ਪੰਜਾਬ ਲਈ ਮੈਡਲ ਜਿੱਤਣ ਵਾਲੀਆਂ ਝਾਰਖੰਡ ਦੇ ਮਾਪਿਆਂ ਦੀਆਂ ਧੀਆਂ ਦੀ ਕਹਾਣੀ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਜੇਕਰ ਅਸੀਂ ਦਾਲ ਨਾਲ ਸੁੱਕੀਆਂ ਰੋਟੀਆਂ ਖਾ ਕੇ ਸਟੇਟ ਐਵਾਰਡ ਜਿੱਤ ਸਕਦੀਆਂ ਹਾਂ ਅਤੇ ਨੈਸ਼ਨਲ ਵਿੱਚ ਪਹੁੰਚ ਸਕਦੀਆਂ ਹਾਂ ਤਾਂ ਫਿਰ ਅਸੀਂ ਚੰਗੀ ਖੁਰਾਕ ਖਾ ਕੇ ਕੌਮਾਂਤਰੀ ਖ਼ਿਤਾਬ ਕਿਉਂ ਨਹੀਂ ਜਿੱਤ ਸਕਦੀਆਂ ?"
ਇਹ ਸ਼ਬਦ ਫ਼ਰੀਦਕੋਟ ਸ਼ਹਿਰ ਦੀਆਂ ਰਹਿਣ ਵਾਲੀਆਂ ਤਿੰਨ ਸਕੀਆਂ ਭੈਣਾਂ ਰਜਨੀ, ਅੰਜਲੀ ਅਤੇ ਰੀਮਾ ਦੇ ਹਨ, ਜਿਹੜੀਆਂ ਕੁਸ਼ਤੀ ਵਿੱਚ ਆਪਣਾ ਹੱਥ ਅਜ਼ਮਾ ਰਹੀਆਂ ਹਨ।
ਰਜਨੀ ਨੈਸ਼ਨਲ ਪੱਧਰ ਉੱਪਰ ਖੇਡ ਕੇ ਦੋ ਵਾਰ ਸਿਲਵਰ ਮੈਡਲ ਜਿੱਤ ਚੁੱਕੀ ਹੈ ਜਦੋਂ ਕਿ ਅੰਜਲੀ ਸਟੇਟ ਐਵਾਰਡ ਜਿੱਤ ਚੁੱਕੀ ਹੈ।
ਵਾਜਬ ਖ਼ੁਰਾਕ ਦੀ ਕਮੀ ਇਨ੍ਹਾਂ ਹੋਣਹਾਰ ਖਿਡਾਰਨਾਂ ਦੇ ਦਿਲ ਦਾ ਦਰਦ ਬਣ ਚੁੱਕੀ ਹੈ। ਇੰਨਾ ਹੀ ਨਹੀਂ ਘਰ ਦੀ ਗ਼ਰੀਬੀ ਕਾਰਨ ਇਨ੍ਹਾਂ ਖਿਡਾਰਨਾਂ ਨੂੰ ਆਪਣੇ ਮਾਪਿਆਂ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵੀ ਜਾਣਾ ਪੈਂਦਾ ਹੈ।
ਰਾਮ ਪ੍ਰਸਾਦ ਝਾਰਖੰਡ ਦੇ ਰਾਂਚੀ ਖੇਤਰ ਨਾਲ ਸਬੰਧਤ ਹਨ ਅਤੇ ਉਹ 1992 ਵਿੱਚ ਰੁਜ਼ਗਾਰ ਦੀ ਭਾਲ ਵਿਚ ਪੰਜਾਬ ਆਏ ਸਨ। ਉਹ ਫ਼ਰੀਦਕੋਟ ਵਿੱਚ ਰੰਗ ਰੋਗਨ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਪਤਨੀ ਗੀਤਾ ਲੋਕਾਂ ਦੇ ਘਰਾਂ ਵਿੱਚ ਕੱਪੜੇ ਧੋਣ, ਝਾੜੂ ਮਾਰਨ ਅਤੇ ਰੋਟੀ ਪਕਾਉਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ:
ਰਾਮ ਪ੍ਰਸਾਦ ਅਤੇ ਗੀਤਾ 5 ਧੀਆਂ ਦੇ ਮਾਪੇ ਹਨ ਅਤੇ ਉਨ੍ਹਾਂ ਵਿਚੋਂ ਤਿੰਨ ਧੀਆਂ ਕੁਸ਼ਤੀ ਦੇ ਖੇਤਰ ਵਿੱਚ ਨਾਮ ਕਮਾ ਰਹੀਆਂ ਹਨ।
