ਔਰਤਾਂ ਦੇ ਕੁਆਰੇਪਣ ਦੀ ਟੈਸਟ ਬਾਰੇ ਮਿੱਥ ਜੋ ਸਦੀਆਂ ਤੋਂ ਬਣ ਰਹੀ ਉਨ੍ਹਾਂ ਲਈ ਮੁਸੀਬਤ

ਤਸਵੀਰ ਸਰੋਤ, Prashanti Aswani
- ਲੇਖਕ, ਸੋਫੀਆ ਸਮਿੱਥ ਗੈਲਰ
- ਰੋਲ, ਬੀਬੀਸੀ ਫ਼ਿਊਚਰ
ਇੱਕ ਦਿਨ ਸਰਰਾਸ ਦੇ ਮੇਲ ਬਾਕਸ 'ਚ ਇੱਕ ਅਨਜਾਣ ਕੁੜੀ ਦੀ ਈਮੇਲ ਆਈ। ਉਸ ਕੁੜੀ ਨੇ ਆਪਣੀ ਮੇਲ 'ਚ ਸਵਾਲ ਕੀਤਾ ਸੀ ਕਿ ਕੀ ਉਹ ਕੁਆਰੀ ਹੈ?
ਇਹ ਪਹਿਲੀ ਵਾਰ ਸੀ ਜਦੋਂ ਸਰਰਾਸ ਨੇ ਇੱਕ ਅਜਿਹੀ ਤਸਵੀਰ ਦੇਖੀ, ਜਿਸ ਨੂੰ ਉਨ੍ਹਾਂ ਨੇ 'ਵਜਾਇਨਾ ਸੈਲਫੀ' ਦਾ ਨਾਮ ਦਿੱਤਾ। ਉਸ ਵੇਲੇ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਉਹ ਕਿਵੇਂ ਜਵਾਬ ਦੇਣ।
ਉਸ ਸਮੇਂ ਸਰਰਾਸ ਅਰਬੀ ਭਾਸ਼ਾ ਦੇ 'ਲਵ ਮੈਟਰਜ਼' ਨਾਮ ਦੇ ਇੱਕ ਫੇਸਬੁੱਕ ਪੇਜ ਦੀ ਐਡਮਿਨ ਸੀ। ਇਸ ਪੇਜ ਰਾਹੀਂ ਅਰਬੀ ਭਾਸ਼ਾ ਵਿੱਚ ਸੋਸ਼ਲ ਮੀਡੀਆ 'ਤੇ ਰਿਸ਼ਤਿਆਂ ਅਤੇ ਸੈਕਸ ਸਬੰਧੀ ਸਿੱਖਿਆ ਦਿੱਤੀ ਜਾਂਦੀ ਹੈ।
ਸਰਰਾਸ ਨੇ ਦੱਸਿਆ, ''ਉਸ ਅਣਜਾਣ ਕੁੜੀ ਨੇ ਦੱਸਿਆ ਕਿ ਹੁਣ ਤੱਕ ਉਹ ਇੱਕ ਰਿਸ਼ਤੇ 'ਚ ਸੀ ਅਤੇ ਹੁਣ ਉਸ ਦੀ ਮੰਗਣੀ ਹੋ ਰਹੀ ਹੈ। ਉਹ ਇਸ ਤੋਂ ਪਹਿਲਾਂ ਇਹ ਤੈਅ ਕਰ ਲੈਣਾ ਚਾਹੁੰਦੀ ਸੀ ਕਿ ਉਸ ਦਾ ਕੁਆਰਾਪਣ ਤਾਂ ਭੰਗ ਨਹੀਂ ਹੋ ਗਿਆ ਹੈ।''
ਇਹ ਦੱਸਣ ਤੋਂ ਬਾਅਦ ਸਰਰਾਸ ਕੁਝ ਦੇਰ ਰੁਕਦੀ ਹੈ ਅਤੇ ਫਿਰ ਕਹਿੰਦੀ ਹੈ, ''ਮੈਂ 'ਮਫ਼ਤੁਹਾ' ਨਾਮ ਦੇ ਇਸ ਸ਼ਬਦ ਨਾਲ ਬਹੁਤ ਨਫ਼ਰਤ ਕਰਦੀ ਹਾਂ। ਉਸ ਅਣਜਾਣ ਕੁੜੀ ਨੇ ਆਪਣੀ ਯੋਨੀ ਦੀ ਫੋਟੋ ਭੇਜ ਕੇ ਪੁੱਛਿਆ ਸੀ ਕਿ ਕੀ ਉਹ 'ਮਫ਼ਤੁਹਾ' ਹੈ ਅਤੇ ਕੀ ਉਨ੍ਹਾਂ ਦੀ ਹਾਇਮਨ (ਯੋਨੀ ਦੀ ਝਿੱਲੀ) 'ਖੁੱਲ੍ਹ ਗਈ' ਹੈ।''
ਅਸਲ ਵਿੱਚ ਉਹ ਅਣਜਾਣ ਕੁੜੀ ਸਰਰਾਸ ਨੂੰ ਪੁੱਛਣਾ ਚਾਹ ਰਹੀ ਸੀ ਕਿ ਕੀ ਉਹ ਉਸ ਦੀ ਹਾਇਮਨ ਦੇਖ ਪਾ ਰਹੀ ਹਨ। ਨਾਲ ਹੀ ਕੀ ਉਹ ਉਸ ਨੂੰ ਦੱਸ ਸਕਦੀ ਹੈ ਕਿ ਉਹ ਬਿਲਕੁਲ ਠੀਕ ਹੈ, ਕਿਉਂਕਿ ਉਨ੍ਹਾਂ ਦੇ ਸਮਾਜ 'ਚ ਵਿਆਹ ਵੇਲੇ ਕੁਆਰੀ ਹੋਣ ਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ, ਉਨ੍ਹਾਂ ਦੇ ਪਤੀ ਉਨ੍ਹਾਂ ਦੇ ਕੁਆਰੇ ਹੋਣ ਦਾ ਸਬੂਤ ਹਾਇਮਨ ਦੇ ਫਟਣ ਨਾਲ ਨਿੱਕਲਣ ਵਾਲੇ ਖ਼ੂਨ ਦੇ ਰੂਪ 'ਚ ਦੇਖਣਾ ਚਾਹੁਣਗੇ।
ਕੁੜੀਆਂ ਦੇ ਕੁਆਰੇ ਹੋਣ ਨੂੰ ਇਸ ਗੱਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿ ਜੇ ਉਨ੍ਹਾਂ ਦੀ ਹਾਇਮਨ ਠੀਕ ਹੈ ਤਾਂ ਉਨ੍ਹਾਂ ਦਾ ਕੁਆਰਾਪਣ ਸੁਰੱਖਿਅਤ ਹੈ।
ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਨੇ 2018 ਵਿੱਚ ਕੁਆਰੇਪਣ ਦੀ ਜਾਂਚ ਲਈ ਅਪਣਾਏ ਜਾਣ ਵਾਲੇ ਇਸ ਤਰੀਕੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣ ਕਰਾਰ ਦਿੱਤਾ ਸੀ।
