ਦਿ ਕਸ਼ਮੀਰ ਫਾਈਲਜ਼: ਕਹਾਣੀ ਉਸ ਰਾਤ ਦੀ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਆਪਣੀ ਜਨਮ ਭੂਮੀ ਨੂੰ ਛੱਡ ਕੇ ਭੱਜਣਾ ਪਿਆ ਸੀ

    • ਲੇਖਕ, ਜੈ ਮਕਵਾਨਾ
    • ਰੋਲ, ਬੀਬੀਸੀ ਗੁਜਰਾਤੀ

ਵਿਵੇਕ ਅਗਨੀਹੋਤਰੀ ਵੱਲੋਂ ਲਿਖੀ ਗਈ ਅਤੇ ਉਨ੍ਹਾਂ ਵੱਲੋਂ ਹੀ ਨਿਰਦੇਸ਼ਨ ਹੇਠ ਬਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਅੱਜ ਕਲ੍ਹ ਬਹੁਤ ਚਰਚਾ 'ਚ ਹੈ।

ਇਸ ਫਿਲਮ 'ਚ ਕਸ਼ਮੀਰੀ ਪੰਡਿਤਾਂ ਦੇ ਕਸ਼ਮੀਰ ਘਾਟੀ ਤੋਂ ਭੱਜਣ ਦੀ ਕਹਾਣੀ ਅਤੇ ਉਨ੍ਹਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ।

ਹਾਲਾਂਕਿ ਇਸ ਫਿਲਮ ਦੀ ਕਹਾਣੀ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਚੱਲ ਰਹੇ ਹਨ। ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕ ਇਸ ਫਿਲਮ ਦੀ ਕਹਾਣੀ ਦੀ ਸੱਚਾਈ 'ਤੇ ਵੰਡੇ ਹੋਏ ਨਜ਼ਰ ਆ ਰਹੇ ਹਨ।

ਫਿਲਮ ਨੇ ਹੁਣ ਤੱਕ 100 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕਰ ਲਈ ਹੈ। ਕਈ ਸੂਬਾ ਸਰਕਾਰਾਂ ਨੇ ਤਾਂ ਇਸ ਫਿਲਮ ਨੂੰ ਟੈਕਸ ਮੁਕਤ ਵੀ ਐਲਾਨ ਦਿੱਤਾ ਹੈ। ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ 'ਤੇ ਕਈ ਦਿਨਾਂ ਤੋਂ #KashmirFiles ਟ੍ਰੈਂਡ ਕਰ ਰਿਹਾ ਹੈ।

ਇਸ ਰਿਪੋਰਟ 'ਚ ਉਸ ਰਾਤ ਦੀ ਕਹਾਣੀ ਹੈ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਘਾਟੀ ਛੱਡ ਕੇ ਦੇਸ਼ ਦੇ ਦੂਜੇ ਸ਼ਹਿਰਾਂ ਜਾਂ ਰਾਜਾਂ ਵਿੱਚ ਸ਼ਰਨ ਲੈਣੀ ਪਈ ਸੀ।

'ਨਾਰਾ-ਏ-ਤਕਬੀਰ, ਅੱਲਾਹ ਹੋ ਅਕਬਰ!'

ਮੈਨੂੰ ਡੂੰਗੀ ਨੀਂਦ 'ਚ ਵੀ ਅਜੀਬ ਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਮੈਂ ਡਰ ਗਿਆ ਸੀ। ਜਿਵੇਂ ਕੁਝ ਟੁੱਟ ਰਿਹਾ ਸੀ। ਸਭ ਕੁਝ ਬਦਲ ਰਿਹਾ ਸੀ। ਸਾਡੀਆਂ ਕੰਧਾਂ 'ਤੇ ਚਲਦੇ ਪਰਛਾਵੇਂ ਇੱਕ-ਇੱਕ ਕਰਕੇ ਸਾਡੇ ਘਰਾਂ 'ਚ ਛਾਲਾਂ ਮਾਰ ਰਹੇ ਸਨ।

ਮੈਂ ਅਚਾਨਕ ਹੀ ਨੀਂਦ 'ਚੋਂ ਜਾਗਿਆ ਅਤੇ ਵੇਖਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਜਗਾ ਕੇ ਕਿਹਾ, "ਕੁਝ ਗੜਬੜ ਹੋ ਗਈ ਹੈ।"

ਲੋਕ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ 'ਤੇ ਇੱਕਠੇ ਹੋ ਗਏ ਸਨ ਅਤੇ ਉਹ ਚੀਕ ਰਹੇ ਸਨ।

ਇਹ ਵੀ ਪੜ੍ਹੋ:

ਮੈਂ ਜੋ ਕੁਝ ਵੀ ਵੇਖਿਆ ਉਹ ਸੁਪਨਾ ਨਹੀਂ ਬਲਕਿ ਹਕੀਕਤ ਹੀ ਸੀ। ਕੀ ਉਹ ਸੱਚਮੁੱਚ ਸਾਡੇ ਘਰ ਅੰਦਰ ਛਾਲ ਮਾਰਨ ਜਾ ਰਹੇ ਹਨ? ਕੀ ਉਹ ਸਾਡੀ ਗਲੀ ਨੂੰ ਅੱਗ ਦੇ ਹਵਾਲੇ ਕਰਨ ਜਾ ਰਹੇ ਹਨ?

