ਆਸਕਰ ਐਵਾਰਡ ਦੀ ਦੌੜ ਲਈ ਨਾਮਜ਼ਦ ਹੋਈ ਭਾਰਤੀ ਦਸਤਾਵੇਜ਼ੀ ਫਿਲਮ ਇਨ੍ਹਾਂ ਮਹਿਲਾ ਪੱਤਰਕਾਰਾਂ ਉੱਤੇ ਬਣੀ ਹੈ

- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਇਸ ਸਾਲ ਦੇ ਅਕੈਡਮੀ ਐਵਾਰਡ ਲਈ ਭਾਵੇਂ ਜੇਨ ਕੈਂਪਨ ਦੀ 'ਦਿ ਪਾਵਰ ਆਫ ਡੌਗ' ਐਵਾਰਡਾਂ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ ਪਰ ਭਾਰਤ ਦੇ ਆਪਣੀ ਦਸਤਾਵੇਜ਼ੀ ਫੀਚਰ ਕੈਟੇਗਰੀ ਵਿੱਚ ਫਿਲਮ ਵੀ ਕਿਸੇ ਤੋਂ ਘੱਟ ਨਹੀਂ ਹੈ।
'ਰਾਈਟਿੰਗ ਵਿਦ ਫਾਇਰ' ਉਨ੍ਹਾਂ ਜਾਂਬਾਜ਼ ਔਰਤਾਂ ਦੀ ਕਹਾਣੀ ਹੈ, ਜੋ ਖ਼ਬਰ ਲਹਿਰੀਆ ਲਈ ਲਿਖਦੀਆਂ ਹਨ। ਇਹ ਇੱਕ ਅਜਿਹੀ ਖ਼ਬਰ ਸਰਵਿਸ ਹੈ, ਜਿਸ ਦੇ ਸੰਪਾਦਕ ਅਤੇ ਪੱਤਰਕਾਰ ਔਰਤਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਸਲਮਾਨ, ਦਲਿਤ ਅਤੇ ਆਦਿਵਾਸੀ ਹਨ।
ਇਹ ਫ਼ਿਲਮ ਪਿਛਲੇ ਸਾਲ ਸਨਡਾਂਸ ਫਿਲਮ ਉਤਸਵ ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੇ ਦੋ ਪੁਰਸਕਾਰ ਜਿੱਤੇ ਹਨ। ਭਾਰਤ ਵਿੱਚ ਫਿਲਹਾਲ ਇਸ ਨੂੰ ਦਿਖਾਏ ਜਾਣਾ ਬਾਕੀ ਹੈ।
ਆਸਕਰ ਪੁਰਸਕਾਰ ਲਈ ਨਾਮਜ਼ਦ ਹੋਣ ਤੋਂ ਬਾਅਦ ਵੱਖ ਵੱਖ ਅਦਾਰਿਆਂ ਨੇ ਇਸ ਬਾਰੇ ਲਿਖਿਆ ਹੈ।
'ਵਾਸ਼ਿੰਗਟਨ ਪੋਸਟ' ਮੁਤਾਬਕ ਪੱਤਰਕਾਰੀ ਉੱਤੇ ਇਹ ਹੁਣ ਤੱਕ ਦੇ ਸਭ ਤੋਂ ਵੱਧ ਪ੍ਰੇਰਨਾਦਾਇਕ ਫਿਲਮ ਹੋ ਸਕਦੀ ਹੈ, ਜਿਸ ਤੋਂ ਬਾਅਦ ਭਾਰਤ ਵਿੱਚ ਵੀ ਇਸ ਬਾਰੇ ਰੁਚੀ ਜਾਗੀ ਹੈ।
ਇੱਕ ਪੰਨੇ ਦੇ ਅਖ਼ਬਾਰ ਤੋਂ ਇੱਕ ਕਰੋੜ ਵਿਊਜ਼ ਤੱਕ ਦਾ ਸਫ਼ਰ
