ਦਿੱਲੀ ਦੇ ਜਹਾਂਗੀਰਪੁਰੀ ਵਿਚ ਹੋਏ ਦੰਗੇ ਦੌਰਾਨ 'ਕੇਜਰੀਵਾਲ ਦੀ ਚੁੱਪੀ' ਦੇ ਕੀ ਅਰਥ ਹਨ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਾਰਤ ਦੀ ਰਾਜਧਾਨੀ ਵਿੱਚ ਹਾਲ ਹੀ ਵਿੱਚ ਹੋਈ ਫਿਰਕੂ ਹਿੰਸਾ ਅਤੇ ਬਾਅਦ ਵਿੱਚ ਮੁਸਲਮਾਨਾਂ 'ਤੇ ਪੁਲਿਸ ਦੀ ਕਾਰਵਾਈ 'ਤੇ ਸਟੈਂਡ ਸਿਆਸੀ ਤੌਰ 'ਤੇ ਫਾਇਦੇਮੰਦ ਹੋ ਸਕਦਾ ਹੈ, ਪਰ ਆਲੋਚਕ ਸਵਾਲ ਕਰਦੇ ਹਨ ਕਿ ਕੀ ਇਹ ਨੈਤਿਕ ਹੈ।
ਭ੍ਰਿਸ਼ਟਾਚਾਰ ਵਿਰੋਧੀ ਯੋਧੇ ਵਾਂਗ ਕੇਜਰੀਵਾਲ ਨੇ ਇੱਕ ਦਹਾਕਾ ਪਹਿਲਾਂ ਰਾਜਨੀਤਿਕ ਪ੍ਰਣਾਲੀ ਨੂੰ ਸਾਫ਼ ਕਰਨ ਅਤੇ ਵਿਕਾਸ 'ਤੇ ਧਿਆਨ ਦੇਣ ਦਾ ਵਾਅਦਾ ਕਰਦੇ ਹੋਏ ਸਿਆਸਤ ਵਿੱਚ ਕਦਮ ਰੱਖਿਆ ਸੀ।
ਦਿੱਲੀ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ 2013 ਤੋਂ ਸੱਤਾ ਵਿੱਚ ਹੈ, ਉਦੋਂ ਤੋਂ ਹੀ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਦੀ ਬਿਹਤਰੀ, ਕਫ਼ਾਇਤੀ ਮੁਹੱਲਾ ਕਲੀਨਿਕ ਅਤੇ ਸਸਤੇ ਰੇਟ ਉੱਤੇ ਪਾਣੀ ਤੇ ਬਿਜਲੀ ਮੁਹੱਈਆ ਕਰਵਾਉਣ ਲਈ ਸਿਹਰਾ ਦਿੱਤਾ ਜਾਂਦਾ ਹੈ।
ਕੇਜਰੀਵਾਲ ਅਕਸਰ ਇਹ ਗੱਲ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਸਾਰਿਆਂ ਧਰਮਾਂ ਦੀ ਬਰਾਬਰੀ ਦੇ ਨਾਲ-ਨਾਲ ਸਭ ਲਈ ਇਨਸਾਫ਼ ਵਿੱਚ ਵਿਸ਼ਵਾਸ ਰੱਖਦੀ ਹੈ।
ਉਹ ਦੇਸ਼ ਜਿੱਥੇ ਸਿਆਸਤ ਜਾਤ ਤੇ ਧਾਰਮਿਕ ਵੰਡਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ, ਉੱਥੇ ਬਹੁਤ ਸਾਰੇ ਲੋਕਾਂ ਨੇ "ਵੰਡਪਾਊ ਸਿਆਸਤ" ਤੋਂ ਪਰਹੇਜ਼ ਕਰਨ ਲਈ 'ਆਪ' ਦੇ ਵਾਅਦੇ ਨੂੰ ਨਵਾਂ ਸਮਝਿਆ ਸੀ।
ਕਾਫ਼ੀ ਲੋਕਾਂ ਨੇ ਉਮੀਦ ਕੀਤੀ ਕਿ ਆਮ ਆਦਮੀ ਪਾਰਟੀ ਵੱਡੀਆਂ ਕੌਮੀ ਪਾਰਟੀਆਂ ਲਈ ਇੱਕ ਵਿਹਾਰਕ ਵਿਕਲਪ ਬਣ ਜਾਵੇਗੀ।
ਇਹ ਵੀ ਪੜ੍ਹੋ:
ਅਰਵਿੰਦ ਕੇਜਰੀਵਾਲ ਮੁਸਲਮਾਨਾਂ ਲਈ ਕਿਉਂ ਨਹੀਂ ਬੋਲ ਰਹੇ
ਹਾਲ ਹੀ ਵਿੱਚ ਹਿੰਦੂ-ਮੁਸਲਿਮ ਹਿੰਸਾ ਨੇ ਦਿੱਲੀ ਦੇ ਜਹਾਂਗੀਰਪੁਰੀ ਨੂੰ ਹਿਲਾ ਕੇ ਰੱਖ ਦਿੱਤਾ, ਆਲੋਚਕ ਪੁੱਛਦੇ ਹਨ ਕਿ ਅਰਵਿੰਦ ਕੇਜਰੀਵਾਲ ਸ਼ਹਿਰ ਦੇ ਮੁਸਲਮਾਨਾਂ ਲਈ ਕਿਉਂ ਨਹੀਂ ਬੋਲ ਰਹੇ।
ਇਸ ਤਾਜ਼ਾ ਹਿੰਸਾ ਲਈ ਹਿੰਦੂਆਂ ਅਤੇ ਮੁਸਲਮਾਨਾਂ ਨੇ ਇੱਕ ਦੂਜੇ ਨੂੰ ਦੋਸ਼ੀ ਦੱਸਿਆ। ਇਹ ਹਿੰਸਾ ਹਨੁੰਮਾਨ ਜਯੰਤੀ ਦੀ ਸ਼ੋਭਾ ਯਾਤਰਾ ਦੌਰਾਨ ਹੋਈ ਸੀ।
ਜਦੋਂ ਸ਼ੋਭਾ ਯਾਤਰਾ ਜਹਾਂਗੀਰਪੁਰੀ ਵਿਚੋਂ ਲੰਘ ਰਹੀ ਸੀ ਤਾਂ ਦੋਵਾਂ ਧਿਰਾਂ ਵਿਚ ਪਹਿਲਾਂ ਬਹਿਸ ਹੋਈ ਜੋ ਬਾਅਦ ਵਿਚ ਪੱਥਰਬਾਜ਼ੀ ਵਿਚ ਬਦਲ ਗਈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਹਿੰਸਾ ਤੋਂ ਬਾਅਦ ਇਲਾਕੇ ਵਿਚ ਭਾਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਅਤੇ ਪੁਲਿਸ ਫੋਰਸ ਨੇ ਬਹੁਤੇ ਮੁਸਲਮਾਨਾਂ ਨੂੰ ਹੀ ਗ੍ਰਿਫ਼ਤਾਰ ਕੀਤਾ।

ਤਸਵੀਰ ਸਰੋਤ, Getty Images
ਕੌਮੀ ਰਾਜਧਾਨੀ ਦੇ ਨਗਰ ਨਿਗਮ ਜਿਸ ਉੱਤੇ ਭਾਜਪਾ ਦਾ ਕੰਟਰੋਲ ਹੈ, ਉਸ ਬਿਨਾਂ ਕਿਸੇ ਅਗਾਊਂ ਨੋਟਿਲ ਤੋਂ ਗ਼ੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੇ ਨਾਂ ਉੱਤੇ ਬੁਲਡੋਜ਼ਰ ਲਿਆਂਦੇ ਗਏ।
ਇਸ ਕਾਰਵਾਈ ਵਿੱਚ ਬਹੁਤਾ ਨਿਸ਼ਾਨੇ ਉੱਤੇ ਮੁਸਲਿਮ ਹੀ ਸਨ , ਕਿਉਂਕਿ ਬਹੁਤੀਆਂ ਦੁਕਾਨਾਂ ਅਤੇ ਕਾਰੋਬਾਰ ਇਸੇ ਭਾਈਚਾਰੇ ਨਾਲ ਸਬੰਧਤ ਸਨ।