ਫਿਰ ਮੈਂ ਇੱਕ ਸੀਟੀ ਦੀ ਉੱਚੀ ਜਿਹੀ ਆਵਾਜ਼ ਸੁਣੀ। ਨੇੜੇ ਦੀ ਇੱਕ ਮਸਜਿਦ ਦੇ ਲਾਊਡਸਪੀਕਰ ਤੋਂ ਆਵਾਜ਼ ਆ ਰਹੀ ਸੀ। ਅਸੀਂ ਮਸਜਿਦ ਤੋਂ ਆਉਣ ਵਾਲੀ ਇਹ ਆਵਾਜ਼ ਹਮੇਸ਼ਾ ਹੀ ਨਮਾਜ਼ ਤੋਂ ਪਹਿਲਾਂ ਸੁਣੀ ਸੀ ਜੋ ਕਿ ਕੁਝ ਦੇਰ ਬਾਅਦ ਬੰਦ ਹੋ ਜਾਂਦੀ ਸੀ, ਪਰ ਉਸ ਰਾਤ ਸੀਟੀ ਦੀ ਉਹ ਆਵਾਜ਼ ਬੰਦ ਹੀ ਨਹੀਂ ਹੋਈ ਸੀ। ਉਹ ਬਹੁਤ ਹੀ ਖਰਾਬ, ਬਦਕਿਸਮਤੀ ਵਾਲ ਰਾਤ ਸੀ।

ਥੋੜ੍ਹੀ ਦੇਰ ਬਾਅਦ ਸਾਡੇ ਘਰ ਦੇ ਬਾਹਰ ਰੌਲਾ ਬੰਦ ਹੋ ਗਿਆ ਅਤੇ ਮਸਜਿਦ 'ਚ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ। ਉੱਥੇ ਚਰਚਾ ਚੱਲ ਰਹੀ ਸੀ।

ਮੇਰੇ ਚਾਚਾ ਜੀ ਨੇ ਪੁੱਛਿਆ, "ਕੀ ਹੋ ਰਿਹਾ ਹੈ ?"

'ਉਹ ਕੁਝ ਕਰਨਗੇ।'

ਕੁਝ ਦੇਰ ਤੱਕ ਮਸਜਿਦ 'ਚ ਗੱਲਬਾਤ ਚੱਲਦੀ ਰਹੀ ਅਤੇ ਫਿਰ ਜ਼ੋਰਦਾਰ ਨਾਅਰੇਬਾਜ਼ੀ ਹੋਣ ਲੱਗ ਪਈ।

'ਨਾਰਾ-ਏ-ਤਕਬੀਰ, ਅੱਲਾਹ ਹੋ ਅਕਬਰ!'

ਮੈਂ ਆਪਣੇ ਪਿਤਾ ਦੇ ਪੀਲੇ ਭੂਕ ਹੁੰਦੇ ਮੂੰਹ ਵੱਲ ਰਿਹਾ ਸੀ। ਉਨ੍ਹਾਂ ਨੂੰ ਤਰੇਲੀਆਂ ਆ ਰਹੀਆਂ ਸਨ। ਉਹ ਉਸ ਨਾਅਰੇ ਦਾ ਮਤਲਬ ਭਲੀ ਭਾਂਤੀ ਸਮਝਦੇ ਸਨ।

ਮੈਂ ਵੀ ਉਹ ਨਾਅਰਾ ਕੁਝ ਸਾਲ ਪਹਿਲਾਂ ਦੂਰਦਰਸ਼ਨ ਦੇ ਇੱਕ ਟੀਵੀ ਲੜੀਵਾਰ 'ਤਮਸ' ਵੇਖਦੇ ਹੋਏ ਸੁਣਿਆ ਸੀ। ਉਹ ਲੜੀਵਾਰ 1947 'ਚ ਭਾਰਤ ਅਤੇ ਪਾਕਿਸਤਾਨ ਦੀ ਵੰਡ 'ਤੇ ਸਾਹਿਤਕਾਰ ਭੀਸ਼ਮ ਸਾਹਨੀ ਦੇ ਨਾਵਲ 'ਤੇ ਅਧਾਰਤ ਸੀ।