20 ਸਾਲ ਪਹਿਲਾਂ ਇੱਕ ਪੰਨੇ ਦੇ ਅਖ਼ਬਾਰ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਤੋਂ ਕਰਨ ਵਾਲੇ ਖ਼ਬਰ ਲਹਿਰੀਆ ਕੋਲ ਜ਼ਿਆਦਾ ਪੈਸੇ ਨਹੀਂ ਸਨ।
ਅੱਜ ਇਹ ਪੂਰੀ ਤਰ੍ਹਾਂ ਡਿਜੀਟਲ ਹੈ ਅਤੇ ਯੂ ਟਿਊਬ ਉੱਪਰ ਪੰਜ ਲੱਖ ਸਬਸਕ੍ਰਾਈਬਰ ਹਨ। ਹਰ ਮਹੀਨੇ ਇਸ ਦੀਆਂ ਖ਼ਬਰਾਂ ਨੂੰ ਤਕਰੀਬਨ ਇਕ ਕਰੋੜ ਲੋਕ ਵੇਖਦੇ ਹਨ।
ਇਹ ਦਸਤਾਵੇਜ਼ੀ ਫਿਲਮ ਖ਼ਬਰ ਲਹਿਰੀਆ ਦੇ ਸਫ਼ਰ ਨੂੰ ਇੱਕ ਪੰਨੇ ਦੇ ਅਖ਼ਬਾਰ ਤੋਂ ਅੱਜ ਦੇ ਡਿਜੀਟਲ ਖ਼ਬਰ ਲਹਿਰੀਆਂ ਤੱਕ ਦਿਖਾਉਂਦੀ ਹੈ।
ਇਸ ਵਿੱਚ ਖ਼ਬਰ ਲਹਿਰੀਆ ਨੂੰ ਸੰਪਾਦਕ ਮੀਰਾ ਦੇਵੀ ਆਪਣੀਆਂ ਦੋ ਪੱਤਰਕਾਰਾਂ ਨਾਲ ਆਪਣੇ ਨਵੇਂ ਸਮਾਰਟਫੋਨ ਖੋਲ੍ਹ ਕੇ, ਉਨ੍ਹਾਂ ਰਾਹੀਂ ਖ਼ਬਰਾਂ ਇਕੱਠੀਆਂ ਕਰਦੇ ਅਤੇ ਅੱਜ ਦੇ ਜ਼ਮਾਨੇ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਵੀ ਦੱਸਦੇ ਹਨ।
ਇਹ ਵੀ ਪੜ੍ਹੋ:
ਸਥਾਨਕ ਹਿੰਦੀ ਭਾਸ਼ਾ ਵਿੱਚ ਛਪਦੇ ਖ਼ਬਰ ਲਹਿਰੀਆਂ ਵਿੱਚ ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਵਿਕਾਸ ਭ੍ਰਿਸ਼ਟਾਚਾਰ ਕਿਸਾਨਾਂ ਦੀ ਆਤਮਹੱਤਿਆ,ਮਹਿਲਾਵਾਂ ਖ਼ਿਲਾਫ਼ ਅਪਰਾਧ,ਪਾਣੀ ਦੀ ਕਮੀ ਵਰਗੇ ਮੁੱਦੇ ਚੁੱਕੇ ਜਾਂਦੇ ਹਨ ਜਿਨ੍ਹਾਂ ਨੂੰ ਭਾਰਤ ਦੇ ਮੀਡੀਆ ਵਿੱਚ ਜਗ੍ਹਾ ਘੱਟ ਮਿਲਦੀ ਹੈ।
ਇੱਕ ਸਾਬਕਾ ਕੋਲਾ ਖਾਣ ਵਿੱਚ ਕੰਮ ਕਰਨ ਵਾਲੀ ਔਰਤ, ਜਿਨ੍ਹਾਂ ਦਾ ਛੋਟੀ ਉਮਰ ਵਿੱਚ ਵਿਆਹ ਹੋਇਆ ਅਤੇ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ, ਉਹ ਖ਼ਬਰ ਲਹਿਰੀ ਦੀ ਪੱਤਰਕਾਰਾਂ ਦੀ ਟੀਮ ਵਿਚ ਸ਼ਾਮਲ ਹਨ।
ਇਨ੍ਹਾਂ ਪੱਤਰਕਾਰਾਂ ਵਿਚ ਉਹ ਵੀ ਸ਼ਾਮਿਲ ਹਨ, ਜੋ ਅੱਜ ਵੀ ਜਾਤੀ, ਲਿੰਗ ਦੇ ਆਧਾਰ 'ਤੇ ਸਮਾਜ ਵਿੱਚ ਭੇਦਭਾਵ ਦਾ ਸ਼ਿਕਾਰ ਹੋ ਰਹੀਆਂ ਹਨ।
ਕਈ ਵਾਰ ਇਨ੍ਹਾਂ ਦੀਆਂ ਖ਼ਬਰਾਂ ਇਨ੍ਹਾਂ ਦੇ ਆਪਣੇ ਤਜਰਬਿਆਂ ਉੱਤੇ ਹੀ ਆਧਾਰਿਤ ਹੁੰਦੀਆਂ ਹਨ।

ਤਸਵੀਰ ਸਰੋਤ, Khabar Lahariya
ਅਜਿਹੇ ਸਮੇਂ ਜਦੋਂ ਭਾਰਤ ਵਿਚ ਪੱਤਰਕਾਰੀ ਚਮਕ ਦਮਕ ਵਾਲੇ ਪੱਤਰਕਾਰਾਂ ਦੇ ਆਸਪਾਸ ਘੁੰਮਦੀ ਹੈ।
ਜੋ ਸਰਕਾਰ ਨੂੰ ਸਵਾਲ ਨਹੀਂ ਕਰਦੇ, ਉਸ ਸਮੇਂ ਖ਼ਬਰ ਲਹਿਰੀਆਂ ਨਾਲ ਸਬੰਧਿਤ ਦਸਤਾਵੇਜ਼ੀ ਫ਼ਿਲਮ ਦਾ ਆਸਕਰ ਲਈ ਨਵਾਂ ਨਾਮਜ਼ਦ ਹੋਣਾ ਔਰਤਾਂ ਦੀ ਆਵਾਜ਼ ਅਤੇ ਰੌਸ਼ਨੀ ਬਣਦਾ ਹੈ।
ਇਹ ਉਹ ਔਰਤਾਂ ਹਨ, ਜੋ ਸਰਕਾਰ ਅਤੇ ਪੁਲਿਸ ਨੂੰ ਮੁਸ਼ਕਿਲ ਸਵਾਲ ਕਰਦੀਆਂ ਹਨ।
'ਆਸਕਰ ਸਾਡੇ ਸਫ਼ਰ ਦਾ ਕੇਵਲ ਇੱਕ ਛੋਟਾ ਹਿੱਸਾ ਹੈ'
27 ਮਾਰਚ ਨੂੰ ਲਾਸ ਏਂਜਲਸ ਵਿੱਚ ਹੋਣ ਵਾਲੇ ਅਕੈਡਮੀ ਐਵਾਰਡਜ਼ ਸਮਾਰੋਹ ਤੋਂ ਇਕ ਹਫ਼ਤਾ ਪਹਿਲਾਂ ਇਸ ਮੀਡੀਆ ਗਰੁੱਪ ਨੇ ਆਪਣੇ ਆਪ ਨੂੰ ਦਸਤਾਵੇਜ਼ੀ ਫ਼ਿਲਮ ਤੋਂ ਅਲੱਗ ਕਰ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਨਿਰਮਾਤਾਵਾਂ ਨੇ ਉਨ੍ਹਾਂ ਦੀ ਕਹਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਹਾਲਾਂਕਿ ਨਿਰਮਾਤਾਵਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਖ਼ਬਰ ਲਹਿਰੀਆ ਨੇ ਆਪਣੀ ਵੈੱਬਸਾਈਟ ਉਪਰ ਇੱਕ ਬਿਆਨ ਵਿੱਚ ਆਖਿਆ ਹੈ ਕਿ ਇਸ ਦਸਤਾਵੇਜ਼ੀ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੇ ਪੱਤਰਕਾਰ ਹਿੰਦੂਤਵ ਰਾਜਨੀਤੀ ਤੇ ਭਾਰਤੀ ਜਨਤਾ ਪਾਰਟੀ ਬਾਰੇ ਲਿਖਦੇ ਹਨ।
