ਬਾਓਲੀਆਂ ਦੀ ਜਿੰਨੀ ਲੋੜ ਅਤੀਤ ਵਿੱਚ ਸੀ ਉਸ ਨਾਲੋ ਜ਼ਿਆਦਾ ਲੋੜ ਹੁਣ ਪੈਣ ਵਾਲੀ ਹੈ, ਜਾਣੋ ਕਿਵੇਂ

ਤਸਵੀਰ ਸਰੋਤ, Getty Images
- ਲੇਖਕ, ਫੇਜ਼ਾ ਤਬੱਸੁਮ ਆਜ਼ਮੀ
- ਰੋਲ, ,ਬੀਬੀਸੀ ਫਿਊਚਰ
ਪੰਜਾਬ ਵਿੱਚ ਬਾਊਲੀਆਂ ਦਾ ਵਿਸ਼ੇਸ਼ ਇਤਿਹਾਸ ਅਤੇ ਮਹੱਤਵ ਹੈ। ਬਾਊਲੀ ਇੱਕ ਕਿਸਮ ਦਾ ਖੂਹ ਹੁੰਦਾ ਹੈ ਜਿਸ ਵਿੱਚ ਪਾਉੜੀਆਂ ਰਾਹੀਂ ਉੱਤਰਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਖੂਹ ਹੁੰਦਾ ਹੈ ਜਿਸ ਦੇ ਪਾਣੀ ਤੱਕ ਪਹੁੰਚਣ ਲਈ ਪੌੜੀਆਂ ਜਾਂਦੀਆਂ ਹਨ।
ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਵਾਸਤੂਕਲਾ ਦੇ ਅਜਿਹੇ ਸ਼ਾਨਦਾਰ ਨਮੂਨੇ ਹਨ ਜੋ ਕਿ ਜ਼ਮੀਨ ਦੇ ਅੰਦਰ ਢੂੰਘਾਈ ਵੱਲ ਨੂੰ ਬਣਾਏ ਗਏ ਹਨ। ਇਨ੍ਹਾਂ ਬਾਓਲੀਆਂ ਨੂੰ ਮੁੜ ਸੁਰਜੀਤ ਕਰਨਾ, ਉਨ੍ਹਾਂ ਭਾਈਚਾਰਿਆਂ ਲਈ ਬਹੁਤ ਮਦਦਗਾਰ ਹੋ ਸਕਦਾ ਹੈ ਜੋ ਸੁੱਕੇ ਦੀ ਮਾਰ ਝੱਲ ਰਹੇ ਹਨ।
8ਵੀਂ-9ਵੀਂ ਸਦੀ ਦੌਰਾਨ ਰਾਜਪੂਤ ਸ਼ਾਸਕ ਰਾਜਾ ਚੰਦਾ ਦੁਆਰਾ ਅਭਾਨੇਰੀ, ਰਾਜਸਥਾਨ ਵਿੱਚ ਬਣਾਈ ਗਈ ਚਾਂਦ ਬਾਓਲੀ, ਭਾਰਤ ਦੀ ਸਭ ਤੋਂ ਵੱਡੀ ਅਤੇ ਡੂੰਘੀ ਬਾਓਲੀ ਹੈ।
ਪਾਣੀ ਵਾਲੇ ਖੂਹ ਤੱਕ ਪਹੁੰਚਣ ਲਈ ਬਣਾਈ ਗਈ ਇਹ 3,500 ਪੌੜੀਆਂ ਵਾਲੀ ਸ਼ਾਨਦਾਰ ਭੁੱਲ-ਭੁੱਲਈਆ, ਪੂਰੀ ਤਰ੍ਹਾਂ ਨਾਲ ਤਰਤੀਬ ਵਿੱਚ ਬਣਾਈ ਗਈ ਹੈ ਅਤੇ ਇਸ ਵਿੱਚ ਜਿਓਮੈਟ੍ਰਿਕਲ ਡਿਜ਼ਾਈਨ ਦਾ ਬੇਹਤਰੀਨ ਇਸਤੇਮਾਲ ਕੀਤਾ ਗਿਆ ਹੈ।
ਕਰਾਸ-ਕਰਾਸਡ ਪੌੜੀਆਂ (ਆਪਸ ਵਿੱਚ ਇੱਕ-ਦੂਜੇ ਨੂੰ ਵੰਡਦੀਆਂ ਹੋਈਆਂ ਪੌੜੀਆਂ) ਤਿੰਨ ਪਾਸਿਆਂ ਤੋਂ ਪਾਣੀ ਨੂੰ ਘੇਰਦੀਆਂ ਹਨ, ਜਦਕਿ ਚੌਥੇ ਪਾਸੇ ਨੂੰ ਸਜਾਵਟੀ ਰਾਹਦਾਰੀਆਂ (ਗੈਲਰੀਆਂ) ਅਤੇ ਬਾਲਕੋਨੀਆਂ ਨਾਲ ਬਣੀ ਇੱਕ ਇਮਾਰਤ ਨਾਲ ਸ਼ਿੰਗਾਰਿਆ ਗਿਆ ਹੈ।
ਜ਼ਮੀਨ ਵਿੱਚ 13 ਮੰਜ਼ਿਲਾਂ ਜਾਂ 30 ਮੀਟਰ ਹੇਠਾਂ ਵੱਲ ਨੂੰ ਬਣੀ ਹੋਈ ਇਹ ਚਾਂਦ ਬਾਓਲੀ, ਇਨਵਰਟੇਡ ਆਰਕੀਟੈਕਚਰ (ਧਰਤੀ ਦੇ ਅੰਦਰ ਵੱਲ ਨੂੰ ਬਣੀ ਇਮਾਰਤ) ਦੀ ਇੱਕ ਸ਼ਾਨਦਾਰ ਉਦਾਹਰਣ ਹੈ।
ਆਧੁਨਿਕਤਾ ਦੀ ਦੌੜ ਵਿੱਚ ਹੋਈ ਅਣਗਹਿਲੀ

ਤਸਵੀਰ ਸਰੋਤ, Getty Images
ਧਰਤੀ ਦੇ ਅੰਦਰ ਵੱਲ ਢੂੰਘਾਈ ਵਿੱਚ ਬਣੀਆਂ ਚਾਂਦ ਬਾਓਲੀ ਵਰਗੀਆਂ ਹੋਰ ਬਾਓਲੀਆਂ ਦਾ ਨਿਰਮਾਣ ਭਾਰਤ ਦੇ ਅਜਿਹੇ ਇਲਾਕਿਆਂ ਵਿੱਚ ਕੀਤਾ ਗਿਆ ਸੀ ਜਿੱਥੇ ਸੋਕੇ ਦੀ ਸਥਿਤੀ ਰਹਿੰਦੀ ਸੀ।
ਇਨ੍ਹਾਂ ਬਾਓਲੀਆਂ ਦਾ ਮੁਖ ਉਦੇਸ਼ ਅਜਿਹੇ ਸੁੱਕੇ ਇਲਾਕਿਆਂ ਦੇ ਲੋਕਾਂ ਨੂੰ ਸਾਰਾ ਸਾਲ ਪਾਣੀ ਮੁੱਹਈਆ ਕਰਾਉਣਾ ਸੀ ਤਾਂ ਜੋ ਉਨ੍ਹਾਂ ਲੋਕਾਂ ਨੂੰ ਪਾਣੀ ਦੀ ਘਾਟ ਨਾ ਹੋਵੇ ਅਤੇ ਸਿੰਚਾਈ ਵਰਗੇ ਜ਼ਰੂਰੀ ਕੰਮ ਵੀ ਚੱਲਦੇ ਰਹਿਣ।
ਸਦੀਆਂ ਤੱਕ ਕੁਦਰਤੀ ਕਰੋਪੀਆਂ ਝੱਲਣ ਕਾਰਨ ਅਤੇ ਅਣਗਹਿਲੀ ਦੇ ਚੱਲਦਿਆਂ ਇਹ ਖੂਬਸੂਰਤ ਤੇ ਮਹੱਤਵਪੂਰਨ ਢਾਂਚੇ ਜਿਵੇਂ ਕਿਤੇ ਗੁਆਚ ਹੀ ਗਏ।
