ਭਾਰਤੀ ਔਰਤਾਂ ਜਿਣਸੀ ਸ਼ੋਸ਼ਣ ਤੇ ਹਿੰਸਾ ਸਣੇ ਇਨ੍ਹਾਂ ਕਾਰਨਾਂ ਕਰਕੇ ਸ਼ਰਾਬ ਦੀ ਆਦੀ ਹੋ ਜਾਂਦੀਆਂ ਹਨ

ਸ਼ਬਾਬ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਔਰਤਾਂ ਵਿੱਚ ਨਸ਼ੇ ਦੀ ਆਦਤ ਸਿਰਫ਼ ਮੱਧ ਜਾਂ ਉੱਚ ਵਰਗ ਤੱਕ ਹੀ ਸੀਮਤ ਨਹੀਂ ਹੈ।
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੰਗਲੁਰੂ ਤੋਂ, ਬੀਬੀਸੀ ਹਿੰਦੀ ਲਈ

ਪ੍ਰੇਰਣਾ (ਬਦਲਿਆ ਹੋਇਆ ਨਾਂਅ) ਉਦੋਂ 16 ਸਾਲ ਤੋਂ ਵੀ ਘੱਟ ਉਮਰ ਦੇ ਸਨ ਜਦੋਂ ਉਨ੍ਹਾਂ ਦੇ ਸ਼ਰਾਬ ਅਤੇ ਨਸ਼ੇ ਦਾ ਆਦੀ ਹੋਣ ਬਾਰੇ ਪਤਾ ਲੱਗਿਆ।

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੇ ਸਕੂਲ ਨੇ ਵੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਕਿਉਂਕਿ ਉਹ ਨਸ਼ੇ ਦੀ ਹਾਲਤ ਵਿੱਚ ਸਕੂਲ ਪਹੁੰਚੇ ਸਨ।

ਇਹ ਵੀ ਪਤਾ ਲੱਗਿਆ ਕਿ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦਾ ਕਈ ਬਾਰ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ ਸੀ। ਚਿੰਤਤ ਮਾਪੇ ਉਨ੍ਹਾਂ ਨੂੰ ਕਈ ਬਾਰ ਨਸ਼ਾ ਮੁਕਤੀ ਕੇਂਦਰ ਲੈ ਕੇ ਗਏ, ਜਿੱਥੇ ਉਹ 3 ਤੋਂ 6 ਮਹੀਨਿਆਂ ਤੱਕ ਰਹੇ।

ਪਰ ਨਸ਼ਾ ਮੁਕਤੀ ਕੇਂਦਰ ਤੋਂ ਵਾਪਸ ਆਉਣ ਦੇ ਕੁਝ ਦਿਨਾਂ ਦੇ ਅੰਦਰ ਹੀ ਉਹ ਫਿਰ ਤੋਂ ਨਸ਼ਾ ਲੈਣ ਲੱਗ ਪਏ। ਮਾਪਿਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਹਮਲਾਵਰ ਸੀ ਅਤੇ ਉਹ ਕਈ ਵਾਰ ਘਰ ਛੱਡ ਕੇ ਵੀ ਚਲੇ ਗਏ।

ਕੁਝ ਸਾਲ ਤੱਕ ਨਸ਼ਾ ਮੁਕਤੀ ਕੇਂਦਰਾਂ ਦੇ ਚੱਕਰ ਕੱਟਣ ਤੋਂ ਬਾਅਦ ਉਨਾਂ ਦੇ ਮਾਪੇ ਉਨ੍ਹਾਂ ਨੂੰ ਜਹਾਜ਼ ਰਾਹੀਂ ਬੰਗਲੁਰੂ ਲੈ ਕੇ ਪਹੁੰਚੇ।

ਬੰਗਲੁਰੂ ਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਓਰੋਸਾਇੰਸ ਵਿੱਚ ਭਾਰਤ 'ਚ ਨਸ਼ੇ ਦੀਆਂ ਆਦੀ ਔਰਤਾਂ ਨੂੰ ਭਰਤੀ ਕਰਨ ਦਾ ਇਕਲੌਤਾ ਕੇਂਦਰ ਹੈ, ਪ੍ਰੇਰਣਾ ਨੂੰ ਵੀ ਇੱਥੇ ਹੀ ਭਰਤੀ ਕਰਾ ਦਿੱਤਾ ਗਿਆ।

ਜਿੱਥੋਂ ਤੱਕ ਇਲਾਜ ਦਾ ਸਵਾਲ ਹੈ, ਇਹ ਇੱਕ ਆਸਾਨ ਸਫ਼ਰ ਨਹੀਂ ਸੀ। ਜਦੋਂ ਵੀ ਇਹ ਲੱਗਦਾ ਕਿ ਉਸ ਦੇ ਨਸ਼ੇ ਦੀ ਆਦਤ ਛੁਟ ਗਈ ਹੈ, ਉਹ ਜਾਂ ਤਾਂ ਬੋਤਲ ਚੁੱਕ ਲੈਂਦੀ ਸੀ ਜਾਂ ਫਿਰ ਹੈਰੋਇਨ ਜਾਂ ਦੂਜੇ ਨਸ਼ੇ ਲੈਣ ਲੱਗਦੀ ਸੀ।