ਅਜਿਹੇ ਕਈ ਤਰੀਕਿਆਂ ਨਾਲ ਕੁੜੀਆਂ ਦੀ ਪ੍ਰੀਖਿਆ ਲਈ ਜਾਂਦੀ ਹੈ।
ਮਿਸਾਲ ਵਜੋਂ ਯੋਨੀ ਨੂੰ ਛੂਹ ਕੇ ਹਾਇਮਨ ਜਾਂਚਣਾ ਜਾਂ ਯੋਨੀ ਦਾ ਲਚੀਲਾਪਣ ਦੇਖਣਾ ਜਾਂ ਫਿਰ ਸੁਹਾਗਰਾਤ 'ਚ ਸੈਕਸ ਤੋਂ ਬਾਅਦ ਚਾਦਰ 'ਤੇ ਲੱਗੇ ਖੂਨ ਦੇ ਧੱਬਿਆਂ ਨੂੰ ਦੇਖਣਾ ਅਤੇ ਰਿਸ਼ਤੇਦਾਰਾਂ ਨੂੰ ਦਿਖਾਉਣਾ।
ਇਹ ਵੀ ਪੜ੍ਹੋ:
ਭਾਵੇਂ ਇਸ ਗੱਲ ਦਾ ਕੋਈ ਵਿਗਿਆਨਿਕ ਆਧਾਰ ਨਾ ਹੋਵੇ ਅਤੇ ਇਹ ਬਿਨਾਂ ਵਿਗਿਆਨਿਕ ਤਰਕ ਦੇ ਕੁਆਰੇਪਣ ਸਬੰਧੀ ਇੱਕ ਸਮਾਜਿਕ ਮਿਥਕ ਹੋਵੇ, ਫਿਰ ਵੀ ਦੁਨੀਆਂ ਭਰ ਦੇ ਕਰੋੜਾਂ ਲੋਕ ਮੰਨਦੇ ਹਨ।
ਕਿਸੇ ਔਰਤ ਦੇ ਸੈਕਸ ਸਬੰਧਾਂ ਦਾ ਇਤਿਹਾਸ ਉਨ੍ਹਾਂ ਦੀ ਹਾਇਮਨ ਤੋਂ ਪਤਾ ਚੱਲ ਜਾਂਦਾ ਹੈ।
ਕਰੋੜਾਂ ਲੋਕ ਮੰਨਦੇ ਹਨ ਕਿ ਕਿਸੇ ਮਰਦ ਨਾਲ ਪਹਿਲੀ ਵਾਰ ਸਬੰਧ ਬਣਾਉਣ ਵੇਲੇ ਕੁੜੀ ਦੀ ਯੋਨੀ ਵਿੱਚੋਂ ਖੂਨ ਨਿਕਲਦਾ ਹੀ ਹੈ। ਜ਼ਾਹਿਰ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਠੀਕ ਨਹੀਂ ਹੈ। ਫਿਰ ਵੀ ਅਸੀਂ ਵੱਖ-ਵੱਖ ਸਮਾਜ ਅਤੇ ਧਰਮਾਂ ਵਿੱਚ ਅਜਿਹੇ ਅੰਧ-ਵਿਸ਼ਵਾਸ ਦੇਖਦੇ ਹਾਂ।
ਮੈਂ ਆਪਣੀ ਕਿਤਾਬ 'ਲੂਜ਼ਿੰਗ ਇਟ - ਸੈਕਸ ਐਜ਼ੂਕੇਸ਼ਨ ਫੌਰ 21 ਸੈਂਚੂਰੀ' ਵਿੱਚ ਹਾਇਮਨ ਦੇ ਇਸ ਮਿਥਕ ਨੂੰ ਤਫ਼ਸੀਲ 'ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਉਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਸਰਰਾਸ ਵਰਗੇ ਲੋਕ ਪੁੱਛਦੇ ਹਨ।

ਤਸਵੀਰ ਸਰੋਤ, Prashanti Aswani
ਇਸ 'ਚ ਦੱਸਿਆ ਗਿਆ ਹੈ ਕਿ ਆਖ਼ਿਰ ਕਦੋਂ, ਕਿੱਥੇ ਅਤੇ ਕਿਸ ਨੇ ਅਜਿਹੇ ਮਿਥਕ ਬਣਾਏ ਅਤੇ ਇਨ੍ਹਾਂ ਨੂੰ ਹੁੰਗਾਰਾ ਦਿੱਤਾ। ਇਹ ਵੀ ਦੱਸਿਆ ਗਿਆ ਹੈ ਕਿ ਕੀ ਇਸ ਯਕੀਨ ਦੇ ਦਹਾਕਿਆਂ ਤੋਂ ਚਲਦੇ ਆਉਣ ਪਿੱਛੇ ਵਿਗਿਆਨਕ ਰਿਸਰਚ ਦੀ ਕਮੀ ਹੈ।
ਹਾਲਾਂਕਿ ਮੈਂ ਦੇਖਿਆ ਕਿ ਹਾਇਮਨ ਨਾਲ ਜੁੜੇ ਮਿਥਕ ਤੋੜਨ ਵਾਲੇ ਬਹੁਤ ਸਾਰੀਆਂ ਵਿਗਿਆਨਿਕ ਰਿਸਰਚ ਕੀਤੀਆਂ ਗਈਆਂ ਹਨ। ਪਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਕਈ ਡਾਕਟਰ ਪਹਿਲੀ ਵਾਰ ਸੈਕਸ ਕਰਨ 'ਤੇ ਹਾਇਮਨ ਦੇ ਫਟਣ ਅਤੇ ਖ਼ੂਨ ਨਿਕਲਣ ਵਾਲੇ ਵਿਚਾਰ ਨੂੰ ਹੁੰਗਾਰਾ ਦਿੰਦੇ ਹਨ।
ਜਨਤਾ ਵੱਲੋਂ ਚੁਣੇ ਗਏ ਬਹੁਤ ਸਾਰੇ ਸਦਨਾਂ ਵਿੱਚ ਵੀ ਅਜਿਹੀ ਗੱਲਾਂ ਉੱਤੇ ਮੁਹਰ ਲੱਗਦੀ ਹੈ। ਦੁਨੀਆਂ ਦੇ ਅਜਿਹੇ ਕਈ ਇਲਾਕਿਆਂ ਵਿੱਚ ਸੈਕਸ ਏਜੁਕੇਸ਼ਨ 'ਚ ਹਾਇਮਨ ਬਾਰੇ ਸਟੀਕ ਜਾਣਕਾਰੀ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ।
ਹਾਇਮਨ ਆਖ਼ਿਰ ਕੀ ਹੈ?