1,000 ਸਾਲ ਤੋਂ ਵੀ ਵੱਧ ਪੁਰਾਣੀਆਂ ਇਹ ਬਾਓਲੀਆਂ ਦੇਖ-ਰੇਖ ਦੀ ਘਾਟ ਕਾਰਨ ਢਹਿ-ਢੇਰੀ ਹੋ ਰਹੀਆਂ ਹਨ। ਸ਼ਹਿਰੀਕਰਨ ਅਤੇ ਪਾਣੀ ਸਪਲਾਈ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦੇ ਚੱਲਦਿਆਂ ਇਨ੍ਹਾਂ ਦੀ ਕਦਰ ਘਟਦੀ ਹੀ ਚਲੀ ਗਈ।
ਕਈ ਬਾਓਲੀਆਂ ਤਾਂ ਟੁੱਟ ਚੁੱਕੀਆਂ ਹਨ ਜਾਂ ਅੰਦਰ ਧਸ ਚੁੱਕੀਆਂ ਹਨ ਤੇ ਕੁਝ ਪੂਰੀ ਤਰ੍ਹਾਂ ਅਲੋਪ ਹੋ ਗਈਆਂ ਹਨ।
ਹਾਲਾਂਕਿ ਹਾਲ ਦੇ ਸਾਲਾਂ ਵਿੱਚ, ਭਾਰਤ ਵਿਚਲੀ ਪਾਣੀ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਬਾਓਲੀਆਂ ਨੂੰ ਮੁੜ ਤੋਂ ਸੰਵਾਰਿਆ ਜਾ ਰਿਹਾ ਹੈ।
ਇੱਕ ਤਾਜ਼ਾ ਸਰਕਾਰੀ ਰਿਪੋਰਟ ਦੇ ਅਨੁਸਾਰ, ਇਸ ਸਮੇਂ ਦੇਸ਼ ਆਪਣੇ ਇਤਿਹਾਸ ਵਿੱਚ ਆਏ ਸਭ ਤੋਂ ਭਿਆਨਕ ਜਲ ਸੰਕਟ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤੇ ਅਜਿਹੀਆਂ ਉਮੀਦਾਂ ਹਨ ਕਿ ਬਾਓਲੀਆਂ ਦੀ ਇਹ ਪ੍ਰਾਚੀਨ ਤਕਨੀਕ ਇਸ ਸੰਕਟ ਦਾ ਹੱਲ ਕੱਢ ਸਕਦੀ ਹੈ।

ਤਸਵੀਰ ਸਰੋਤ, Getty Images

ਜ਼ਮੀਨੀ ਪਾਣੀ ਕੱਢਣ ਵਿੱਚ ਭਾਰਤ ਮੋਹਰੀ
ਯੂਨਾਇਟੇਡ ਨੇਸ਼ਨਜ਼ ਐਜੂਕੇਸ਼ਨਲ, ਸਾਇੰਟਿਫਿਕ ਅਤੇ ਕਲਚਰਲ ਆਰਗੇਨਾਈਜ਼ੇਸ਼ਨ (ਯੂਨੈਸਕੋ) ਦੇ ਅਨੁਸਾਰ, ਭਾਰਤ ਧਰਤੀ ਹੇਠਲਾ ਪਾਣੀ ਕੱਢਣ ਵਾਲਾ ਸਭ ਤੋਂ ਵੱਡਾ ਦੇਸ਼ ਹੈ।
2007 ਤੋਂ 2017 ਦੇ ਵਿਚਕਾਰ, ਭਾਰਤ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ 61% ਦੀ ਗਿਰਾਵਟ ਦਾ ਅਨੁਮਾਨ ਹੈ।
ਇਸ ਮਹੱਤਵਪੂਰਨ ਸਰੋਤ ਦੀ ਕਮੀ ਨਾਲ ਨਾ ਸਿਰਫ਼ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਕਮੀ ਹੋ ਸਕਦੀ ਹੈ ਬਲਕਿ ਭੋਜਨ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪੈ ਸਕਦੀ ਹੈ, ਕਿਉਂਕਿ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਖੁਰਾਕੀ ਫਸਲਾਂ ਵਿੱਚ 68% ਤੱਕ ਦੀ ਕਮੀ ਹੋ ਸਕਦੀ ਹੈ।
ਇਹ ਵੀ ਪੜ੍ਹੋ
ਭਾਰਤ ਵਿਚ ਹਰ ਸਾਲ ਲਗਭਗ 400 ਮਿਲੀਅਨ ਹੈਕਟੇਅਰ ਮੀਟਰ ਬਰਸਾਤ ਹੁੰਦੀ ਹੈ, ਪਰ ਪ੍ਰਦੂਸ਼ਣ ਕਾਰਨ ਲਗਭਗ 70% ਸਤਹਿ ਵਾਲਾ ਪਾਣੀ ਮਨੁੱਖੀ ਇਸਤੇਮਾਲ ਦੇ ਯੋਗ ਨਹੀਂ ਹੈ।
ਪਾਣੀ ਦੀ ਗੁਣਵੱਤਾ ਸੂਚੀ ਵਿੱਚ ਭਾਰਤ 122 ਦੇਸ਼ਾਂ ਵਿੱਚੋਂ 120ਵੇਂ ਸਥਾਨ 'ਤੇ ਹੈ। ਹਰ ਸਾਲ ਅੰਦਾਜ਼ਨ 200,000 ਲੋਕ ਨਾਕਾਫ਼ੀ ਪਾਣੀ (ਪਾਣੀ ਦੀ ਘਾਟ) ਕਾਰਨ ਮਰਦੇ ਹਨ।
ਸਰਕਾਰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਭਾਰਤ ਦੀਆਂ ਇਤਿਹਾਸਕ ਜਲ ਪ੍ਰਬੰਧਨ ਪ੍ਰਣਾਲੀਆਂ ਦੀ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੰਦੀ ਹੈ।
ਸਥਾਨਕ ਲੋੜਾਂ ਲਈ, ਸੂਬਾ ਸਰਕਾਰਾਂ ਰਵਾਇਤੀ ਜਲ ਪ੍ਰਣਾਲੀਆਂ ਨੂੰ ਸੋਧਣ ਲਈ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਸਕਦੀਆਂ ਹਨ।
ਇੱਕ ਦੇਸ਼ ਜਿੱਥੇ 600 ਮਿਲੀਅਨ ਲੋਕ - ਲਗਭਗ ਅੱਧੀ ਆਬਾਦੀ - ਰੋਜ਼ਾਨਾ ਪਾਣੀ ਦੀ ਗੰਭੀਰ ਘਾਟ ਦਾ ਸਾਹਮਣਾ ਕਰਦੇ ਹਨ, ਪਾਣੀ ਬਚਾਉਣ ਦੇ ਰਵਾਇਤੀ ਤਰੀਕੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਉਮੀਦ ਦੀ ਕਿਰਨ ਵਾਂਗ ਹਨ।
ਰਤੀਸ਼ ਨੰਦਾ, ਇੱਕ ਕੰਜ਼ਰਵੇਸ਼ਨ ਆਰਕੀਟੈਕਟ ਅਤੇ ਆਗਾ ਖਾਨ ਟਰੱਸਟ ਫਾਰ ਕਲਚਰ ਵਿੱਚ ਪ੍ਰੋਜੈਕਟਸ ਦੇ ਡਾਇਰੈਕਟਰ ਹਨ - ਇਹ ਸੰਸਥਾ, ਨਵੀਨੀਕਰਨ ਦੇ ਯਤਨਾਂ ਦੀ ਅਗਵਾਈ ਕਰਦੀ ਹੈ।
ਰਤੀਸ਼ ਕਹਿੰਦੇ ਹਨ, "ਭਾਰਤ ਦੇ ਤੇਜ਼ੀ ਨਾਲ ਡਿੱਗਦੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਦੇਖਦਿਆਂ, ਬਾਓਲੀਆਂ ਜ਼ਮੀਨੀ ਪਾਣੀ ਨੂੰ ਭਰਨ ਅਤੇ ਪਾਣੀ ਇਕੱਠਾ ਕਰਨ ਵਿੱਚ ਬਹੁਤ ਸਹਾਈ ਹੋ ਸਕਦੀਆਂ ਹਨ। ਬਰਸਾਤ ਦੇ ਮੌਸਮ ਦੌਰਾਨ, ਤਿੰਨ ਮਹੀਨਿਆਂ ਵਿੱਚ ਲੱਖਾਂ ਲੀਟਰ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ।"
ਰਾਜਸਥਾਨ ਦੁਨੀਆ ਦੇ ਅਜਿਹੇ ਇਲਾਕਿਆਂ ਵਿੱਚ ਸ਼ਾਮਲ ਹੈ ਜਿੱਥੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ।

ਤਸਵੀਰ ਸਰੋਤ, Victoria Lautman

ਸਾਲ 2018 ਵਿੱਚ, ਰਾਜਸਥਾਨ ਦੀ ਸਰਕਾਰ ਨੇ ਵਿਸ਼ਵ ਬੈਂਕ ਦੀ ਤਕਨੀਕੀ ਸਹਾਇਤਾ ਨਾਲ, ਚਾਂਦ ਬਾਓਲੀ ਸਮੇਤ ਅਜਿਹੀਆਂ ਹੋਰ ਬਾਓਲੀਆਂ ਦੇ ਨਵੀਨੀਕਰਨ (ਪੁਨਰ-ਨਿਰਮਾਣ) ਨੂੰ ਲੈ ਕੇ ਇੱਕ ਵਿਆਪਕ ਢਾਂਚਾ ਤਿਆਰ ਕੀਤਾ।
ਮੋਹਿਤ ਢੀਂਗਰਾ, ਜਿੰਦਲ ਸਕੂਲ ਆਫ਼ ਆਰਟ ਐਂਡ ਆਰਕੀਟੈਕਚਰ, ਸੋਨੀਪਤ ਵਿੱਚ ਪੜ੍ਹਾਉਂਦੇ ਹਨ ਅਤੇ ਭਾਰਤ ਵਿੱਚ ਸੰਭਾਲ ਪ੍ਰੋਜੈਕਟਾਂ ਨਾਲ ਜੁੜੇ ਹੋਏ ਹਨ।
ਉਹ ਕਹਿੰਦੇ ਹਨ, "ਰਾਜਸਥਾਨ ਸਰਕਾਰ ਨੇ ਆਪਣੇ ਪ੍ਰਮੁੱਖ ਪ੍ਰੋਗਰਾਮ, ਮੁੱਖ ਮੰਤਰੀ ਜਲ ਸਵਾਵਲੰਬਨ ਅਭਿਆਨ ਰਾਹੀਂ, ਗੈਰ-ਕਾਰਜਸ਼ੀਲ ਰੇਨ ਵਾਟਰ ਹਾਰਵੈਸਟਿੰਗ ਢਾਂਚਿਆਂ ਨੂੰ ਮੁੜ ਸੁਰਜੀਤ ਕਰਕੇ ਪਿੰਡਾਂ ਨੂੰ ਪਾਣੀ ਲਈ ਆਤਮਨਿਰਭਰ ਬਣਾਉਣ ਲਈ ਪਹਿਲਕਦਮੀ ਕੀਤੀ ਹੈ।"
ਉਹ ਅੱਗੇ ਕਹਿੰਦੇ ਹਨ, "ਭਾਰਤ ਵਿੱਚ ਇੱਕ ਵਿਆਪਕ ਜਲ ਈਕੋ-ਸਿਸਟਮ ਹੈ, ਪਰ ਜ਼ਿਆਦਾਤਰ ਰਵਾਇਤੀ ਜਲ-ਪ੍ਰਣਾਲੀਆਂ ਬੰਦ ਪਈਆਂ ਹਨ।
ਬਾਓਲੀਆਂ ਨੂੰ ਮੁੜ ਸੁਰਜੀਤ ਕਰਨ ਨਾਲ ਲੋਕ ਆਪਣੇ ਰਵਾਇਤੀ ਸਰੋਤਾਂ ਅਤੇ ਭਾਈਚਾਰਕ ਜੀਵਨ ਦੀਆਂ ਥਾਵਾਂ ਨੂੰ ਮੁੜ ਪ੍ਰਾਪਤ ਕਰ ਸਕਣਗੇ।
ਚਾਂਦ ਬਾਓਲੀ ਵਰਗੀਆਂ, ਵੱਡੀ ਮਾਤਰਾ ਵਿੱਚ ਪਾਣੀ ਇੱਕਠਾ ਕਰ ਸਕਣ ਵਾਲੀਆਂ ਪ੍ਰਣਾਲੀਆਂ ਨਾਲ ਪਾਣੀ ਦੀ ਕਮੀ ਵੱਡੇ ਪੱਧਰ ’ਤੇ ਦੂਰ ਕੀਤੀ ਜਾ ਸਕਦੀ ਹੈ।"

ਤਸਵੀਰ ਸਰੋਤ, Getty Images

ਰਾਜਸਥਾਨ ਵਿੱਚ ਰਹਿਣ ਵਾਲੇ ਬਾਂਸੀ ਦੇਵੀ ਆਪਣਾ ਜੀਵਨ ਬਸਰ ਕਰਨ ਲਈ ਪਸ਼ੂ ਪਾਲਣ ਕਰਦੇ ਹਨ ਅਤੇ ਉਹ ਹੁਣੇ ਤੋਂ ਬਦਲਾਅ ਮਹਿਸੂਸ ਕਰ ਰਹੇ ਹਨ।