ਇਸ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਡਾਕਟਰਾਂ ਨੂੰ ਬਹੁਤ ਨਿਰਾਸ਼ਾ ਹੁੰਦੀ। ਇਹ ਸਭ ਹੁੰਦਾ ਰਿਹਾ ਅਤੇ ਆਖਿਰਕਾਰ ਉਹ ਸਥਿਰ ਹੋ ਗਈ।

ਮਨੋਵਿਗਿਆਨੀਆਂ ਦੀ ਨਿਗਰਾਨੀ ਵਿੱਚ 5 ਸਾਲ ਇਲਾਜ ਕਰਾਉਣ ਤੋਂ ਬਾਅਦ, ਆਖਿਰਕਾਰ ਉਨਾਂ ਦਾ ਮਨ ਪੜ੍ਹਾਈ ਵਿੱਚ ਲੱਗਣ ਲੱਗਿਆ ਅਤੇ ਉਹ ਜ਼ਿੰਦਗੀ ਵਿੱਚ ਕੁਝ ਕਰਨ ਦੇ ਬਾਰੇ ਸੋਚਣ ਲੱਗੇ।

ਨਿਰਾਸ਼ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਸ਼ਰਾਬ ਦੇ ਨਸ਼ੇ ਨੂੰ ਬੁਰਾ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਨਸ਼ਾ ਔਰਤ ਕਰ ਰਹੀ ਹੋਵੇ ਤਾਂ ਹੋਰ ਵੀ ਜ਼ਿਆਦਾ ਬੁਰਾ ਮੰਨਿਆ ਜਾਂਦਾ ਹੈ।

ਸੰਗੀਤਾ ਦੀ ਉਦਾਹਰਨ

ਫਿਰ ਉਹ ਪੜ੍ਹਾਈ ਕਰਨ ਬ੍ਰਿਟੇਨ ਚਲੇ ਗਏ ਅਤੇ ਉਨ੍ਹਾਂ ਨੇ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਕੀਤੀ। ਅੱਜਕੱਲ੍ਹ ਉਹ ਪੱਛਮ ਏਸ਼ੀਆ ਦੇ ਇੱਕ ਦੇਸ ਵਿੱਚ ਆਪਣੇ ਪਿਤਾ ਦੀ ਕੰਪਨੀ ਦੇ ਮੈਨੇਜਰ ਹਨ।

ਉਹ ਹੁਣ ਕਦੇ-ਕਦੇ ਸ਼ਰਾਬ ਪੀ ਲੈਂਦੇ ਹਨ, ਪਰ ਪਹਿਲਾਂ ਵਾਂਗ ਨਸ਼ੇ ਦੇ ਆਦੀ ਨਹੀਂ ਹਨ ਪਰ ਔਰਤਾਂ ਵਿੱਚ ਨਸ਼ੇ ਦੀ ਆਦਤ ਸਿਰਫ਼ ਮੱਧ ਜਾਂ ਉੱਚ ਵਰਗ ਤੱਕ ਹੀ ਸੀਮਤ ਨਹੀਂ ਹੈ।

ਡਾਕਟਰ, ਇੱਕ ਗਾਰਮੈਂਟ ਫੈਕਟਰੀ ਵਿੱਚ ਕੰਮ ਕਰਨ ਵਾਲੀ 36 ਸਾਲ ਦੀ ਸੰਗੀਤਾ (ਬਦਲਿਆ ਹੋਇਆ ਨਾਂਅ) ਦੀ ਉਦਾਹਰਨ ਦਿੰਦੇ ਹਨ, ਜਿਨ੍ਹਾਂ ਦਾ ਪਤੀ ਉਨ੍ਹਾਂ ਦਾ ਸਰੀਰਕ ਅਤੇ ਜਿਨਸੀ ਸ਼ੋਸ਼ਣ ਕਰਦਾ ਸੀ।

ਸੰਗੀਤਾ ਦਾ ਵਿਆਹ ਮਹਿਜ਼ 12 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ। ਇਹ ਗੱਲ ਹੈਰਾਨ ਕਰ ਸਕਦੀ ਹੈ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਫਿਰ ਉਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਗਈ।

ਉਨ੍ਹਾਂ ਦੇ ਪਰਿਵਾਰ ਵਿੱਚ ਲੋਕ ਸ਼ਰਾਬ ਪੀਂਦੇ ਸਨ ਅਤੇ ਉਹ ਵੀ ਆਪਣੇ ਪਤੀ ਦਾ ਸਾਥ ਦੇਣ ਲਈ ਸ਼ਰਾਬ ਪੀਣ ਲੱਗੀ। ਬਾਅਦ ਵਿੱਚ ਉਸ ਦੇ ਨਸ਼ੇ ਦੀ ਲਤ ਵਿਗੜਦੀ ਚਲੀ ਗਈ।