ਹਾਇਮਨ ਯਾਨੀ ਯੋਨੀ ਦੀ ਝਿੱਲੀ ਜਾਂ ਵਜਾਇਨਲ ਕੋਰੋਨਾ, ਟਿਸ਼ੂ ਦਾ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ, ਜੋ ਯੋਨੀ ਦੀ ਐਂਟਰੀ ਕੋਲ ਹੀ ਹੁੰਦਾ ਹੈ।
ਇਸ ਉੱਤੇ ਯਕੀਨ ਨਹੀਂ ਹੁੰਦਾ ਕਿ ਬਿਨਾਂ ਮਕਸਦ ਦਿਖਣ ਵਾਲੇ ਟਿਸ਼ੂ ਦੇ ਇਸ ਛੋਟੇ ਜਿਹੇ ਟੁੱਕੜੇ ਨੂੰ ਲੈ ਕੇ ਇੰਨੀ ਬੇ-ਵਜ੍ਹਾ ਗ਼ਲਤ ਗੱਲਾਂ ਦੱਸੀਆਂ ਜਾਂਦੀਆਂ ਹਨ।
ਵਿਗਿਆਨਕ ਸਮਾਜ 'ਚ ਹਾਇਮ ਦੇ ਹੋਣ ਅਤੇ ਇਸ ਦੀ ਉਪਯੋਗਤਾ ਨੂੰ ਲੈ ਕੇ ਕਾਫ਼ੀ ਮਤਭੇਦ ਹਨ।
ਕੀ ਇਹ ਸਾਡੇ ਬ੍ਰੈਸਟ ਵਾਲੇ ਵਢੇਰਿਆਂ ਤੋਂ ਵਿਰਾਸਤ 'ਚ ਮਿਲਿਆ ਹੈ, ਜੋ ਰੇਂਗਦੇ ਹੋਏ ਪਾਣੀ ਤੋਂ ਨਿਕਲ ਕੇ ਜ਼ਮੀਨ ਉੱਤੇ ਆਏ ਸਨ? ਕੀ ਇਹ ਨਵੇ ਜੰਮੇ ਬੱਚੇ ਦੇ ਮਲ ਵਿੱਚ ਮਿਲਣ ਵਾਲੇ ਬੈਕਟੀਰੀਆ ਨੂੰ ਯੋਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹੁੰਦਾ ਹੈ?
ਆਖ਼ਿਰ ਕੁਦਰਤ ਨੇ ਇਸ ਨੂੰ ਬਣਾਇਆ ਹੀ ਕਿਉਂ, ਇਸ ਦਾ ਜਵਾਬ ਕਿਸੇ ਨੂੰ ਨਹੀਂ ਪਤਾ।

ਤਸਵੀਰ ਸਰੋਤ, Prashanti Aswani
ਕੁਝ ਦੂਜੇ ਜੀਆਂ ਦੀ ਮਾਦਾਵਾਂ ਦੀ ਮਾਸਪੇਸ਼ੀਆਂ ਦੇ ਇਸ ਛੋਟੇ ਜਿਹੇ ਟੁੱਕੜੇ ਦਾ ਕੁਝ ਉਪਯੋਗ ਪਾਇਆ ਗਿਆ ਹੈ। ਮਿਸਾਲ ਦੇ ਤੌਰ 'ਤੇ 'ਗਿਨੀ ਪਿਗ' ਦਾ ਹਾਇਮਨ ਉਸ ਵੇਲੇ ਪਿਘਲ ਜਾਂਦਾ ਹੈ, ਜਦੋਂ ਉਨ੍ਹਾਂ ਦੇ ਪ੍ਰਜਨਨ ਦਾ ਸਮਾਂ ਆਉਂਦਾ ਹੈ।
ਅਤੇ ਉਸ ਦੌਰ ਦੇ ਖ਼ਤਮ ਹੋਣ ਤੋਂ ਬਾਅਦ ਹਾਇਮਨ ਫ਼ਿਰ ਤੋਂ ਪੈਦਾ ਹੁੰਦਾ ਹੈ। ਹਾਲਾਂਕਿ ਇਨਸਾਨਾਂ ਵਿੱਚ ਹਾਇਮਨ ਦਾ ਅਜਿਹਾ ਚਮਤਕਾਰ ਦੇਖਣ ਨੂੰ ਨਹੀਂ ਮਿਲਦਾ।
ਔਰਤਾਂ ਦੇ ਹਾਇਮਨ ਕਈ ਤਰ੍ਹਾਂ ਦੇ ਹੋ ਸਕਦੇ ਹਨ। ਉੱਤੇ ਦਿੱਤੇ ਗਏ ਦੋਵੇਂ ਚਿੱਤਰ ਉਕੇਰੇ ਗਏ ਹਨ, ਕਈ ਔਰਤਾਂ ਨੇ ਉਸ ਨੂੰ ਸ਼ਾਇਦ ਹੀ ਉਮਰ ਦੇ ਕਿਸੇ ਦੌਰ ਵਿੱਚ ਕਦੇ ਦੇਖਿਆ ਹੋਵੇ। ਇਸ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਹਾਇਮਨ ਆਖ਼ਿਰ ਦਿਖਦਾ ਕਿਵੇਂ ਦਾ ਹੈ।
ਬਹੁਤ ਸਾਰੇ ਲੋਕਾਂ ਦੀ ਇਹ ਧਾਰਨਾ ਗ਼ਲਤ ਹੈ ਕਿ ਹਾਇਮਨ, ਯੋਨੀ ਦੇ ਮੁੰਹ ਨੂੰ ਬੰਦ ਰੱਖਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਜੇ ਅਜਿਹਾ ਹੁੰਦਾ, ਤਾਂ ਔਰਤਾਂ ਦੀ ਮਾਹਵਾਰੀ ਨਹੀਂ ਹੋ ਪਾਉਂਦੀ।
ਹਾਲਾਂਕਿ ਕੁਝ ਔਰਤਾਂ ਦੇ ਹਾਇਮਨ ਉਨ੍ਹਾਂ ਦੀ ਵਜਾਇਨਾ ਦੇ ਮੁੰਹ ਬੰਦ ਰੱਖਦੇ ਹਨ ਅਤੇ ਅਜਿਹੀ ਔਰਤਾਂ ਆਪਰੇਸ਼ਨ ਨਾਲ ਯੋਨੀ ਦਾ ਮੁੰਹ ਖੁਲਵਾ ਸਕਦੀਆਂ ਹਨ।
ਇਸ ਦੀ ਥਾਂ, ਜ਼ਿਆਦਾਤਰ ਔਰਤਾਂ ਦੇ ਹਾਇਮਨ ਦਾ ਸਾਈਜ਼ ਅਰਧ ਚੰਦਰ ਜਾਂ ਅਰਧ ਗੋਲਾਕਾਰ ਹੁੰਦਾ ਹੈ। ਇਨ੍ਹਾਂ ਦੀ ਮੋਟਾਈ ਵੀ ਵੱਖ-ਵੱਖ ਹੋ ਸਕਦੀ ਹੈ। ਉਮਰ ਦੇ ਨਾਲ-ਨਾਲ ਇਹ ਹਾਇਮਨ ਵੀ ਬਦਲਦਾ ਰਹਿੰਦਾ ਹੈ।
ਇਹ ਵੀ ਪੜ੍ਹੋ:
