ਪੰਜਾਬ ਚੋਣ ਨਤੀਜੇ: ਭਗਵੰਤ ਮਾਨ ਦੇ ਸਾਹਮਣੇ ਮੁੱਖ ਮੰਤਰੀ ਬਣਦਿਆਂ ਹੀ ਇਹ 5 ਚੁਣੌਤੀਆਂ ਹੋਣਗੀਆਂ

ਵੀਡੀਓ ਕੈਪਸ਼ਨ, ਭਗਵੰਤ ਮਾਨ ਦੇ ਸਾਹਮਣੇ ਮੁੱਖ ਮੰਤਰੀ ਬਣਦਿਆਂ ਹੀ ਇਹ 5 ਚੁਣੌਤੀਆਂ ਹੋਣਗੀਆਂ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ।

ਸੱਤਾਧਾਰੀ ਕਾਂਗਰਸ ਪਾਰਟੀ ਨੂੰ ਸਿਰਫ਼ 18 ਸੀਟਾਂ ਮਿਲੀਆਂ ਅਤੇ ਪੰਜਾਬ ਦੀ 100 ਪੁਰਾਣੀ ਸਿਆਸੀ ਪਾਰਟੀ ਅਕਾਲੀ ਦਲ ਕੇਵਲ 3 ਸੀਟਾਂ ਤੱਕ ਸਿਮਟ ਗਈ ਹੈ।

ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੰਨਾ ਵੱਡਾ ਫ਼ਤਵਾ ਦਿੱਤਾ ਹੈ, ਉਸ ਤੋਂ ਸਾਫ਼ ਹੈ ਕਿ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਕਿੰਨੀਆਂ ਵੱਡੀਆਂ ਹਨ।

ਇਨ੍ਹਾਂ ਆਸਾਂ ਨੂੰ ਪੂਰਾ ਕਰਨਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਈ ਵੱਡੀ ਚੁਣੌਤੀ ਹੋਵੇਗਾ।

ਫਿਲਹਾਲ ਦੇਖਦੇ ਹਾਂ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਅੱਗੇ ਮੁੱਖ ਮੰਤਰੀ ਬਣਦਿਆਂ ਸਾਰ ਕਿਹੜੀਆਂ 5 ਮੁੱਖ ਚੁਣੌਤੀਆਂ ਹਨ।

ਪਹਿਲੀ ਚੁਣੌਤੀ: ਮੁਫ਼ਤ ਭਲਾਈ ਸਕੀਮਾਂ ਲਈ ਬਜਟ

ਪੰਜਾਬ ਸਿਰ ਇਸ ਸਮੇਂ ਕਰੀਬ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪਰ ਆਮ ਆਦਮੀ ਪਾਰਟੀ ਨੇ ਅਨੇਕਾਂ ਮੁਫ਼ਤ ਸਹੂਲਤਾਂ ਵਰਗੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ।

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਉੱਤੇ 24 ਘੰਟੇ ਬਿਜਲੀ ਸਪਲਾਈ, ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ, ਬਿਜਲੀ ਦੇ ਘਰੇਲੂ ਬਿੱਲ ਪੁਰਾਣੇ ਬਕਾਇਆ ਬਿੱਲ ਮਾਫ਼ ਕਰਨ ਦਾ ਵਾਅਦਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਔਰਤਾਂ ਨੂੰ 1000-2000 ਰੁਪਏ ਦੇ ਸਿਆਸੀ ਵਾਅਦਿਆਂ ਬਾਰੇ ਪੰਜਾਬਣਾਂ ਦੀ ਰਾਇ (ਵੀਡੀਓ 12 ਫ਼ਰਵਰੀ 2022 ਦਾ ਹੈ)

ਇਸ ਤੋਂ ਇਲਾਵਾ ਦਿੱਲੀ ਦੀ ਤਰਜ ਉੱਤੇ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਵਾਰਡ ਤੇ ਪਿੰਡ ਵਿੱਚ 16,000 ਕਲੀਨਿਕ ਖੋਲ੍ਹਣ, ਸਸਤਾ, ਵਧੀਆ ਤੇ ਮੁਫ਼ਤ ਇਲਾਜ ਦੇਣ ਦੀ ਗੱਲ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਨੇ ਇਨ੍ਹਾਂ ਵਾਅਦਿਆਂ ਨੂੰ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਨਾਂ ਦਿੱਤਾ ਸੀ, ਜਿਸ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