ਖ਼ਬਰ ਲਹਿਰੀਆ ਨੇ ਆਖਿਆ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਉਹ ਕਈ ਪਾਰਟੀਆਂ ਬਾਰੇ ਲਿਖ ਚੁੱਕੇ ਹਨ ਅਤੇ ਉਹ ਸਾਰਿਆਂ ਨੂੰ ਸ਼ੀਸ਼ਾ ਦਿਖਾਉਂਦੇ ਹਨ 'ਜੋ ਕਹਿਣੀ ਅਤੇ ਕਥਨੀ ਵਿੱਚ ਅਲੱਗ ਅਲੱਗ ਹਨ'।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਸਮੇਂ ਲਹਿਰੀਆ ਦੇ ਸੰਚਾਰ ਵਿਭਾਗ ਦੀ ਸ੍ਰਿਸ਼ਟੀ ਮਹਿਰਾ ਨੇ ਬੀਬੀਸੀ ਨੂੰ ਦੱਸਿਆ ਕਿ 'ਇਹ ਫ਼ਿਲਮ ਉਨ੍ਹਾਂ ਦੇ ਵੀਹ ਸਾਲ ਦੇ ਸਫਰ ਨੂੰ ਦਰਸਾਉਂਦੀ ਹੈ ਅਤੇ ਆਸਕਰ ਇੱਕ ਵੱਡੀ ਮੰਚ ਹੈ। ਜਿਸ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਉਨ੍ਹਾਂ 'ਤੇ ਆ ਟਿਕੀਆਂ ਹਨ।'
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,"ਪਰ ਸਾਡੇ ਸਫ਼ਰ ਦਾ ਕੇਵਲ ਇੱਕ ਛੋਟਾ ਹਿੱਸਾ ਹੈ। ਕਈ ਵਾਰ ਛੋਟੇ ਹਿੱਸੇ ਪੂਰੀ ਕਹਾਣੀ ਨੂੰ ਤੋੜ ਮਰੋੜ ਦਿੰਦੇ ਹਨ।"
ਆਸਕਰ ਦੀ ਚਕਾਚੌਂਧ ਤੋਂ ਦੂਰ ਮਹਿਰਾ ਮੁਤਾਬਕ ਉਨ੍ਹਾਂ ਦੇ ਪੱਤਰਕਾਰ ਉਹੀ ਕਰ ਰਹੇ ਹਨ, ਜੋ ਹੋਰ ਕਰਦੇ ਹਨ-ਪੱਤਰਕਾਰੀ।
ਪਿਛਲੇ ਹਫ਼ਤੇ ਮੈਂ ਮੀਰਾ ਅਤੇ ਉਨ੍ਹਾਂ ਦੀ ਇਕ ਸੀਨੀਅਰ ਪੱਤਰਕਾਰ ਨਜਨੀ ਰਿਜ਼ਵੀ ਨਾਲ ਉਨ੍ਹਾਂ ਦੇ ਦਫ਼ਤਰ ਤੋਂ ਤਕਰੀਬਨ ਪੰਜਾਹ ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਗਈ।
ਇਹ ਪਿੰਡ ਸੂਬੇ ਦੀ ਰਾਜਧਾਨੀ ਲਖਨਊ ਤੋਂ ਤਕਰੀਬਨ ਦੋ ਸੌ ਕਿਲੋਮੀਟਰ ਦੂਰ ਹੈ ਅਤੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਇੱਥੇ ਵਾਰ ਵਾਰ ਬਿਜਲੀ ਜਾਂਦੀ ਹੈ।