ਮੁਸਲਮਾਨਾਂ ਖ਼ਿਲਾਫ਼ ਅਜਿਹਾ ਵਰਤਾਰਾ ਕੋਈ ਨਵਾਂ ਨਹੀਂ ਹੈ, ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਮੁਸਲਮਾਨਾਂ ਖ਼ਿਲਾਫ਼ ਹਿੰਸਾ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੀ ਕਾਰਵਾਈ ਹੀ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਵੀ ਦੇਖੀ ਗਈ ਹੈ।
ਪਰ ਆਲੋਚਕ ਕਹਿੰਦੇ ਹਨ ਕਿ ਕੇਜਰੀਵਾਲ ਦੀ ਇਸ ਮਸਲੇ ਉੱਤੇ ਪ੍ਰਤੀਕਿਰਿਆ ਸੁਸਤ ਰਹੀ ਹੈ। ਇਸ ਹਿੰਸਾ ਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਤੱਕ ਕੇਜਰੀਵਾਲ ਨੇ ਇਲਾਕੇ ਦਾ ਦੌਰਾ ਨਹੀਂ ਕੀਤਾ।
ਇਸ ਦੇ ਨਾਲ ਹੀ ਕੇਜਰੀਵਾਲ ਦੀ ਇਸ ਘਟਨਾ ਬਾਬਤ ਨਿਖੇਧੀ ਵੀ ਚੋਣਵੀ ਹੈ, ਉਨ੍ਹਾਂ ਪੱਥਰ ਸੁੱਟਣ ਵਾਲਿਆਂ ਦੀ ਆਲੋਚਨਾ ਕੀਤੀ ਹੈ ਜਿਨ੍ਹਾਂ ਹਿੰਦੂਆਂ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਨਿਸ਼ਾਨਾ ਬਣਾਇਆ ਸੀ।
ਕੇਜਰੀਵਾਲ ਨੇ ਮਾਰਚ ਵਿੱਚ ਸ਼ਾਮਲ ਉਨ੍ਹਾਂ ਲੋਕਾਂ ਦੀ ਨਿਖੇਧੀ ਨਹੀਂ ਕੀਤੀ ਜੋ ਕਥਿਤ ਤੌਰ ਉੱਤੇ ਹਿੰਸਕ ਧਾਰਮਿਕ ਨਾਅਰੇ ਲਗਾ ਰਹੇ ਸਨ। ਇਨ੍ਹਾਂ ਵਿੱਚ ਉਹ ਨਾਅਰੇ ਵੀ ਸਨ, ਜਿਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਮੁਸਲਮਾਨਾਂ ਦਾ ਮਖੌਲ ਉਡਾਉਣ ਲਈ ਵਰਤਿਆ ਗਿਆ ਹੈ।
''ਜਿੱਥੇ 80% ਆਬਾਦੀ ਹਿੰਦੂ ਹੈ, ਕੇਜਰੀਵਾਲ ਇੱਕ ਬਹੁਗਿਣਤੀ ਵੋਟ ਬੈਂਕ ਨੂੰ ਪੂਰਾ ਕਰ ਰਹੇ''
ਇਸ ਨਾਲ ਕੁਝ ਆਲੋਚਕਾਂ ਨੇ ਕੇਜਰੀਵਾਲ ਦੀ ਪ੍ਰਤੀਕਿਰਿਆ ਉੱਤੇ ਆਪਣੀ ਗੱਲ ਰੱਖੀ ਹੈ।
ਸੀਨੀਅਰ ਪੱਤਰਕਾਰ ਅਤੇ ਕੇਜਰੀਵਾਲ ਦੀ ਪਾਰਟੀ ਦੇ ਸਾਬਕਾ ਮੈਂਬਰ ਆਸ਼ੂਤੋਸ਼ ਦਾ ਕਹਿਣਾ ਹੈ, "ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਨਾਗਰਿਕਾਂ ਲਈ ਖੜ੍ਹੇ ਹੋਣ। ਪਰ ਕੇਜਰੀਵਾਲ ਨੇ ਹਿੰਦੂਆਂ ਦੇ ਮੁੱਖ ਮੰਤਰੀ ਵਾਂਗ ਵਿਵਹਾਰ ਕੀਤਾ ਹੈ।"