ਇਹ ਵੀ ਪੜ੍ਹੋ:

ਸੰਗੀਤਾ ਨੂੰ ਲੱਗਦਾ ਸੀ ਕਿ ਆਪਣੇ ਪਤੀ ਦੇ ਹੱਥੋਂ ਹਿੰਸਾ ਅਤੇ ਜਿਨਸੀ ਉਤਪੀੜਨ ਦੇ ਦੁੱਖ ਤੋਂ ਉੱਭਰਨ ਦਾ ਇੱਕ ਇਹੀ ਰਸਤਾ ਹੈ।

ਫਿਰ ਉਨ੍ਹਾਂ ਦੇ ਪਤੀ ਨੇ ਸ਼ਰਾਬ ਛੱਡ ਦਿੱਤੀ ਅਤੇ ਸੰਗੀਤਾ ਨੂੰ ਨਸ਼ੇੜੀ ਕਹਿ ਲੱਗ ਪਿਆ ਅਤੇ ਉਸ ਨੂੰ ਸ਼ਰਾਬ ਛੱਡਣ ਲਈ ਮਜਬੂਰ ਕਰਨ ਲੱਗਿਆ।

ਜਦੋਂ ਉਨ੍ਹਾਂ ਨੇ ਸ਼ਰਾਬ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਰੀਰ ਵਿੱਚ ਕੰਬਣ ਦੀ ਬਿਮਾਰੀ ਹੋ ਗਈ ਅਤੇ ਇੱਕ ਬਾਰ ਤਾਂ ਉਨ੍ਹਾਂ ਨੂੰ ਦੌਰਾ ਤੱਕ ਪੈ ਗਿਆ।

ਡਾਕਟਰ ਆਮਤੌਰ 'ਤੇ ਮਰੀਜ਼ਾਂ ਦੀ ਨਿੱਜਤਾ ਦੀ ਵਜ੍ਹਾ ਨਾਲ ਉਨ੍ਹਾਂ ਬਾਰੇ ਜਾਣਕਾਰੀਆਂ ਸਾਂਝੀਆਂ ਨਹੀਂ ਕਰਦੇ ਹਨ। ਔਰਤਾਂ ਬਾਰੇ ਦੱਸਦੇ ਹੋਏ ਤਾਂ ਉਹ ਹੋਰ ਵੀ ਸਾਵਧਾਨੀ ਵਰਤਦੇ ਹਨ।

ਇਸ ਦੀ ਵਜ੍ਹਾ ਜਾਣਨਾ ਬਹੁਤ ਮੁਸ਼ਕਿਲ ਨਹੀਂ ਹੈ।

ਨਸ਼ਾ ਛੱਡਣ ਵਿੱਚ ਕਾਮਯਾਬੀ

ਇੱਥੇ ਜਿਨ੍ਹਾਂ ਦੋ ਔਰਤਾਂ ਦੀ ਉਦਾਹਰਨ ਦਿੱਤੀ ਗਈ ਹੈ, ਉਸ ਤੋਂ ਇੱਕ ਤੱਥ ਤਾਂ ਪਤਾ ਲੱਗਦਾ ਹੈ ਕਿ ਔਰਤਾਂ ਦੀ ਨਸ਼ੇ ਦੀ ਆਦਤ ਦਾ ਇਲਾਜ ਕਰਨਾ ਸੰਭਵ ਹੈ ਅਤੇ ਕਾਮਯਾਬ ਇਲਾਜ ਕਰਨਾ ਸੰਭਵ ਹੈ।

ਭਾਰਤ ਵਿੱਚ ਸ਼ਰਾਬ ਦੇ ਨਸ਼ੇ ਨੂੰ ਬੁਰਾ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਨਸ਼ਾ ਔਰਤ ਕਰ ਰਹੀ ਹੋਵੇ ਤਾਂ ਹੋਰ ਵੀ ਜ਼ਿਆਦਾ ਬੁਰਾ ਮੰਨਿਆ ਜਾਂਦਾ ਹੈ।

ਔਰਤਾਂ ਦੇ ਸ਼ਰਾਬ ਪੀਣ ਨਾਲ ਜੁੜੇ ਇਸੇ ਕਲੰਕ ਦੀ ਵਜ੍ਹਾ ਨਾਲ, ਨਸ਼ਾ ਛੱਡਣ ਵਿੱਚ ਕਾਮਯਾਬੀ ਦੀਆਂ ਇਹ ਕਹਾਣੀਆਂ ਅਹਿਮ ਹਨ।

ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ 5 ਫੀਸਦੀ ਤੋਂ ਵੀ ਘੱਟ ਹਨ।

ਨਿਮਹੰਸ ਵਿੱਚ ਐਡਿਕਸ਼ਨ ਮੈਡੀਸਨ ਵਿਭਾਗ ਦੇ ਮੁਖੀ ਡਾਕਟਰ ਪ੍ਰੋਫੈਸਰ ਵਿਵੇਕ ਬੇਨੇਗਲ ਕਹਿੰਦੇ ਹਨ, ''ਸਭ ਤੋਂ ਪਹਿਲਾਂ ਤਾਂ ਭਾਰਤ ਵਿੱਚ ਔਰਤਾਂ ਦੇ ਸ਼ਰਾਬ ਪੀਣ ਨੂੰ ਇੱਕ ਕਲੰਕ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਅਤੇ ਇਸੇ ਵਜ੍ਹਾ ਨਾਲ ਸੰਗੀਤਾ ਵਰਗੀਆਂ ਔਰਤਾਂ ਡਾਕਟਰੀ ਮਦਦ ਲੈਣ ਵਿੱਚ ਹਿਚਕਦੀਆਂ ਹਨ।”

“ਅਜਿਹੇ ਵਿੱਚ ਸ਼ਰਾਬ ਦੀਆਂ ਆਦੀ ਔਰਤਾਂ ਸ਼ੁਰੂਆਤ ਵਿੱਚ ਸਾਡੇ ਕੋਲ ਨਹੀਂ ਆਉਂਦੀਆਂ। ਉਹ ਉਦੋਂ ਹੀ ਸਾਡੇ ਕੋਲ ਆਉਂਦੀਆਂ ਹਨ ਜਦੋਂ ਹਾਲਾਤ ਬਹੁਤ ਮੁਸ਼ਕਿਲ ਹੋ ਚੁੱਕੇ ਹੁੰਦੇ ਹਨ ਜਾਂ ਫਿਰ ਇਲਾਜ ਕਰਾਉਣਾ ਜ਼ਰੂਰੀ ਹੋ ਜਾਂਦਾ ਹੈ।''

ਭਾਰਤ ਵਿੱਚ ਔਰਤਾਂ ਨੂੰ ਨਸ਼ੇ ਦੀ ਆਦਤ?

ਜੇਕਰ ਪੱਛਮੀ ਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿੱਚ ਮਰਦਾਂ ਦੇ ਮੁਕਾਬਲੇ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਸੰਖਿਆ ਬਹੁਤ ਘੱਟ ਹੈ।

ਭਾਰਤ ਵਿੱਚ ਲਗਭਗ 30 ਫੀਸਦੀ ਮਰਦ ਸ਼ਰਾਬ ਪੀਂਦੇ ਹਨ ਜਦਕਿ ਸ਼ਰਾਬ ਪੀਣ ਵਾਲੀਆਂ ਔਰਤਾਂ 5 ਫੀਸਦੀ ਤੋਂ ਵੀ ਘੱਟ ਹਨ।

ਇਨ੍ਹਾਂ ਵਿੱਚ ਵੀ ਸ਼ਰਾਬ ਪੀਣ ਵਾਲੀਆਂ ਜ਼ਿਆਦਾਤਰ ਔਰਤਾਂ ਮੱਧ ਵਰਗ ਅਤੇ ਉੱਚ ਵਰਗ ਨਾਲ ਜੁੜੀਆਂ ਹਨ।

ਹਾਲਾਂਕਿ ਉੱਤਰ-ਪੂਰਬ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਸੰਖਿਆ ਦੇਸ਼ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਹੈ। ਉੱਤਰ-ਪੂਰਬ ਵਿੱਚ 10 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ ਜਦਕਿ 70 ਫੀਸਦੀ ਪੁਰਸ਼ ਅਜਿਹੇ ਹਨ ਜੋ ਸ਼ਰਾਬ ਪੀਂਦੇ ਹਨ।

'ਜੈਂਡਰ ਅਲਕੋਹਲ ਐਂਡ ਕਲਚਰ'

ਪਰ ਸਮੱਸਿਆ ਇਹ ਨਹੀਂ ਹੈ ਕਿ ਕਿੰਨੀਆਂ ਔਰਤਾਂ ਸ਼ਰਾਬ ਪੀਂਦੀਆਂ ਹਨ, ਘੱਟ ਤੋਂ ਘੱਟ ਅਜੇ ਤਾਂ ਅਜਿਹਾ ਨਹੀਂ ਹੈ।

ਬਲਕਿ ਸਮੱਸਿਆ ਇਹ ਹੈ ਕਿ ਔਰਤਾਂ ਕਿਸ ਤਰ੍ਹਾਂ ਨਾਲ ਸ਼ਰਾਬ ਪੀਂਦੀਆਂ ਹਨ ਅਤੇ ਉਸ ਦਾ ਉਨ੍ਹਾਂ ਦੀ ਸਿਹਤ 'ਤੇ ਕੀ ਅਸਰ ਹੁੰਦਾ ਹੈ।

ਨਸ਼ਾ ਮੁਕਤੀ ਦੇ ਮਾਹਿਰ ਇਸ ਨੂੰ ਲੈ ਕੇ ਚਿੰਤਤ ਹਨ।

ਸ਼ਰਾਬ ਅਤੇ ਸਿਗਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰ ਕਹਿੰਦੇ ਹਨ, ਉਹ ਸਾਰੇ ਲੋਕ ਜੋ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਨਸ਼ੇ ਦੀ ਲਤ ਨਹੀਂ ਲੱਗਦੀ।

