ਅਸੀਂ ਸੈਕਸ ਨਹੀਂ ਵੇਚਦੇ ਇਹ ਸਿਰਫ਼ ਕਲਾ ਹੈ: ਰਾਕੇਸ਼

ਤਸਵੀਰ ਸਰੋਤ, BBC/ Rakesh Kumar
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਲਹਿੰਗਾ ਚੋਲੀ ਪਾ ਕੇ, ਬੁੱਲਾਂ 'ਤੇ ਲਿਪਸਟਿਕ ਲਗਾ ਕੇ, ਅੱਖਾਂ ਵਿੱਚ ਕੱਜਲ ਪਾ ਕੇ, ਮੱਥੇ 'ਤੇ ਬਿੰਦੀ ਲਗਾ ਕੇ ਤੇ ਬਾਲਾਂ ਵਿੱਚ ਸਿਰਫ਼ ਇੱਕ ਰਬੜਬੈਂਡ ਲਗਾ ਕੇ ਇੱਕ ਸ਼ਖ਼ਸ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਜੈਂਟਸ ਟਾਇਲਟ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਉਸ ਸਮੇਂ ਰਾਤ ਦੇ ਕਰੀਬ 8 ਵੱਜੇ ਸੀ। ਇਸੇ ਅਪ੍ਰੈਲ ਦਾ ਮਹੀਨਾ ਸੀ।
ਪਿੱਛੇ ਤੋਂ ਗਾਰਡ ਦੀ ਆਵਾਜ਼ ਆਈ,''ਤੁਸੀਂ ਇੱਥੇ ਨਹੀਂ ਜਾ ਸਕਦੇ।''
ਉਹ ਤੁਰੰਤ ਜਵਾਬ ਦਿੰਦਾ ਹੈ,''ਮੈਂ ਰਾਕੇਸ਼ ਹਾਂ....ਪਛਾਣਿਆ ਨਹੀਂ? ਥਰਡ ਈਅਰ ਦਾ ਸਟੂਡੈਂਟ। ਹੁਣੇ ਮੇਰਾ ਪਰਫੋਰਮੈਂਸ ਹੈ। ਲੌਂਡਾ ਨਾਚ ਕਰ ਰਹੇ ਹਾਂ ਥਿਏਟਰ ਓਲੰਪਿਕ ਵਿੱਚ।''
ਥਿਏਟਰ ਫੈਸਟੀਵਲ
ਦਿੱਲੀ ਵਿੱਚ ਇਸ ਸਾਲ ਪਹਿਲੀ ਵਾਰ ਥਿਏਟਰ ਓਲੰਪਿਕ ਫੈਸਟੀਵਲ ਹੋਸਟ ਕੀਤੇ ਗਏ।
ਇਸ ਵਿੱਚ ਦੁਨੀਆਂ ਦੇ 30 ਦੇਸਾਂ ਦੇ ਤਕਰੀਬਨ 25000 ਕਲਾਕਾਰਾਂ ਨੇ ਹਿੱਸਾ ਲਿਆ। ਇਸਦੇ ਸਮਾਪਤੀ ਸਮਾਰੋਹ ਵਿੱਚ ਰਾਕੇਸ਼ ਕੁਮਾਰ ਦੇ ਲੌਂਡਾ ਡਾਂਸ ਨੇ ਇੱਕ ਪੇਸ਼ਕਾਰੀ ਵਿੱਚ ਸਭ ਦਾ ਦਿਲ ਜਿੱਤ ਲਿਆ।
ਰਾਕੇਸ਼ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਟੂਡੈਂਟ ਹਨ। ਬਿਹਾਰ ਦੇ ਸਿਵਾਨ ਦੇ ਰਹਿਣ ਵਾਲੇ ਹਨ। ਉਹੀ ਐਨਐਸਡੀ ਜਿੱਥੋਂ ਅਨੁਪਮ ਖੇਰ, ਪਕੰਜ ਕਪੂਰ, ਓਮ ਪੂਰੀ ਵਰਗੀ ਨਾਮੀ ਹਸਤੀਆਂ ਪੜ੍ਹੀਆਂ ਹਨ।