ਪਟਨਾ, ਮੇਰਠ ਅਤੇ ਸੋਨੀਪਤ ਵਿਚ ਨੈਸ਼ਨਲ ਪੱਧਰ ਉੱਪਰ ਕੁਸ਼ਤੀ ਲੜ ਚੁੱਕੀ ਰੀਮਾ ਕਹਿੰਦੀ ਹੈ, "ਪੜ੍ਹਾਈ ਦੇ ਨਾਲ ਨਾਲ ਮੈਂ ਖੇਡਾਂ ਵਿੱਚ ਉਸ ਵੇਲੇ ਰੁਚੀ ਦਿਖਾਈ ਜਦੋਂ ਮੈਂ ਨੌਵੀਂ ਜਮਾਤ ਵਿੱਚ ਸੀ। ਮੈਂ ਕੁਸ਼ਤੀ ਨੂੰ ਆਪਣੇ ਕੈਰੀਅਰ ਵਜੋਂ ਚੁਣਿਆ ਅਤੇ ਮੈਂ ਕੌਮੀ ਪੱਧਰ ਦੀ ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚ ਗਈ।"
ਖੇਡ ਵਿੱਚ ਗ਼ਰੀਬੀ ਇੱਕ ਵੱਡਾ ਅੜਿੱਕਾ
"ਮੈਨੂੰ ਦੋ ਡੰਗ ਦੀ ਰੋਟੀ ਮਿਲੇ ਚਾਹੇ ਨਾ ਮਿਲੇ ਪਰ ਪ੍ਰੈਕਟਿਸ ਮੇਰੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ। ਭਾਵੇਂ ਸੁੱਕੀਆਂ ਰੋਟੀਆਂ ਹੀ ਮਿਲਦੀਆਂ ਹਨ ਪਰ ਮੇਰਾ ਇਰਾਦਾ ਦ੍ਰਿੜ੍ਹ ਹੈ ਕਿ ਮੈਂ ਇੱਕ ਨਾ ਇੱਕ ਦਿਨ ਦੇਸ਼ ਦਾ ਨਾਮ ਉੱਚਾ ਕਰਨਾ ਹੈ।"
ਇਨ੍ਹਾਂ ਲੜਕੀਆਂ ਦੇ ਪਿਤਾ ਰਾਮ ਪ੍ਰਸ਼ਾਦ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੀਆਂ ਧੀਆਂ ਨੇ ਕੁਸ਼ਤੀ ਵਿਚ ਰੁਚੀ ਦਿਖਾਈ ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਸੀ।

ਤਸਵੀਰ ਸਰੋਤ, Surinder Mann/BBC
ਉਹ ਕਹਿੰਦੇ ਹਨ, "ਪੜ੍ਹਾਈ ਵੀ ਜ਼ਰੂਰੀ ਹੈ ਪਰ ਜੇਕਰ ਖੇਡਾਂ ਵਿਚ ਕੈਰੀਅਰ ਬਣ ਜਾਵੇ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਮੈਂ ਅਤੇ ਮੇਰੀ ਪਤਨੀ ਨੇ ਦਿਹਾੜੀਆਂ ਕਰਕੇ ਆਪਣਾ ਪੇਟ ਭਰ ਲਿਆ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੀਆਂ ਧੀਆਂ ਦਿਹਾੜੀਦਾਰ ਬਣਨ।"
"ਮੇਰੀ ਰੰਗ ਰੋਗਨ ਦੀ ਕਮਾਈ ਨਾਲ ਮੇਰੇ ਘਰ ਦੋ ਡੰਗ ਦੀ ਰੋਟੀ ਦਾ ਗੁਜ਼ਾਰਾ ਚੱਲਦਾ ਹੈ ਪਰ ਧੀਆਂ ਨੂੰ ਚੰਗੀ ਖੁਰਾਕ ਦੇਣਾ ਮੇਰੇ ਵੱਸ ਦਾ ਰੋਗ ਨਹੀਂ ਹੈ। ਮੇਰੀ ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਿਹੜੇ ਪੈਸੇ ਜੋੜਦੀ ਹੈ ਉਸ ਨਾਲ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕੁੜੀਆਂ ਨੂੰ ਖਾਣ ਲਈ ਕੁਝ ਚੰਗਾ ਲੈ ਕੇ ਦਿੱਤਾ ਜਾਵੇ। ਪਰ ਅਸਲ ਮਕਸਦ ਤਾਂ ਹੀ ਸਿੱਧ ਹੋ ਸਕਦਾ ਹੈ ਜੇਕਰ ਸਰਕਾਰ ਇਨ੍ਹਾਂ ਕੁੜੀਆਂ ਦੀ ਖੁਰਾਕ ਬਾਰੇ ਕੁਝ ਸੋਚੇ।"

ਤਸਵੀਰ ਸਰੋਤ, Surinder Mann/BBC
ਸਟੇਟ ਪੱਧਰ ਤੱਕ ਕੁਸ਼ਤੀ ਖੇਡ ਕੇ ਮੈਡਲ ਜਿੱਤ ਚੁੱਕੀ ਰਾਮ ਪ੍ਰਸਾਦ ਦੀ ਧੀ ਅੰਜਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੇਡ ਵਿੱਚ ਗ਼ਰੀਬੀ ਇੱਕ ਵੱਡਾ ਅੜਿੱਕਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਮਿਹਨਤ ਦਾ ਸਿਲਸਿਲਾ ਨੌਵੀਂ ਜਮਾਤ ਤੋਂ ਨਿਰੰਤਰ ਜਾਰੀ ਹੈ।
ਰਜਨੀ ਅਤੇ ਅੰਜਲੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਬੀਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਹਨ, ਜਦੋਂ ਕਿ ਉਨ੍ਹਾਂ ਦੀ ਛੋਟੀ ਭੈਣ ਰੀਮਾ ਦਸਵੀਂ ਵਿੱਚ ਪੜ੍ਹਦੀ ਹੈ।
ਆਪਣੀਆਂ ਧੀਆਂ ਦੀ ਸਫ਼ਲਤਾ ਦੀ ਗੱਲ ਕਰਦਿਆਂ ਗੀਤਾਂ ਦਾ ਮਨ ਭਰ ਆਉਂਦਾ ਹੈ। ਉਨ੍ਹਾਂ ਦੇ ਮਨ ਦੀ ਰੀਝ ਹੈ ਕਿ ਸਰਕਾਰ ਉਸ ਦੀਆਂ ਧੀਆਂ ਨੂੰ ਚੰਗੀ ਖੁਰਾਕ ਅਤੇ ਸਿਖਲਾਈ ਦੇਵੇ ਤਾਂ ਜੋ ਕੁੜੀਆਂ ਅੰਤਰਰਾਸ਼ਟਰੀ ਪੱਧਰ ਤੱਕ ਭਾਰਤ ਦਾ ਨਾਮ ਰੌਸ਼ਨ ਕਰ ਸਕਣ।
'ਮੈਨੂੰ ਸਭ ਤੋਂ ਵੱਡੀ ਫਿਕਰ ਕਿਰਾਏ ਦੀ ਖੜ੍ਹੀ ਹੋ ਜਾਂਦੀ ਹੈ'
"ਮੈਂ ਸਵੇਰੇ ਅਤੇ ਸ਼ਾਮ ਲੋਕਾਂ ਦੇ ਘਰਾਂ ਵਿੱਚ ਝਾੜੂ ਮਾਰਨ ਅਤੇ ਰੋਟੀ ਪਕਾਉਣ ਦਾ ਕੰਮ ਕਰਨ ਜਾਂਦੀ ਹਾਂ। ਕਾਲਜ ਤੋਂ ਛੁੱਟੀ ਮਿਲਣ ਮਗਰੋਂ ਕਈ ਵਾਰ ਰੀਮਾ ਅਤੇ ਅੰਜਲੀ ਮੇਰੇ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਿੱਚ ਹੱਥ ਵਟਾਉਂਦੀਆਂ ਹਨ। ਇਹ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਪਰ ਸਰੀਰਕ ਥਕਾਵਟ ਕਾਰਨ ਧੀਆਂ ਦੇ ਸਹਿਯੋਗ ਸਦਕਾ ਮੈਨੂੰ ਰਾਹਤ ਜ਼ਰੂਰ ਮਿਲ ਜਾਂਦੀ ਹੈ।"