ਕੁਝ ਔਰਤਾਂ ਦੀ ਯੋਨੀ ਵਿੱਚ ਇਹ ਹੁੰਦਾ ਹੀ ਨਹੀਂ ਜਾਂ ਫ਼ਿਰ ਕੁਝ ਔਰਤਾਂ ਜਦੋਂ ਤੱਕ ਸੈਕਸ ਕਰਨ ਦੀ ਉਮਰ ਤੱਕ ਪਹੁੰਚਦੀਆਂ ਹਨ, ਉਦੋਂ ਤੱਕ ਇਹ ਪੂਰੀ ਤਰ੍ਹਾਂ ਨਾਲ ਗਾਇਬ ਹੋ ਚੁੱਕਿਆ ਹੁੰਦਾ ਹੈ।
ਉੰਝ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਇਹ ਝਿੱਲੀ ਫੱਟ ਜਾਂਦੀ ਹੈ। ਕਈ ਵਾਰ ਕਸਰਤ ਕਰਨ ਨਾਲ ਜਾਂ ਮਾਹਵਾਰੀ ਦੌਰਾਨ ਵੀ ਅਜਿਹਾ ਹੋ ਸਕਦਾ ਹੈ ਅਤੇ ਹਾਂ, ਯੋਨ ਸਬੰਧ ਬਣਾਉਣ ਦੌਰਾਨ ਵੀ ਹੋ ਸਕਦਾ ਹੈ ਕਿ ਹਾਇਮਨ ਫੱਟ ਜਾਵੇ।
ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਔਰਤ ਦਾ ਹਾਇਮਨ ਦੇਖ ਕੇ ਉਨ੍ਹਾਂ ਦੇ ਯੋਨ ਸਬੰਧ ਦਾ ਇਤਿਹਾਸ ਦੱਸ ਸਕਦੇ ਹੋ।
ਮਿਸਾਲ ਦੇ ਤੌਰ 'ਤੇ 2004 ਵਿੱਚ ਅੱਲ੍ਹੜ ਉਮਰ ਦੀ 36 ਗਰਭਵਤੀ ਕੁੜੀਆਂ ਉੱਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਸਿਰਫ਼ ਦੋ ਕੁੜੀਆਂ ਵਿੱਚ ਹੀ ਯੋਨ ਸਬੰਧ ਬਣਾਉਣ ਦੇ ਪੱਕੇ ਸਬੂਤ ਪਾਏ ਗਏ ਸਨ।
2004 ਦੇ ਹੀ ਇੱਕ ਹੋਰ ਅਧਿਐਨ ਵਿੱਚ ਪਤਾ ਲੱਗਿਆ ਕਿ ਸੈਕਸ ਕਰਨ ਵਾਲੀ 52 ਫੀਸਦ ਅੱਲ੍ਹੜ ਉਮਰ ਦੀਆਂ ਕੁੜੀਆਂ ਨੇ ਦੱਸਿਆ ਕਿ ਸੈਕਸ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ 'ਆਪਣੇ ਹਾਇਮਨ 'ਚ ਕੋਈ ਫ਼ਰਕ ਮਹਿਸੂਸ ਨਹੀਂ ਕੀਤਾ।'
ਜ਼ਾਹਿਰ ਹੈ ਕਿ ਅਸੀਂ ਹਾਇਮਨ ਦੇ ਹੋਣ ਨੂੰ ਸੈਕਸ ਸਬੰਧ ਨਾ ਬਣਾਉਣ ਦਾ ਸਬੂਤ ਅਤੇ ਇਸ ਦੇ ਨਾ ਹੋਣ ਨੂੰ ਸੈਕਸ ਕਰਨ ਦੇ ਸਬੂਤ ਦੇ ਤੌਰ 'ਤੇ ਨਹੀਂ ਦੇਖ ਸਕਦੇ।
ਚਾਦਰ ਉੱਤੇ ਖ਼ੂਨ ਲੱਗਣ ਨੂੰ ਦੁਨੀਆਂ ਭਰ ਵਿੱਚ ਕੁਆਰੇਪਣ ਨੂੰ ਜਾਂਚਣ ਦਾ ਇੱਕ ਤਰੀਕਾ ਮੰਨਿਆ ਜਾਂਦਾ ਹੈ। ਇਹ ਗੱਲ ਵੀ ਝੂਠ ਉੱਤੇ ਆਧਾਰਿਤ ਹੈ। ਕਈ ਕੁੜੀਆਂ ਦੇ ਹਾਇਮਨ 'ਚ ਪਹਿਲੀ ਖਿਚਾਅ ਹੋਣ ਉੱਤੇ ਖ਼ੂਨ ਨਿਕਲਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਉਹ ਆਰਾਮ ਨਾਲ ਨਾ ਬੈਠਣ ਅਤੇ ਕੋਈ ਝਟਕਾ ਲੱਗ ਜਾਵੇ।

ਤਸਵੀਰ ਸਰੋਤ, Prashanti Aswani
ਹਾਲਾਂਕਿ, ਵਜਾਇਨਾ ਤੋਂ ਖ਼ੂਨ ਆਮ ਤੌਰ 'ਤੇ ਉਦੋਂ ਹੀ ਨਿਕਲਦਾ ਹੈ, ਜਦੋਂ ਜ਼ਬਰਦਸਤੀ ਯੋਨ ਸਬੰਧ ਬਣਾਇਆ ਜਾਵੇ ਜਾਂ ਸੈਕਸ ਵੇਲੇ ਉਸ 'ਚ ਗਿੱਲਾਪਨ ਨਾ ਹੋਵੇ।
ਪਹਿਲੀ ਵਾਰ ਯੋਨ ਸਬੰਧ ਬਣਾਉਣ 'ਚ ਖ਼ੂਨ ਨਿਕਲ ਵੀ ਸਕਦਾ ਹੈ ਅਤੇ ਨਹੀਂ ਵੀ। ਸੈਕਸ ਵੇਲੇ ਵਜਾਇਨਾ ਤੋਂ ਖ਼ੂਨ ਨਿਕਲਣ ਦੇ ਵੀ ਕਈ ਕਾਰਨ ਹੋ ਸਕਦੇ ਹਨ। ਮਿਸਾਲ ਦੇ ਤੌਰ 'ਤੇ ਤਣਾਅ ਹੋਣਾ, ਪੂਰੀ ਤਰ੍ਹਾਂ ਸੈਕਸ ਲਈ ਤਿਆਰ ਨਾ ਹੋਣਾ ਜਾਂ ਫ਼ਿਰ ਲਾਗ ਵਰਗੀ ਸਥਿਤੀ ਕਾਰਨ ਵੀ ਯੋਨੀ 'ਚੋਂ ਖ਼ੂਨ ਨਿਕਲ ਸਕਦਾ ਹੈ।
ਇੱਕ ਡਾਕਟਰ ਨੇ ਆਪਣੀਆਂ 41 ਸਹਿਕਰਮੀਆਂ ਨੂੰ ਪੁੱਛਿਆ ਕਿ ਪਹਿਲੀ ਵਾਰ ਸੈਕਸ ਕਰਨ 'ਤੇ ਉਨ੍ਹਾਂ ਦੇ ਖ਼ੂਨ ਨਿਕਲਿਆ ਸੀ ਜਾਂ ਨਹੀਂ, ਤਾਂ ਉਨ੍ਹਾਂ 'ਚੋਂ 63 ਫੀਸਦੀ ਨੇ ਇਸ ਸਵਾਲ ਦਾ ਜਵਾਬ 'ਨਾ' ਵਿੱਚ ਦਿੱਤਾ ਸੀ।