ਸਾਲ 2016 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਨਿਗਰਾਨੀ ਵਿੱਚ 'ਜੈਂਡਰ ਅਲਕੋਹਲ ਐਂਡ ਕਲਚਰ' ਅਧਿਐਨ ਹੋਇਆ ਸੀ। ਇਹ ਭਾਰਤ ਵਿੱਚ ਔਰਤਾਂ ਦੀਆਂ ਸ਼ਰਾਬ ਪੀਣ ਦੀਆਂ ਆਦਤਾਂ 'ਤੇ ਪਹਿਲਾ ਅਧਿਐਨ ਸੀ।

ਬੰਗਲੁਰੂ ਦਾ ਨਿਮਹੰਸ ਵੀ ਇਸ ਦਾ ਹਿੱਸਾ ਸੀ।

ਇਸ ਵਿੱਚ ਔਰਤਾਂ ਵਿੱਚ ਸ਼ਰਾਬ ਪੀਣ ਦੇ ਦੋ ਪੈਟਰਨ ਦਿਖਾਈ ਦਿੱਤੇ। ਇੱਕ ਪਰੰਪਰਿਕ ਤਰੀਕਾ ਸੀ ਜਿਸ ਵਿੱਚ ਔਰਤਾਂ ਮਰਦ ਦੀ ਤਰ੍ਹਾਂ ਸ਼ਰਾਬ ਪੀ ਰਹੀਆਂ ਸਨ।

ਪੱਛਮੀ ਦੇਸ਼ਾਂ ਦਾ ਮਾਮਲਾ

ਪ੍ਰੋਫੈਸਰ ਬੇਨੇਗਲ ਕਹਿੰਦੇ ਹਨ, ''ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਸ਼ਰਾਬ ਪੀਣ ਦੇ ਹਰ ਸੈਸ਼ਨ ਦੇ ਦੌਰਾਨ ਔਰਤਾਂ ਵੀ ਮਰਦਾਂ ਦੀ ਤਰ੍ਹਾਂ ਹੀ ਸ਼ਰਾਬ ਦੇ ਪੰਜ ਸਟੈਂਡਰਡ ਡਰਿੰਕ ਲੈ ਰਹੀਆਂ ਸਨ। ਇਹ ਪੱਛਮੀ ਦੇਸ਼ਾਂ ਤੋਂ ਅਲੱਗ ਹੈ।”

“ਉੱਥੇ ਔਰਤਾਂ ਮਰਦਾਂ ਦੀ ਤੁਲਨਾ ਵਿੱਚ ਘੱਟ ਸ਼ਰਾਬ ਪੀਂਦੀਆਂ ਹਨ। ਉਹ ਵੀ ਵਾਈਨ ਅਤੇ ਬੀਅਰ (ਜਿਨ੍ਹਾਂ ਵਿੱਚ ਹਾਰਡ ਲਿਕਰ ਦੇ ਮੁਕਾਬਲੇ ਘੱਟ ਐਲਕੋਹਲ ਹੁੰਦਾ ਹੈ) ਦੇ ਇਲਾਵਾ ਵੋਦਕਾ ਅਤੇ ਜਿਨ ਵਰਗਆਂ ਵ੍ਹਾਈਟ ਲਿਕਰ ਤੱਕ ਹੀ ਸੀਮਤ ਸਨ।''

ਪੱਛਮੀ ਸਮਾਜ ਦੇ ਮੁਕਾਬਲੇ ਭਾਰਤ ਵਿੱਚ ਸ਼ਰਾਬ ਦੀ ਖਪਤ ਵਿੱਚ ਇੱਕ ਹੋਰ ਅਹਿਮ ਫਰਕ ਸੀ। ਪੱਛਮੀ ਦੇਸ਼ਾਂ ਵਿੱਚ ਸ਼ਰਾਬ ਖਾਣੇ ਦੇ ਨਾਲ ਪੀਤੀ ਜਾਂਦੀ ਹੈ ਕਿਉਂਕਿ ਉੱਥੇ ਭਾਰਤ ਦੇ ਮੁਕਾਬਲੇ ਲੋਕ ਪਾਣੀ ਘੱਟ ਪੀਂਦੇ ਹਨ। ਦੂਜੇ ਪਾਸੇ ਭਾਰਤ ਵਿੱਚ ਲੋਕ ਖਾਣਾ ਖਾਣ ਤੋਂ ਪਹਿਲਾਂ ਸ਼ਰਾਬ ਪੀਂਦੇ ਹਨ ਅਤੇ ਅਜਿਹਾ, ਨਸ਼ਾ ਕਰਨ ਲਈ ਕੀਤਾ ਜਾਂਦਾ ਹੈ।