ਦੋ ਦਿਨ ਪਹਿਲਾਂ ਮੀਰਾ ਨੂੰ ਪਿੰਡ ਦੇ ਲੋਕਾਂ ਤੋਂ ਇੱਕ ਸ਼ਿਕਾਇਤ ਮਿਲੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ। ਕੁਝ ਮਿੰਟਾਂ ਵਿੱਚ ਛੇ ਅਧਿਕਾਰੀਆਂ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੱਤਾ ਪਰ ਬਿਜਲੀ ਵਾਪਸ ਆਉਣ ਵਿਚ ਇਕ ਦਿਨ ਲੱਗ ਗਿਆ।
ਵਾਰ ਵਾਰ ਬਿਜਲੀ ਦੀ ਸ਼ਿਕਾਇਤ ਬਾਅਦ ਉਨ੍ਹਾਂ ਦੀ ਟੀਮ ਪਿੰਡ ਵਿੱਚ ਗਈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਇਸ ਦਾ ਕਾਰਨ ਕੀ ਹੈ।

ਉਨ੍ਹਾਂ ਦੇ ਪਿੰਡ ਪੁੱਜਣ ਸਮੇਂ 37 ਡਿਗਰੀ ਸੈਲਸੀਅਸ ਤਾਪਮਾਨ ਸੀ ਅਤੇ ਲੋਕਾਂ ਦੇ ਆਸੇ ਪਾਸੇ ਇਕੱਠੇ ਹੋ ਗਏ ਅਤੇ ਸ਼ਿਕਾਇਤ ਕਰਨ ਲੱਗੇ ਕਿ ਐਨੀ ਗਰਮੀ ਵਿੱਚ ਉਹ ਬਿਨਾਂ ਬਿਜਲੀ ਤੋਂ ਕਿਵੇਂ ਰਹਿਣਗੇ।
ਲਾਲਾ ਰਾਮ ਜਿਨ੍ਹਾਂ ਨੇ ਮੀਰਾ ਨੂੰ ਫੋਨ ਕੀਤਾ ਸੀ,ਆਖਦੇ ਹਨ ਕਿ ਅਧਿਕਾਰੀ ਉਨ੍ਹਾਂ ਨੂੰ ਸੁਣਦੇ ਨਹੀਂ ਅਤੇ ਮੀਡੀਆ ਕਦੇ ਉਨ੍ਹਾਂ ਨਾਲ ਗੱਲ ਕਰਨ ਆਉਂਦਾ ਨਹੀਂ।
ਮੀਰਾ ਅਤੇ ਰਿਜ਼ਵੀ ਵਾਸਤੇ ਇਹ ਮਹੱਤਵਪੂਰਨ ਖ਼ਬਰਾਂ ਹਨ, ਜੋ ਲੋਕਾਂ ਤਕ ਪਹੁੰਚਣੀਆਂ ਜ਼ਰੂਰੀ ਹਨ।
ਮੀਰਾ ਆਖਦੇ ਹਨ,"ਅਸੀਂ ਵੀ ਪਿੰਡਾਂ ਵਿੱਚ ਰਹਿੰਦੇ ਹਾਂ ਤੇ ਸਾਡੀਆਂ ਵੀ ਇਹੋ ਜਿਹੀਆਂ ਤਕਲੀਫ਼ਾਂ ਹਨ। ਪਰ ਸਾਡੀਆਂ ਹੀ ਮੁਸ਼ਕਿਲਾਂ ਵੱਡੇ ਮੀਡੀਆ ਘਰਾਣਿਆਂ ਵਾਸਤੇ ਬਹੁਤ ਛੋਟੀਆਂ ਹਨ ।
ਇਸ ਲਈ ਅਸੀਂ ਆਪ ਹੀ ਆਪਣੀਆਂ ਮੁਸ਼ਕਿਲਾਂ ਬਾਰੇ ਲਿਖਦੇ ਹਾਂ ਕਿਉਂਕਿ ਕੋਈ ਹੋਰ ਨਹੀਂ ਲਿਖਦਾ।"
'ਤੁਹਾਨੂੰ ਆਚਾਰ ਅਤੇ ਪਾਪੜ ਵੇਚਣੇ ਚਾਹੀਦੇ ਹਨ'