ਪਰ, ਜਿਹੜੇ ਮੁਲਕਾਂ ਵਿੱਚ ਕੁੜੀਆਂ ਦੇ ਕੁਆਰੇਪਣ ਨੂੰ ਅੱਜ ਵੀ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਯੋਨ ਸਬੰਧ ਬਣਾਉਣ 'ਤੇ ਨਿਗਰਾਨੀ ਰੱਖੀ ਜਾਂਦੀ ਹੈ, ਉੱਥੇ ਅਜਿਹੇ ਵਿਗਿਆਨਕ ਤਰਕ ਦਿੱਤੇ ਜਾਣ ਦੀ ਕੋਈ ਖ਼ਾਸ ਗੁੰਜਾਇਸ਼ ਨਹੀਂ ਦਿਖਦੀ।
2011 ਵਿੱਚ ਤੁਰਕੀ ਦੀ ਡਿਚਲੇ ਯੂਨੀਵਰਿਸਟੀ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਕਿ 72 ਫ਼ੀਸਦੀ ਵਿਦਿਆਰਥਣਾਂ ਅਤੇ 74 ਫ਼ੀਸਦੀ ਵਿਦਿਆਰਥੀ ਮੰਨਦੇ ਸਨ ਕਿ ਹਾਇਮਨ ਕੁਆਰੀ ਹੋਣ ਦਾ ਪ੍ਰਤੀਕ ਹੈ। ਇਸ ਸਟੱਡੀ ਵਿੱਚ ਸ਼ਾਮਲ 30 ਫ਼ੀਸਦ ਮਰਦਾਂ ਨੇ ਕਿਹਾ ਕਿ ਵਿਆਹ ਦੇ ਦਿਨ ਪਰਿਵਾਰ ਨੂੰ 'ਖ਼ੂਨ ਨਾਲ ਲਿੱਬੜੀ ਚਾਦਰ' ਦਿਖਾਈ ਜਾਣੀ ਚਾਹੀਦੀ ਹੈ।
ਅਜਿਹੇ ਮਿਥਕ, ਔਰਤਾਂ ਨੂੰ ਚੰਗੀ ਯੋਨ ਸਿਹਤ ਤੋਂ ਵਾਂਝੇ ਕਰਦੇ ਹਨ। ਉਨ੍ਹਾਂ ਦੀ ਆਪਣੀ ਸੈਕਸ਼ੁਅਲ ਪਛਾਣ ਦੀ ਭਾਲ ਕਰਨ 'ਚ ਇਹ ਮਿਥਕ ਰੁਕਾਵਟ ਬਣਦੇ ਹਨ ਅਤੇ ਸੈਕਸ ਸਬੰਧਾਂ ਨੂੰ ਲੈ ਕੇ ਤਣਾਅ ਦਾ ਵੀ ਕਾਰਨ ਬਣਦੇ ਹਨ।
ਮਿਸਰ ਦੇ ਗੀਜ਼ਾ ਵਿੱਚ ਹੋਏ ਇੱਕ ਸਮਾਜਕ ਅਧਿਐਨ 'ਚ ਸ਼ਾਮਲ ਜ਼ਿਆਦਾਤਰ ਔਰਤਾਂ ਨੇ ਕਿਹਾ ਕਿ ਸੁਹਾਗਰਾਤ ਵੇਲੇ ਉਹ ਬਹੁਤ ਤਣਾਅ ਵਿੱਚ ਸਨ। ਸੈਕਸ ਦੌਰਾਨ ਉਨ੍ਹਾਂ ਨੂੰ ਬਹੁਤ ਦਰਜ ਅਤੇ ਘਬਰਾਹਟ ਹੋਈ ਅਤੇ ਉਸ ਤੋਂ ਬਾਅਦ ਵੀ ਉਹ ਨੌਰਮਲ ਨਹੀਂ ਹੋ ਸਕੇ ਸਨ। ਇਸ ਦੀ ਵਜ੍ਹਾ ਹਾਇਮਨ ਅਤੇ ਕੁਆਰੇਪਨ ਨੂੰ ਕੈ ਫ਼ੈਲੇ ਇਹ ਮਿਥਕ ਸਨ।
2013 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਕਰਵਾਏ ਗਏ ਇੱਕ ਅਧਿਐਨ ਵਿੱਚ ਸ਼ਾਮਲ ਲਗਭਗ 43 ਫ਼ੀਸਦੀ ਔਰਤਾਂ ਨੇ ਕਿਹਾ ਕਿ ਸੁਹਾਗਰਾਤ ਨੂੰ ਸੈਕਸੇ ਦੌਰਾਨ ਖ਼ੂਨ ਨਾ ਵਹਿਣ ਦੇ ਖ਼ੌਫ਼ ਨਾਲ ਉਹ ਵਿਆਹ ਤੋਂ ਪਹਿਲਾਂ ਸੈਕਸ ਸਬੰਧ ਬਣਾਉਣਾ ਨਹੀਂ ਚਾਹੁਣਗੀਆਂ।
2017 'ਚ ਲੇਬਨਾਨ ਵਿੱਚ ਹੋਏ ਇੱਕ ਹੋਰ ਅਧਿਐਨ 'ਚ ਸ਼ਾਮਲ 416 ਔਰਤਾਂ ਵਿੱਚੋਂ ਲਗਭਗ 40 ਫ਼ੀਸਦੀ ਨੇ ਦੱਸਿਆ ਕਿ ਆਪਣੇ ਹਾਇਮਨ ਨੂੰ ਸੁਹਾਗਰਾਤ ਤੱਕ ਬਚਾ ਕੇ ਰੱਖਣ ਲਈ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਏਨਲ ਜਾਂ ਓਰਲ ਸੈਕਸ ਹੀ ਕੀਤਾ ਸੀ।
ਇਹ ਵੀ ਪੜ੍ਹੋ:
ਮੈਂ ਆਪਣੀ ਰਿਸਰਚ ਵਿੱਚ ਅਜਿਹੀਆਂ ਅਣਗਿਣਤ ਪੋਸਟਾਂ ਪਾਈਆਂ, ਜਿਸ ਵਿੱਚ ਔਰਤਾਂ ਇਸ ਗੱਲ ਨੂੰ ਲੈ ਕੇ ਖ਼ੌਫ਼ ਵਿੱਚ ਸਨ ਕਿ ਜੇ ਉਨ੍ਹਾਂ ਨੇ ਮਾਸਟਰਬੇਸ਼ਨ ਵੀ ਕੀਤਾ, ਤਾਂ ਉਨ੍ਹਾਂ ਦੀ ਯੋਨੀ ਦੀ ਝਿੱਲੀ ਫੱਟ ਜਾਵੇਗੀ। ਇੱਥੋਂ ਤੱਕ ਕਿ ਉਹ ਹਾਇਮਨ ਨੂੰ ਲੈ ਕੇ ਐਨੀਂ ਡਰੀਆਂ ਹੋਈਆਂ ਸਨ ਕਿ ਉਨ੍ਹਾਂ ਨੇ ਕਦੇ ਉਸ ਨੂੰ ਛੂਹ ਕੇ ਦੇਖਣ ਦੀ ਵੀ ਹਿੰਮਤ ਨਹੀਂ ਕੀਤੀ।
