਣੀ ਨੂੰ ਹੋਰ ਦੂਸ਼ਿਤ ਕਰ ਰਿਹਾ ਹੈ। ਸਾਡੀ ਸਰਕਾਰ ਜਲਦੀ ਹੀ ਇਸ ਵੱਲ ਧਿਆਨ ਦੇਣ ਜਾ ਰਹੀ ਹੈ।"

ਗੁਰਦਿੱਤ ਸਿੰਘ ਸੇਖੋਂ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ ਤੋਂ ਵਿਧਾਨ ਸਭਾ ਮੈਂਬਰ ਹਨ, ਉਨ੍ਹਾਂ ਮੁਤਾਬਕ ਪਾਣੀ ਦੀ ਸਮੱਸਿਆ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ

ਗੁਰਦਿੱਤ ਸਿੰਘ ਸੇਖੋਂ ਨੇ ਪਾਣੀ ਦੀ ਕਮੀ ਲਈ ਪਿਛਲੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਿੱਚ ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੀਆਂ ਪ੍ਰਾਪਤੀਆਂ ਗਿਣਾਈਆਂ।

ਇਸੇ ਤਰ੍ਹਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਵੀ ਇਸ ਵਾਰ ਆਮ ਆਦਮੀ ਪਾਰਟੀ ਜਿੱਤੀ ਹੈ। ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਜਲਦੀ ਹੀ ਮਸਲੇ ਦਾ ਹੱਲ ਕਰਵਾਉਣਗੇ।

ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਾਢੇ 5 ਕਰੋੜ ਰੁਪਏ ਖਰਚ ਕਰਕੇ ਫ਼ਰੀਦਕੋਟ ਦੇ ਵਾਟਰ ਵਰਕਸ ਨਾਲ ਨਹਿਰੀ ਪਾਣੀ ਦੀ ਸਪਲਾਈ ਜੋੜੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਇਲਾਵਾ 10 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ ਜਿਸ ਦਾ ਕੰਮ ਹਾਲੇ ਚੱਲ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਫ਼ਰੀਦਕੋਟ ਸ਼ਹਿਰ ਵਿੱਚ 1972 ਵਿੱਚ ਜਲ ਘਰ ਦੀ ਸਥਾਪਨਾ ਕੀਤੀ ਗਈ ਸੀ। ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਇਸ ਅਰਸੇ ਮਗਰੋਂ ਆਬਾਦੀ ਤਾਂ ਵਧਦੀ ਰਹੀ ਪਰ ਕਿਸੇ ਨੇ ਵੀ ਇਸ ਜਲ ਘਰ ਦੀ ਸਾਰ ਨਹੀਂ ਲਈ ਸੀ।

ਵੀਡੀਓ :ਪਾਣੀ ਦੀ ਥੁੜ ਦੇ ਮਾਰੇ ਪਿੰਡ ਨੇ 100 ਸਾਲ ਪੁਰਾਣਾ ਖੂਹ ਇੰਝ ਸੁਰਜੀਤ ਕੀਤਾ

ਵੀਡੀਓ ਕੈਪਸ਼ਨ, ਪਾਣੀ ਦੀ ਕਿੱਲਤ ਦੇ ਸਤਾਏ ਪਿੰਡ ਵਾਲਿਆਂ ਨੇ 100 ਸਾਲ ਪੁਰਾਣਾ ਖੂਹ ਮੁੜ ਸੁਰਜੀਤ ਕੀਤਾ (ਜੁਲਾਈ 2021)

ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਰਹੱਦੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ।

ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦਾ ਇੱਕ ਵੱਡਾ ਪਲਾਂਟ ਲਾਇਆ ਜਾ ਰਿਹਾ ਹੈ, ਜਿਸ ਰਾਹੀਂ ਫਾਜ਼ਿਲਕਾ, ਜਲਾਲਾਬਾਦ ਅਤੇ ਸਰਹੱਦ ਉਪਰ ਵਸੇ 209 ਪਿੰਡਾਂ ਵਿੱਚ ਪੀਣ ਵਾਲਾ ਪਾਣੀ ਜਲਦੀ ਮੁਹੱਈਆ ਕਰਵਾਇਆ ਜਾਵੇਗਾ।

'ਲੋਕਾਂ ਦੀ ਗੱਲ ਸਹੀ ਹੈ ਕਿ ਧਰਤੀ ਹੇਠਲਾ ਪਾਣੀ ਗੰਦਾ ਹੈ'

ਜਲਾਲਾਬਾਦ ਖੇਤਰ ਉਸ ਵੇਲੇ ਵੀਵੀਆਈਪੀ ਖਿੱਤਾ ਬਣਿਆ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਵਿਧਾਨ ਸਭਾ ਦੀ ਚੋਣ ਲੜ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸਨ। ਸੁਖਬੀਰ ਸਿੰਘ ਬਾਦਲ ਇਸ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਅਤੇ ਹੁਣ ਉਹ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਹਨ।

ਉਂਜ, ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਇਸ ਹਲਕੇ ਤੋਂ ਕਾਂਗਰਸ ਆਪਣੀ ਜਿੱਤ ਦਰਜ ਕਰਦੀ ਰਹੀ ਹੈ। ਜ਼ਿਲ੍ਹਾ ਫਾਜ਼ਿਲਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਇਸ ਮੁੱਦੇ ਉੱਪਰ ਆਪਣਾ ਤਰਕ ਦਿੰਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪਿੰਡਾਂ ਵਿਚ ਆਰ ਓ ਸਿਸਟਮ ਲਗਾਏ ਗਏ ਸਨ ਜਿਹੜੇ ਕਿ ਕਾਂਗਰਸ ਸਰਕਾਰ ਵੇਲੇ ਫੇਲ੍ਹ ਹੋ ਗਏ।

"ਬਾਦਲ ਸਰਕਾਰ ਨੇ ਇਸ ਸਕੀਮ ਤਹਿਤ ਪਿੰਡ ਪਿੰਡ ਵਿੱਚ ਆਰ ਓ ਸਿਸਟਮ ਲਗਾਏ ਸਨ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਹੁੰਦਾ ਸੀ। ਲੋਕਾਂ ਦੀ ਗੱਲ ਸਹੀ ਹੈ ਕਿ ਇਸ ਖੇਤਰ ਵਿਚ ਧਰਤੀ ਹੇਠਲਾ ਪਾਣੀ ਗੰਦਾ ਹੈ ਅਤੇ ਲੋਕ ਨਹਿਰਾਂ ਤੋਂ ਪਾਣੀ ਭਰ ਕੇ ਲਿਆਉਣ ਲਈ ਮਜਬੂਰ ਹਨ।"

ਦੱਸਣਾ ਬਣਦਾ ਹੈ ਕਿ ਜਲ ਸਰੋਤ ਵਿਭਾਗ ਚੰਡੀਗਡ਼੍ਹ ਦੇ ਮੁੱਖ ਇੰਜਨੀਅਰ ਵੱਲੋਂ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਹਿਰਾਂ ਦਾ ਪਾਣੀ ਨਾ ਪੀਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਜਾਵੇ। ਪਰ ਇਹ ਅਮਲ ਸਿਰਫ਼ 'ਕਾਗਜ਼ਾਂ' ਤਕ ਹੀ ਸੀਮਤ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)