ਪਲਕ ਕੋਹਲੀ: ਇੱਕ ਅਣਜਾਣ ਸ਼ਖਸ ਦੀ ਹੱਲਾਸ਼ੇਰੀ ਨਾਲ ਜਲੰਧਰ ਦੀ ਇਸ ਕੁੜੀ ਨੇ ਇੰਝ ਗੱਡੇ ਕਾਮਯਾਬੀ ਦੇ ਝੰਡੇ

ਤਸਵੀਰ ਸਰੋਤ, Getty Images
- ਲੇਖਕ, ਵੰਦਨਾ
- ਰੋਲ, ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀ ਟੀਵੀ ਐਡੀਟਰ
ਪਹਿਲੀ ਨਜ਼ਰ ਵਿੱਚ 19 ਸਾਲ ਦੀ ਪਲਕ ਕੋਹਲੀ ਕਿਸੇ ਵੀ ਆਮ ਟੀਨਏਜਰ ਦੀ ਤਰ੍ਹਾਂ ਦਿਸਦੀ ਹੈ-ਫੁਰਤੀਲੀ, ਜੋਸ਼ੀਲੀ, ਚੰਚਲ-ਸੋਸ਼ਲ ਮੀਡੀਆ 'ਤੇ ਕਿਸੇ ਐਕਸਪਰਟ ਦੀ ਤਰ੍ਹਾਂ ਸਕਰੀਨ ਸਕਰੋਲ ਕਰਨ ਵਾਲੀ।
ਪਰ ਤੁਹਾਡਾ ਇਹ ਨਜ਼ਰੀਆ ਸਿਰਫ਼ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਪਲਕ ਨੂੰ ਬੈਡਮਿੰਟਨ ਕੋਰਟ 'ਤੇ ਨਾ ਦੇਖਿਆ ਹੋਵੇ।
ਬੈਡਮਿੰਟਨ ਕੋਰਟ 'ਤੇ ਪਲਕ ਨੂੰ ਦੇਖਣਾ, ਉਸ ਦਾ ਫੋਰਹੈੱਡ, ਬੈਕਹੈਂਡ ਅਤੇ ਉਸ ਦੀ ਰੈਲੀਜ਼ ਨੂੰ ਦੇਖਣਾ ਕਿਸੇ ਜਾਦੂਈ ਕ੍ਰਿਸ਼ਮੇ ਤੋਂ ਘੱਟ ਨਹੀਂ।
ਪਲਕ ਝਪਕਦੇ ਹੀ ਪਲਕ ਇੱਕ ਅਲੱਗ ਹੀ ਸ਼ਖ਼ਸੀਅਤ ਵਿੱਚ ਤਬਦੀਲ ਹੋ ਜਾਂਦੀ ਹੈ।

ਇਸ ਬਦਲਾਅ ਨੂੰ ਜਜ਼ਬ ਕਰਨ ਵਿੱਚ ਤੁਹਾਨੂੰ ਥੋੜ੍ਹਾ ਵਕਤ ਲੱਗਦਾ ਹੈ।
ਪਲਕ ਦੀ ਇੱਕ ਬਾਂਹ ਪੂਰੀ ਤਰ੍ਹਾਂ ਵਿਕਸਤ ਨਹੀਂ ਹੈ। ਉਹ ਇੱਕ ਬਾਂਹ ਦੀ ਮਦਦ ਨਾਲ ਹੀ ਖੇਡਦੀ ਹੈ।
ਟੋਕਿਓ ਪੈਰਾਲੰਪਿਕ ਵਿੱਚ ਤਿੰਨ ਵਰਗਾਂ ਵਿੱਚ ਖੇਡਣ ਵਾਲੀ 19 ਸਾਲ ਦੀ ਪਲਕ ਇਕਲੌਤੀ ਭਾਰਤੀ ਪੈਰਾਬੈਡਮਿੰਟਨ ਖਿਡਾਰੀ ਸੀ।
ਇੰਨੀ ਘੱਟ ਉਮਰ ਵਿੱਚ ਪੈਰਾਲੰਪਿਕ ਤੱਕ ਪਹੁੰਚਣਾ ਪਲਕ ਲਈ ਵੱਡੀ ਗੱਲ ਸੀ। ਉਪਲੱਬਧੀ ਵੱਡੀ ਸੀ ਤਾਂ ਸੰਘਰਸ਼ ਵੀ ਵੱਡਾ ਅਤੇ ਸਖ਼ਤ ਰਿਹਾ ਹੈ।
ਡਿਸੇਬਿਲਿਟੀ ਨੂੰ ਸੁਪਰ-ਅਬਿਲਿਟੀ ਵਿੱਚ ਤਬਦੀਲ ਕਰਨ ਵਾਲੀ ਪਲਕ
ਅਪਾਹਜ ਲੋਕਾਂ ਲਈ ਪੈਰਾ ਸਪੋਰਟਸ ਨੂੰ ਲੈ ਕੇ ਜਾਣਕਾਰੀ ਦੀ ਇੰਨੀ ਅਣਹੋਂਦ ਹੈ ਕਿ 2016 ਤੱਕ ਪਲਕ ਅਤੇ ਉਸ ਦੇ ਮਾਪਿਆਂ ਨੇ ਇਹ ਸ਼ਬਦ ਤੱਕ ਨਹੀਂ ਸੁਣਿਆ ਸੀ।