ਉਹ ਕਹਿੰਦੇ ਹਨ, "ਸਾਨੂੰ ਪਾਣੀ ਦੀ ਭਾਲ ਵਿੱਚ ਘੰਟਿਆਂ ਬੱਧੀ ਤੁਰਨਾ ਪੈਂਦਾ ਸੀ। ਪਰ ਹੁਣ ਮੈਂ ਆਪਣੇ ਘਰੇਲੂ ਵਰਤੋਂ ਲਈ ਅਤੇ ਪਸ਼ੂਆਂ ਨੂੰ ਪਿਆਉਣ ਅਤੇ ਨਵਾਹੁਣ ਲਈ ਪਿੰਡ ਦੀ ਸੁਰਜੀਤ ਹੋਈ ਬਾਓਲੀ ਦੇ ਪਾਣੀ ਦੀ ਵਰਤੋਂ ਕਰ ਸਕਦੀ ਹਾਂ।"
ਜੋਧਪੁਰ ਸ਼ਹਿਰ ਵਿੱਚ, ਇੱਕ ਟੀਮ ਨੇ ਕਈ ਮਹੀਨਿਆਂ ਤੱਕ ਤੂਰਜੀ ਬਾਓਲੀ ਵਿੱਚ ਖੜ੍ਹੇ ਪਾਣੀ ਨੂੰ ਬਾਹਰ ਕੱਢਿਆ ਅਤੇ ਇਸ ਦਾ ਨਵੀਨੀਕਰਨ ਕੀਤਾ।
ਦਹਾਕਿਆਂ ਤੱਕ ਖੜ੍ਹੇ ਜ਼ਹਿਰੀਲੇ ਪਾਣੀ ਨੇ ਇਸ ਬਾਓਲੀ ਦੇ ਲਾਲ ਪੱਥਰਾਂ ਨੂੰ ਸਫੈਦ ਕਰ ਦਿੱਤਾ ਸੀ ਅਤੇ ਅੱਧਾ ਇੰਚ ਮੋਟੀ ਪਰਤ ਨੇ ਸਤਹਿ ਦੇ ਬਹੁਤ ਸਾਰੇ ਹਿੱਸੇ ਨੂੰ ਢੱਕਿਆ ਹੋਇਆ ਸੀ।
ਲਗਭਗ 15 ਲੱਖ ਭਾਰਤੀ ਰੁਪਏ (ਲਗਭਗ 20,000 ਡਾਲਰ) ਦੀ ਲਾਗਤ ਨਾਲ ਕੰਧ 'ਤੇ ਜਮ੍ਹਾਂ ਹੋਈ ਮੋਟੀ ਚਿੱਟੀ ਪਰਤ ਨੂੰ ਸਾਫ਼ ਕਰਨ ਲਈ ਰੇਤ-ਬਲਾਸਟਿੰਗ ਕੀਤੀ ਗਈ ਸੀ।
ਹਾਲ ਹੀ ਵਿੱਚ ਸਾਫ ਕੀਤੀਆਂ ਹੋਰ ਬਾਓਲੀਆਂ ਤੋਂ ਹੁਣ ਸ਼ਹਿਰ ਨੂੰ ਰੋਜ਼ਾਨਾ ਲਗਭਗ 28 ਮਿਲੀਅਨ ਲੀਟਰ ਪਾਣੀ ਸਿੰਚਾਈ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਸਪਲਾਈ ਕੀਤਾ ਜਾਂਦਾ ਹੈ।
ਗ੍ਰਾਮ ਭਾਰਤੀ ਸਮਿਤੀ (ਸੁਸਾਇਟੀ ਫਾਰ ਰੂਰਲ ਡਿਵੈਲਪਮੈਂਟ), ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿੱਚ ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਸੰਸਥਾ ਨੇ ਰਾਜਸਥਾਨ ਦੇ ਪਿੰਡਾਂ ਵਿੱਚ ਸੱਤ ਬਾਓਲੀਆਂ ਦੇ ਪੁਨਰ-ਨਿਰਮਾਣ ਦਾ ਕੰਮ ਕੀਤਾ ਹੈ, ਅਤੇ ਜਿਸ ਨਾਲ ਲਗਭਗ 25,000 ਲੋਕਾਂ ਨੂੰ ਵਧੇਰੇ ਸੁਰੱਖਿਅਤ ਪਾਣੀ ਦਾ ਸਰੋਤ ਮਿਲਿਆ ਹੈ।
ਗ੍ਰਾਮ ਭਾਰਤੀ ਸਮਿਤੀ ਦੇ ਸਕੱਤਰ ਕੁਸੁਮ ਜੈਨ ਕਹਿੰਦੇ ਹਨ, "ਅਸੀਂ ਸੱਤ ਬਾਓਲੀਆਂ ਦਾ ਪੁਨਰ-ਨਿਰਮਾਣ ਕੀਤਾ ਹੈ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕੀਤਾ ਗਿਆ ਹੈ ਅਤੇ ਸਟੋਰੇਜ ਸਮਰੱਥਾ ਵਧਾਈ ਗਈ ਹੈ।
ਜ਼ਿਆਦਾਤਰ ਬਾਓਲੀਆਂ ਪਿੰਡਾਂ ਦੇ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਲਈ ਕਾਫ਼ੀ ਪਾਣੀ ਮੁਹੱਈਆ ਕਰਵਾ ਸਕਦੀਆਂ ਹਨ। ਇਸ ਕੰਮ ਲਈ ਵੱਖ-ਵੱਖ ਭਾਈਚਾਰਿਆਂ ਦੇ ਲੋਕ ਮਦਦ ਲਈ ਅੱਗੇ ਆਏ ਹਨ ਜੋ ਕਿ ਭਾਰਤ ਦੀ ਧਾਰਮਿਕ ਸਦਭਾਵਨਾ ਦੀ ਇੱਕ ਮਿਸਾਲ ਹੈ।"
ਰਾਜਸਥਾਨ ਦੇ ਸ਼ਿਵਪੁਰਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਰਾਜਕੁਮਾਰ ਸ਼ਰਮਾ ਇਸ ਨਵੀਨੀਕਰਨ ਨੂੰ ਦੇਖ ਕੇ ਬਹੁਤ ਖੁਸ਼ ਹਨ।
ਉਹ ਕਹਿੰਦੇ ਹਨ, "ਬਾਓਲੀਆਂ ਸਾਡੇ ਸੱਭਿਆਚਾਰਕ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ। ਸਾਡੇ ਪਿੰਡ ਵਿਚਲੀ ਬਾਓਲੀ ਹੀ ਪਾਣੀ ਦਾ ਇੱਕੋ-ਇੱਕ ਸਰੋਤ ਸੀ।