ਤਸਵੀਰ ਸਰੋਤ, Getty Images
ਪੱਥਰਬਾਜ਼ਾਂ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਦਾ ਟਵੀਟ, "ਅਪਮਾਨਜਨਕ ਹੈ ਕਿਉਂਕਿ ਉਹ ਪੱਥਰਬਾਜ਼ੀ ਦੇ ਕਾਰਨ ਦੀ ਨਿੰਦਾ ਕਰਨ ਵਿੱਚ ਅਸਫ਼ਲ ਰਹੇ ਹਨ। ਭੀੜ ਹਥਿਆਰਬੰਦ ਸੀ, ਉਨ੍ਹਾਂ ਨੇ ਮੁਸਲਮਾਨਾਂ ਦਾ ਮਜ਼ਾਕ ਉਡਾਇਆ ਅਤੇ ਗ਼ਲਤ ਤੇ ਅਪਮਾਨਜਨਕ ਨਾਅਰੇ ਲਗਾਏ।"
ਆਸ਼ੂਤੋਸ਼ ਅੱਗੇ ਕਹਿੰਦੇ ਹਨ ਕਿ ਕੇਜਰੀਵਾਲ ਸੋਚਦੇ ਹਨ ਕਿ ਜੇ ਉਹ ਬੁਲਡੋਜ਼ਰ ਨਾਲ ਉਸਾਰੀਆਂ ਬਿਨਾਂ ਨੋਟਿਸ ਢਾਹੇ ਜਾਣ ਦੀ ਆਲੋਚਨਾ ਕਰਦੇ ਹਨ, ਤਾਂ ਲੋਕ ਇਹ ਸਮਝਣਗੇ ਕਿ ਉਹ ਮੁਸਲਮਾਨਾਂ ਦਾ ਸਮਰਥਨ ਕਰ ਰਹੇ ਹਨ। ਇੱਕ ਦੇਸ਼ ਜਿੱਥੇ 80% ਆਬਾਦੀ ਹਿੰਦੂ ਹੈ, ਕੇਜਰੀਵਾਲ ਇੱਕ ਬਹੁਗਿਣਤੀ ਵੋਟ ਬੈਂਕ ਨੂੰ ਪੂਰਾ ਕਰ ਰਹੇ ਹਨ।
ਆਸ਼ੂਤੋਸ਼ ਕਹਿੰਦੇ ਹਨ, "ਇਹ ਬਦਕਿਸਮਤੀ ਦੀ ਗੱਲ ਹੈ ਕਿ ਕੇਜਰੀਵਾਲ ਵਿੱਚ ਵਿਸ਼ਵ-ਵਿਆਪੀ ਕਦਰਾਂ-ਕੀਮਤਾਂ ਲਈ ਖੜ੍ਹੇ ਹੋਣ ਦੀ ਨੈਤਿਕ ਹਿੰਮਤ ਨਹੀਂ ਹੈ।"
ਦੰਗਿਆਂ ਅਤੇ ਢਾਹੁਣ ਬਾਰੇ ਕੇਜਰੀਵਾਲ ਦੀ ਪ੍ਰਤੀਕਿਰਿਆ ਦੀ ਹੋਰ ਵਿਰੋਧੀ ਪਾਰਟੀਆਂ ਅਤੇ ਨੇਤਾਵਾਂ ਨਾਲ ਤੁਲਨਾ ਵੀ ਹੋ ਰਹੀ ਹੈ, ਜਿਨ੍ਹਾਂ ਨੇ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਸੀ।
ਖਾਸ ਤੌਰ 'ਤੇ, ਕਮਿਊਨਿਸਟ ਆਗੂ ਬਰਿੰਦਾ ਕਰਾਤ ਬੁਲਡੋਜ਼ਰ ਦੀ ਕਾਰਵਾਈ ਨੂੰ ਰੋਕਣ ਦੇ ਆਦੇਸ਼ ਦੇਣ ਵਾਲੇ ਅਦਾਲਤੀ ਫ਼ਰਮਾਨ ਨਾਲ ਢਾਹੁਣ ਵਾਲੀ ਥਾਂ 'ਤੇ ਪਹੁੰਚੇ ਅਤੇ ਪ੍ਰਸ਼ੰਸਾ ਖੱਟੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸੋਸ਼ਲ ਮੀਡੀਆ 'ਤੇ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਦੀ ਵਿਆਪਕ ਆਲੋਚਨਾ ਤੋਂ ਬਾਅਦ, 'ਆਪ' ਨੇ ਆਖਰਕਾਰ ਆਪਣੇ ਦੋ ਵਿਧਾਇਕਾਂ ਨੂੰ ਪਿਛਲੇ ਵੀਰਵਾਰ ਨੂੰ ਹਿੰਸਾ ਪ੍ਰਭਾਵਿਤ ਖੇਤਰ ਵਿੱਚ ਭੇਜਿਆ, ਉਸਾਰੀਆਂ ਢਾਹੁਣ ਦੀ ਕਾਰਵਾਈ ਤੋਂ ਇੱਕ ਦਿਨ ਬਾਅਦ।
''ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਹਾਂ''
ਆਪ' ਦੇ ਦੋ ਵਿਧਾਇਕਾਂ ਪਵਨ ਸ਼ਰਮਾ ਅਤੇ ਅਬਦੁਲ ਰਹਿਮਾਨ ਜਹਾਂਗੀਰਪੁਰੀ ਦਾ ਦੌਰਾ ਕਰਨ ਵਾਲੇ ਵਿਧਾਇਕਾਂ ਸਨ, ਬੀਬੀਸੀ ਨੇ ਇਨ੍ਹਾਂ ਨਾਲ ਗੱਲਬਾਤ ਕੀਤੀ।
ਧਾਰਮਿਕ ਹਿੰਸਾ 'ਤੇ ਟਿੱਪਣੀ ਨਾ ਕਰਨ ਦੇ ਪਾਰਟੀ ਦੇ ਫੈਸਲੇ ਦਾ ਬਚਾਅ ਕਰਦੇ ਹੋਏ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ "ਆਪ ਚੁੱਪ ਨਹੀਂ ਹੈ ਪਰ ਅਸੀਂ ਹਿੰਦੂ-ਮੁਸਲਿਮ ਜਾਂ ਮੰਦਰ-ਮਸਜਿਦ ਦੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਹਾਂ।"

ਤਸਵੀਰ ਸਰੋਤ, Getty Images
"ਅਸੀਂ ਸਾਰੇ ਧਰਮਾਂ ਦੀ ਬਰਾਬਰੀ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਹਾਂ, ਅਸੀਂ ਸਿੱਖਿਆ ਅਤੇ ਸਿਹਤ 'ਤੇ ਧਿਆਨ ਦਿੰਦੇ ਹਾਂ, ਅਸੀਂ ਲੋਕਾਂ ਨੂੰ ਸਸਤਾ ਪਾਣੀ ਅਤੇ ਬਿਜਲੀ ਪ੍ਰਦਾਨ ਕਰਦੇ ਹਾਂ।"
ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਉਸਾਰੀਆਂ ਨੂੰ ਢਾਹੇ ਜਾਣ ਦੇ ਤਰੀਕੇ ਦੀ ਨਿੰਦਾ ਕੀਤੀ ਹੈ ਅਤੇ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਨੇ ਪੁੱਛਿਆ, "ਪਹਿਲਾਂ ਤਾਂ ਇਹ ਕਬਜ਼ੇ ਕਿਵੇਂ ਹੋਏ? ਪਿਛਲੇ 15 ਸਾਲਾਂ ਤੋਂ ਭਾਜਪਾ ਦੇ ਕੰਟਰੋਲ ਵਾਲੇ ਨਗਰ ਨਿਗਮਾਂ ਨੇ ਇਨ੍ਹਾਂ ਨਜਾਇਜ਼ ਉਸਾਰੀਆਂ ਨੂੰ ਕਿਉਂ ਵਧਣ ਦਿੱਤਾ?"
