ਵਿਸ਼ਵ ਸਿਹਤ ਸੰਗਠਨ ਨੇ ਕਿਹਾ ਭਾਰਤ 'ਚ ਕੋਰੋਨਾਵਾਇਰਸ ਨਾਲ 47 ਲੱਖ ਮੌਤਾਂ, ਭਾਰਤ ਨੇ ਇਹ ਸਵਾਲ ਚੁੱਕਿਆ

    • ਲੇਖਕ, ਨਾਓਮੀ ਗ੍ਰਿਮਲੀ, ਜੈਕ ਕੋਰਨਿਸ਼ ਅਥੇ ਨਾਸੋਸ ਸਟਾਈਲਿਆਨੌ
    • ਰੋਲ, ਬੀਬੀਸੀ ਨਿਊਜ਼

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ 47 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ ਕਰੀਬ 10 ਗੁਣਾ ਵੱਧ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਦਾਅਵੇ 'ਤੇ ਸਵਾਲ ਚੁੱਕੇ ਹਨ।

ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਦੁਨੀਆ ਵਿੱਚ ਹੁਣ ਤੱਕ ਕਰੀਬ 1.5 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਦੋ ਸਾਲਾਂ ਦੌਰਾਨ ਕੋਵਿਡ ਕਾਰਨ ਹੋਈਆਂ ਮੌਤਾਂ ਨਾਲੋਂ 13% ਵੱਧ ਹੈ।

ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਕਈ ਦੇਸ਼ਾਂ ਨੇ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਨੂੰ ਘੱਟ ਸਮਝਿਆ ਹੈ। ਸੰਸਥਾ ਮੁਤਾਬਕ ਸਿਰਫ਼ 54 ਲੱਖ ਮੌਤਾਂ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ।

ਭਾਰਤ ਸਰਕਾਰ ਦੇ ਇਤਰਾਜ਼

ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੋਤਾਂ ਦੀ ਜੋ ਸੰਖਿਆ ਦੱਸੀ ਹੈ ਉਸ ਮੁਤਾਬਕ ਇਹ ਦੁਨੀਆ ਭਰ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਦਾ ਇੱਕ ਤਿਹਾਈ ਹੈ।

ਭਾਰਤ ਸਰਕਾਰ ਨੇ ਸੰਗਠਨ ਦੇ ਰਿਪੋਰਟ ਤਿਆਰ ਕਰਨ ਦੀ ਵਿਧੀ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੇ ਰਿਪੋਰਟ ਵਿੱਚ ਵਰਤੇ ਗਏ ਮਾਡਲ ਦੀ ਵੈਧਤਾ 'ਤੇ ਵੀ ਸਵਾਲ ਚੁੱਕੇ ਹਨ।

ਭਾਰਤ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਇਸ ਦੀ ਪ੍ਰਕਿਰਿਆ, ਕਾਰਜਪ੍ਰਣਾਲੀ ਅਤੇ ਨਤੀਜਿਆਂ 'ਤੇ ਭਾਰਤ ਦੇ ਇਤਰਾਜ਼ ਦੇ ਬਾਵਜੂਦ, WHO ਨੇ ਵਧੇਰੇ ਮੌਤ ਦਰ ਦਾ ਅਨੁਮਾਨ ਜਾਰੀ ਕੀਤਾ ਹੈ।"

ਇਹ ਵੀ ਪੜ੍ਹੋ:

ਨੀਤੀ ਆਯੋਗ ਅਤੇ ਏਮਜ਼ ਦੇ ਨਿਰਦੇਸ਼ਕ ਦੇ ਤਰਕ

ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਤੋਂ ਇਲਾਵਾ ਨੀਤੀ ਆਯੋਗ ਦੇ ਮੁਖੀ ਡਾ਼ ਵਿਨੋਦ ਪੌਲ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਇੰਡੀਆ ਦਿੱਲੀ ਦੇ ਮੁਖੀ ਰਣਦੀਪ ਗੁਲੇਰੀਆ ਨੇ ਵੀ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਉੱਪਰ ਸਵਾਲ ਚੁੱਕੇ ਹਨ।