ਕੇਜਰੀਵਾਲ ਦੀ ਇੱਕ ਗਾਰੰਟੀ ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫ਼ਤ ਸਿੱਖਿਆ ਦੇਣ, ਐੱਸ ਸੀ ਭਾਈਚਾਰੇ ਦੇ ਬੱਚਿਆਂ ਲਈ ਪੇਸ਼ੇਵਰ ਕੋਰਸਾਂ ਵਿੱਚ ਦਾਖਲੇ ਲਈ ਕੋਚਿੰਗ ਫੀਸ ਸਰਕਾਰ ਵਲੋਂ ਭਰਨ ਦੀ ਵੀ ਹੈ।

ਇਸ ਗਾਰੰਟੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਐੱਸਸੀ ਬੱਚਾ ਬੀਏ, ਐੱਮਏ ਦੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੇਗਾ ਤਾਂ ਸਾਰਾ ਖਰਚ ਸਰਕਾਰ ਕਰੇਗੀ।

ਕੇਜਰੀਵਾਲ ਨੇ ਵਾਅਦਾ ਕੀਤਾ ਹੋਇਆ ਹੈ ਕਿ ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ, ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਵਿਦੇਸ਼ਾਂ ਤੋਂ ਸਿਖਲਾਈ ਦੁਆਈ ਜਾਵੇਗੀ, ਸਮੇਂ ਸਿਰ ਪ੍ਰਮੋਸ਼ਨ, ਕੈਸ਼ਲੈੱਸ ਬੀਮਾ ਅਤੇ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ।

ਕੇਜਰੀਵਾਲ

ਪਰ ਇੱਥੇ ਸਵਾਲ ਇਹ ਹੈ ਕਿ ਇਨ੍ਹਾਂ ਮੁਫਤ ਸਕੀਮਾਂ ਲਈ ਬਜਟ ਕਿੱਥੋਂ ਆਵੇਗਾ।

ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਰਹੇ ਹਨ ਕਿ ਉਹ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਅਤੇ ਰੇਤ ਮਾਫੀਏ ਉੱਤੇ ਸਰਕਾਰੀ ਕੰਟਰੋਲ ਕਰਕੇ ਫੰਡ ਜੁਟਾ ਲੈਣਗੇ।

ਪਰ ਮਾਹਰ ਸਵਾਲ ਕਰਦੇ ਹਨ ਕਿ ਕੀ ਇਹ ਇੰਨਾ ਅਸਾਨ ਹੈ?

ਦੂਜੀ ਚੁਣੌਤੀ: ਦਿੱਲੀ ਦੇ ਗਲਬੇ ਤੋਂ ਫੈਸਲੇ ਲੈਣਾ

ਆਮ ਆਦਮੀ ਪਾਰਟੀ ਉੱਤੇ ਪੰਜਾਬ ਵਿੱਚ ਸਭ ਤੋਂ ਵੱਡਾ ਇਲਜਾਮ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਰਿਮੋਟ ਨਾਲ ਚਲਾਉਂਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਅਰਵਿੰਦ ਕੇਜਰੀਵਾਲ ਬਾਰੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ''ਬਾਹਰੀ ਲੋਕ ਦਿੱਲੀ ਤੋਂ ਆਕੇ ਪੰਜਾਬ ਉੱਤੇ ਕਬਜਾ ਕਰ ਲੈਣਗੇ''।