2006 ਵਿੱਚ ਮੀਰਾ ਪੱਤਰਕਾਰੀ ਵਿੱਚ ਆਏ ਅਤੇ ਉਸ ਤੋਂ ਇਕ ਸਾਲ ਬਾਅਦ ਹੀ ਰਿਜ਼ਵੀ ਪੱਤਰਕਾਰੀ ਵਿਚ ਆਈ ਸੀ।
ਉਨ੍ਹਾਂ ਦਾ ਪੱਤਰਕਾਰੀ ਵਿੱਚ ਆਉਣ ਦਾ ਕਾਰਨ ਦੁਨੀਆਂ ਨੂੰ ਬਦਲਣਾ ਨਹੀਂ ਪਰ ਪੈਸੇ ਕਮਾਉਣਾ ਅਤੇ ਆਰਥਿਕ ਆਜ਼ਾਦੀ ਸੀ। ਰਿਜ਼ਵੀ ਦਾ ਟੀਚਾ ਆਪਣੇ ਕੁੱਟਮਾਰ ਕਰਨ ਵਾਲੇ ਪਤੀ ਤੋਂ ਦੂਰ ਹੋਣਾ ਅਤੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਕਰਨਾ ਸੀ।
ਪਰ ਇਨ੍ਹਾਂ ਦੋਵਾਂ ਦੀ ਨੌਕਰੀ ਵਿੱਚ ਵੱਖ ਵੱਖ ਮੁਸ਼ਕਿਲਾਂ ਸਨ। ਇਨ੍ਹਾਂ ਦੋਵਾਂ ਦਾ ਵਿਆਹ 13-14 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਲੜਨਾ ਪਿਆ।
ਮੀਰਾ ਅੱਗੇ ਦੱਸਦੇ ਹਨ,"ਬੁੰਦੇਲਖੰਡ ਇੱਕ ਅਜਿਹੀ ਜਗ੍ਹਾ ਹੈ, ਜਿਥੇ ਔਰਤਾਂ ਨੂੰ ਆਦਮੀਆਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ। ਇਨ੍ਹਾਂ ਵਿੱਚ ਸਾਡੇ ਪਰਿਵਾਰ ਸ਼ਾਮਿਲ ਹਨ।
ਉਹ ਇਹ ਗੱਲ ਕਈ ਵਾਰ ਸਮਝਣ ਨੂੰ ਤਿਆਰ ਨਹੀਂ ਹੁੰਦੇ ਕਿ ਸਾਨੂੰ ਵੱਖ ਵੱਖ ਸਮੇਂ ਤੇ ਕੰਮ ਕਰਨਾ ਪੈਂਦਾ ਹੈ ਅਤੇ ਕਈ ਵਾਰ ਕੰਮ ਕਰਦੇ ਸਮੇਂ ਰਾਤ ਵੀ ਹੋ ਜਾਂਦੀ ਹੈ।"

ਜਦੋਂ ਕਈ ਵਾਰ ਲੋਕਾਂ ਨਾਲ ਗੱਲ ਕਰਨ ਲਈ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਨੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਕਈ ਵਾਰ ਉਨ੍ਹਾਂ ਨੂੰ ਲੋਕ ਪੱਤਰਕਾਰ ਵੀ ਨਹੀਂ ਸਮਝਦੇ।
ਰਿਜ਼ਵੀ ਮੁਤਾਬਕ,"ਕਈ ਵਾਰੀ ਆਦਮੀ ਭੱਦੀਆਂ ਟਿੱਪਣੀਆਂ ਕਰਦੇ ਸਨ।ਉਹ ਪੁੱਛਦੇ ਹਨ ਕਿ ਸਾਡਾ ਵਿਆਹ ਹੋ ਚੁੱਕਿਆ ਹੈ ਅਤੇ ਸਾਡੇ ਬੱਚੇ ਹਨ?