ਖ਼ਬਰ ਵੈਬਸਾਈਟ ਦਿ ਮਿੰਟ ਦੀ ਰਿਪੋਰਟ ਮੁਤਾਬਕ ਡਾ਼ ਪੌਲ ਨੇ ਕਿਹਾ, ਬਦਕਿਸਮਤੀ ਨਾਲ, ਸਾਡੇ ਵੱਲੋਂ ਮੰਤਰਾਲੇ ਦੇ ਪੱਧਰ 'ਤੇ ਤਰਕਸੰਗਤ ਢੰਗ ਨਾਲ ਲਿਖੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਮੌਡਲਿੰਗ ਅਤੇ ਧਾਰਨਾਵਾਂ ਤੇ ਅਧਾਰਿਤ ਅੰਕੜੇ ਵਰਤਣ ਨੂੰ ਤਰਜੀਹ ਦਿੱਤੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਵਿਸ਼ਵ ਸਿਹਤ ਸੰਗਠਨ ਨੂੰ ਕੂਟਨੀਤਿਕ ਜ਼ਰੀਏ ਰਾਹੀਂ ਦੱਸਦਾ ਰਿਹਾ ਹੈ ਕਿ ਅਸੀਂ ਸਾਡੇ ਲਈ ਵਰਤੀ ਜਾ ਰਹੀ ਵਿਧੀ ਨਾਲ ਸਹਿਮਤ ਨਹੀਂ ਹਾਂ।

ਏਮਜ਼ ਦਿੱਲੀ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਵੀ ਭਾਰਤ ਵਿੱਚ ਹੋਈਆਂ ਵਾਧੂ ਮੌਤਾਂ ਦੀ ਗਿਣਤੀ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਵਰਤੀ ਗਈ ਵਿਧੀ ਉੱਪਰ ਇਤਰਾਜ਼ ਜਾਹਰ ਕੀਤਾ ਹੈ।

ਉਨ੍ਹਾਂ ਨੇ ਕਿਹਾ, ਮੈਨੂੰ ਇਤਰਾਜ਼ ਹਨ ਅਤੇ ਮੈਂ ਤਿੰਨ ਕਾਰਨ ਦਿਆਂਗਾ। ਭਾਰਤ ਕੋਲ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਦੀ ਪੁਖਤਾ ਪ੍ਰਣਾਲੀ ਹੈ, ਜੋ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਸਾਨੂੰ ਪਤਾ ਹੈ ਕਿ ਇਹ ਕੰਮ ਕਰਦਾ ਹੈ ਅਤੇ ਡੇਟਾ ਉਪਲਭਦ ਹੈ।

ਦੂਜੇ ਵਿਸ਼ਵ ਸਿਹਤ ਸੰਗਠਨ ਨੇ ਅਫ਼ਵਾਹਾਂ ਉੱਪਰ ਅਧਾਰਿਤ ਅੰਕੜਿਆਂ ਦੀ ਵਰਤੋਂ ਕੀਤੀ ਹੈ। ਜੋ ਕਿ ਮੀਡੀਆ ਵਿੱਚ ਹੈ ਅਤੇ ਅਪੁਸ਼ਟ ਸਰੋਤਾਂ ਤੋਂ ਆਇਆ ਹੈ। ਇਹ ਡੇਟਾ ਸਵਾਲਯੋਗ ਹੈ। ਇਸ ਡੇਟਾ ਉੱਪਰ ਕੀਤੀ ਗਈ ਮੌਡਲਿੰਗ ਸਟੀਕ ਨਹੀਂ ਹੋ ਸਕਦੀ।

ਤੀਜੇ ਨੰਬਰ ਤੇ ਡਾ਼ ਗੁਲੇਰੀਆ ਨੇ ਕਿਹਾ ਕਿ ਭਾਰਤ ਕੋਵਿਡ ਨਾਲ ਮਰਨ ਵਾਲਿਆਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਫਰਾਖ਼ ਦਿਲ ਰਿਹਾ ਹੈ ਅਤੇ ਜੇ ਇੰਨੀਆਂ ਮੌਤਾਂ ਹੋਈਆਂ ਹੁੰਦੀਆਂ ਤਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਮੁਆਵਜ਼ੇ ਲਈ ਅੱਗੇ ਆਉਣਾ ਸੀ।

ਅਜਿਹਾ ਕੁਝ ਸੰਗਠਨ ਵੱਲੋਂ ਪੇਸ਼ ਅੰਕੜਿਆਂ ਦੇ ਹਿਸਾਬ ਨਾਲ ਨਹੀਂ ਹੋਇਆ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਸਥਿਤੀ

ਭਾਰਤ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 5,23,975 ਹੈ।

ਭਾਰਤ ਵਿੱਚ ਜ਼ਿਆਦਾਤਰ ਮੌਤਾਂ ਦੂਜੀ ਲਹਿਰ ਦੌਰਾਨ ਹੋਈਆਂ, ਜਦੋਂ ਡੈਲਟਾ ਵੇਰੀਐਂਟ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ।