ਸਮੇਂ ਦੇ ਨਾਲ ਇਹ ਸੁੱਕ ਕੇ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਈ ਸੀ। ਹੁਣ ਸਾਡੇ ਕੋਲ ਪੀਣ ਲਈ, ਘਰੇਲੂ ਵਰਤੋਂ ਲਈ ਅਤੇ ਧਾਰਮਿਕ ਕੰਮਾਂ ਲਈ ਸਾਫ਼ ਪਾਣੀ ਉਪਲਬੱਧ ਹੈ। ਇਹ ਬਾਓਲੀ ਸਾਡੇ ਪਿੰਡ ਦੀ ਸ਼ਾਨ ਬਣ ਗਈ ਹੈ।"
ਇਸ ਗੱਲ ਦੇ ਵੀ ਸਬੂਤ ਹਨ 2500-1700 ਬੀਸੀ ਦੇ ਵਿਚਕਾਰ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਮੇਂ ਵੀ ਬਾਓਲੀਆਂ ਹੁੰਦੀਆਂ ਸਨ।
ਸ਼ੁਰੂ ਵਿੱਚ ਇਹ ਕੱਚੀਆਂ ਬਣਾਈਆਂ ਜਾਂਦੀਆਂ ਸਨ ਅਤੇ ਫਿਰ ਹੌਲੀ-ਹੌਲੀ 11ਵੀਂ-15ਵੀਂ ਸਦੀ ਦੇ ਵਿਚਕਾਰ ਇਨ੍ਹਾਂ ਦੇ ਨਿਰਮਾਣ ਵਿੱਚ ਬਿਹਤਰੀਨ ਵਾਸਤੂਕਲਾ ਦੇ ਨਮੂਨੇ ਤਿਆਰ ਹੋਏ।
2016 ਵਿੱਚ, ਸਟੈਪਵੈਲ ਐਟਲਸ ਨੇ ਭਾਰਤ ਵਿੱਚ ਲਗਭਗ 3,000 ਮੌਜੂਦਾ ਬਾਓਲੀਆਂ ਦਾ ਇੱਕ ਖਾਕਾ ਤਿਆਰ ਕੀਤਾ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ 32 ਬਾਓਲੀਆਂ ਮੌਜੂਦ ਹਨ।
ਇਹ ਬਾਓਲੀਆਂ ਸਜਾਵਟੀ ਅਤੇ ਆਰਕੀਟੈਕਚਰਲ ਵਿਸ਼ੇਸ਼ਤਾਵਾਂ ਦੇ ਨਾਲ ਬਹੁ-ਮੰਜ਼ਲਾ ਭੂਮੀਗਤ ਢਾਂਚੇ ਹਨ। ਇਨ੍ਹਾਂ ਦੇ ਆਮ ਤੌਰ 'ਤੇ ਦੋ ਹਿੱਸੇ ਹੁੰਦੇ ਹਨ: ਪਾਣੀ ਦੀ ਇੱਕ ਲੰਬਕਾਰੀ ਸ਼ਾਫਟ ਅਤੇ ਕੈਸਕੇਡਿੰਗ ਗੈਲਰੀਆਂ (ਰਾਹਦਾਰੀਆਂ), ਚੈਂਬਰ ਅਤੇ ਪੌੜੀਆਂ।
'ਕਹਾਣੀਆਂ ਦਾ ਭੰਡਾਰ ਹਨ ਬਾਓਲੀਆ'

ਤਸਵੀਰ ਸਰੋਤ, Getty Images

ਇਤਿਹਾਸਕਾਰ ਰਾਣਾ ਸਫ਼ਵੀ ਕਹਿੰਦੇ ਹਨ, "ਸਮਾਜਿਕ ਇਕੱਠਾਂ ਅਤੇ ਧਾਰਮਿਕ ਰਸਮਾਂ ਲਈ ਵਰਤੀਆਂ ਜਾਣ ਵਾਲੀਆਂ ਇਹ ਬਾਓਲੀਆਂ, ਭਾਰਤ ਦੀਆਂ ਇਤਿਹਾਸਕ ਕਹਾਣੀਆਂ ਦਾ ਭੰਡਾਰ ਹਨ।"
ਉਹ ਅੱਗੇ ਕਹਿੰਦੇ ਹਨ, "ਇਹ ਯਾਤਰੀਆਂ ਨੂੰ ਠੰਡਕ ਦੇਣ ਦਾ ਕੰਮ ਕਰਦੀਆਂ ਸਨ ਕਿਉਂਕਿ ਹੇਠਾਂ ਦਾ ਤਾਪਮਾਨ ਅਕਸਰ ਪੰਜ-ਛੇ ਡਿਗਰੀ ਘੱਟ ਹੁੰਦਾ ਸੀ। ਬਾਓਲੀਆਂ ਨੇ ਸਾਂਝੀਆਂ ਥਾਵਾਂ ਨੂੰ ਸੁਹਾਵਣਾ ਬਣਾਉਣ ਦੇ ਨਾਲ-ਨਾਲ ਕਮਿਊਨਿਟੀਆਂ ਲਈ ਪਾਣੀ ਮੁਹੱਈਆ ਕਰਨ ਵਿੱਚ ਮਦਦ ਕੀਤੀ।
ਉਹ ਬਰਸਾਤੀ ਪਾਣੀ ਦੀ ਸੰਭਾਲ ਲਈ ਇੱਕ ਬਿਹਤਰੀਨ ਪ੍ਰਣਾਲੀ ਹਨ ਅਤੇ ਪਾਣੀ ਦੇ ਭੰਡਾਰ ਵਜੋਂ ਕੰਮ ਆਉਂਦੀਆਂ ਹਨ। ਪਾਣੀ ਦੀ ਕਮੀ ਨੂੰ ਦੂਰ ਕਰਨ ਦੀ ਸਾਡੀ ਲੜਾਈ ਵਿੱਚ ਇਨ੍ਹਾਂ ਬਾਓਲੀਆਂ ਦਾ ਪੁਨਰ-ਨਿਰਮਾਣ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ।"
ਸ਼ਿਕਾਗੋ-ਅਧਾਰਤ ਲੇਖਕ, ਵਿਕਟੋਰੀਆ ਲੌਟਮੈਨ ਆਪਣੀ ਕਿਤਾਬ 'ਦਿ ਵੈਨੇਸ਼ਿੰਗ ਸਟੈਪਵੈਲਜ਼ ਆਫ ਇੰਡੀਆ' ਵਿੱਚ ਇਨ੍ਹਾਂ ਨੂੰ "ਗੇਟਸ ਟੂ ਦਿ ਅੰਡਰਵਰਲਡ" (ਅੰਦਰਲੀ ਦੁਨੀਆ ਦੇ ਦਰਵਾਜ਼ੇ) ਕਹਿੰਦੇ ਹਨ।
ਉਹ ਕਹਿੰਦੇ ਹਨ, "ਇਹ ਬਾਓਲੀਆਂ ਵਿਲੱਖਣ ਹਨ ਕਿਉਂਕਿ ਆਮ ਤੌਰ 'ਤੇ ਅਸੀਂ ਆਰਕੀਟੈਕਚਰ ਨੂੰ ਉੱਪਰ ਵੱਲ ਦੇਖਦੇ ਹਾਂ, ਨਾ ਕਿ ਹੇਠਾਂ ਵੱਲ।
ਜਦੋਂ ਕੋਈ ਪੌੜੀਆਂ ਦੇ ਆਲੇ-ਦੁਆਲੇ ਦੇਖਦਾ ਹੈ, ਉੱਚੇ ਕਾਲਮ ਉੱਭਰਦੇ ਹਨ, ਰੌਸ਼ਨੀ ਅਤੇ ਪਰਛਾਵੇਂ ਦੇ ਇੱਕ ਗਜ਼ਬ ਦੇ ਖੇਡ ਨਾਲ ਬਦਲਦੇ ਹੋਏ ਦ੍ਰਿਸ਼ ਬਣਦੇ ਹਨ ਜੋ ਸੁੰਦਰ ਵੀ ਹਨ ਅਤੇ ਰਹੱਸਮਈ ਵੀ ਹਨ।