ਜਨੂੰਨ
ਇੱਥੇ ਆਉਣ ਲਈ ਰਾਕੇਸ਼ ਨੂੰ ਲਗਾਤਾਰ ਪੰਜ ਵਾਰ ਇਮਤਿਹਾਨ ਵਿੱਚੋਂ ਲੰਘਣਾ ਪਿਆ। ਲਿਖਤ ਪ੍ਰੀਖਿਆ ਰਾਊਂਡ ਵਿੱਚ ਉਹ ਹਮੇਸ਼ਾ ਬਾਹਰ ਹੋ ਜਾਂਦੇ ਸੀ ਪਰ ਜਨੂੰਨ ਦੇ ਅੱਗੇ ਹਾਰ ਕਿੱਥੇ ਟਿਕਦੀ ਹੈ! ਰਾਕੇਸ਼ ਦਾ ਜਨੂੰਨ ਆਖ਼ਰ ਉਨ੍ਹਾਂ ਨੂੰ ਐਨਐਸਡੀ ਲੈ ਹੀ ਆਇਆ।

ਤਸਵੀਰ ਸਰੋਤ, BBC/ Rakesh Kumar
ਕੂੜੀ ਦੇ ਪਹਿਰਾਵੇ ਵਿੱਚ ਰਾਕੇਸ਼ ਨੇ ਦਮਦਾਰ ਲੌਂਡਾ ਨਾਚ ਕੀਤਾ।
ਬਿਹਾਰ ਦੇ ਪੇਂਡੂ ਇਲਾਕਿਆਂ ਵਿੱਚ ਲੌਂਡਾ ਨਾਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਵਿੱਚ ਔਰਤ ਦੇ ਪਹਿਰਾਵੇ ਵਿੱਚ ਮਰਦ ਨੱਚਦੇ ਹਨ। ਇਹ ਕਲਾਕਾਰ ਭੋਜਪੁਰੀ ਦੇ ਸ਼ੇਕਸਪੀਅਰ ਕਹੇ ਜਾਣ ਵਾਲੇ ਭਿਖਾਰੀ ਠਾਕੁਰ ਨੂੰ ਆਪਣਾ ਆਦਰਸ਼ ਮੰਨਦੇ ਹਨ।
ਉਨ੍ਹਾਂ ਦੇ ਨਾਟਕ 'ਬਿਦੋਸੀਆ' ਨੂੰ ਰਾਕੇਸ਼ ਨੇ ਆਪਣੇ ਗੁਰੂ ਸੰਜੇ ਉਪਾਧਿਆ ਨਾਲ ਕਈ ਸਟੇਜਾਂ 'ਤੇ ਪੇਸ਼ ਕੀਤਾ ਹੈ।

ਤਸਵੀਰ ਸਰੋਤ, BBC/ Rakesh Kumar
ਪਰ ਇਹ ਕਲਾ ਹੁਣ ਹੌਲੀ-ਹੌਲੀ ਖ਼ਤਮ ਹੁੰਦੀ ਜਾ ਰਹੀ ਹੈ।
ਐਨਐਸਡੀ ਅਤੇ ਲੌਂਡਾ ਨਾਚ
ਆਖ਼ਰ ਐਨਐਸਡੀ ਦੇ ਮੰਚ 'ਤੇ ਇਸ ਤਰ੍ਹਾਂ ਦੀ ਪਰਫੋਰਮੈਂਸ ਦੀ ਗੱਲ ਰਾਕੇਸ਼ ਨੂੰ ਕਿਵੇਂ ਸੁੱਝੀ?

ਤਸਵੀਰ ਸਰੋਤ, BBC/ Rakesh Kumar
ਇਸ 'ਤੇ ਰਾਕੇਸ਼ ਨੇ ਬੀਬੀਸੀ ਨੂੰ ਕਿਹਾ,''ਮੈਂ ਪ੍ਰੋਫੈਸ਼ਨਲੀ ਲੌਂਡਾ ਨਾਚ ਕਰਾਂਗਾ, ਇਹ ਮੈਂ ਖ਼ੁਦ ਵੀ ਕਦੇ ਨਹੀਂ ਸੋਚਿਆ ਸੀ। ਜਦੋਂ ਮੈਂ ਛੋਟਾ ਸੀ, ਤਾਂ ਵਿਆਹਾਂ ਵਿੱਚ ਜਾਂਦਾ ਸੀ ਉੱਥੇ ਡਾਂਸ ਕਰਨ ਵਾਲੀਆਂ ਕੁੜੀਆਂ ਨਾਲ ਡਾਂਸ ਕਰਨ ਤੋਂ ਮੈਂ ਖ਼ੁਦ ਨੂੰ ਰੋਕ ਨਹੀਂ ਪਾਉਂਦਾ ਸੀ। ਘਰ ਆਉਂਦਾ, ਤਾਂ ਬਹੁਤ ਕੁੱਟ ਪੈਂਦੀ ਸੀ ਪਰ ਫਿਰ ਵੀ ਮੈਂ ਨਹੀਂ ਮੰਨਦਾ ਸੀ।''
