ਅਮਰੀਕਾ ਨੇ ਪਰਵਾਸੀਆਂ ਦਾ ਵਰਕ ਪਰਮਿਟ ਵਧਾਇਆ, ਜਾਣੋ ਕਿੰਨੇ ਸਮੇਂ ਲਈ ਵਧੇਗਾ ਪਰਮਿਟ - ਪ੍ਰੈੱਸ ਰਿਵੀਊ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਹੈ ਕਿ ਦੇਸ਼ ਵਿੱਚ ਰਹਿ ਰਹੇ ਪਰਵਾਸੀ ਆਪਣੇ ਖਤਮ ਹੋ ਚੁੱਕੇ ਵਰਕ ਪਰਮਿਟ ਨੂੰ ਹੋਰ 18 ਮਹੀਨਿਆਂ ਲਈ ਵਰਤ ਸਕਦੇ ਹਨ, ਜੋ ਕਿ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ।

ਇਨ੍ਹਾਂ ਪਰਵਾਸੀਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਤੀ-ਪਤਨੀ ਹਨ ਜਾਂ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਹੋਮਲੈਂਡ ਸਿਕਿਓਰਿਟੀ ਵਿਭਾਗ ਦੁਆਰਾ ਮੰਗਲਵਾਰ ਨੂੰ ਕੀਤੀ ਗਈ ਇਹ ਘੋਸ਼ਣਾ ਅੱਜ ਤੋਂ ਹੀ ਲਾਗੂ ਹੋ ਰਹੀ ਹੈ।

ਹੋਮਲੈਂਡ ਸਿਕਿਓਰਿਟੀ ਵਿਭਾਗ ਦਾ ਕਹਿਣਾ ਹੈ ਕਿ ਰੁਜ਼ਗਾਰ ਅਧਿਕਾਰ ਕਾਰਡ (ਈਏਡੀ) 'ਤੇ ਲਿਖੀ ਪਰਮਿਟ ਖਤਮ ਹੋਣ ਦੀ ਮਿਤੀ ਤੋਂ ਐਕਸਟੈਂਸ਼ਨ ਪੀਰੀਅਡ 540 ਦਿਨਾਂ ਲਈ ਵੱਧ ਜਾਵੇਗਾ ਜੋ ਕਿ ਪਹਿਲਾਂ 180 ਦਿਨਾਂ ਲਈ ਵਧਦਾ ਸੀ।

ਯੂਐੱਸਸੀਆਈਐੱਸ ਦੇ ਨਿਰਦੇਸ਼ਕ ਜਾਡੂਓ ਨੇ ਕਿਹਾ ਕਿ ''ਯੂਐੱਸਸੀਆਈਐੱਸ (ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼) ਲੰਬਿਤ ਪਏ ਈਏਡੀ ਕੇਸਾਂ 'ਤੇ ਕੰਮ ਕਰ ਰਹੀ ਹੈ ਅਤੇ ਏਜੰਸੀ ਦਾ ਮੰਨਣਾ ਹੈ ਕਿ ਵਰਤਮਾਨ 'ਚ ਰੁਜ਼ਗਾਰ ਅਧਿਕਾਰ ਸਬੰਧੀ 180 ਦਿਨਾਂ ਲਈ ਆਟੋਮੇਟਿਕ ਤੌਰ 'ਤੇ ਵਧਣ ਵਾਲਾ ਸਮਾਂ ਕਾਫੀ ਨਹੀਂ ਹੈ।''