ਇਹ ਉਦੋਂ, ਜਦੋਂ ਉਹ ਜਲੰਧਰ ਵਰਗੇ ਸ਼ਹਿਰ ਵਿੱਚ ਰਹਿੰਦੇ ਸਨ। ਪਲਕ ਦੱਸਦੀ ਹੈ ਕਿ ਇਹ ਸਿਰਫ਼ ਇਤਫਾਕ ਹੀ ਸੀ ਕਿ ਇੱਕ ਅਜਨਬੀ ਨੇ ਉਸ ਨੂੰ ਵੈਸੇ ਹੀ ਰਾਹ ਵਿੱਚ ਰੋਕਿਆ ਅਤੇ ਕਿਹਾ ਕਿ ਤੁਸੀਂ ਪੈਰਾ ਬੈਡਮਿੰਟਨ ਕਿਉਂ ਨਹੀਂ ਖੇਡਦੇ ਅਤੇ ਉਸ ਨੂੰ 2016 ਵਿੱਚ ਪਹਿਲੀ ਵਾਰ ਪੈਰਾ ਬੈਡਮਿੰਟਨ ਬਾਰੇ ਪਤਾ ਲੱਗਿਆ।

ਅਤੇ ਉਸੇ ਅਜਨਬੀ ਦੇ ਕਹਿਣ 'ਤੇ ਪਲਕ ਨੇ ਪਹਿਲੀ ਵਾਰ 2017 ਵਿੱਚ ਬੈਡਮਿੰਟਨ ਰੈਕੇਟ ਚੁੱਕਿਆ ਅਤੇ ਖੇਡਣਾ ਸ਼ੁਰੂ ਕੀਤਾ। ਇਹ ਅਣਜਾਣ ਵਿਅਕਤੀ (ਗੌਰਵ ਖੰਨਾ) ਉਸ ਦਾ ਕੋਚ ਬਣਿਆ ਅਤੇ ਦੋ ਸਾਲ ਦੇ ਅੰਦਰ ਅੰਦਰ ਉਹ ਵਿਸ਼ਵ ਪੱਧਰ 'ਤੇ ਟੂਰਨਾਮੈਂਟ ਜਿੱਤਣ ਲੱਗੀ।
ਪਲਕ ਨੇ ਦੱਸਿਆ, ''ਹਰ ਕੋਈ ਤੁਹਾਡੀ ਅਪਾਹਜਤਾ 'ਤੇ ਹੀ ਜ਼ੋਰ ਦਿੰਦਾ ਹੈ। ਬਚਪਨ ਵਿੱਚ ਜਦੋਂ ਵੀ ਕੋਈ ਪਹਿਲੀ ਵਾਰ ਮੈਨੂੰ ਮਿਲਦਾ ਸੀ ਤਾਂ ਇੱਕ ਹੀ ਸਵਾਲ ਪੁੱਛਦਾ ਕਿ ਤੇਰੀ ਬਾਂਹ ਨੂੰ ਕੀ ਹੋਇਆ? ਮੈਂ ਬਸ ਇੰਨਾ ਹੀ ਬੋਲ ਦਿੰਦੀ ਕਿ ਇਹ 'ਬਾਇ ਬਰਥ ਹੈ।'
ਯਾਨੀ ਜਨਮ ਤੋਂ ਹੀ ਅਜਿਹਾ ਹੈ। ਉਦੋਂ ਮੈਂ ਬੱਚੀ ਸੀ ਅਤੇ ਮੈਨੂੰ ਪਤਾ ਵੀ ਨਹੀਂ ਸੀ ਕਿ 'ਬਾਇ ਬਰਥ' ਦਾ ਮਤਲਬ ਕੀ ਹੁੰਦਾ ਹੈ। ਬਸ ਮੈਨੂੰ ਇਹ ਪਤਾ ਸੀ ਕਿ ਕੋਈ ਪੁੱਛੇ ਤਾਂ ਇਹੀ ਰਟਿਆ ਰਟਾਇਆ ਜਵਾਬ ਦੇਣਾ ਹੈ।''
''ਸ਼ੁਰੂ ਵਿੱਚ ਮੈਂ ਕਦੇ ਖੇਡਾਂ ਵਿੱਚ ਹਿੱਸਾ ਲੈਣ ਦਾ ਨਹੀਂ ਸੋਚਿਆ ਕਿਉਂਕਿ ਮੈਂ ਜਦੋਂ ਵੀ ਖੇਡਣ ਜਾਂਦੀ ਹਰ ਕੋਈ ਇਹੀ ਕਹਿੰਦਾ ਕਿ ਤੂੰ ਅਪਾਹਜ ਹੈ, ਇਹ ਤੇਰੇ ਲਈ ਨਹੀਂ ਹੈ।''
ਪਲਕ ਕਹਿੰਦੀ ਹੈ ਕਿ ਲੋਕਾਂ ਦੇ ਨਕਾਰਾਤਮਕ ਰਵੱਈਏ ਦੇ ਬਾਵਜੂਦ ਉਸ ਨੇ ਖੁਦ ਨੂੰ ਹੀ ਚੁਣੌਤੀ ਦੇਣ ਦੀ ਠਾਣ ਲਈ।
''ਮੈਂ ਆਪਣੀ ਡਿਸੇਬਿਲਿਟੀ ਨੂੰ ਸੁਪਰ-ਅਬਿਲਿਟੀ ਵਿੱਚ ਬਦਲ ਦਿੱਤਾ। ਪੈਰਾ ਬੈਡਮਿੰਟਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।''
ਪਲਕ ਇਕੱਲੀ ਨਹੀਂ ਹੈ, ਉਸ ਵਰਗੀਆਂ ਕਈ ਅਪਾਹਜ ਭਾਰਤੀ ਮਹਿਲਾ ਖਿਡਾਰਨਾਂ ਹਨ ਜੋ ਖੇਡਾਂ ਵਿੱਚ ਨਾਮ ਕਮਾ ਰਹੀਆਂ ਹਨ।
ਅਤੇ ਆਪਣੀ ਖੇਡ ਨਾਲ ਉਹ ਨਾ ਸਿਰਫ਼ ਇਤਿਹਾਸ ਰਚ ਰਹੀਆਂ ਹਨ, ਬਲਕਿ ਮੈਡਲ ਵੀ ਜਿੱਤ ਰਹੀਆਂ ਹਨ।