ਭਾਰਤ ਵਿੱਚ ਅੱਜਕੱਲ ਲਾਗ ਹਰ ਰੋਜ਼ ਦੇ ਤਿੰਨ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਨੇ ਇਸ ਮੁਲਾਂਕਣ ਲਈ 'ਵਾਧੂ ਮੌਤ' ਵਿਧੀ ਦੀ ਵਰਤੋਂ ਕੀਤੀ ਹੈ। ਇਸਦਾ ਅਰਥ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਇੱਕ ਖੇਤਰ ਦੀ ਮੌਤ ਦਰ ਕੀ ਸੀ। ਯਾਨੀ ਕਿ ਆਮ ਤੌਰ 'ਤੇ ਉਸ ਖੇਤਰ ਵਿਚ ਕਿੰਨੇ ਲੋਕ ਮਰਦੇ ਹਨ ਅਤੇ ਮਹਾਂਮਾਰੀ ਤੋਂ ਬਾਅਦ ਉਸ ਖੇਤਰ ਵਿਚ ਕਿੰਨੇ ਲੋਕ ਮਰੇ ਹਨ।

ਇਨ੍ਹਾਂ ਅੰਕੜਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਮੌਤ ਸਿੱਧੇ ਤੌਰ 'ਤੇ ਕੋਵਿਡ ਕਾਰਨ ਨਹੀਂ, ਪਰ ਕੋਵਿਡ ਦੇ ਪ੍ਰਭਾਵਾਂ ਕਾਰਨ ਹੋਈ ਹੈ, ਜਿਵੇਂ ਕਿ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਇਸ ਨੇ ਸੰਕਟ ਦੀ ਸ਼ੁਰੂਆਤ ਵਿੱਚ ਕੁਝ ਖੇਤਰਾਂ ਵਿੱਚ ਮਾੜੇ ਰਿਕਾਰਡ ਰੱਖਣ ਅਤੇ ਘੱਟ ਟੈਸਟਿੰਗ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।

ਅੰਕੜਿਆਂ ਦੇ ਪੈਮਾਨੇ ਬਾਰੇ ਬੋਲਦਿਆਂ ਸੰਗਠਨ ਦੇ ਡੇਟਾ ਵਿਭਾਗ ਤੋਂ ਡਾਕਟਰ ਸਮੀਰਾ ਅਸਮਾ ਨੇ ਕਿਹਾ, "ਇਹ ਇੱਕ ਦੁਖਾਂਤ ਹੈ।"

ਉਨ੍ਹਾਂ ਨੇ ਕਿਹਾ, "ਇਹ ਸੰਖਿਆ ਹੈਰਾਨੀਜਨਕ ਹੈ ਅਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਕਰੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਸਾਨੂੰ ਇਸ ਲਈ ਨੀਤੀ ਨਿਰਮਾਤਿਆਂ ਨੂੰ ਜਵਾਬਦੇਹ ਠਹਿਰਾਉਣਾ ਪਵੇਗਾ।"

"ਜੇ ਅਸੀਂ ਮਰਨ ਵਾਲਿਆਂ ਦੀ ਗਿਣਤੀ ਨਹੀਂ ਕਰਦੇ ਤਾਂ ਅਸੀਂ ਅਗਲੀ ਵਾਰ ਲਈ ਬਿਹਤਰ ਤਿਆਰ ਹੋਣ ਦਾ ਮੌਕਾ ਖੁੰਝਾ ਦੇਵਾਂਗੇ।"

ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਜ਼ਿਆਦਾ ਮੌਤਾਂ ਦੇ ਮਾਮਲੇ ਵਿੱਚ ਭਾਰਤ ਦੇ ਨਾਲ ਰੂਸ, ਇੰਡੋਨੇਸ਼ੀਆ, ਅਮਰੀਕਾ, ਬ੍ਰਾਜ਼ੀਲ, ਮੈਕਸੀਕੋ ਅਤੇ ਪੇਰੂ ਵਰਗੇ ਦੇਸ਼ ਸ਼ਾਮਲ ਹਨ। ਰੂਸ ਲਈ, ਇਹ ਸੰਖਿਆ ਦੇਸ਼ ਵਿੱਚ ਦਰਜ ਹੋਈਆਂ ਮੌਤਾਂ ਦੀ ਗਿਣਤੀ ਤੋਂ ਸਾਢੇ ਤਿੰਨ ਗੁਣਾ ਹੈ।