ਉਨ੍ਹਾਂ ਕਿਹਾ, ''ਇਹ ਅਸਥਾਈ ਨਿਯਮ ਉਨ੍ਹਾਂ ਨਾਨ-ਸਿਟੀਜ਼ਨ ਲੋਕਾਂ, ਜੋ ਕਿ ਆਟੋਮੈਟਿਕ ਐਕਸਟੈਂਸ਼ਨ ਲਈ ਯੋਗ ਹਨ, ਆਪਣਾ ਰੁਜ਼ਗਾਰ ਬਣਾਈ ਰੱਖਣ ਅਤੇ ਆਪਣੇ ਪਰਿਵਾਰ ਨੂੰ ਸਹਿਯੋਗ ਦੇਣ ਦਾ ਮੌਕਾ ਹੋਵੇਗਾ ਅਤੇ ਇਸ ਨਾਲ ਯੂਐੱਸ ਦੇ ਰੁਜ਼ਗਾਰਦਾਤਾਵਾਂ ਲਈ ਵੀ ਕੋਈ ਦਿੱਕਤ ਨਹੀਂ ਹੋਵੇਗੀ।''

ਇਹ ਵੀ ਪੜ੍ਹੋ:

2020 'ਚ ਹੋਈਆਂ ਮੌਤਾਂ 'ਚੋਂ 45 ਫੀਸਦੀ ਉਹ ਸਨ ਜਿਨ੍ਹਾਂ ਨੂੰ ਇਲਾਜ ਨਹੀਂ ਮਿਲ ਸਕਿਆ

ਸਿਵਿਲ ਰਜਿਸਟ੍ਰੇਸ਼ਨ ਸਿਸਟਮ ਨੇ ਸਾਲ 2020 ਲਈ ਇੱਕ ਨਵਾਂ ਡੇਟਾ ਜਾਰੀ ਕੀਤਾ ਹੈ ਜੋ ਇਹ ਦਿਖਾਉਂਦਾ ਹੈ ਕਿ ਕੋਵਿਡ ਮਹਾਮਾਰੀ ਵਾਲੇ ਇਸ ਸਾਲ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣਾ ਕਿੰਨਾ ਔਖਾ ਸੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇਹ ਡੇਟਾ ਦਰਸਾਉਂਦਾ ਹੈ ਕਿ 2020 ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 45 ਫੀਸਦੀ ਮੌਤਾਂ ਸਿਰਫ ਇਸ ਕਾਰਨ ਹੋਈਆਂ ਕਿਉਂਕਿ ਲੋਕਾਂ ਨੂੰ ਇਲਾਜ ਨਹੀਂ ਮਿਲ ਸਕਿਆ। ਇਸ ਕਾਰਨ ਹੋਈਆਂ ਮੌਤਾਂ ਦਾ ਇਹ ਫੀਸਦੀ ਹੁਣ ਤੱਕ ਦੇ ਅੰਕੜਿਆਂ ਵਿੱਚੋਂ ਸਭ ਤੋਂ ਜ਼ਿਆਦਾ ਹੈ।

ਡੇਟਾ ਇਹ ਵੀ ਦਿਖਾਉਂਦਾ ਹੈ ਕਿ 2020 ਵਿੱਚ ਹਸਪਤਾਲਾਂ ਅਤੇ ਹੋਰ ਸਿਹਤ ਸੁਵਿਧਾਵਾਂ ਵਿੱਚ ਦਰਜ ਹੋਈਆਂ ਮੌਤਾਂ ਵਿੱਚ ਭਾਰੀ ਗਿਰਾਵਟ ਹੈ।

ਜਿੱਥੇ ਸਾਲ 2019 ਵਿੱਚ ਮੈਡੀਕਲ ਦੇਖਭਾਲ ਨਾ ਮਿਲਣ ਕਾਰਨ 34.5 ਫੀਸਦੀ ਮੌਤਾਂ ਦਰਜ ਹੋਈਆਂ, ਸਾਲ 2020 ਵਿੱਚ ਇਹ ਅੰਕੜਾ ਤੇਜ਼ੀ ਨਾਲ ਵੱਧ ਕੇ 45 ਫੀਸਦੀ 'ਤੇ ਪਹੁੰਚ ਗਿਆ, ਜੋ ਕਿ ਇੱਕ ਸਾਲ ਵਿੱਚ ਦਰਜ ਹੋਇਆ ਸਭ ਤੋਂ ਵੱਡਾ ਉਛਾਲ ਸੀ।