ਅੰਜਲੀ ਨੇ ਦੱਸਿਆ ਕਿ ਜਦੋਂ ਉਸ ਨੇ ਮੇਰਠ ਅਤੇ ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਤਾਂ ਉਸ ਵੇਲੇ ਉਸ ਨੂੰ ਇਹ ਆਸ ਜ਼ਰੂਰ ਸੀ ਕਿ ਹੁਣ ਸਰਕਾਰ ਉਸ ਲਈ ਕੁਝ ਨਾ ਕੁਝ ਜ਼ਰੂਰ ਕਰੇਗੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕੁਝ ਨਹੀਂ ਹੋਇਆ।

ਤਸਵੀਰ ਸਰੋਤ, Surinder Mann/BBC
"ਸਾਡੇ ਲਈ ਸਭ ਤੋਂ ਵੱਡਾ ਸੰਕਟ ਚੰਗੀ ਖੁਰਾਕ ਦਾ ਹੈ। ਜਦੋਂ ਅਸੀਂ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਕੁਸ਼ਤੀ ਲੜਨ ਲਈ ਜਾਂਦੀਆਂ ਹਾਂ ਤਾਂ ਦੂਜੇ ਸੂਬਿਆਂ ਦੀਆਂ ਖਿਡਾਰਨਾਂ ਨੂੰ ਰਿਸ਼ਟ-ਪੁਸ਼ਟ ਦੇਖ ਕੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਪੈਦਾ ਹੋ ਜਾਂਦੇ ਹਨ। ਕਈ ਵਾਰ ਅਸੀਂ ਸੋਚਦੇ ਹਾਂ ਕਿ ਜੇ ਅਸੀਂ ਵੀ ਏਨੀਆਂ ਰਿਸ਼ਟ-ਪੁਸ਼ਟ ਹੁੰਦੀਆਂ ਤਾਂ ਸ਼ਾਇਦ ਸਾਡੇ ਝੋਲੀ ਵਿੱਚ ਸੋਨੇ ਦਾ ਮੈਡਲ ਹੁੰਦਾ," ਰਜਨੀ ਅਤੇ ਅੰਜਲੀ ਇੱਕੋ ਸਾਹ ਵਿੱਚ ਇਹ ਗੱਲ ਕਹਿੰਦੀਆਂ ਹਨ।
ਅੰਜਲੀ ਕਹਿੰਦੀ ਹੈ ਕਿ ਅਜਿਹਾ ਨਹੀਂ ਕਿ ਉਹ ਕੇਵਲ ਆਪਣੀ ਮਾਤਾ ਨਾਲ ਘਰਾਂ ਵਿੱਚ ਕੰਮ ਕਰਦੀਆਂ ਹਨ ਸਗੋਂ ਜੂਨ ਦੇ ਮਹੀਨੇ ਵਿੱਚ ਉਹ ਖੇਤਾਂ ਵਿੱਚ ਆਪਣੀਆਂ ਭੈਣਾਂ ਨਾਲ ਝੋਨਾ ਲਾਉਣ ਦਾ ਕੰਮ ਵੀ ਕਰਦੀ ਹੈ।

ਤਸਵੀਰ ਸਰੋਤ, Surinder Mann/BBC
"ਅਜਿਹਾ ਕਰਨਾ ਸਾਡਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ। ਜਦੋਂ ਕੁਸ਼ਤੀ ਲੜਨ ਲਈ ਸਾਡੀ ਚੋਣ ਦੂਜੇ ਸੂਬਿਆਂ ਦੇ ਦੂਰ ਦੁਰਾਡੇ ਸ਼ਹਿਰਾਂ ਲਈ ਹੁੰਦੀ ਹੈ ਤਾਂ ਸਾਡੇ ਕੋਲ ਉੱਥੇ ਪਹੁੰਚਣ ਲਈ ਕਿਰਾਇਆ ਵੀ ਨਹੀਂ ਹੁੰਦਾ।"