ਉਸ ਤੋਂ ਵੀ ਜ਼ਿਆਦਾ ਅਹਿਮ ਇਹ ਹੈ ਕਿ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਅਪਾਹਜਤਾ ਬਾਰੇ ਆਪਣਾ ਨਜ਼ਰੀਆ ਬਦਲਣ ਲਈ ਪ੍ਰੇਰਿਤ ਅਤੇ ਮਜਬੂਰ ਵੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ:
ਵਿਆਹ ਤੋਂ ਬਾਅਦ ਸਿਮਰਨ ਨੂੰ ਮਿਲਿਆ ਇੱਕ ਹੋਰ ਮੌਕਾ
ਭਾਰਤ ਵਿੱਚ ਅੱਜ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਆਪਣੇ ਹੀ ਘਰ-ਪਰਿਵਾਰ ਅਤੇ ਸਮਾਜ ਦਾ ਵਿਰੋਧ ਝੱਲਣਾ ਪੈਂਦਾ ਹੈ।
ਗਰੀਬੀ ਅਤੇ ਅਪਾਹਜਤਾ ਨੂੰ ਲੈ ਕੇ ਲੋਕਾਂ ਦਾ ਰਵੱਈਆ ਖਿਡਾਰੀਆਂ ਦੇ ਰਾਹ ਹੋਰ ਵੀ ਮੁਸ਼ਕਿਲ ਬਣਾ ਦਿੰਦਾ ਹੈ।
ਅਤੇ ਜੇਕਰ ਉਹ ਖਿਡਾਰੀ ਮਹਿਲਾ ਹੋਵੇ ਤਾਂ ਮੁਸ਼ਕਿਲਾਂ ਦੁੱਗਣੀਆਂ ਹੋ ਜਾਂਦੀਆਂ ਹਨ।
23 ਸਾਲ ਦੀ ਸਿਮਰਨ ਭਾਰਤ ਦੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ ਜਿਸ ਨੇ ਟੋਕਿਓ ਪੈਰਾਲੰਪਿਕਸ ਲਈ 100 ਮੀਟਰ ਦੌੜ ਵਿੱਚ ਕਵਾਲੀਫਾਈ ਕੀਤਾ ਸੀ।
ਉਸ ਦਾ ਪ੍ਰੀਮੈਚਯੋਰ ਬਰਥ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਬਚਪਨ ਤੋਂ ਹੀ ਨੁਕਸ ਸੀ।
ਟੋਕਿਓ ਪੈਰਾਲੰਪਿਕਸ ਤੋਂ ਪਹਿਲਾਂ ਹੋਈ ਗੱਲਬਾਤ ਵਿੱਚ ਸਿਮਰਨ ਨੇ ਦੱਸਿਆ ਸੀ, ''ਮੇਰੀਆਂ ਅੱਖਾਂ ਠੀਕ ਨਹੀਂ ਹਨ, ਮਤਲਬ ਮੈਂ ਇੱਕ ਚੀਜ਼ 'ਤੇ ਠੀਕ ਢੰਗ ਨਾਲ ਫੋਕਸ ਨਹੀਂ ਕਰ ਸਕਦੀ, ਇਸ ਲਈ ਬਚਪਨ ਵਿੱਚ ਮੇਰੇ ਆਪਣੇ ਰਿਸ਼ਤੇਦਾਰ ਮੈਨੂੰ ਬੁਲੀ ਕਰਦੇ ਅਤੇ ਮੇਰਾ ਮਜ਼ਾਕ ਉਡਾਉਂਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਇਹ ਲੜਕੀ ਦੇਖਦੀ ਕਿਧਰੇ ਹੋਰ ਹੈ ਅਤੇ ਗੱਲ ਕਿਧਰੇ ਹੋਰ ਕਰਦੀ ਹੈ। ਮੈਨੂੰ ਬਹੁਤ ਬੁਰਾ ਲੱਗਦਾ ਸੀ।''
ਸਿਮਰਨ ਦੀ ਖਾਸੀਅਤ ਇਹ ਸੀ ਕਿ ਉਹ ਬਚਪਨ ਤੋਂ ਹੀ ਬਹੁਤ ਚੰਗੀ ਦੌੜਾਕ ਸੀ, ਪਰ ਮਾਂ-ਬਾਪ ਕੋਲ ਪੈਸੇ ਨਹੀਂ ਸਨ। 18 ਸਾਲ ਦੀ ਉਮਰ ਵਿੱਚ ਸਿਮਰਨ ਦਾ ਵਿਆਹ ਹੋ ਗਿਆ।