ਕੇਜਰੀਵਾਲ ਤੇ ਭਗਵੰਤ ਮਾਨ

ਤਸਵੀਰ ਸਰੋਤ, AAP punjab/FB

ਭਾਵੇਂ ਕਿ ਇਸ ਮੁੱਦੇ ਦੀ ਹੁਣ ਕੋਈ ਤੁਕ ਨਹੀਂ ਹੈ, ਪਰ ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਇਹ ਗੱਲ ਸਵਿਕਾਰ ਕਰਦੇ ਹਨ ਕਿ ਭਗਵੰਤ ਮਾਨ ਨੂੰ ਅਜ਼ਾਦ ਤੌਰ 'ਤੇ ਫ਼ੈਸਲੇ ਲੈਣ ਦੀ ਖੁੱਲ੍ਹ ਅਰਵਿੰਦ ਕੇਜਰੀਵਾਲ ਨਹੀਂ ਦੇਣਗੇ।

ਇਹ ਗੱਲ ਵੀ ਪਹਿਲਾਂ ਵੀ ਪਤਾ ਹੈ ਕਿ ਪੰਜਾਬ ਦੇ ਆਗੂਆਂ ਨੂੰ ਖੁਦਮੁਖਤਿਆਰੀ ਨਾਲ ਕੰਮ ਕਰਨ ਦਾ ਅਧਿਕਾਰ ਦੇਣ ਦੇ ਮੁੱਦੇ ਉੱਤੇ ਪਾਰਟੀ ਪਹਿਲਾਂ ਵੀ ਦੋਫਾੜ ਹੋ ਚੁੱਕੀ ਹੈ।

ਸੁਖਪਾਲ ਖਹਿਰਾ, ਪਿਰਮਲ ਸਿੰਘ ਖਾਲਸਾ, ਕੰਵਰ ਸੰਧੂ, ਧਰਮਵੀਰ ਗਾਂਧੀ ਵਰਗੇ ਕਈ ਆਗੂ ਪਾਰਟੀ ਵਿੱਚੋਂ ਬਗਾਵਤ ਕਰਕੇ ਬਾਹਰ ਗਏ ਸਨ।

ਹੁਣ ਇਹ ਦੇਖਣਾ ਰੋਚਕ ਹੋਵੇਗਾ ਕਿ ਭਗਵੰਤ ਮਾਨ ਦਿੱਲੀ ਦੇ ਹਾਈਕਮਾਂਡ ਕਲਚਰ ਅਤੇ ਦਿੱਲੀ ਤੋਂ ਪੰਜਾਬ ਵਿੱਚ ਬੈਠੇ ਹਲਕਾ ਇੰਚਾਰਜ ਕਲਚਰ ਤੋਂ ਕਿਵੇਂ ਖਹਿੜਾ ਛੁਡਾਉਂਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤੀਜੀ ਚੁਣੌਤੀ: ਪਾਰਦਰਸ਼ੀ ਤੇ ਇਮਾਨਦਾਰੀ ਵਾਲੀ ਸਰਕਾਰ ਦੇਣਾ

ਭਗਵੰਤ ਮਾਨ ਭਾਵੇਂ ਦੂਜੀ ਵਾਰ ਲੋਕ ਸਭਾ ਤੋਂ ਸੰਸਦ ਮੈਂਬਰ ਹਨ, ਪਰ ਉਨ੍ਹਾਂ ਕੋਲ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ।

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਵਿੱਚ ਸਭ ਤੋਂ ਵੱਡਾ ਸਾਫ਼ ਸੁਥਰਾ ਪ੍ਰਸਾਸ਼ਨ, ਪਾਰਦਰਸ਼ੀ ਅਤੇ ਇਮਾਨਦਾਰ ਪ੍ਰਸਾਸ਼ਨ ਦੇਣ ਦਾ ਦਾਅਵਾ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਮਾੜੀ ਆਰਥਿਕ ਹਾਲਤ, ਕਰਜ਼ ਅਤੇ ਲਾਲ ਫੀਤਾਸ਼ਾਹੀ ਤੋਂ ਪੰਜਾਬ ਦੇ ਲੋਕਾਂ ਨੂੰ ਛੁਟਕਾਰਾ ਦਵਾਇਆ ਜਾਵੇਗਾ।

ਵੀਡੀਓ ਕੈਪਸ਼ਨ, ਵੀਡੀਓ: ਸਿਆਸੀ ਪਾਰਟੀਆਂ ਦੇ ਵਾਅਦਿਆਂ ਤੇ ਨੌਜਵਾਨਾਂ ਦੀ ਬੇਇਤਬਾਰੀ ਕਿਉਂ? (ਵੀਡੀਓ 27 ਜਨਵਰੀ 2022 ਦਾ ਹੈ)