ਹਾਇਮਨ ਨੂੰ ਲੈ ਕੇ ਇਹ ਮਿਥਕ ਨਾ ਸਿਰਫ਼ ਔਰਤਾਂ ਦੀ ਸੈਕਸ਼ੁਅਲ ਸਿਹਤ ਅਤੇ ਸਮਾਨਤਾ ਦੇ ਹੱਕ ਉੱਤੇ ਅਸਰ ਪਾਉਂਦੇ ਹਨ, ਸਗੋਂ ਉਹ ਉਨ੍ਹਾਂ ਦੇ ਇਨਸਾਫ਼ ਹਾਸਲ ਕਰਨ ਦੇ ਹਾਹ ਵਿੱਚ ਰੁਕਾਵਟ ਬਣ ਸਕਦੇ ਹਨ।
ਪਾਕਿਸਤਾਨ ਨੇ ਤਾਂ ਹਾਲ ਹੀ 'ਚ ਬਲਾਤਕਾਰ ਦੇ ਮਾਮਲਿਆਂ ਵਿੱਚ ਕੁਆਰੇਪਨ ਦੀ ਜਾਂਚ ਉੱਤੇ ਪਾਬੰਦੀ ਲਗਾ ਦਿੱਤੀ ਹੈ। ਕਈ ਦੇਸ਼ਾਂ, ਖ਼ਾਸ ਤੌਰ 'ਤੇ ਏਸ਼ੀਆ, ਮੱਧ ਪੂਰਬ ਅਤੇ ਉੱਤਰੀ ਤੇ ਦੱਖਣੀ ਅਫ਼ਰੀਕਾ ਵਿੱਚ ਅੱਜ ਵੀ ਔਰਤਾਂ ਦੇ ਕੁਆਰੇਪਨ ਦੀ ਜਾਂਚ ਕੀਤੀ ਜਾਂਦੀ ਹੈ।
ਇਹੀ ਨਹੀਂ ਦੁਨੀਆਂ ਭਰ ਵਿੱਚ ਅਜਿਹੇ ਬਹੁਤ ਸਾਰੇ ਡਾਕਟਰ ਉਨ੍ਹਾਂ ਔਰਤਾਂ ਦੇ ਹਾਇਮਨ ਨੂੰ ਆਪਰੇਸ਼ਨ ਨਾਲ ਮੁੜ ਜੋੜਣ ਵਾਲਾ ਬਹੁਤ ਮੁਨਾਫ਼ੇ ਵਾਲਾ ਕਾਰੋਬਾਰ ਵੀ ਕਹਿ ਰਹੇ ਹਨ। ਹਾਇਮਨ ਠੀਕ ਕਰਵਾਉਣ ਲਈ ਆਉਣ ਵਾਲਿਆਂ 'ਚ ਜ਼ਿਆਦਾਤਰ ਅਜਿਹੀਆਂ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਸੈਕਸ ਕੀਤਾ ਹੋਵੇ ਅਤੇ ਇਸ ਦਾ ਪਤਾ ਲੱਗਣ ਦੀ ਗੱਲ ਨੂੰ ਲੈ ਕੇ ਡਰੀਆਂ ਹੋਣ।
ਮੇਰੇ ਇਸ ਕਿਤਾਬ ਨੂੰ ਲਿਖਣ ਅਤੇ 2022 ਵਿੱਚ ਬ੍ਰਿਟੇਨ ਦੇ ਨੇਤਾਵਾਂ ਦੇ ਵਰਜੀਨਿਟੀ ਟੈਸਟ ਗ਼ੈਰ ਕਾਨੂੰਨੀ ਕਰਾਰ ਦੇਣ ਦੇ ਇੱਕ ਸਾਲ ਪਹਿਲਾਂ ਮੈਂ ਲੰਡਨ ਦੇ ਇੱਕ ਸਰਜਨ ਨੂੰ ਵਰਜੀਨਿਟੀ ਟੈਸਟ ਬਾਰੇ ਈ-ਮੇਲ ਕੀਤੀ ਸੀ।
ਉਨ੍ਹਾਂ ਦੇ ਸਹਾਇਕ ਨੇ ਮੈਨੂੰ ਦੱਸਿਆ ਕਿ ਜੇ ਤੁਹਾਡਾ ਹਾਇਮਨ ਠੀਕ ਹੈ, ਤਾਂ 300 ਪਾਊਂਡ (ਲਗਭਗ 30 ਹਜ਼ਾਰ ਰੁਪਏ) ਦੀ ਫ਼ੀਸ ਦੇ ਕੇ ਆਪਣਾ ਹਾਇਮਨ ਸਹੀ ਸਲਾਮਤ ਹੋਣ ਦੀ ਮੈਡੀਕਲ ਰਿਪੋਰਟ ਹਾਸਲ ਕਰ ਸਕਦੇ ਹੋ।
ਜੇ ਹਾਇਮਨ ਫੱਟ ਚੁੱਕਿਆ ਹੈ ਤਾਂ ਹਾਇਮਨ ਰਿਪੇਅਰ ਸਰਜਰੀ ਲਈ ਮੈਨੂੰ 5,400 ਪਾਊਂਡ (5.3 ਲੱਖ ਰੁਪਏ) ਖ਼ਰਚਣੇ ਪੈਣਗੇ। ਉਸ ਤੋਂ ਬਾਅਦ ਮੈਨੂੰ ਅਜਿਹੀ ਰਿਪੋਰਟ ਮਿਲ ਜਾਵੇਗੀ।
ਬ੍ਰਿਟੇਨ ਵਿੱਚ ਮੌਜੂਦਾ ਸਮੇਂ ਜਦੋਂ ਹਾਇਮਨ ਦੀ ਸਰਜਰੀ ਕਰਕੇ ਉਸ ਨੂੰ ਠੀਕ ਕਰਨ 'ਤੇ ਪਾਬੰਦੀ ਲਗਾਉਣ ਦੇ ਕਾਨੂੰਨ 'ਤੇ ਸੰਸਦ ਵਿੱਚ ਬਹਿਸ ਚੱਲ ਰਹੀ ਹੈ, ਤਾਂ ਸਾਫ਼ ਹੈ ਕਿ ਕੁਝ ਸਰਜਨ ਆਖ਼ਰੀ ਮੌਕੇ ਤੱਕ ਬ੍ਰਿਟੇਨ ਦਗੀ ਸਰਜ਼ਮੀਂ ਉੱਤੇ ਇਹ ਸੇਵਾ ਦੇ ਕੇ ਮੁਨਾਫ਼ਾ ਕਮਾਉਣ 'ਚ ਲੱਗੇ ਹਨ।

ਤਸਵੀਰ ਸਰੋਤ, Getty Images
ਲੰਡਨ ਦੇ ਇੱਕ ਸਰਜਨ ਆਨਲਾਈਨ ਦਾਅਵਾ ਕਰਦੇ ਹਨ ਕਿ ਹਾਇਮਨ ਦੀ ਮੁਰੰਮਤ 'ਉਨ੍ਹਾਂ ਔਰਤਾਂ ਦੇ ਲਈ ਸਹੀ ਹੋ ਸਕਦੀ ਹੈ, ਜਿਨ੍ਹਾਂ ਦੀ ਯੋਨੀ ਨੂੰ ਸੈਕਸ ਜਾਂ ਕਿਸੇ ਹੋਰ ਗਤੀਵਿਧੀਆਂ ਦੇ ਚੱਲਦਿਆਂ ਨੁਕਸਾਨ ਪਹੁੰਚਿਆ ਹੋਵੇ।'
ਪਰ ਸਵਾਲ ਇਹ ਹੈ ਕਿ ਜਦੋਂ ਹਾਇਮਨ ਦੀ ਕੋਈ ਵਰਤੋਂ ਹੀ ਨਹੀਂ ਹੈ, ਤਾਂ ਫ਼ਿਰ ਸਰਜਰੀ ਕਰਕੇ ਉਸ ਨੂੰ ਦਰੁਸਤ ਕਰਨ ਦਾ ਕੀ ਫਾਇਦਾ ਹੋਵੇਗਾ?