"ਹਾਲ ਹੀ ਵਿੱਚ ਭਾਰਤ ਦੀਆਂ ਬਾਓਲੀਆਂ ਨੂੰ ਲੈ ਕੇ ਜਾਗਰੂਕਤਾ ਤੇਜ਼ੀ ਨਾਲ ਵਧੀ ਹੈ। ਇਹ ਵਿਡੰਬਨਾ ਹੈ ਕਿ ਉਨ੍ਹਾਂ ਨੂੰ ਇਹ ਜਾਣਦੇ ਹੋਏ ਵੀ ਨਜ਼ਰਅੰਦਾਜ਼ ਕੀਤਾ ਗਿਆ ਸੀ ਕਿ ਲਗਭਗ 1,500 ਸਾਲਾਂ ਤੱਕ ਇਨ੍ਹਾਂ ਬਾਓਲੀਆਂ ਨੇ ਪਾਣੀ ਮੁਹੱਈਆ ਕਰਾਉਣ ਵਿੱਚ ਕਿੰਨੀ ਵੱਡੀ ਭੂਮਿਕਾ ਨਿਭਾਈ ਹੈ।
ਸ਼ੁਕਰ ਹੈ ਨਵੀਨੀਕਰਨ ਦਾ, ਜਿਸ ਨਾਲ ਹੁਣ ਇਹ ਬਾਓਲੀਆਂ ਮੁੜ ਸ਼ੁਰੂ ਹੋ ਜਾਣਗੀਆਂ।"
ਕਿਵੇਂ ਕਰਦੀਆਂ ਸਨ ਕੰਮ

ਤਸਵੀਰ ਸਰੋਤ, Getty Images

ਬਾਓਲੀਆਂ ਨੂੰ ਕੁਦਰਤੀ ਢਲਾਣਾਂ ਕੋਲ ਬਣਾਇਆ ਜਾਂਦਾ ਸੀ ਤਾਂ ਜੋ ਇਨ੍ਹਾਂ ਵਿੱਚੋਂ ਬਰਸਾਤਾਂ ਦਾ ਪਾਣੀ ਅਤੇ ਵਗਦਾ ਹੋਇਆ ਪਾਣੀ (ਬਰਸਾਤੀ ਨਾਲਿਆਂ ਆਦਿ ਦਾ ਪਾਣੀ) ਆਸਾਨੀ ਨਾਲ ਇਕੱਠਾ ਕੀਤਾ ਜਾ ਸਕੇ।
ਇਹ ਅਕਸਰ ਤਾਲਾਬਾਂ ਨਾਲ ਜੁੜੀਆਂ ਹੁੰਦੀਆਂ ਸਨ ਤਾਂ ਜੋ ਮੀਂਹ ਦੇ ਪਾਣੀ ਨੂੰ ਇਕੱਠਾ ਕੀਤਾ ਜਾ ਸਕੇ। ਲੌਟਮੈਨ ਕਹਿੰਦੇ ਹਨ ਕਿ ਪੂਰਵ-ਉਦਯੋਗਿਕ ਸਾਧਨਾਂ ਅਤੇ ਤਕਨੀਕਾਂ ਨਾਲ ਇਹਨਾਂ ਭੂਮੀਗਤ ਕਿਲ੍ਹਿਆਂ ਦੀ ਖੁਦਾਈ ਅਤੇ ਉਸਾਰੀ ਕਰਨਾ ਇੱਕ ਬਹੁਤ ਭਾਰੀ ਕੰਮ ਹੁੰਦਾ ਹੋਵੇਗਾ।
ਉਹ ਅੱਗੇ ਕਹਿੰਦੇ ਹਨ, "ਚਿਣਾਈ, ਮਲਬੇ ਜਾਂ ਇੱਟਾਂ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਬਾਓਲੀਆਂ ਵਿੱਚ, ਲੰਮੀਆਂ ਪੌੜੀਆਂ ਅਤੇ ਇੱਕ ਖਾਈ ਦੇ ਆਲੇ ਦੁਆਲੇ ਦੇ ਕਿਨਾਰਿਆਂ ਨੂੰ ਧਿਆਨ ਨਾਲ ਬਣਾਉਣਾ ਸ਼ਾਮਲ ਹੈ ਤਾਂ ਜੋ ਪਾਣੀ ਤੱਕ ਪਹੁੰਚ ਹੋ ਸਕੇ।
ਬਰਸਾਤ ਦੇ ਮੌਸਮ ਦੌਰਾਨ, ਖਾਈ ਇੱਕ ਵਿਸ਼ਾਲ ਪਾਣੀ ਦੇ ਟੋਏ ਵਿੱਚ ਬਦਲ ਜਾਂਦੀ ਹੈ ਅਤੇ ਸਮਰੱਥਾ ਅਨੁਸਾਰ ਪਾਣੀ ਭਰ ਜਾਂਦਾ ਹੈ। ਇਨ੍ਹਾਂ ਦਾ ਵਿਸ਼ੇਸ਼ (ਸੰਘਣਾ) ਡਿਜ਼ਾਇਨ ਪਾਣੀ ਨੂੰ ਭਾਫ਼ ਬਣ ਕੇ ਉੱਡਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ।"
ਖੇਤੀ ਲਈ ਵਰਤੀਆਂ ਜਾਂਦੀਆਂ ਬਾਓਲੀਆਂ ਵਿੱਚ ਡਰੇਨੇਜ ਸਿਸਟਮ ਸਨ, ਜੋ ਖੇਤਾਂ ਵਿੱਚ ਪਾਣੀ ਪਹੁੰਚਾਉਂਦੇ ਸਨ।
ਰਾਜਸਥਾਨ ਵਿੱਚ ਮੂਸੀ ਰਾਣੀ ਸਾਗਰ ਪੁਨਰ-ਨਿਰਮਾਣ ਪ੍ਰੋਜੈਕਟ ਇੱਕ ਅਜਿਹੀ ਬਹੁ-ਪੱਧਰੀ ਯੋਜਨਾ ਹੈ ਜਿਸ ਵਿੱਚ ਅਰਾਵਲੀ ਪਹਾੜੀ ਦੇ ਸਿਖਰ 'ਤੇ ਖੂਹ, ਡੈਮ ਅਤੇ ਨਹਿਰਾਂ ਤੋਂ ਲੈ ਕੇ ਤਲਹਟੀ ਵਿੱਚ ਬਾਓਲੀਆਂ ਤੱਕ ਸ਼ਾਮਲ ਹਨ।
ਪੁਨਰ-ਨਿਰਮਾਣ ਦਾ ਇਹ ਕੰਮ ਦਾ ਕੰਮ 2020 ਵਿੱਚ ਸ਼ੁਰੂ ਹੋਇਆ ਅਤੇ ਇਸਦੇ ਲਈ ਬਹੁਤ ਜ਼ਿਆਦਾ ਸਫਾਈ ਤੇ ਡੀਸਿਲਟਿੰਗ ਕਰਨਾ (ਗਾਰਾ ਕੱਢਣ), ਮਲਬੇ ਅਤੇ ਖਤਰਨਾਕ ਜੰਗਲੀ ਝਾੜੀਆਂ ਨੂੰ ਹਟਾਉਣ ਅਤੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਸੀ।
ਵਧਦੀਆਂ ਮੱਛੀਆਂ ਅਤੇ ਕੱਛੂਆਂ ਦੇ ਨਾਲ, ਇਹ ਚੈਨਲ (ਸਰੋਤ) ਇੱਕ ਕਚਰੇ ਦੇ ਢੇਰ ਤੋਂ ਤਾਜ਼ੇ ਜਲ ਮਾਰਗ ਵਿੱਚ ਬਦਲ ਗਿਆ ਹੈ।