ਸ਼ਰਾਬ ਪੀਂਦੀਆਂ ਔਰਤਾਂ

ਤਸਵੀਰ ਸਰੋਤ, Getty Images

ਪ੍ਰੋਫੈਸਰ ਬੇਨੇਗਲ ਕਹਿੰਦੇ ਹਨ ਕਿ ''ਅਧਿਐਨ ਤੋਂ ਪਤਾ ਚੱਲਿਆ ਕਿ ਸ਼ਹਿਰਾਂ ਵਿੱਚ ਔਰਤਾਂ ਨਸ਼ੇ ਵਿੱਚ ਟੱਲੀ ਹੋਣ ਤੱਕ ਸ਼ਰਾਬ ਪੀਂਦੀਆਂ ਹਨ ਜਦਕਿ ਪੱਛਮੀ ਦੇਸ਼ਾਂ ਵਿੱਚ ਅਜਿਹਾ ਨਹੀਂ ਹੁੰਦਾ। ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਪਤਾ ਲੱਗੀ ਕਿ ਭਾਰਤ ਵਿੱਚ ਮਰਦ ਖੁਸ਼ ਹੋਣ ਲਈ ਸ਼ਰਾਬ ਪੀਂਦੇ ਹਨ ਜਦਕਿ ਔਰਤਾਂ ਆਪਣੇ ਨਕਾਰਾਤਮਕ ਵਿਚਾਰਾਂ ਨਾਲ ਨਜਿੱਠਣ ਲਈ ਨਸ਼ਾ ਕਰਦੀਆਂ ਹਨ। ਜ਼ਾਹਿਰ ਤੌਰ 'ਤੇ ਇਹ ਚਿੰਤਾ ਨਾਲ ਨਜਿੱਠਣ ਦਾ ਇੱਕ ਬੁਰਾ ਤਰੀਕਾ ਹੈ।''

ਪਰ ਸ਼ਰਾਬ ਪੀਣ ਦੀ ਵਜ੍ਹਾ ਨਾਲ ਔਰਤਾਂ ਦੀ ਸਿਹਤ 'ਤੇ ਕਈ ਹੋਰ ਨਕਾਰਾਤਮਕ ਪ੍ਰਭਾਵ ਹੁੰਦੇ ਹਨ।

ਸ਼ਰਾਬ ਨਾਲ ਔਰਤਾਂ ਦੀ ਸਿਹਤ ਖਰਾਬ ਹੁੰਦੀ ਹੈ

ਇਹ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਵਿੱਚ ਕਈ ਤਰ੍ਹਾਂ ਦੀਆਂ ਸਿਹਤ, ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਇਲਾਵਾ ਉਹ ਸਮਾਜਿਕ ਅਤੇ ਆਰਥਿਕ ਦਿੱਕਤਾਂ ਦਾ ਵੀ ਸਾਹਮਣਾ ਕਰਦੀਆਂ ਹਨ।

ਪ੍ਰੋਫੈਸਰ ਬੇਨੇਗਲ ਕਹਿੰਦੇ ਹਨ, ''ਸਭ ਤੋਂ ਅਹਿਮ ਬਾਇਓਲੌਜੀਕਲ ਕਾਰਨ ਇਹ ਹੈ ਕਿ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਦਾ ਕੱਦ ਅਤੇ ਵਜ਼ਨ ਘੱਟ ਹੁੰਦਾ ਹੈ। ਔਰਤਾਂ ਦੇ ਸਰੀਰ ਵਿੱਚ ਮਰਦਾਂ ਦੇ ਮੁਕਾਬਲੇ ਪਾਣੀ ਵੀ ਕਾਫ਼ੀ ਘੱਟ ਹੁੰਦਾ ਹੈ। ਇਸ ਦੇ ਇਲਾਵਾ ਔਰਤਾਂ ਦੇ ਹਾਰਮੋਨ ਮਰਦਾਂ ਦੇ ਮੁਕਾਬਲੇ ਸ਼ਰਾਬ ਨੂੰ ਅਲੱਗ ਤਰੀਕੇ ਨਾਲ ਪ੍ਰੋਸੈੱਸ ਕਰਦੇ ਹਨ।''

''ਦਰਅਸਲ ਔਰਤਾਂ ਦੇ ਹਾਰਮੋਨ ਅਲਕੋਹਲ ਨੂੰ ਹੌਲੀ-ਹੌਲੀ ਤੋੜਦੇ ਹਨ ਅਤੇ ਇਸ ਨਾਲ ਔਰਤਾਂ ਦਾ ਮੈਟਾਬੋਲਿਜ਼ਮ ਘੱਟ ਹੋ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸਿਹਤ 'ਤੇ ਸ਼ਰਾਬ ਦਾ ਜ਼ਿਆਦਾ ਅਸਰ ਹੁੰਦਾ ਹੈ।''

ਸਮਾਜਿਕ ਤੌਰ 'ਤੇ ਜਦੋਂ ਇੱਕ ਔਰਤ ਸ਼ਰਾਬ ਦੀ ਲਤ ਦੀ ਵਜ੍ਹਾ ਨਾਲ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਨੂੰ ਮਰਦਾਂ ਤੋਂ ਬਹੁਤ ਜ਼ਿਆਦਾ ਸਹਿਯੋਗ ਨਹੀਂ ਮਿਲਦਾ।