ਅਜਿਹੇ ਝੂਠਾਂ ਨੂੰ ਦੁਨੀਆਂ ਦੇ ਤਮਾਮ ਇਲਾਕਿਆਂ ਦੇ ਡਾਕਟਰ ਹੁੰਗਾਰਾ ਦਿੰਦੇ ਹਨ। ਲੇਬਨਾਨ ਦੇ ਇੱਕ ਸਰਜਨ ਦਾਅਵਾ ਕਰਦੇ ਹਨ ਕਿ 'ਹਾਇਮ੍ਰੋਪਲਾਸਟੀ ਕਰਕੇ ਕਿਸੇ ਔਰਤ ਨੂੰ ਉਨ੍ਹਾਂ ਦਾ ਕੁਆਰਾਪਨ ਵਾਪਸ ਕੀਤਾ ਜਾ ਸਕਦਾ ਹੈ।'
ਨਿਊਯਾਰਕ ਵਿੱਚ ਬੈਠੇ ਦੂਜੇ ਸਰਜਨ ਦਾਅਵਾ ਕਰਦੇ ਹਨ ਕਿ 'ਹਾਇਮ੍ਰੋਪਲਾਸਟੀ ਦਾ ਮਤਲਬ ਹਾਇਮਨ ਨੂੰ ਮੁੜੀ ਉਸ ਦੀ ਕੁਆਰੇਪਨ ਵਾਲੀ ਸਥਿਤੀ ਵਿੱਚ ਪਹੁੰਚਾਉਣਾ ਹੈ।'
ਤਾਂ ਫ਼ਿਰ ਤੁਸੀਂ ਕਿਸੇ ਤਰ੍ਹਾਂ ਹਾਇਮਨ ਜਾਂ ਯੋਨੀ ਦੀ ਝਿੱਲੀ ਦਾ ਇਹ ਮਿਥਕ ਖ਼ਤਮ ਕਰਨਗੇ? ਇਸ ਦੇ ਲਈ ਕੁਝ ਰਿਸਰਚ ਦਾ ਰੁਖ਼ ਕਰਕੇ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਇਸ ਦੇ ਲਈ, ਵਰਜੀਨਿਟੀ ਦੀ ਜਾਂਚ ਕਰਨ ਅਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਭਰਮਾਉਣ ਉੱਤੇ ਰੋਕ ਲਗਾਉਣ ਦੇ ਕਦਮ ਵੀ ਚੁੱਕੇ ਜਾ ਸਕਦੇ ਹਨ।
ਮੁੱਦਾ ਦਰਅਸਲ ਇਹ ਹੈ ਕਿ ਅਜਿਹੇ ਬਹੁਤ ਸਾਰੇ ਵਿਚਾਰਾਂ ਨੂੰ ਪੀੜੀ ਦਰ ਪੀੜੀ ਨਾ ਸਿਰਫ਼ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਸਗੋਂ ਕਈ ਵਾਰ ਉਨ੍ਹਾਂ ਨੂੰ ਅਜਿਹੇ ਵਿਚਾਰਾਂ ਨਾਲ ਵੀ ਪਰੋਸਿਆ ਜਾਂਦਾ ਹੈ, ਜੋ ਵਿਗਿਆਨਕ ਤੱਥਾਂ ਨਾਲ ਮੇਲ ਖਾਂਦੇ ਹਨ ਜਾਂ ਨਹੀਂ।
ਜੇ ਤੁਸੀਂ ਕੁਆਰੇਪਨ ਦੇ ਸੱਭਿਆਚਰਕ ਵਿਚਾਰ ਵਿੱਚ ਯਕੀਨ ਰੱਖਦੇ ਹੋ ਅਤੇ ਉਸ ਦੇ ਨਾਲ ਲੈਂਗਿਕ ਅਸਮਾਨਤਾ ਦੇ ਵਿਚਾਰ ਨੂੰ ਵੀ ਸਮਰਥਨ ਦਿੰਦੇ ਹੋ ਤਾਂ ਤੁਹਾਡੇ ਵਿਚਾਰਾਂ ਵਿੱਚ ਬਦਲਸਾਅ ਲਿਆਉਣ ਲਈ ਸਮਾਜ ਵਿੱਚ ਇਨਕਲਾਬ ਲਿਆਉਣ ਦੀ ਦਰਕਾਰ ਹੋਵੇਗੀ।
ਕੁਝ ਲੋਕਾਂ ਨੂੰ ਲਗਦਾ ਹੈ ਕਿ ਮਿਥਕ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਇੱਕ ਤਰੀਕਾ ਇਹ ਹੋ ਸਕਦਾ ਹੈ ਕਿ ਇਸ ਦਾ ਨਾਮ ਹੀ ਬਦਲ ਦਿੱਤਾ ਜਾਵੇ। ਕੁਝ ਖੋਜ ਵਿੱਚ ਤਾਂ ਸੱਚਮੁੱਚ ਦੇਖਿਆ ਗਿਆ ਕਿ ਜੇ ਹਾਇਮਨ ਬਦਲ ਦਿੱਤਾ ਜਾਵੇ, ਤਾਂ ਇਸ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ।
2009 'ਚ ਸਵੀਡਿਸ਼ ਐਸੋਸੀਏਸ਼ਨ ਆਫ਼ ਸੈਕਸ਼ੁਏਲਿਟੀ ਏਜੁਕੇਸ਼ਨ ਨੇ ਹਾਇਮਨ ਦੇ ਲਈ ਆਪਣੇ ਸ਼ਬਦ 'ਮੋਡੋਮਸ਼ਿਤਰਾ' ਨੂੰ ਬਦਲ ਕੇ 'ਵਜਾਇਨਲ ਕੋਰੋਨਾ' ਯਾਨੀ 'ਸਲਿਡਕ੍ਰਾਂਸ' ਕਰਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਹਰ ਥਾਂ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅੱਗੇ ਹਰ ਤਰ੍ਹਾਂ ਦੀ ਗੱਲਬਾਤ ਵਿੱਚ ਇਸੇ ਨਾਮ ਦਾ ਇਸਤੇਮਾਲ ਹੋਣ ਲੱਗਿਆ। ਇਸ ਤੋਂ ਕਰੀਬ 10 ਸਾਲ ਬਾਅਦ ਰਿਸਰਚਰ ਕੈਰਿਨ ਮਾਇਲਸ ਨੇ ਦੇਖਿਆ ਕਿ ਸਰਵੇਖਣ ਵਿੱਚ ਸ਼ਾ4ਮਲ 86 ਫੀਸਦੀ ਪੇਸ਼ੇਵਰ ਆਪਣੇ ਕਲੀਨਿਕ ਅਤੇ ਕਲਾਸਾਂ ਵਿੱਚ 'ਵਜਾਇਨਲ ਕੋਰੋਨਾ' ਸ਼ਬਦ ਦੀ ਹੀ ਵਰਤੋਂ ਕਰ ਰਹੇ ਸਨ।