ਰਾਕੇਸ਼ ਦੀ ਮੰਨੀਏ ਤਾਂ ਉਨ੍ਹਾਂ ਦਾ ਸ਼ੌਕ ਉੱਥੋਂ ਹੀ ਸ਼ੁਰੂ ਹੋਇਆ।
ਬਚਪਨ ਦੀ ਇੱਕ ਘਟਨਾ ਯਾਦ ਕਰਦੇ ਹੋਏ ਉਹ ਕਹਿੰਦੇ ਹਨ,''ਛੇਵੀਂ ਕਲਾਸ ਵਿੱਚ ਸੀ ਤਾਂ ਇੱਕ ਵਾਰ ਮੈਡਮ ਨੇ ਪੁੱਛਿਆ ਕੌਣ- ਕੌਣ ਨਾਟਕ ਵਿੱਚ ਹਿੱਸਾ ਲਵੇਗਾ ਹੱਥ ਚੁੱਕੋ। ਮੈਂ ਹਿੱਸਾ ਲਿਆ ਤੇ ਕੁੜੀ ਦਾ ਰੋਲ ਅਦਾ ਕੀਤਾ। ਮੇਰੀ ਪਰਫੋਰਮੈਂਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। ਉਸ ਤੋਂ ਬਾਅਦ ਤਾਂ ਮੈਨੂੰ ਇਸਦੀ ਆਦਤ ਹੀ ਪੈ ਗਈ।''
ਪਸੰਦੀਦਾ
ਬਿਹਾਰ ਦੇ ਪੇਂਡੂ ਇਲਾਕਿਆਂ ਵਿੱਚ ਲੌਂਡਾ ਨਾਚ ਦੀ ਧਮਕ ਅੱਜ ਵੀ ਹੈ। ਇਸ ਵਿੱਚ ਮਰਦ, ਔਰਤ ਦੀ ਤਰ੍ਹਾਂ ਤਿਆਰ ਹੋ ਕੇ ਨੱਚਦੇ ਹਨ ਪਰ ਇਸ ਨੂੰ ਅਸ਼ਲੀਲ ਹਰਕਤਾਂ ਅਤੇ ਇਸ਼ਾਰਿਆਂ ਲਈ ਵੀ ਜਾਣਿਆ ਜਾਂਦਾ ਹੈ।

ਤਸਵੀਰ ਸਰੋਤ, BBC/Rakesh Kumar
ਲੌਂਡਾ ਨਾਚ ਦੀ ਪੇਸ਼ਕਾਰੀ ਕਰਨ ਵਾਲੇ ਮੁੰਡਿਆ ਨੂੰ ਗ਼ਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ।
''ਲੌਂਡਾ ਜਾ ਤਾ, ਮਾਲ ਠੀਕ ਬਾ, ਚਲ ਖੋਪਚਾ ਮੇਂ ਚਲ'' ਅਜਿਹੇ ਕਈ ਕਮੈਂਟਸ ਰਾਕੇਸ਼ ਨੇ ਵੀ ਖ਼ੁਦ ਸੁਣੇ ਹਨ।
ਰਾਕੇਸ਼ ਕਹਿੰਦੇ ਹਨ,''ਇਨ੍ਹਾਂ ਕਮੈਂਟਸ ਨੂੰ ਸੁਣ ਕੇ ਲਗਦਾ ਹੈ ਜਿਵੇਂ ਲੋਕ ਸੈਕਸ ਵਰਕਰ ਨਾਲ ਗੱਲ ਕਰ ਰਹੇ ਹੋਣ।''
ਉਹ ਕਹਿੰਦੇ ਹਨ,''ਅਸੀਂ ਦੇਹ ਵਪਾਰ ਨਹੀਂ ਕਰਦੇ! ਇਹ ਤਾਂ ਇੱਕ ਕਲਾ ਹੈ।''
ਪਰ ਕੀ ਸਮਾਜ ਦੀ ਤਰ੍ਹਾਂ ਪਰਿਵਾਰ ਨੇ ਵੀ ਇਨ੍ਹਾਂ ਦੀ ਕਲਾ ਨੂੰ ਬੇਇੱਜ਼ਤ ਕੀਤਾ ਹੈ।