ਪਰ ਉਸ ਦੇ ਕੋਚ ਦੇ ਮਾਰਗ ਦਰਸ਼ਨ ਵਿੱਚ ਸਿਮਰਨ ਨੂੰ ਵਿਆਹ ਦੇ ਬਾਅਦ ਇੱਕ ਹੋਰ ਮੌਕਾ ਮਿਲਿਆ ਆਪਣੇ ਸੁਪਨੇ ਸੱਚ ਕਰਨਾ ਦਾ। ਆਪਣੀ ਜ਼ਿੰਦਗੀ ਜਿਉਣ ਦਾ।
ਇਹ ਕੋਚ ਉਸ ਦੇ ਪਤੀ ਵੀ ਸਨ। ਹਾਲਾਂਕਿ ਉਸ ਦੇ ਪਤੀ ਦੇ ਪਿੰਡ ਵਿੱਚ ਉਸ ਗੱਲ ਨੂੰ ਲੈ ਕੇ ਕਾਫ਼ੀ ਬਵਾਲ ਹੋਇਆ ਸੀ ਕਿ ਘਰ ਚਲਾਉਣ ਦੀ ਬਜਾਏ ਇੱਕ ਨਵ ਵਿਆਹੀ ਲਾੜੀ ਬਾਹਰ ਜਾ ਕੇ ਰੋਜ਼ ਦੌੜ ਲਗਾ ਰਹੀ ਹੈ।
ਪਰ ਸਿਮਰਨ ਅਤੇ ਉਸ ਦੇ ਪਤੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। 2019 ਅਤੇ 2021 ਵਿੱਚ ਸਿਮਰਨ ਨੇ ਵਰਲਡ ਪੈਰਾ ਅਥਲੈਟਿਕਸ ਗੋਲਡ ਮੈਡਲ ਜਿੱਤਿਆ।
ਸਿਮਰਨ ਦੱਸਦੀ ਹੈ ਕਿ ਜੋ ਪਰਿਵਾਰ ਉਸ ਨੂੰ ਅਪਾਹਜਤਾ ਲਈ ਚਿੜਾਉਂਦੇ ਸਨ, ਉਹ ਅੱਜ ਉਸ ਦੀ ਵਾਹ ਵਾਹੀ ਕਰਦੇ ਹਨ।
ਹੌਲੀ ਹੌਲੀ ਹੀ ਸਹੀ, ਮਹਿਲਾ ਪੈਰਾ ਖਿਡਾਰੀਆਂ ਨੇ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
'ਅਪਾਹਜ ਖਿਡਾਰੀਆਂ ਨੂੰ ਕਿਸੇ ਦੀ ਹਮਦਰਦੀ ਨਹੀਂ ਚਾਹੀਦੀ'
ਪੈਰਾ ਸ਼ੂਟਰ ਅਵਨੀ ਲੇਖਰਾ ਬਾਰੇ ਤਾਂ ਹੁਣ ਸਭ ਜਾਣਦੇ ਹਨ। 19 ਸਾਲ ਦੀ ਅਵਨੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ ਜਿਸ ਨੇ ਪੈਰਾਲੰਪਿਕਸ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਅਵਨੀ 2021 ਲਈ 'ਬੀਬੀਸੀ ਇੰਡੀਅਨ ਸਪੋਰਟਸਵੁਮੈਨ ਆਫ ਦਿ ਈਯਰ' ਦੀ ਨਾਮਿਨੀ ਵੀ ਹੈ।
10 ਸਾਲ ਦੀ ਉਮਰ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਉਦੋਂ ਤੋਂ ਵ੍ਹੀਲਚੇਅਰ 'ਤੇ ਹੈ। ਪੈਰਸ਼ੂਟਿੰਗ ਨੇ ਉਸ ਨੂੰ ਜਿਵੇਂ ਇੱਕ ਨਵੀਂ ਜ਼ਿੰਦਗੀ ਦਿੱਤੀ।
ਬਾਵਜੂਦ ਇਸ ਦੇ ਕਿ ਜਿਸ ਸ਼ੂਟਿੰਗ ਰੇਂਜ 'ਤੇ ਉਹ ਜਾਂਦੀ ਸੀ, ਉੱਥੇ ਅਪਾਹਜ ਖਿਡਾਰੀਆਂ ਲਈ ਰੈਂਪ ਤੱਕ ਨਹੀਂ ਸੀ। ਉਹ ਰੈਂਪ ਉਸ ਨੇ ਖੁਦ ਲਗਵਾਇਆ।
ਸ਼ੁਰੂ ਸ਼ੁਰੂ ਵਿੱਚ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੈਰਾ ਸ਼ੂਟਰਜ਼ ਲਈ ਜੋ ਖਾਸ ਕਿਸਮ ਦੇ ਉਪਕਰਨ ਚਾਹੀਦੇ ਹਨ, ਉਹ ਕਿਵੇਂ ਅਤੇ ਕਿੱਥੋਂ ਮਿਲਣਗੇ।