ਪ੍ਰੋਫੈਸਰ ਬੇਨੇਗਲ ਕਹਿੰਦੇ ਹਨ, ''ਔਰਤਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਦੂਜੇ ਲੋਕ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਜ਼ਰੀਏ ਨਾਲ ਦੇਖੀਏ ਤਾਂ ਔਰਤਾਂ ਲਈ ਸ਼ਰਾਬ ਦੀ ਲਤ ਛੱਡਣੀ ਮਰਦਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ। ਪਰ ਜਦੋਂ ਉਨ੍ਹਾਂ ਨੂੰ ਸਹੀ ਵਾਤਾਵਰਣ ਦਿੱਤਾ ਜਾਂਦਾ ਹੈ ਤਾਂ ਉਹ ਇਲਾਜ ਨੂੰ ਲੈ ਕੇ ਸਕਾਰਾਤਮਕ ਹੁੰਦੀਆਂ ਹਨ ਅਤੇ ਚੰਗੇ ਨਤੀਜੇ ਮਿਲਦੇ ਹਨ।''

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਸ਼ਰਾਬ ਪੀਣ ਵਾਲਾ ਹਰ ਵਿਅਕਤੀ ਨਸ਼ੇੜੀ ਹੋ ਜਾਂਦਾ ਹੈ?

ਅਜਿਹਾ ਬਿਲਕੁਲ ਵੀ ਨਹੀਂ ਹੈ। ਪ੍ਰੋਫੈਸਰ ਬੇਨੇਗਲ ਇਹੀ ਸਿੱਧਾ ਜਵਾਬ ਦਿੰਦੇ ਹਨ ਅਤੇ ਨਸ਼ੇ ਦੀ ਲਤ ਦੇ ਕਈ ਕਾਰਨਾਂ ਅਤੇ ਉਨ੍ਹਾਂ ਦੇ ਇਲਾਜ ਇਸ ਤਰ੍ਹਾਂ ਦੱਸਦੇ ਹਨ-

  • ਉਹ ਸਾਰੇ ਲੋਕ ਜੋ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਨਸ਼ੇ ਦੀ ਲਤ ਨਹੀਂ ਲੱਗਦੀ। ਭਾਰਤ ਵਿੱਚ ਸ਼ਰਾਬ ਪੀਣ ਵਾਲੇ ਤੀਹ ਫੀਸਦੀ ਮਰਦਾਂ ਵਿੱਚੋਂ ਸਿਰਫ਼ ਪੰਜ ਤੋਂ ਦਸ ਫੀਸਦੀ ਹੀ ਅਜਿਹੇ ਹਨ ਜੋ ਅਜਿਹੀ ਲਤ ਦਾ ਸ਼ਿਕਾਰ ਹਨ। ਜੋ ਪੰਜ ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ, ਉਨ੍ਹਾਂ ਵਿੱਚੋਂ ਸਿਰਫ਼ ਪੰਜ ਫੀਸਦੀ ਨੂੰ ਹੀ ਇਸ ਦੀ ਲਤ ਲੱਗਦੀ ਹੈ।
  • ਲੋਕਾਂ ਦੇ ਸੁਭਾਅ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਲਤ ਲੱਗਦੀ ਹੈ। ਜੋ ਲੋਕ ਆਪਣੇ ਆਪ ਨੂੰ ਪ੍ਰੋਤਸਾਹਿਤ ਨਹੀਂ ਰੱਖ ਸਕਦੇ (ਜਿਵੇਂ ਕੋਈ ਕੰਮ ਸ਼ੁਰੂ ਕੀਤਾ ਅਤੇ ਖਤਮ ਨਹੀਂ ਕਰ ਸਕੇ) ਜਾਂ ਆਪਣੇ ਮੂਡ 'ਤੇ ਕੰਟਰੋਲ ਨਹੀਂ ਰੱਖ ਸਕਦੇ ਹਨ ਜਾਂ ਫਿਰ ਜੋ ਟਾਲਮਟੋਲ ਕਰਦੇ ਹਨ।
  • ਦੂਜੇ ਵਿਵਹਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹਨ। ਜਿਵੇਂ ਆਪਣੀਆਂ ਭਾਵਨਾਵਾਂ 'ਤੇ ਨਿਯੰਤਰਣ ਨਾ ਰੱਖ ਸਕਣਾ। ਦੂਜਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਨਾ ਕਰਨਾ ਅਤੇ ਬਹੁਤ ਗੁੱਸੇ ਵਾਲਾ ਹੋਣਾ।
  • ਜੋ ਬੱਚੇ ਜਾਂ ਬਾਲਗ ਘੱਟ ਉਮਰ ਵਿੱਚ ਸ਼ਰਾਬ ਜਾਂ ਡਰੱਗਜ਼ ਲੈਣਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਵਿੱਚ ਵੀ ਲਤ ਲੱਗਣ ਦਾ ਡਰ ਜ਼ਿਆਦਾ ਹੁੰਦਾ ਹੈ।
  • ਬਾਰ ਬਾਰ ਸ਼ਰਾਬ ਜਾਂ ਡਰੱਗਜ਼ ਦੇ ਸੇਵਨ ਨਾਲ ਦਿਮਾਗ਼ ਦਾ ਢਾਂਚਾ ਵੀ ਬਦਲ ਜਾਂਦਾ ਹੈ ਅਤੇ ਅਜਿਹੀ ਸਥਿਤੀ ਬਣ ਜਾਂਦੀ ਹੈ ਜਿਸ ਨੂੰ ਲਤ ਕਹਿੰਦੇ ਹਨ।