ਇਸ ਲਈ ਭਗਵੰਤ ਮਾਨ ਲਈ ਇਹ ਸਭ ਤੋਂ ਵੱਡੀ ਚੂਣੌਤੀ ਇਹ ਹੋਵੇਗੀ ਉਹ ਪੰਜਾਬ ਵਿੱਚ ਪਾਰਦਰਸ਼ੀ ਤੇ ਇਮਾਨਦਾਰ ਪ੍ਰਸਾਸ਼ਨ ਕਿਵੇਂ ਦਿੰਦੇ ਹਨ।

ਪਾਰਟੀ ਵਿੱਚ ਵੱਡੀ ਗਿਣਤੀ ਅਜਿਹੇ ਵਿਧਾਇਕ ਜਿੱਤੇ ਹਨ, ਜੋ ਉਨ੍ਹਾਂ ਅਕਾਲੀ, ਕਾਂਗਰਸ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਵਿੱਚੋਂ ਆਏ ਹਨ, ਜਿਨ੍ਹਾਂ ਦਾ ਬਦਲ ਬਣਨ ਦੇ ਨਾਅਰੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ।

ਭਗਵੰਤ ਮਾਨ ਲਈ ਇਹ ਚੁਣੌਤੀ ਰਹੇਗੀ ਕਿ ਇਹ ਰਵਾਇਤੀ ਪਾਰਟੀਆਂ ਵਾਲੇ ਕਚਲਰ ਵਿੱਚੋਂ ਆਏ ਆਗੂਆਂ ਨੂੰ ਕਿਵੇਂ ਨਾਲ ਲੈ ਕੇ ਕੰਮ ਕਰਦੇ ਹਨ।

ਚੌਥੀ ਚੁਣੌਤੀ: ਭਾਵਨਾਤਮਕ ਮੁੱਦਿਆਂ ਉੱਤੇ ਕਾਰਵਾਈ

ਪੰਜਾਬ ਵਿਚ ਨਸ਼ਾ, ਬੇਅਦਬੀ, ਰੇਤ-ਬਜਰੀ, ਕੇਬਲ ਮਾਫ਼ੀਆ ਕਾਰਨ ਲੋਕਾਂ ਵਿੱਚ ਕਾਫੀ ਰੋਹ ਰਿਹਾ ਹੈ। ਭਾਵੇਂ ਕਿ ਇਹ ਕਿਹਾ ਜਾਂਦਾ ਹੈ ਇਹ ਮੁੱਦੇ ਚੋਣਾਂ ਵਿੱਚ ਬਹੁਤੇ ਚਰਚਾ ਵਿੱਚ ਨਹੀਂ ਆਏ।

ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਅਤੇ ਕਾਂਗਰਸ ਨਾਲ ਅਜਿਹੇ ਮੁੱਦਿਆਂ ਕਾਰਨ ਲੋਕ ਕਾਫੀ ਖ਼ਫਾ ਸਨ।

ਵੀਡੀਓ ਕੈਪਸ਼ਨ, ਬੇਅਦਬੀ ਤੇ ਕਤਲ ਕਾਂਡ: 'ਸਿੱਖਾਂ ਦਾ ਅਕਸ ਇਸ ਰਵੱਈਏ ਨਾਲ ਖ਼ਰਾਬ ਹੋ ਰਿਹਾ ਹੈ'

ਇਸੇ ਤਰ੍ਹਾਂ ਪੰਜਾਬ ਦੀ ਕਿਸਾਨੀ ਦੇ ਮੁੱਦੇ ਅਤੇ ਪੰਜਾਬ ਤੋਂ ਨੌਜਵਾਨਾਂ ਦੇ ਮੁਲਕ ਤੋਂ ਬਾਹਰ ਪਰਵਾਸ ਵਰਗੇ ਮੁੱਦਿਆਂ ਉੱਤੇ ਠੋਸ ਉੱਦਮ ਨਰਾਜ਼ਗੀ ਦਾ ਵੱਡਾ ਕਾਰਨ ਹੈ।