ਵ੍ਹੀਲਚੇਅਰ ਨੇ ਅਵਨੀ ਨੂੰ ਤੁਰਨ ਫਿਰਨ ਤੋਂ ਬੇਸ਼ੱਕ ਰੋਕ ਦਿੱਤਾ ਹੋਵੇ, ਪਰ ਉਸ ਦੇ ਸੁਪਨਿਆਂ ਦੀ ਉਡਾਣ ਨੂੰ ਨਹੀਂ।
ਜੈਪੁਰ ਵਿੱਚ ਸ਼ੂਟਿੰਗ ਰੇਂਜ 'ਤੇ ਅਵਨੀ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮੈਨੂੰ ਮਿਲਿਆ ਸੀ ਅਤੇ ਉਸ ਨੂੰ ਖੇਡਦੇ ਦੇਖ ਦੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੈਰਾ ਸ਼ੂਟਿੰਗ ਵਿੱਚ ਉਹ ਕਿਉਂ ਟੌਪ 'ਤੇ ਹੈ।

ਤਸਵੀਰ ਸਰੋਤ, Getty Images
ਕਮਾਲ ਦਾ ਕਸਨਟਰੇਸ਼ਨ, ਹਮੇਸ਼ਾ ਪਰਫੈਕਟ ਹੋਣ ਦੀ ਚਾਹ ਅਤੇ ਕਿਸੇ ਸੂਫੀ ਵਰਗਾ ਫ਼ਲਸਫ਼ਾ…ਇਹ ਸਭ ਉਸ ਨੂੰ ਸਭ ਤੋਂ ਅਲੱਗ ਬਣਾਉਂਦਾ ਹੈ।
ਅਵਨੀ ਕਹਿੰਦੀ ਹੈ, ''ਅਪਾਹਜ ਖਿਡਾਰੀਆਂ ਨੂੰ ਕਿਸੇ ਦੀ ਹਮਦਰਦੀ ਨਹੀਂ ਚਾਹੀਦੀ, ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਵ੍ਹੀਲਚੇਅਰ 'ਤੇ ਬੈਠ ਕੇ ਖੇਡਦੇ ਹਾਂ ਤਾਂ ਸਾਡੇ ਲਈ ਆਸਾਨ ਹੁੰਦਾ ਹੋਵੇਗਾ। ਮੈਂ ਬਸ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਵੀ ਆਮ ਖਿਡਾਰੀਆਂ ਦੀ ਤਰ੍ਹਾਂ ਓਨੀ ਹੀ ਮਿਹਨਤ ਕਰਦੇ ਹਾਂ। ਸਾਨੂੰ ਵੀ ਸਮਾਨ ਮੌਕੇ ਮਿਲਣੇ ਚਾਹੀਦੇ ਹੈ।''
ਕੁਝ ਸਾਲ ਪਹਿਲਾਂ ਤੱਕ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਅਪਾਹਜ ਖਿਡਾਰੀਆਂ, ਖ਼ਾਸ ਕਰਕੇ ਮਹਿਲਾ ਖਿਡਾਰਨਾਂ ਨੂੰ ਮੀਡੀਆ ਵਿੱਚ ਵੀ ਓਨੀ ਕਵਰੇਜ ਨਹੀਂ ਮਿਲਦੀ ਸੀ।
ਕੋਚ ਦੀ ਘਾਟ ਇੱਕ ਵੱਡੀ ਰੁਕਾਵਟ
ਪਰ ਹੁਣ ਇੱਕ ਹੌਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਗੁਜਰਾਤ ਦੀ ਪਾਰੁਲ ਪਰਮਾਰ ਜਦੋਂ ਵਰਲਡ ਪੈਰਾ ਬੈਡਮਿੰਟਨ ਚੈਂਪੀਅਨ ਬਣੀ ਤਾਂ ਕੁਝ ਆਹਟ ਹੋਈ।