ਉਨ੍ਹਾਂ ਵਿੱਚੋਂ ਕਈ ਆਖਦੇ ਹਨ ਕਿ ਅਸੀਂ ਖ਼ਬਰ ਲਈ ਰਾਤ ਨੂੰ ਉਨ੍ਹਾਂ ਕੋਲ ਵਾਪਸ ਆਈਏ। ਕੁਝ ਸਰਕਾਰੀ ਅਧਿਕਾਰੀ ਆਖਦੇ ਸਨ ਕਿ ਸਾਨੂੰ ਇਸ ਕੰਮ ਨਾਲੋਂ ਪਾਪੜ ਅਤੇ ਆਚਾਰ ਵੇਚਣੇ ਚਾਹੀਦੇ ਹਨ।"
ਉਨ੍ਹਾਂ ਦਾ ਧਰਮ ਅਤੇ ਜਾਤੀ ਵੀ ਇੱਥੇ ਇਕ ਮਹੱਤਵਪੂਰਣ ਕਾਰਨ ਹੈ।ਮੀਰਾ ਦਲਿਤ ਹੈ, ਜਿਸ ਨੂੰ ਪਹਿਲਾਂ ਅਛੂਤ ਆਖਿਆ ਜਾਂਦਾ ਸੀ। ਕਈ ਸਦੀਆਂ ਤਕ ਇਹ ਲੋਕ ਉੱਚੀ ਜਾਤੀ ਦੇ ਲੋਕਾਂ ਦੇ ਪੱਖਪਾਤ ਦਾ ਸ਼ਿਕਾਰ ਹੁੰਦੇ ਰਹੇ ਹਨ।
ਰਿਜ਼ਵੀ ਮੁਸਲਮਾਨ ਹੈ, ਜਿਨ੍ਹਾਂ ਨੂੰ ਦੇਸ਼ ਵਿੱਚ ਹਿੰਦੂ ਰਾਸ਼ਟਰਵਾਦੀਆਂ ਕਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਦੋਵਾਂ ਮੁਤਾਬਕ ਪਿਛਲੇ ਕਈ ਸਾਲਾਂ ਵਿੱਚ ਉਨ੍ਹਾਂ ਦੀਆਂ ਮੁਸ਼ਕਿਲਾਂ ਘਟੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਕੰਮ ਨੂੰ ਸਵੀਕਾਰਿਆ ਹੈ।
ਉਨ੍ਹਾਂ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਜਿੱਤੇ ਹਨ। ਜਿਨ੍ਹਾਂ ਨੇ ਉਨ੍ਹਾਂ ਨੂੰ ਆਦਰ ਸਨਮਾਨ ਦਿਵਾਇਆ ਹੈ। ਮੀਰਾ ਅਤੇ ਉਨ੍ਹਾਂ ਦੇ ਸਾਥੀ ਨੌਜਵਾਨਾਂ ਲਈ ਪ੍ਰੇਰਨਾ ਦੇ ਸਰੋਤ ਹਨ।
ਮੀਰਾ ਆਖਦੇ ਹਨ,"ਹੁਣ ਕੁੜੀਆਂ ਸਾਡੇ ਵਰਗਾ ਬਣਨਾ ਚਾਹੁੰਦੀਆਂ ਹਨ। ਖ਼ਬਰ ਲਹਿਰੀਆਂ ਵਿੱਚ ਨੌਕਰੀ ਇਕ ਮਹੱਤਵਪੂਨ ਚੀਜ਼ ਬਣ ਗਈ ਹੈ।
ਪਹਿਲਾਂ ਲੋਕ ਸਾਡੇ ਇੱਥੇ ਨੌਕਰੀ ਕਰਨ ਤੋਂ ਆਪਣੀਆਂ ਧੀਆਂ ਨੂੰ ਰੋਕਦੇ ਸਨ ਪਰ ਹੁਣ ਉਹ ਆ ਕੇ ਪੁੱਛਦੇ ਹਨ ਕਿ ਅਗਲੀ ਖਾਲੀ ਅਸਾਮੀ ਕਦੋਂ ਤੱਕ ਆਵੇਗੀ।"
ਅਤੇ ਉਨ੍ਹਾਂ ਅਧਿਕਾਰੀਆਂ ਬਾਰੇ ਕੀ ਜੋ ਪਹਿਲਾਂ ਉਨ੍ਹਾਂ ਨੂੰ ਪਾਪੜ ਵੇਚਣ ਲਈ ਆਖਦੇ ਸਨ।
ਹੱਸਦੇ ਹੋਏ ਮੀਰਾ ਨੇ ਆਖਿਆ,"ਹੁਣ ਸਾਡੇ ਤੋਂ ਬਚਦੇ ਹਨ ਕਿਉਂਕਿ ਹੁਣ ਸਾਡਾ ਇੱਕ ਰੁਤਬਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਔਖੇ ਸਵਾਲ ਪੁੱਛਾਂਗੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