ਇਸ ਸਵਾਲ ਦੇ ਜਵਾਬ ਦਿੰਦਿਆ ਰਾਕੇਸ਼ ਦੇ ਚਿਹਰੇ ਦੀ ਪਹਿਲੀ ਸ਼ਿਕਨ ਤੁਰੰਤ ਗਾਇਬ ਹੋ ਜਾਂਦੀ ਹੈ। ਹੱਸ ਕੇ ਬਚਪਨ ਦਾ ਪੁਰਾਣਾ ਕਿੱਸਾ ਸੁਣਾਉਂਦੇ ਹਨ।

ਤਸਵੀਰ ਸਰੋਤ, BBC/ Rakesh Kumar
''ਮੇਰੇ ਪਰਿਵਾਰ ਵਿੱਚ ਕਦੇ ਕਿਸੇ ਨੇ ਨਹੀਂ ਰੋਕਿਆ। ਮੇਰੇ ਪਾਪਾ ਨੇ ਤਾਂ ਪਹਿਲੀ ਵਾਰ ਮੈਨੂੰ ਸਟੇਜ 'ਤੇ ਆ ਕੇ ਇਨਾਮ ਦਿੱਤਾ ਸੀ, ਉਹ ਵੀ 500 ਰੁਪਏ ਦਾ। ਬਹੁਤ ਚੰਗਾ ਲੱਗਾ। ਮੇਰੇ ਪਾਪਾ ਫੌਜ ਵਿੱਚ ਹਨ। ਦੇਖਣ ਵਿੱਚ ਬਹੁਤ ਸਖ਼ਤ ਲਗਦੇ ਹਨ ਪਰ ਜਦੋਂ ਉਨ੍ਹਾਂ ਨੇ ਮੈਨੂੰ ਹੁੰਗਾਰਾ ਦਿੱਤਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ।''
ਲੌਂਡਾ ਨਾਚ ਆਖ਼ਰ ਹੈ ਕੀ?
ਲੌਂਡਾ ਨਾਚ ਦੂਜੇ ਡਾਂਸ ਤੋਂ ਵੱਖ ਕਿਵੇਂ ਹੈ?
ਇਸ ਸਵਾਲ ਦੇ ਜਵਾਬ ਵਿੱਚ ਰਾਕੇਸ਼ ਕੁਮਾਰ ਕਹਿੰਦੇ ਹਨ,''ਢੋਲਕ ਵਜਾ ਕੇ, ਹਰਮੋਨੀਅਮ ਵਜਾ ਕੇ, ਝਾਲ ਵਜਾ ਕੇ ਜਦੋਂ ਲੌਂਡਾ ਟੱਪ-ਟੱਪ ਕੇ ਚੌਕੀ 'ਤੇ ਡਾਂਸ ਕਰਦਾ ਹੈ ਉਸ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ।''
"ਬਚਪਨ ਤੋਂ ਹੀ ਮੇਰਾ ਗਲਾ ਸੁਰੀਲਾ ਸੀ, ਕਮਰ ਵਿੱਚ ਲਚਕ ਸੀ ਅਤੇ ਨਕਲੀ ਬ੍ਰੈਸਟ ਲਗਾ ਕੇ ਮੈਂ ਖ਼ੁਦ ਪੂਰੇ ਪਰਫੋਰਮੈਂਸ ਵਿੱਚ ਡੁੱਬ ਜਾਂਦਾ ਸੀ।''
ਉਹ ਮੰਨਦੇ ਹਨ ਕਿ ਇਹ ਕਲਾ ਹੁਣ ਖ਼ਤਮ ਹੋਣ ਦੀ ਕਗਾਰ 'ਤੇ ਹੈ। ਹੁਣ ਇਸ ਤਰ੍ਹਾਂ ਦੇ ਨਾਚ ਕਰਨ ਵਾਲੇ ਬਹੁਤ ਘੱਟ ਬਚੇ ਹਨ। ਇਸ ਲਈ ਉਹ ਚਾਹੁੰਦੇ ਹਨ ਕਿ ਇਹ ਕਲਾ ਹੁਣ ਨਾ ਮਰੇ।
ਉਹ ਕਹਿੰਦੇ ਹਨ,''ਐਨਐਸਡੀ ਦੀ ਸਟੇਜ 'ਤੇ ਇਸ ਕਲਾ ਨੂੰ ਲਿਆ ਕੇ ਮੈਂ ਇੱਕ ਪਛਾਣ ਦਵਾਉਣਾ ਚਾਹੁੰਦਾ ਹਾਂ ਤਾਂ ਜੋ ਇਸ ਨੂੰ ਜ਼ਿੰਦਾ ਰੱਖਿਆ ਜਾ ਸਕੇ।''