ਕੈਪਟਨ ਦਾ ਨਸ਼ਾ ਖ਼ਤਮ ਕਰਨ ਦੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਸਕਣਾ ਕਾਫੀ ਵੱਡਾ ਸਿਆਸੀ ਮੁੱਦਾ ਬਣਦਾ ਰਿਹਾ ਹੈ।

ਹੁਣ ਭਗਵੰਤ ਮਾਨ ਲਈ ਇਹ ਚੂਣੌਤੀ ਰਹੇਗੀ ਕਿ ਉਹ ਉਕਤ ਮਸਲਿਆਂ ਤੋਂ ਇਲਾਵਾ ਪੰਜਾਬ ਵਿੱਚ ਬੀਐੱਸਐੱਫ਼ ਦਾ ਦਾਇਰਾ ਵਧਾਉਣ ਅਤੇ ਬੀਬੀਐੱਮਬੀ ਵਿੱਚ ਪੰਜਾਬ ਦੇ ਅਧਿਕਾਰੀਆਂ ਦਾ ਕੋਟਾ ਖ਼ਤਮ ਕਰਨ ਵਰਗੇ ਮਸਲਿਆਂ ਨੂੰ ਕਿਵੇਂ ਸੁਲਝਾਉਂਦੇ ਹਨ, ਇਹ ਉਨ੍ਹਾਂ ਲਈ ਵੱਡੀ ਚੁਣੌਤੀ ਰਹਿਣ ਵਾਲਾ ਹੈ।

ਪੰਜਵੀਂ ਚੁਣੌਤੀ: ਕੌਮੀ ਸਿਆਸਤ ਵਿੱਚ ਭੂਮਿਕਾ

ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਉੱਤੇ ਪੂਰੇ ਮੁਲਕ ਦੀਆਂ ਨਜ਼ਰਾਂ ਟਿਕ ਗਈਆਂ ਹਨ।

2024 ਵਿੱਚ ਹੋਣ ਵਾਲੀਆਂ ਆਮ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਤਕੜਾ ਸਿਆਸੀ ਮੋਰਚਾ ਖੜ੍ਹਾ ਕਰਨ ਵਿੱਚ, ਕੀ ਆਮ ਆਦਮੀ ਪਾਰਟੀ ਕੋਈ ਭੂਮਿਕਾ ਨਿਭਾ ਸਕਦੀ ਹੈ?

ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਹੁਣ ਆਮ ਆਦਮੀ ਪਾਰਟੀ ਕਾਂਗਰਸ ਦਾ ਬਦਲ ਬਣੇਗੀ।

ਦਿੱਲੀ ਵਿੱਚ ਸੂਬਾ ਸਰਕਾਰ ਕੋਲ ਸੀਮਤ ਸ਼ਕਤੀਆਂ ਹਨ, ਪਰ ਪੰਜਾਬ ਵਿੱਚ ਜਦੋਂ ਭਗਵੰਤ ਮਾਨ ਪੰਜਾਬ ਦੀ ਸੱਤਾ ਵਿੱਚ ਫੈਸਲੇ ਲੈਣਗੇ ਤਾਂ ਇਹ ਲੋਕਾਂ ਦਾ ਧਿਆਨ ਜ਼ਰੂਰ ਖਿੱਚੇਗੀ।

ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਕਹਿੰਦੇ ਹਨ ਕਿ ਪੰਜਾਬ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੋ ਸੂਬਿਆਂ ਉੱਤੇ ਕਾਬਜ਼ ਹੋ ਗਈ ਹੈ।

ਇਸ ਨਾਲ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੱਦ ਕਾਫੀ ਉੱਚਾ ਹੋਇਆ ਹੈ, ਹੁਣ ਦੇਖਣਾ ਹੋਵੇਗਾ ਕਿ ਉਹ ਕੌਮੀ ਸਿਆਸਤ ਵਿੱਚ ਕੋਈ ਅਹਿਮ ਭੂਮਿਕਾ ਨਿਭਾ ਸਕਣਗੇ ਜਾਂ ਨਹੀਂ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)