''ਕੇਜਰੀਵਾਲ ਸਾਡੇ ਬਾਰੇ ਹੁਣ ਨਹੀਂ ਸੋਚਦੇ, ਉਨ੍ਹਾਂ ਨੂੰ ਸਾਡੀਆਂ ਵੋਟਾਂ ਚਾਹੀਦੀਆਂ ਸੀ''
ਜਹਾਂਗੀਰਪੁਰੀ ਵਿੱਚ, ਬੁਲਡੋਜ਼ਰ ਦੀ ਕਾਰਵਾਈ ਵਿੱਚ ਆਪਣੀ ਰੋਜ਼ੀ-ਰੋਟੀ ਗੁਆਉਣ ਵਾਲੇ ਲੋਕਾਂ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ 'ਤੇ ਉਨ੍ਹਾਂ ਨੂੰ ਲੋੜ ਦੀ ਘੜੀ ਵਿੱਚ ਛੱਡਣ ਦਾ ਦੋਸ਼ ਲਗਾਇਆ।
ਇਨ੍ਹਾਂ ਲੋਕਾਂ ਵਿੱਚ ਗਰੀਬ ਦਿਹਾੜੀਦਾਰ ਮਜ਼ਦੂਰ, ਕਚਰਾ ਇਕੱਠਾ ਕਰਨ ਵਾਲੇ, ਕਬਾੜੀ ਅਤੇ ਸੜਕ ਕੰਢੇ ਸਮਾਨ ਵੇਚਣ ਵਾਲੇ ਸ਼ਾਮਲ ਹਨ।
ਜਹਾਂਗੀਰਪੁਰੀ ਵਿੱਚ ਅਨਵਰ ਬੀਬੀ ਨੇ ਸਾਨੂੰ ਕਿਹਾ, ''ਕੋਈ ਪਾਰਟੀ ਸਾਡੇ ਕੋਲ ਨਹੀ ਪਹੁੰਚੀ, ਸਰਕਾਰ ਹਰ ਇੱਕ ਲਈ ਹੈ, ਪਰ ਇੰਝ ਲੱਗਦਾ ਹੈ ਜਿਵੇਂ ਸਾਡੇ ਲਈ ਕੋਈ ਨਹੀਂ।''
ਸਰੇਜਾ ਕਹਿੰਦੇ ਹਨ, ''ਕੇਜਰੀਵਾਲ ਨੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਖ਼ੁਦ ਨੂੰ ਪਰੇ ਕਰ ਲਿਆ ਹੈ, ਉਹ ਕੇਂਦਰ ਸਰਕਾਰ ਨੂੰ ਦੋਸ਼ ਦੇ ਰਹੇ ਹਨ।''
ਸਰੇਜਾ ਦੇ ਗੁਆਂਢੀ ਸ਼ੇਖ਼ ਸਫ਼ੀਜੁਦੀਨ ਨੇ ਕਿਹਾ ਕਿ ''ਕੇਜਰੀਵਾਲ ਸਾਡੇ ਬਾਰੇ ਹੁਣ ਨਹੀਂ ਸੋਚਦੇ। ਉਨ੍ਹਾਂ ਨੂੰ ਸਾਡੇ ਕੋਲ ਜੋ ਚਾਹੀਦਾ ਸੀ, ਉਨ੍ਹਾਂ ਨੂੰ ਮਿਲ ਗਿਆ ਹੈ - ਸਾਡੀਆਂ ਵੋਟਾਂ।''
ਮੁਸਲਮਾਨਾਂ ਤੋਂ ਦੂਰੀ ਦੀ ਵਜ੍ਹਾ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ
ਸੀਨੀਅਰ ਪੱਤਰਕਾਰ ਰਾਕੇਸ਼ ਦੀਕਸ਼ਿਤ ਨੇ ਇਲਜ਼ਾਮ ਲਾਇਆ ਕਿ ਦਿੱਲੀ ਸਰਕਾਰ ਨੇ ਦੰਗਿਆਂ ਅਤੇ ਬੁਲਡੋਜ਼ਰ ਦੀ ਉਸਾਰੀਆਂ ਢਾਹੁਣ ਦੀ ਕਾਰਵਾਈ ਦੌਰਾਨ "ਇੱਕ ਰਾਹਗੀਰ" ਵਾਂਗ ਵਿਵਹਾਰ ਕੀਤਾ ਹੈ ਕਿਉਂਕਿ ਇਹ ਉਨ੍ਹਾਂ ਦੇ ਮਕਸਦ ਨੂੰ ਪੂਰਾ ਕਰਦਾ ਹੈ।
ਉਹ ਕਹਿੰਦੇ ਹਨ, "ਕੇਜਰੀਵਾਲ ਨੇ ਮੁਸਲਮਾਨਾਂ ਨੂੰ ਨਾਰਾਜ਼ ਕੀਤੇ ਬਿਨਾਂ ਰੂੜ੍ਹੀਵਾਦ ਦੀ ਨੀਤੀ ਅਪਣਾਈ ਹੈ। 2020 ਵਿੱਚ ਆਪਣੀ ਚੋਣ ਜਿੱਤਣ ਤੋਂ ਬਾਅਦ, ਉਹ ਜਨਤਕ ਤੌਰ 'ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਤੋਂ ਸੰਕੋਚ ਨਹੀਂ ਕਰਦੇ।