ਖੋਜਕਰਤਾਵਾਂ ਨੇ ਬਾਓਲੀਆਂ ਵਿੱਚ ਫ੍ਰੈਕਟਲ ਜਿਓਮੈਟਰੀ ਦੀ ਵਰਤੋਂ ਦੀ ਖੋਜ ਕੀਤੀ ਹੈ, ਜਿਸਦਾ ਸੁੰਦਰਤਾ ਪੱਖੋਂ ਅਤੇ ਕਾਰਜਸ਼ੀਲਤਾ ਪੱਖੋਂ ਉਦੇਸ਼ ਹੈ।
ਇਸ ਨੇ ਹੀ ਬਾਓਲੀਆਂ ਨੂੰ ਸਥਿਰਤਾ ਪ੍ਰਦਾਨ ਕੀਤੀ ਹੈ, ਜੋ ਪਾਣੀ ਦੇ ਦਬਾਅ ਵਿਰੁੱਧ ਕੰਧਾਂ ਨੂੰ ਖੜ੍ਹੇ ਰੱਖਦਾ ਹੈ ਅਤੇ ਇਸੇ ਕਾਰਨ ਹੀ ਬਹੁਤ ਸਾਰੀਆਂ ਬਾਓਲੀਆਂ ਹੁਣ ਤੱਕ ਬਚੀਆਂ ਰਹੀਆਂ ਹਨ ਅਤੇ ਉਨ੍ਹਾਂ ਨੂੰ ਠੀਕ ਕੀਤੇ ਜਾਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਦਿੱਲੀ ਦੀਆਂ ਬਾਓਲੀਆਂ ਦੀ ਪੁਨਰ-ਨਿਰਮਾਣ
2017 ਵਿੱਚ ਸਰਕਾਰ ਨੇ ਅਜਿਹੇ ਪੁਨਰ-ਨਿਰਮਾਣ ਲਈ ਦਿੱਲੀ ਵਿੱਚ 15 ਬਾਓਲੀਆਂ ਦੀ ਪਛਾਣ ਕੀਤੀ ਸੀ।
2019 ਵਿੱਚ, ਆਗਾ ਖਾਨ ਟਰੱਸਟ ਫਾਰ ਕਲਚਰ ਨੇ ਦਿੱਲੀ ਵਿੱਚ ਹੁਮਾਯੂੰ ਮਕਬਰੇ ਕੰਪਲੈਕਸ ਵਿੱਚ ਬਣੀ ਬਾਓਲੀ ਨੂੰ ਮੁੜ ਸੁਚਾਰੂ ਬਣਾਉਣ ਲਈ ਭਾਰਤ ਵਿੱਚ ਜਰਮਨ ਦੂਤਾਵਾਸ ਨਾਲ ਸਾਂਝੇਦਾਰੀ ਕੀਤੀ।
ਨੰਦਾ ਕਹਿੰਦੇ ਹਨ, "ਇਸ ਨੇ ਧਰਤੀ ਦੀ ਰਿਗਰੈਂਡਿੰਗ ਅਤੇ ਕੰਧਾਂ ਦਾ ਪੁਨਰ-ਨਿਰਮਾਣ ਲਾਜ਼ਮੀ ਕੀਤਾ। ਇਨ੍ਹਾਂ ਯਤਨਾਂ ਦੇ ਸਦਕਾ, 4.15 ਮਿਲੀਅਨ ਭਾਰਤੀ ਰੁਪਏ ($ 54,990) ਦੇ ਨਿਵੇਸ਼ ਦੁਆਰਾ ਜਲਘਰਾਂ ਨੂੰ ਰੀਚਾਰਜ ਕਰਨ ਵਿੱਚ ਮਦਦ ਮਿਲੀ। ਇਹ ਕੈਚਮੈਂਟ ਖੇਤਰ (ਬਾਓਲੀ) 150,000 ਲੀਟਰ (32,995 ਗੈਲਨ) ਮੀਂਹ ਦੇ ਪਾਣੀ ਨੂੰ ਬਚਾਉਣ ਵਿੱਚ ਮਦਦ ਕਰੇਗਾ।"

ਤਸਵੀਰ ਸਰੋਤ, Getty Images

ਦਿੱਲੀ ਵਿੱਚ 14ਵੀਂ ਸਦੀ ਦੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਦਾ ਨਵੀਨੀਕਰਨ ਪਹਿਲਾਂ ਕੀਤਾ ਗਿਆ ਸੀ। ਬਾਉਲੀ ਦੇ ਕੁਝ ਹਿੱਸੇ ਢਹਿ-ਢੇਰੀ ਹੋ ਗਏ ਸਨ, ਜਿਸ ਨਾਲ ਆਲੇ-ਦੁਆਲੇ ਰਹਿੰਦੇ ਪਰਿਵਾਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਸੀ, ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਸੀ।
ਨੰਦਾ ਕਹਿੰਦੇ ਹਨ, "ਢਹਿ-ਢੇਰੀ ਹੋਏ ਹਿੱਸੇ ਨੂੰ ਦੁਬਾਰਾ ਬਣਾਉਣ ਦੀ ਜ਼ਰੂਰਤ ਸੀ, ਉਹ ਵੀ ਰਵਾਇਤੀ ਸਮੱਗਰੀ ਦੇ ਨਾਲ, ਤੇ ਇਸਦੇ ਲਈ 700 ਸਾਲਾਂ ਤੋਂ ਜਮ੍ਹਾਂ ਹੋਏ ਮਲਬੇ ਨੂੰ ਹਟਾਉਣ, ਜ਼ਮੀਨ ਤੋਂ 80 ਫੁੱਟ ਹੇਠਾਂ ਵੱਡੇ ਪੱਧਰ 'ਤੇ ਸਫ਼ਾਈ ਕਰਨ ਅਤੇ ਡੀ-ਸਿਲਟਿੰਗ (ਗਾਰਾ ਕੱਢਣ) ਅਤੇ ਵਾਲੰਟੀਅਰਾਂ ਦੀ ਮਦਦ ਨਾਲ 8,000 ਦਿਨਾਂ ਤੱਕ ਕੰਮ ਕਰਕੇ ਇਪੌਕਸੀ ਪਰਤ ਨੂੰ ਹਟਾਉਣ ਦੀ ਲੋੜ ਸੀ।
ਇਨ੍ਹਾਂ ਸਾਰੇ ਯਤਨਾਂ ਨੇ ਭੂਮੀਗਤ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕੀਤੀ।