2019 ਵਿੱਚ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ਜਿੱਤੀ। ਠੀਕ ਉਸੀ ਸਮੇਂ ਭਾਰਤੀ ਪੈਰਾਬੈਡਮਿੰਟਨ ਖਿਡਾਰੀ ਮਾਨਸੀ ਜੋਸ਼ੀ ਵੀ ਵਰਲਡ ਚੈਂਪੀਅਨ ਬਣੀ ਤਾਂ ਲੋਕਾਂ ਵਿੱਚ ਪੈਰਾਬੈਡਮਿੰਟਨ ਅਤੇ ਅਪਾਹਜ ਖਿਡਾਰੀਆਂ ਨੂੰ ਲੈ ਕੇ ਖੁੱਲ੍ਹ ਕੇ ਗੱਲਾਂ ਹੋਈਆਂ।
ਇੱਕ ਸੜਕ ਦੁਰਘਟਨਾ ਦੇ ਬਾਅਦ ਮਾਨਸੀ ਦੀ ਲੱਤ ਨੂੰ ਕੱਟਣਾ ਪਿਆ ਸੀ।
ਪੈਰਾ ਸਪੋਰਟ ਨੂੰ ਲੈ ਕੇ ਛੋਟੇ ਸ਼ਹਿਰਾਂ-ਕਸਬਿਆਂ ਵਿੱਚ ਜਾਣਕਾਰੀ ਦੀ ਅਣਹੋਂਦ, ਜੈਂਡਰ ਦੇ ਨਾਂ 'ਤੇ ਮਹਿਲਾ ਖਿਡਾਰੀਆਂ ਨਾਲ ਭੇਦਭਾਵ, ਅਪਾਹਜ ਖਿਡਾਰੀਆਂ ਦੀ ਸਹੂਲਤ ਦੇ ਹਿਸਾਬ ਨਾਲ ਬਣੇ ਸਟੇਡੀਅਮਾਂ ਦੀ ਘਾਟ-ਇਹ ਕੁਝ ਕਾਰਨ ਹਨ ਜਿਸ ਦੀ ਵਜ੍ਹਾ ਨਾਲ ਅਪਾਹਜ ਮਹਿਲਾ ਖਿਡਾਰਨਾਂ ਖੇਡ ਵਿੱਚ ਪਿੱਛੇ ਛੁਟ ਜਾਂਦੀਆਂ ਹਨ।
ਕੋਚ ਦੀ ਘਾਟ ਵੀ ਇੱਕ ਵੱਡੀ ਰੁਕਾਵਟ ਹੈ। ਬੀਬੀਸੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਮਾਨਸੀ ਜੋਸ਼ੀ ਦੇ ਕੋਚ ਰਹੇ ਗੋਪੀਚੰਦ ਨੇ ਕਿਹਾ ਸੀ, ''ਮੈਨੂੰ ਕਈ ਵੀਡਿਓ ਦੇਖਣੇ ਪਏ ਸਨ ਇਹ ਸਮਝਣ ਲਈ ਕਿ ਇੱਕ ਅਪਾਹਜ ਖਿਡਾਰੀ ਨੂੰ ਟਰੇਂਡ ਕਰਨ ਦਾ ਬਿਹਤਰ ਤਰੀਕਾ ਕੀ ਹੈ। ਇੱਥੋਂ ਤੱਕ ਕਿ ਮੈਂ ਇੱਕ ਲੱਤ ਦੇ ਸਹਾਰੇ ਖੇਡਣ ਦੀ ਵੀ ਕੋਸ਼ਿਸ਼ ਕੀਤੀ ਤਾਂ ਕਿ ਸਮਝ ਸਕਾਂ। ਫਿਰ ਮੈਂ ਆਪਣੇ ਸਟਾਫ ਨਾਲ ਮਿਲ ਕੇ ਮਾਨਸੀ ਲਈ ਇੱਕ ਸਪੈਸ਼ਲ ਟਰੇਨਿੰਗ ਮੌਡਿਊਲ ਬਣਾਇਆ।''
ਚੁਣੌਤੀਆਂ ਕਈ ਹਨ, ਪਰ ਭਾਰਤ ਦੀਆਂ ਅਪਾਹਜ ਮਹਿਲਾ ਖਿਡਾਰਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੂੰ ਸਹੀ ਮੌਕਾ ਅਤੇ ਸਹੀ ਸੁਵਿਧਾਵਾਂ ਮਿਲਣ ਤਾਂ ਉਹ ਕਿਸੇ ਤੋਂ ਘੱਟ ਨਹੀਂ।
ਦੀਪਾ ਮਲਿਕ ਪੈਰਾਲੰਪਿਕ ਕਮੇਟੀ ਆਫ ਇੰਡੀਆ ਦੀ ਪ੍ਰਧਾਨ ਹੈ ਅਤੇ ਪੈਰਾਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਉਨ੍ਹਾਂ ਨੇ 2016 ਵਿੱਚ ਸਿਲਵਰ ਦਾ ਮੈਡਲ ਜਿੱਤਿਆ ਸੀ।

2021 ਆਉਂਦੇ ਆਉਂਦੇ, ਮਹਿਲਾ ਖਿਡਾਰਨਾਂ ਨੇ ਇਸ ਕਾਂਸੀ ਨੂੰ ਸਿਲਵਰ ਅਤੇ ਗੋਲਡ ਵਿੱਚ ਬਦਲ ਦਿੱਤਾ ਹੈ।