ਰਾਮ ਪ੍ਰਸ਼ਾਦ ਕਹਿੰਦੇ ਹਨ, "ਜਿਵੇਂ ਹੀ ਮੈਨੂੰ ਸੁਨੇਹਾ ਮਿਲਦਾ ਹੈ ਕਿ ਮੇਰੀਆਂ ਧੀਆਂ ਸਟੇਟ ਅਤੇ ਨੈਸ਼ਨਲ ਕੁਸ਼ਤੀ ਲਈ ਚੁਣੀਆਂ ਗਈਆਂ ਹਨ ਤਾਂ ਮੈਨੂੰ ਸਭ ਤੋਂ ਵੱਡੀ ਫਿਕਰ ਕਿਰਾਏ ਦੀ ਖੜ੍ਹੀ ਹੋ ਜਾਂਦਾ ਹੈ ਕਿ ਆਖਰਕਾਰ ਉਹ ਮੇਰਠ, ਪਟਨਾ ਅਤੇ ਰਾਜਸਥਾਨ ਦੇ ਕੋਟਾ ਸ਼ਹਿਰ ਕਿਵੇਂ ਪਹੁੰਚਣਗੀਆਂ।”
“ਫਿਰ ਮੈਂ ਉਧਾਰ ਪੈਸੇ ਫੜਦਾ ਹਾਂ ਅਤੇ ਕਿਵੇਂ ਨਾ ਕਿਵੇਂ ਕਰਕੇ ਧੀਆਂ ਨੂੰ ਮੁਕਾਬਲੇ ਵਾਲੀ ਜਗ੍ਹਾ ਉੱਪਰ ਭੇਜ ਦਿੰਦਾ ਹਾਂ। ਮੈਨੂੰ ਸਕੂਨ ਉਸ ਵੇਲੇ ਮਿਲਦਾ ਹੈ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਮੇਰੀ ਕਿਸੇ ਧੀ ਨੇ ਸਟੇਟ ਵਿਚ ਗੋਲਡ ਮੈਡਲ ਅਤੇ ਨੈਸ਼ਨਲ 'ਚ ਸਿਲਵਰ ਮੈਡਲ ਜਿੱਤ ਲਿਆ ਹੈ।"
ਦੰਗਲ ਫ਼ਿਲਮ ਨੇ ਕੀਤਾ ਪ੍ਰਭਾਵਿਤ
ਫ਼ਰੀਦਕੋਟ ਦੇ ਕੁਸ਼ਤੀ ਪ੍ਰੈਕਟਿਸ ਮੈਦਾਨ ਵਿੱਚ ਰਜਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਉਨ੍ਹਾਂ ਦਿਨਾਂ ਵਿੱਚ ਹੀ ਸਰਕਾਰੀ ਖੁਰਾਕ ਮਿਲਦੀ ਹੈ ਜਦੋਂ ਕੋਈ ਨਾ ਕੋਈ ਮੁਕਾਬਲਾ ਨੇੜੇ ਹੁੰਦਾ ਹੈ।
"ਇਹ ਸਾਡੇ ਲਈ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਖੁਰਾਕ ਤਾਂ ਹਰ ਰੋਜ਼ ਲੋੜੀਂਦੀ ਹੈ। ਦੋ-ਚਾਰ ਦਿਨ ਦੀ ਖੁਰਾਕ ਨਾਲ ਵੱਡੇ ਮੁਕਾਬਲੇ ਜਿੱਤਣੇ ਔਖੇ ਹੋ ਜਾਂਦੇ ਹਨ। ਉਹ ਵੀ ਉਸ ਵੇਲੇ ਜਦੋਂ ਦੂਜਿਆਂ ਸੂਬਿਆਂ ਦੀਆਂ ਖਿਡਾਰਨਾਂ ਸਾਡੇ ਮੁਕਾਬਲੇ ਨਰੋਈਆਂ ਹੋਣ।"
ਰਜਨੀ, ਅੰਜਲੀ ਅਤੇ ਰੀਮਾ ਦੰਗਲ ਫ਼ਿਲਮ ਤੋਂ ਪ੍ਰਭਾਵਿਤ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅੰਜਲੀ ਕਹਿੰਦੀ ਹੈ, "ਅਸੀਂ ਵਾਰ - ਵਾਰ ਦੰਗਲ ਮੂਵੀ ਦੇਖਦੇ ਹਾਂ ਅਤੇ ਸਾਡੇ ਮਨ ਵਿੱਚ ਰੈਸਲਿੰਗ ਲਈ ਉਤਸ਼ਾਹ ਭਰ ਜਾਂਦਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਚੋਣ ਅੰਤਰਰਾਸ਼ਟਰੀ ਪੱਧਰ ਉੱਪਰ ਕੁਸ਼ਤੀ ਖ਼ਿਤਾਬ ਲਈ ਹੋਵੇਗੀ।"