ਦੂਜੇ ਪਾਸੇ ਮੈਡੀਕਲ ਦੇਖਭਾਲ ਦੌਰਾਨ 2019 ਵਿੱਚ ਦਰਜ ਹੋਈਆਂ 32.1 ਫੀਸਦੀ ਮੌਤਾਂ ਦਾ ਅੰਕੜਾ 2020 ਵਿੱਚ ਘਟ ਕੇ 28 ਫੀਸਦੀ ਦਰਜ ਹੋਇਆ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਆਰਬੀਆਈ ਨੇ 4 ਸਾਲ ਬਾਅਦ ਵਧਾਇਆ ਰੇਪੋ ਰੇਟ, ਜਾਣੋ ਕੀ ਹੋਇਆ ਮਹਿੰਗਾ

ਦੇਸ਼ ਦੇ ਕੇਂਦਰੀ ਬੈਂਕ, ਦਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੁਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਲਗਭਗ ਚਾਰ ਸਾਲ ਬਾਅਦ ਰੇਪੋ ਰੇਟ ਵਿੱਚ 40 ਬੇਸਿਸ ਪੁਆਇੰਟਸ ਦਾ ਵਾਧਾ ਕਰ ਰਹੇ ਹਨ, ਭਾਵ ਹੁਣ ਰੇਪੋ ਰੇਟ 4 ਫੀਸਦੀ ਤੋਂ ਵੱਧ ਕੇ 4.40 ਫੀਸਦੀ ਹੋ ਜਾਵੇਗਾ। ਇਸਦੇ ਨਾਲ ਹੀ ਆਰਬੀਆਈ ਨੇ ਕੈਸ਼ ਰਿਜ਼ਰਵ ਰੇਸ਼ੋ ਵਿੱਚ ਵੀ 50 ਬੇਸਿਸ ਪੁਆਇੰਟਸ ਦਾ ਵਾਧਾ ਕੀਤਾ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਦਮ ਵਧਦੀ ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਦੇ ਉਪਾਅ ਵਜੋਂ ਚੁੱਕਿਆ ਹੈ।

ਆਰਬੀਆਈ ਦੁਆਰਾ ਰੇਪੋ ਰੇਟ ਵਧਾਉਣ ਨਾਲ ਮਕਾਨ, ਵਾਹਨ ਅਤੇ ਹੋਰ ਕੰਜ਼ਿਊਮਰ ਲੋਨ (ਕਰਜ਼) ਦੀਆਂ ਵਿਆਜ ਦਰਾਂ 'ਚ ਵੀ ਵਾਧਾ ਹੋ ਸਕਦਾ ਹੈ।

ਦੱਸ ਦੇਈਏ ਕਿ ਰੇਪੋ ਰੇਟ ਉਹ ਵਿਆਜ ਦਰ ਹੁੰਦੀ ਹੈ, ਜਿਸ 'ਤੇ ਹੋਰ ਬੈਂਕ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਂਦੇ ਹਨ। ਇਸ ਤਰ੍ਹਾਂ ਰੇਪੋ ਰੇਟ ਵਿੱਚ ਵਾਧੇ ਦਾ ਮਤਲਬ ਹੈ ਕਿ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਣਾ ਬੈਂਕਾਂ ਲਈ ਮਹਿੰਗਾ ਹੋ ਜਾਵੇਗਾ ਅਤੇ ਇਸਦੇ ਅਸਰ, ਵਿਆਜ ਦਰਾਂ ਵਿੱਚ ਵਾਧੇ ਦੇ ਤੌਰ 'ਤੇ ਬੈਂਕਾਂ ਦੇ ਗਾਹਕਾਂ 'ਤੇ ਵੀ ਪੈ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)