ਦਿੱਲੀ ਦੇ ਵਸਨੀਕ ਕਲੀਮੁਲ ਹਾਫੀਜ਼ ਕਹਿੰਦੇ ਹਨ, "ਦਰਗਾਹ ਬਾਓਲੀ ਖਾਸ ਹੈ ਕਿਉਂਕਿ ਲੋਕ ਇਸ ਨੂੰ ਪਵਿੱਤਰ ਮੰਨਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਪਾਣੀ ਵਿੱਚ ਚਿਕਿਤਸਕ ਗੁਣ ਹਨ। ਉਹ ਪੀਣ ਲਈ ਅਤੇ ਇਲਾਜ ਦੇ ਉਦੇਸ਼ਾਂ ਲਈ ਪਾਣੀ ਲੈ ਕੇ ਜਾਂਦੇ ਹਨ। ਸਥਾਨਕ ਲੋਕ ਬਾਓਲੀ ਵਿੱਚ ਤਾਜ਼ੇ ਪਾਣੀ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ।"
ਬਦਕਿਸਮਤੀ ਨਾਲ, ਕਿਸੇ ਬਾਓਲੀ ਨੂੰ ਬਹਾਲ ਕਰਨ ਦਾ ਕੋਈ ਸਰਵ ਵਿਆਪਕ (ਇੱਕੋ ਜਿਹਾ) ਤਰੀਕਾ ਨਹੀਂ ਹੈ। ਨੰਦਾ ਅਨੁਸਾਰ, ਪੁਨਰ-ਨਿਰਮਾਣ ਲਈ ਰਵਾਇਤੀ ਸੱਮਗਰੀ ਦੇ ਨਾਲ ਹੁਨਰਮੰਦ ਕਾਰੀਗਰਾਂ, ਆਰਕੀਟੈਕਟਾਂ ਅਤੇ ਢਾਂਚਾਗਤ ਇੰਜੀਨੀਅਰਾਂ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਪੁਨਰ-ਨਿਰਮਾਣ ਦਾ ਕੰਮ ਕਰਨਾ ਆਸਾਨ ਨਹੀਂ ਹੈ। ਇਹ ਇੱਕ ਗੁੰਝਲਦਾਰ ਪ੍ਰੋਜੈਕਟ (ਕੰਮ) ਹੈ ਜਿਸ ਵਿੱਚ ਇੱਕ ਬਹੁ-ਅਨੁਸ਼ਾਸਨੀ ਟੀਮ ਸ਼ਾਮਲ ਹੁੰਦੀ ਹੈ। ਕਿਸੇ ਵੀ ਨੁਕਸਾਨ ਤੋਂ ਬਚਣ ਲਈ ਆਲੇ-ਦੁਆਲੇ ਦੇ ਢਾਂਚੇ ਦਾ ਸਰਵੇਖਣ ਕਰਨ ਦੀ ਲੋੜ ਹੁੰਦੀ ਹੈ।
ਇੱਕ ਬਾਓਲੀ ਨੂੰ ਇੱਕ ਢੁਕਵੇਂ ਜਲ ਗ੍ਰਹਿਣ ਖੇਤਰ ਦੀ ਲੋੜ ਹੁੰਦੀ ਹੈ ਜਿਸ ਰਾਹੀਂ ਪਾਣੀ ਭੂਮੀਗਤ ਜਲਘਰਾਂ ਤੱਕ ਪਹੁੰਚ ਸਕੇ।"
ਜ਼ਿਆਦਾਤਰ ਪੁਨਰ-ਨਿਰਮਾਣ ਦੇ ਕੰਮ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ, ਸਥਾਨਕ ਵਾਲੰਟੀਅਰਾਂ ਅਤੇ ਦਾਨੀਆਂ ਵਿਚਕਾਰ ਸਾਂਝੇਦਾਰੀ ਨਾਲ ਕੀਤੇ ਗਏ ਹਨ।
ਸਫ਼ਵੀ ਕਹਿੰਦੇ ਹਨ, "ਪੁਨਰ-ਨਿਰਮਾਣ ਦੇ ਪ੍ਰੋਜੈਕਟ ਇਸ ਗੱਲ ਦਾ ਸਬਕ ਹਨ ਕਿ ਕਿਵੇਂ ਸਥਾਨਕ ਭਾਈਚਾਰਿਆਂ ਨੂੰ ਉਨ੍ਹਾਂ ਦੀ ਮਲਕੀਅਤ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਦੀ ਵਿਰਾਸਤ ਦੇ ਨੇੜੇ ਲਿਆਇਆ ਜਾ ਸਕਦਾ ਹੈ।"
ਪਰ ਬਾਓਲੀਆਂ ਸਿਰਫ਼ ਪਾਣੀ ਦਾ ਸਰੋਤ ਨਹੀਂ ਹਨ, ਇਹ ਭਾਰਤ ਦੇ ਵਾਸਤੂਕਲਾ ਇਤਿਹਾਸ (ਇਮਾਰਤਾਂ ਦੇ ਇਤਿਹਾਸ) ਦਾ ਵੀ ਹਿੱਸਾ ਹਨ।
ਉਹ ਵਿਰਾਸਤੀ ਸਥਾਨ ਹਨ ਜੋ ਰੁੱਖਾਂ ਅਤੇ ਪੱਤਿਆਂ ਨਾਲ ਘਿਰੇ ਹੋਏ ਹਨ, ਅਤੇ ਜਿਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ।
ਇਹ ਸਥਾਨ ਸ਼ਾਨਦਾਰ ਸਮਾਜਿਕ ਕੇਂਦਰ ਹੋ ਸਕਦੇ ਹਨ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦੇ ਹਨ।
ਉਹਨਾਂ ਦੀ ਸਾਂਭ-ਸੰਭਾਲ ਲਈ ਫੰਡ ਪ੍ਰਾਪਤ ਕਰਨ ਦਾ ਇੱਕ ਤਰੀਕਾ, ਵਿਰਾਸਤੀ ਫੰਡਾਂ ਦੀ ਵਰਤੋਂ ਕਰਨਾ ਹੈ ਜੋ ਕਿ ਮਿਊਂਸਿਪਲ ਰੈਵੇਨਿਊ ਉਤਪਾਦਨ ਅਤੇ ਨਵੀਨੀਕਰਨ ਤੇ ਰੱਖ-ਰਖਾਅ ਲਈ ਦਾਨ ਦੁਆਰਾ ਬਣਾਏ ਜਾ ਸਕਦੇ ਹਨ।
ਨੰਦਾ ਕਹਿੰਦੇ ਹਨ, "ਸ਼ਾਇਦ ਬਾਓਲੀਆਂ ਦੇਸ਼ ਵਿੱਚ ਪਾਣੀ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਨਾ ਕਰ ਸਕਣ ਪਰ ਸਥਾਨਕ ਪੱਧਰ 'ਤੇ ਪਾਣੀ ਦੀ ਕਮੀ ਨਾਲ ਲੜਨ ਦਾ ਹੱਲ ਜ਼ਰੂਰ ਕੱਢ ਸਕਦੀਆਂ ਹਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