ਨਸ਼ਾ ਛੱਡਣ ਤੋਂ ਬਾਅਦ ਫਿਰ ਸ਼ੁਰੂ ਕਰਨ ਬਾਰੇ ਡਾਕਟਰ ਕਹਿੰਦੇ ਹਨ ਕਿ ਅਜਿਹਾ ਹੋਵੇਗਾ ਕਿਉਂਕਿ ਲਤ ਦੀ ਇਹੀ ਪ੍ਰਕਿਰਤੀ ਹੈ। ਇਹ ਹੱਡੀ ਨੂੰ ਜੋੜਨ ਜਾਂ ਕਿਸੇ ਇੱਕ ਹਿੱਸੇ ਦਾ ਆਪਰੇਸ਼ਨ ਕਰਨ ਵਰਗਾ ਨਹੀਂ ਹੈ।

ਹਾਲਾਂਕਿ ਲਤ ਕਿਸੇ ਵੀ ਤਰ੍ਹਾਂ ਦੀ ਹੋਵੇ, ਉਸ ਦਾ ਇਲਾਜ ਸੰਭਵ ਹੈ।

ਸ਼ਰਾਬ ਛੱਡਣ ਦੇ ਅੱਠ ਫ਼ਾਇਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਿਤਾਵਨੀ : ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।

ਕੀ ਸ਼ਰਾਬ ਇੱਕ ਸਮੱਸਿਆ ਹੈ?

ਡਾਕਟਰ ਬੇਨੇਗਲ ਕਹਿੰਦੇ ਹਨ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ।

ਉਨ੍ਹਾਂ ਮੁਤਾਬਿਕ, ''ਸਮੱਸਿਆ ਐਲਕੋਹਲ ਵਿੱਚ ਨਹੀਂ ਹੈ। ਬਹੁਤ ਸਾਰੇ ਨੌਜਵਾਨ ਐਲਕੋਹਲ ਨੂੰ ਤਣਾਅ ਨਾਲ ਨਜਿੱਠਣ ਦੀ ਰਣਨੀਤੀ ਦੀ ਤਰ੍ਹਾਂ ਦੇਖਦੇ ਹਨ। ਸ਼ਰਾਬ ਨੂੰ ਹਟਾ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਜ਼ਰੂਰਤ ਹੈ ਉਸ ਦੀ ਮੂਲ ਸਮੱਸਿਆ ਨਾਲ ਨਜਿੱਠਣ ਦੀ। ਜਿਵੇਂ ਕਾਗਨੀਟਿਵ ਕੰਟਰੋਲ, ਭਾਵਨਾਤਮਕ ਪ੍ਰਤੀਕਿਰਿਆ ਜਾਂ ਭਾਵਨਾਤਮਕ ਪਛਾਣ। ਜਦੋਂ ਤੱਕ ਤੁਸੀਂ ਉਨ੍ਹਾਂ ਦੀਆਂ ਭਾਵਨਾਤਮਕ ਸਮੱਸਿਆਵਾਂ ਦਾ ਹੱਲ ਨਹੀਂ ਕਰੋਗੇ, ਉਹ ਸ਼ਰਾਬ ਜਾਂ ਕਿਸੇ ਹੋਰ ਤਰ੍ਹਾਂ ਦੇ ਨਸ਼ੇ ਵੱਲ ਪਰਤਦੇ ਰਹਿਣਗੇ।''

ਡਾਕਟਰਾਂ ਨੇ ਪ੍ਰੇਰਣਾ ਅਤੇ ਸੰਗੀਤਾ ਦੀ ਨਸ਼ੇ ਦੀ ਲਤ ਦਾ ਵੀ ਇਸੇ ਤਰ੍ਹਾਂ ਇਲਾਜ ਕੀਤਾ ਸੀ।

ਅਤੇ ਇਸੇ ਵਜ੍ਹਾ ਨਾਲ ਸੈਂਟਰ ਦੀ ਓਪੀਡੀ ਵਿੱਚ ਆਉਣ ਵਾਲਿਆਂ ਜਾਂ ਉੱਥੇ ਭਰਤੀ ਹੋਣ ਦਾ ਇਰਾਦਾ ਰੱਖਣ ਵਾਲਿਆਂ ਦੀ ਸੰਖਿਆ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)