ਵੈਸੇ ਤਾਂ ਇਸ ਨਾਮ ਨੂੰ ਸਿਰਫ਼ 22 ਫੀਸਦੀ ਨੌਜਵਾਨਾਂ ਨੇ ਹੀ ਸੁਣਿਆ ਸੀ, ਪਰ ਉਨ੍ਹਾਂ ਵਿੱਚੋਂ ਵੀ ਬਹੁਤ ਘੱਟ ਹੀ ਅਜਿਹੇ ਸਨ ਜੋ ਹਾਇਮਨ ਨੂੰ ਰੂੜੀਵਾਦੀ ਮਰਦਾਂ ਦੀ ਸੋਚ ਦੇ ਨਜ਼ਰੀਏ ਨਾਲ ਦੇਖਦੇ ਸਨ।
ਅਜਿਹੇ ਬਹੁਤ ਸਾਰੇ ਲੋਕ ਜੋ ਇਹ ਸ਼ਬਦ ਨਹੀਂ ਵਰਤ ਰਹੇ ਸਨ, ਉਹ ਵੀ ਸਵੀਡਨ ਦੀ ਐਸੋਸੀਏਸ਼ਨ ਦੇ ਸੈਕਸ ਨਾਲ ਜੁੜੇ ਪਰਚਿਆਂ ਵਾਲੀ ਗੱਲ ਹੀ ਦੁਹਰਾ ਰਹੇ ਸਨ।
ਜਿਨ੍ਹਾਂ ਗਿਣੇ ਚੁਣੇ ਲੋਕਾਂ ਨੂੰ ਇਹ ਨਵਾਂ ਸ਼ਬਦ ਨਹੀਂ ਪਤਾ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ 'ਮੋਡੋਮਸ਼ਿਤਰਾ' ਨੂੰ ਮਹਿਜ਼ 'ਇੱਕ ਮਿਥਕ' ਹੀ ਕਰਾਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਇਹ ਸੋਚ ਬਹੁਤ ਪੁਰਾਣੀ ਹੈ ਜਾਂ ਉਹ ਪਹਿਲਾਂ ਤਾਂ ਇਸ 'ਤੇ ਯਕੀਨ ਕਰਦੇ ਸਨ ਪਰ ਹੁਣ ਨਹੀਂ।
ਜ਼ਾਹਿਰ ਹੈ ਕਿ ਇਹ ਬਦਲਾਅ ਸਿਰਫ਼ ਭਾਸ਼ਾ ਨਾਲ ਰਾਤੋ-ਰਾਤ ਨਹੀਂ ਲਿਆਇਆ ਜਾ ਸਕਦਾ। ਪਰ ਇਹ ਇੱਕ ਚੰਗੀ ਸ਼ੁਰੂਆਤ ਹੈ। ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਦੇਸ਼ਾਂ ਵਿੱਚ ਸੈਕਸ ਦੀ ਸਿੱਖਿਆ ਦੇਣ ਵਾਲੇ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਮੰਨਦੇ ਹਨ ਕਿ ਅੰਗਰੇਜ਼ੀ ਵਿੱਚ ਵੀ ਹਾਇਮਨ ਦੀ ਥਾਂ 'ਵਜਾਇਨਲ ਕੋਰੋਨਾ' ਹੀ ਕਿਹਾ ਜਾਣਾ ਚਾਹੀਦਾ ਹੈ।
ਅੰਗਰੇਜ਼ੀ ਦਾ ਸ਼ਬਦ ਹਾਇਮਨ, ਯੂਨਾਨੀ ਦੇਵਤਾ ਹਾਇਮਨ ਤੋਂ ਨਿਕਲਿਆ ਹੈ, ਜੋ ਵਿਆਹ ਦੇ ਦੇਵਤਾ ਹੁੰਦੇ ਸਨ। ਪਰ ਇਸ ਝਿੱਲੀ ਦੇ ਆਲੇ-ਦੁਆਲੇ ਬੁਣੇ ਗਏ ਮਿਥਕ ਨੇ ਹਾਇਮਨ ਸ਼ਬਦ ਨੂੰ ਚਰਚਿਤ ਕੀਤਾ।
ਹਾਲਾਂਕਿ ਸਵੀਡਨ ਨੇ ਹਾਇਮਨ ਲਈ ਸਿਰਫ਼ ਆਪਣੇ ਸ਼ਬਦ ਨਹੀਂ ਬਦਲੇ, ਸਗੋਂ ਉਹ ਨੌਜਵਾਨਾਂ ਅਤੇ ਪੇਸ਼ੇਵਰਾਂ ਨੂੰ ਇਹ ਸਮਝਾਉਣ ਵਿੱਚ ਸਫ਼ਲ ਰਹੇ ਕਿ ਉਨ੍ਹਾਂ ਨੇ ਇਸ ਸ਼ਬਦ ਨੂੰ ਕਿਉਂ ਬਦਲਿਆ।
ਅੱਜ ਜਦੋਂ ਦੁਨੀਆਂ ਭਰ ਵਿੱਚ ਸਰਕਾਰਾਂ ਕੁਆਰੇਪਨ ਦੀ ਜਾਂਚ ਅਤੇ ਹਾਇਮਨ ਦੀ ਮੁਰੰਮਤ ਵਾਲੀ ਸਰਜਰੀ ਉੱਤੇ ਰੋਕ ਲਗਾ ਰਹੀਆਂ ਹਨ, ਤਾਂ ਉਨ੍ਹਾਂ ਲਈ ਇਹ ਵੀ ਚੰਗਾ ਹੋਵੇਗਾ ਕਿ ਉਹ ਇਨਾਂ ਪਾਬੰਦੀਆਂ ਪਿੱਛੇ ਦੇ ਤਰਕਾਂ ਨੂੰ ਕਲਾਸਰੂਮ ਤੱਕ ਲੈ ਜਾਣ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ।
ਹੋ ਸਕਦਾ ਹੈ ਕਿ ਇਸ ਤਰ੍ਹਾਂ ਅਸੀਂ ਅਜਿਹੇ ਖ਼ਤਰਨਾਕ ਮਿਥਕ ਨੂੰ ਦੁਬਾਰਾ ਉੱਭਰਨ ਤੋਂ ਰੋਕ ਸਕੀਏ।
(ਇਹ ਲੇਖ ਪੱਤਰਕਾਰ ਸੋਫੀਆ ਸਮਿਥ ਗੈਲਰ ਦੀ ਲਿਖੀ ਕਿਤਾਬ ਲੂਜਿੰਗ ਇਟ: ਸੈਕਸ ਏਜੁਕੇਸ਼ਨ ਫੌਰ 21 ਸੇਂਚੁਰੀ'ਦਾ ਨਿਚੋੜ ਹੈ)
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