34 ਸਾਲ ਦੀ ਭਾਵਿਨਾ ਹਸਮੁਖਭਾਈ ਪਟੇਲ ਟੋਕਿਓ ਪੈਰਾਲੰਪਿਕਸ ਵਿੱਚ ਟੇਬਲ ਟੈਨਿਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।
ਉਸ ਦੇ ਕੋਚ ਲੱਲਨਭਾਈ ਦੋਸ਼ੀ ਕਹਿੰਦੇ ਹਨ ਕਿ ਇਹ ਗੱਲ ਗੌਰ ਕਰਨ ਲਾਇਕ ਅਤੇ ਕਾਬਿਲੇ ਤਾਰੀਫ਼ ਹੈ ਕਿ ਭਾਵੀਨਾ 13 ਸਾਲ ਤੋਂ ਟੈਨਿਸ ਖੇਡ ਰਹੀ ਹੈ ਅਤੇ ਇਸ ਦੌਰਾਨ ਉਹ ਨੌਕਰੀ ਵੀ ਕਰਦੀ ਰਹੀ ਅਤੇ ਵਿਆਹ ਦੇ ਬਾਅਦ ਆਪਣਾ ਘਰ ਵੀ ਸੰਭਾਲਿਆ।
ਅਪਾਹਜ ਖਿਡਾਰੀਆਂ ਨੂੰ ਲੈ ਕੇ ਨਕਾਰਾਤਮਕ ਸੋਚ ਬਣੀ ਹੋਈ ਹੈ, ਪਰ ਨਾਲ ਹੀ ਬਦਲਾਅ ਦੀ ਆਹਟ ਵੀ ਦਿਖਾਈ ਅਤੇ ਸੁਣਾਈ ਦਿੰਦੀ ਹੈ।
'ਪੈਰਾ ਸਪੋਰਟ ਨੇ ਮੇਰੀ ਜਾਨ ਬਚਾਈ ਹੈ'
ਵ੍ਹੀਲਚੇਅਰ 'ਤੇ ਬੈਠ ਕੇ ਖੇਡਣ ਵਾਲੀ ਭਾਵੀਨਾ ਨੂੰ ਆਪਣੇ ਪਤੀ ਅਤੇ ਪਿਤਾ ਦੋਵਾਂ ਦਾ ਪੂਰਾ ਸਾਥ ਮਿਲਿਆ।
21 ਸਾਲ ਦੀ ਰੂਬਿਨਾ ਦੀ ਕਹਾਣੀ ਵੀ ਕੁਝ ਅਲੱਗ ਨਹੀਂ ਹੈ। ਰੂਬਿਨਾ ਦੇ ਪਿਤਾ ਜਬਲਪੁਰ ਵਿੱਚ ਮਕੈਨਿਕ ਅਤੇ ਮਾਂ ਨਰਸ ਹੈ।
ਪਿਛਲੇ ਸਾਲ ਪੇਰੂ ਵਿੱਚ ਰੂਬਿਨਾ ਨੇ ਪੈਰਾ ਸ਼ੂਟਿੰਗ ਵਰਲਡ ਕੱਪ ਵਿੱਚ ਗੋਲਡ ਮੈਡਲ ਜਿੱਤਿਆ।
ਰੂਬਿਨਾ ਦੱਸਦੀ ਹੈ, ''ਪੈਸਿਆਂ ਦੀ ਘਾਟ ਅਤੇ ਜਾਗਰੂਕਤਾ ਦੀ ਘਾਟ ਦੀ ਵਜ੍ਹਾ ਨਾਲ ਬਚਪਨ ਵਿੱਚ ਮੇਰਾ ਇਲਾਜ ਨਹੀਂ ਹੋ ਸਕਿਆ। ਇਸ ਵਜ੍ਹਾ ਨਾਲ ਮੈਂ ਹਮੇਸ਼ਾ ਲਈ ਅਪਾਹਜ ਹੋ ਗਈ। ਸਾਡੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਹੈ, ਪਰ ਮੇਰੇ ਮਾਤਾ-ਪਿਤਾ ਮੈਨੂੰ ਰਾਜਕੁਮਾਰੀ ਦੀ ਤਰ੍ਹਾਂ ਰੱਖਦੇ ਹਨ। ਪੈਰਾ ਸ਼ੂਟਿੰਗ ਵਿੱਚ ਅੱਗੇ ਵਧਣ ਦਾ ਮੇਰਾ ਸੁਪਨਾ ਉਨ੍ਹਾਂ ਲਈ ਸਭ ਕੁਝ ਹੈ। ਸ਼ੂਟਿੰਗ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ।''
ਜਿੰਨੀਆਂ ਵੀ ਅਪਾਹਜ ਮਹਿਲਾ ਖਿਡਾਰਨਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਇਹ ਮੰਨਦੀਆਂ ਹਨ ਕਿ ਪੈਰਾ ਸਪੋਰਟ ਨੇ ਉਨ੍ਹਾਂ ਦੀ ਜ਼ਿੰਦਗੀ ਤਬਦੀਲ ਕਰ ਦਿੱਤੀ ਹੈ।

ਤਸਵੀਰ ਸਰੋਤ, Getty Images