ਉਨ੍ਹਾਂ ਪੂਜਾ ਕਰਨ ਲਈ ਇੱਕ ਹਿੰਦੂ ਮੰਦਰ ਵਿੱਚ ਜਲੂਸ ਦੀ ਅਗਵਾਈ ਕੀਤੀ। ਉਹ ਅਕਸਰ ਸਾਰੇ ਧਰਮਾਂ ਲਈ ਬਰਾਬਰੀ ਅਤੇ ਸਤਿਕਾਰ ਦੀ ਗੱਲ ਵੀ ਕਰਦੇ ਹਨ।''

ਤਸਵੀਰ ਸਰੋਤ, Getty Images
ਪਰ, ਦੀਕਸ਼ਿਤ ਦਾ ਕਹਿਣਾ ਹੈ, 'ਆਪ' ਹੁਣ ਰਵਾਇਤੀ ਪਾਰਟੀਆਂ ਤੋਂ ਵੱਖਰੇ ਤਰ੍ਹਾਂ ਦੀ ਪਾਰਟੀ ਨਹੀਂ ਰਹੀ।
"ਇਹ ਕਿਸੇ ਵੀ ਹੋਰ ਪਾਰਟੀ ਵਾਂਗ ਰਾਜਨੀਤਿਕ ਲੋੜਾਂ ਲਈ ਚਲਾਈ ਜਾਂਦੀ ਹੈ। ਇਹ ਮਹਿਸੂਸ ਹੁੰਦਾ ਹੈ ਕਿ ਹਿੰਦੂ ਰਾਸ਼ਟਰਵਾਦ ਆਉਣ ਵਾਲੇ ਭਵਿੱਖ ਵਿੱਚ ਪ੍ਰਮੁੱਖ ਭਾਵਨਾ ਬਣੀ ਰਹੇਗੀ, ਇਸ ਲਈ ਮੁਸਲਮਾਨ ਉਨ੍ਹਾਂ ਲਈ ਅਯੋਗ ਬਣ ਗਏ ਹਨ।"
ਉਹ ਅੱਗੇ ਦੱਸਦੇ ਹਨ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਚੁੱਪੀ ਧਾਰੀ ਹੈ।
ਇਸ ਤੋਂ ਪਹਿਲਾਂ ਜਦੋਂ ਮੁਸਲਮਾਨਾਂ ਨੇ ਵਿਵਾਦਪੂਰਨ ਨਾਗਰਿਕਤਾ ਬਿੱਲ ਦਾ ਵਿਰੋਧ ਕੀਤਾ ਸੀ ਜਾਂ 2020 ਦੇ ਦਿੱਲੀ ਦੰਗਿਆਂ ਦੌਰਾਨ।
ਕੇਜਰੀਵਾਲ ਸਮਰਥਨ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਸਨ, ਜਦੋਂ ਭਾਰਤ ਸਰਕਾਰ ਨੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦਾ ਫੈਸਲਾ ਲਿਆ ਸੀ।
"ਉਹ ਆਪਣੀ ਵਿਚਾਰਧਾਰਾ ਨੂੰ ਇਸ ਅਧਾਰ 'ਤੇ ਚੁਣਦੇ ਹਨ ਕਿ ਕਿਸੇ ਖਾਸ ਸਮੇਂ ਜਾਂ ਕਿਸੇ ਵਿਸ਼ੇਸ਼ ਸਥਾਨ 'ਤੇ ਉਨ੍ਹਾਂ ਦੇ ਮਕਸਦ ਦੀ ਮਦਦ ਕੀ ਕਰਦਾ ਹੈ।"
"ਇਸ ਸਮੇਂ ਉਨ੍ਹਾਂ ਦੀਆਂ ਨਜ਼ਰਾਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਮੁਸਲਿਮ ਆਬਾਦੀ ਛੋਟੀ ਹੈ ਅਤੇ ਸਮਾਜ ਦੇ ਹੋਰ ਤਬਕਿਆਂ ਦਾ ਪਹਿਲਾਂ ਹੀ ਧਰੁਵੀਕਰਨ ਹੋ ਚੁੱਕਿਆ ਹੈ।"
"ਮੁਸਲਮਾਨਾਂ ਤੋਂ ਦੂਰੀ ਬਣਾ ਕੇ, ਆਮ ਆਦਮੀ ਪਾਰਟੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਨ੍ਹਾਂ ਸੂਬਿਆਂ ਵਿੱਚ ਹਿੰਦੂ ਵੋਟਾਂ ਨਾ ਗੁਆਵੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