ਰਿਪੋਰਟ ਹਰੇਕ ਦੇਸ਼ ਦੀ ਆਬਾਦੀ ਦੇ ਆਕਾਰ ਦੀ ਤੁਲਨਾ ਵਿੱਚ ਉੱਚ ਮੌਤ ਦਰ ਨੂੰ ਵੀ ਵੇਖਦੀ ਹੈ। ਸਾਲ 2020 ਅਤੇ 2021 ਦੌਰਾਨ ਬ੍ਰਿਟੇਨ ਦੀ 'ਵਧੇਰੇ ਮੌਤ' ਦਰ ਅਮਰੀਕਾ, ਸਪੇਨ ਅਤੇ ਜਰਮਨੀ ਵਾਂਗ ਵਿਸ਼ਵ ਔਸਤ ਨਾਲੋਂ ਵੱਧ ਸੀ।

ਚੀਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮੌਤ ਦਰ ਘੱਟ ਹੈ। ਚੀਨ ਅਜੇ ਵੀ 'ਜ਼ੀਰੋ ਕੋਵਿਡ' ਦੀ ਨੀਤੀ 'ਤੇ ਚੱਲ ਰਿਹਾ ਹੈ। ਜਿਸ ਵਿੱਚ ਵਿਸ਼ਾਲ ਟੈਸਟਿੰਗ ਅਤੇ ਕੁਆਰੰਟੀਨ ਸ਼ਾਮਲ ਹਨ।

ਆਸਟ੍ਰੇਲੀਆ, ਜਾਪਾਨ ਅਤੇ ਨੌਰਵੇ ਨੇ ਕੋਵਿਡ ਵਾਇਰਸ ਤੋਂ ਬਚਣ ਲਈ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ।

ਰਿਪੋਰਟ ਤਿਆਰ ਕਰਨ ਵਿੱਚ ਮਦਦ ਕਰਨ ਵਾਲੇ ਸਿੱਖਿਆ ਸ਼ਾਸਤਰੀਆਂ ਨੇ ਮੰਨਿਆ ਕਿ ਉਪ-ਸਹਾਰਾਈ ਅਫ਼ਰੀਕੀ ਮੁਲਕਾਂ ਲਈ ਉਨ੍ਹਾਂ ਦੇ ਅੰਕੜੇ ਅਨੁਮਾਨਾਂ 'ਤੇ ਆਧਾਰਿਤ ਹਨ।

ਇਸ ਦਾ ਕਾਰਨ ਹੈ ਕਿ ਇਸ ਖੇਤਰ ਵਿੱਚ ਮੌਤਾਂ ਬਾਰੇ ਬਹੁਤ ਘੱਟ ਅੰਕੜੇ ਉਪਲਭਦ ਹਨ। ਅਫ਼ਰੀਕਾ ਦੇ 54 ਦੇਸ਼ਾਂ ਵਿੱਚੋਂ 41 ਲਈ ਕੋਈ ਭਰੋਸੇਯੋਗ ਅੰਕੜੇ ਨਹੀਂ ਉਪਲਭਦ ਸਨ।

ਸੀਏਟਲ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੱਕ ਅੰਕੜਾ ਵਿਗਿਆਨੀ ਪ੍ਰੋਫ਼ੈਸਰ ਜੌਹਨ ਵੇਕਫੀਲਡ ਨੇ ਵਿਸ਼ਵ ਸਿਹਤ ਸੰਗਠਨ ਦੀ ਮਦਦ ਕੀਤੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਤੁਰੰਤ ਡਾਟਾ ਇਕੱਠਾ ਕਰਨ ਦੀ ਇੱਕ ਬਿਹਤਰ ਪ੍ਰਣਾਲੀ ਦੀ ਲੋੜ ਹੈ"

"ਇਹ ਸ਼ਰਮ ਦੀ ਗੱਲ ਹੈ ਕਿ ਲੋਕ ਪੈਦਾ ਹੋ ਸਕਦੇ ਹਨ ਅਤੇ ਮਰ ਸਕਦੇ ਹਨ ਅਤੇ ਸਾਡੇ ਕੋਲ ਉਨ੍ਹਾਂ ਦੀ ਮੌਤ ਦਾ ਕੋਈ ਰਿਕਾਰਡ ਨਹੀਂ ਹੈ। ਇਸ ਲਈ ਸਾਨੂੰ ਅਸਲ ਵਿੱਚ ਦੇਸ਼ਾਂ ਦੇ ਰਜਿਸਟ੍ਰੇਸ਼ਨ ਪ੍ਰਣਾਲੀਆਂ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਹੀ ਅਤੇ ਸਮੇਂ ਸਿਰ ਡੇਟਾ ਪ੍ਰਾਪਤ ਕਰ ਸਕੀਏ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)