ਸਿਮਰਨ, ''ਦਰਅਸਲ ਪੈਰਾ ਸਪੋਰਟ ਨੇ ਮੇਰੀ ਜਾਨ ਬਚਾਈ ਹੈ। ਮੈਨੂੰ ਬਚਾਇਆ ਹੈ, ਮੈਨੂੰ ਇੱਕ ਨਵੀਂ ਪਛਾਣ ਦਿੱਤੀ ਹੈ। ਇੱਕ ਅਪਾਹਜ ਵਿਅਕਤੀ ਅਤੇ ਇੱਕ ਮਹਿਲਾ ਹੁੰਦੇ ਹੋਏ ਇਸ ਖੇਡ ਨੇ ਮੈਨੂੰ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਸਨਮਾਨ ਦਿਵਾਇਆ ਹੈ।''
ਪਿਛਲੇ ਸਾਲ ਟੋਕਿਓ ਪੈਰਾਲੰਪਿਕ ਵਿੱਚ ਮਹਿਲਾ ਖਿਡਾਰਨਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਸੀ, ਪਰ ਅਵਨੀ ਲੇਖਰਾ ਇਸ ਵਿੱਚ ਵੀ ਨਵੀਂ ਉਮੀਦ ਦੇਖਦੀ ਹੈ।
ਉਹ ਕਹਿੰਦੀ ਹੈ, ''ਇੱਕ ਮਹਿਲਾ ਖਿਡਾਰੀ ਹੋਣਾ ਥੋੜ੍ਹਾ ਮੁਸ਼ਕਿਲ ਤਾਂ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਪਰਿਵਾਰ ਲੜਕੀਆਂ ਨੂੰ ਇਕੱਲੇ ਨਹੀਂ ਜਾਣ ਦਿੰਦੇ। ਇਸ ਨਾਲ ਖਰਚ ਵੀ ਵਧ ਜਾਂਦਾ ਹੈ। ਇਸ ਲਈ ਮਹਿਲਾ ਖਿਡਾਰੀਆਂ ਨੂੰ ਘੱਟ ਮੌਕੇ ਮਿਲਦੇ ਹਨ, ਪਰ ਜਿੰਨੇ ਵੀ ਮੌਕੇ ਉਨ੍ਹਾਂ ਨੂੰ ਮਿਲ ਰਹੇ ਹਨ, ਭਾਰਤੀ ਮਹਿਲਾ ਖਿਡਾਰਨਾਂ ਬਹੁਤ ਚੰਗਾ ਕਰ ਰਹੀਆਂ ਹਨ। ਇਸ ਵਿੱਚ ਅਪਾਹਜ ਖਿਡਾਰੀ ਵੀ ਸ਼ਾਮਲ ਹੈ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
''ਤੁਸੀਂ ਦੇਖਣਾ ਆਉਣ ਵਾਲੇ ਦਿਨਾਂ ਵਿੱਚ ਪੁਰਸ਼ ਅਤੇ ਮਹਿਲਾ ਖਿਡਾਰੀ ਬਰਾਬਰ ਮੈਡਲ ਜਿੱਤ ਕੇ ਆਉਣਗੇ। ਅਜੇ ਰਸਤਾ ਲੰਬਾ ਹੈ, ਪਰ ਅਸੀਂ ਸਹੀ ਰਸਤੇ 'ਤੇ ਹਾਂ।''
ਅਵਨੀ ਦੀਆਂ ਇਹ ਗੱਲਾਂ ਮਨ ਵਿੱਚ ਪਿਆਰੀ ਜਿਹੀ ਉਮੀਦ ਜਗਾਉਂਦੀਆਂ ਹਨ।
ਜਿਵੇਂ ਪਲਕ ਕਹਿੰਦੀ ਹੈ, ''ਚਾਹੇ ਪੂਰੀ ਦੁਨੀਆ ਤੁਹਾਨੂੰ ਕਹੇ ਕਿ ਤੁਸੀਂ ਆਪਣੇ ਸੁਪਨੇ ਹਾਸਲ ਨਹੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਮਹਿਲਾ ਹੋ ਅਤੇ ਤੁਸੀਂ ਅਪਾਹਜ ਹੋ, ਪਰ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਇਹੀ ਕਹੋ ਕਿ ਦੁਨੀਆ ਵਿੱਚ ਸਭ ਕੁਝ ਮੁਮਕਿਨ ਹੈ। ਜੇਕਰ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

