ਰਜਨੀ ਭਾਰਤੀ ਫ਼ੌਜ ਵਿੱਚ ਨੌਕਰੀ ਕਰਨ ਦੀ ਇੱਛਾ ਰੱਖਦੀ ਹੈ।
"ਮੇਰਾ ਸੁਪਨਾ ਹੈ ਕਿ ਮੂੰਹ ਕੁਸ਼ਤੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖ਼ਿਤਾਬ ਜਿੱਤਾਂ ਅਤੇ ਭਾਰਤੀ ਫ਼ੌਜ ਦਾ ਹਿੱਸਾ ਬਣ ਕੇ ਦੇਸ਼ ਦੀ ਸੇਵਾ ਵੀ ਕਰਾਂ। ਮੇਰੀ ਮਿਹਨਤ ਜਾਰੀ ਹੈ ਅਤੇ ਮੈਂ ਸਰਕਾਰ ਅੱਗੇ ਹੱਥ ਵੀ ਅੱਡਦੀ ਹਾਂ ਕਿ ਸਾਨੂੰ ਚੰਗੀ ਖੁਰਾਕ ਮੁਹੱਈਆ ਕਰਵਾਈ ਜਾਵੇ। ਅਜਿਹੀ ਅਪੀਲ ਮੈਂ ਕਈ ਵਾਰ ਕੀਤੀ ਹੈ ਪਰ ਕਿਸੇ ਨੇ ਹਾਲੇ ਤਕ ਤਾਂ ਗੱਲ ਨਹੀਂ ਸੁਣੀ।"

ਤਸਵੀਰ ਸਰੋਤ, Surinder Mann/BBC
ਰਜਨੀ ਅਤੇ ਅੰਜਲੀ ਦੇ ਕੋਚ ਖੁਸ਼ਵਿੰਦਰ ਸਿੰਘ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਦੋਵੇਂ ਕੁੜੀਆਂ ਅੰਤਰਰਾਸ਼ਟਰੀ ਪੱਧਰ ਤੱਕ ਖੇਡਣ ਦੇ ਸਮਰੱਥ ਹਨ ਪਰ ਖੁਰਾਕ ਦੀ ਕਮੀ ਇਨ੍ਹਾਂ ਲਈ ਵੱਡੀ ਚੁਣੌਤੀ ਹੈ।
ਉਹ ਕਹਿੰਦੇ ਹਨ, "ਜਦੋਂ ਟੂਰਨਾਮੈਂਟ ਦੇ ਦਿਨ ਹੁੰਦੇ ਹਨ ਤਾਂ ਸਰਕਾਰੀ ਪੱਧਰ ਤੇ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ ਪਰ ਆਮ ਦਿਨਾਂ ਵਿੱਚ ਅਜਿਹਾ ਵਰਤਾਰਾ ਨਹੀਂ ਹੈ, ਜਿਹੜਾ ਕਿ ਇਨ੍ਹਾਂ ਖਿਡਾਰਨਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੇਰੀ ਤਾਂ ਨਿੱਜੀ ਸੰਸਥਾਵਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਇਨ੍ਹਾਂ ਕੁੜੀਆਂ ਦੇ ਸੁਨਹਿਰੇ ਭਵਿੱਖ ਲਈ ਅੱਗੇ ਆਉਣ ਅਤੇ ਇਨ੍ਹਾਂ ਲਈ ਖੁਰਾਕ ਦਾ ਪ੍ਰਬੰਧ ਕਰਨ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