ਵੀਡੀਓ: ਧਾਰਾ 370 ਹਟਾਏ ਜਾਣ ਨਾਲ ਭਾਰਤ ਸ਼ਾਸਿਤ ਕਸ਼ਮੀਰ ਕਿਹੜੇ ਬਦਲਾਅ ਸੋਚੇ ਗਏ

ਕੁਝ ਦੇਰ ਬਾਅਦ ਹੀ ਚਾਰੇ ਪਾਸਿਆਂ ਤੋਂ ਜ਼ਹਿਰੀਲੇ ਬਰਛਿਆਂ ਵਰਗਾ ਸ਼ੋਰ ਸਾਡੇ ਵੱਲ ਆਉਣ ਲੱਗ ਪਿਆ।

'ਅਸੀਂ ਕੀ ਚਾਹੁੰਦੇ: ਆਜ਼ਾਦੀ!'

ਜ਼ੁਲਮੀ, ਕਾਫ਼ਿਰੋ! ਕਸ਼ਮੀਰ ਛੱਡੋ!'

ਫਿਰ ਥੋੜ੍ਹੀ ਦੇਰ ਬਾਅਦ ਨਾਅਰੇਬਾਜ਼ੀ ਬੰਦ ਹੋ ਗਈ ਅਤੇ ਫਿਰ ਅਫ਼ਗਾਨਿਸਤਾਨ 'ਤੇ ਸੋਵੀਅਤ ਕਬਜ਼ੇ ਖਿਲਾਫ ਮੁਜਾਹਿਦੀਨ ਦੀ ਲੜਾਈ ਦਾ ਗੁਣਗਾਨ ਕਰਨ ਵਾਲੇ ਗੀਤ ਉੱਚੀ-ਉੱਚੀ ਵਜਾਏ ਜਾਣ ਲੱਗੇ।

ਮੇਰੇ ਚਾਚਾ ਨੇ ਕਿਹਾ, "ਬੀਐਸਐਫ ਇਸ ਬਾਰੇ ਕੁਝ ਕਰੇਗੀ।" ਪਰ ਅਜਿਹਾ ਕੁਝ ਵੀ ਨਾ ਹੋਇਆ ਅਤੇ ਨਾਅਰੇਬਾਜ਼ੀ ਸਵੇਰ ਤੱਕ ਚੱਲਦੀ ਹੀ ਰਹੀ। ਅਸੀਂ ਡਰ ਦੇ ਉਸ ਮਾਹੌਲ 'ਚ ਰਾਤ ਭਰ ਸੌਂ ਨਾ ਸਕੇ।

ਇਹ ਸਿਰਫ ਸਾਡੇ ਆਲੇ ਦੁਆਲੇ ਹੀ ਨਹੀਂ ਹੋ ਰਿਹਾ ਸੀ ਬਲਕਿ ਪੂਰੇ ਕਸ਼ਮੀਰ 'ਚ ਇਹੀ ਹਾਲ ਸੀ। ਉਸ ਰਾਤ ਜੋ ਕੁਝ ਵੀ ਵਾਪਰਿਆ ਉਹ ਸਾਨੂੰ ਡਰਾਉਣ ਅਤੇ ਘਾਟੀ ਤੋਂ ਬਾਹਰ ਕਰਨ ਲਈ ਕੀਤਾ ਗਿਆ ਸੀ, ਜੋ ਕਿ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਕੀਤੀ ਗਈ ਕਾਰਵਾਈ ਦਾ ਹਿੱਸਾ ਸੀ।

…. ਅਤੇ ਅਗਲੀ ਸਵੇਰ ਘਾਟੀ ਤੋਂ ਹਿੰਦੂਆਂ ਦਾ ਦੂਜੇ ਸ਼ਹਿਰਾਂ ਜਾਂ ਸੂਬਿਆਂ ਵੱਲ ਜਾਣਾ ਸ਼ੂਰੂ ਹੋ ਗਿਆ ਸੀ। ਕੁਝ ਪਰਿਵਾਰ ਆਪਣੇ ਨਾਲ ਜੋ ਕੁਝ ਵੀ ਲੈ ਸਕਦੇ ਸਨ, ਉਹ ਸਭ ਲੈ ਕੇ ਜੰਮੂ ਚਲੇ ਗਏ।

ਮਸ਼ਹੂਰ ਪੱਤਰਕਾਰ ਰਾਹੁਲ ਪੰਡਿਤਾ ਨੇ ਆਪਣੀ ਕਿਤਾਬ 'ਅਵਰ ਮੂਨ ਹੈਜ਼ ਬਲੱਡ ਕਲੌਟਸ' ਵਿੱਚ 19 ਜਨਵਰੀ, 1990 ਦੀ ਉਸ ਠੰਢੀ ਰਾਤ ਦਾ ਵਰਣਨ ਕੀਤਾ ਹੈ, ਜਿਸ ਤੋਂ ਬਾਅਦ ਕਸ਼ਮੀਰ 'ਚੋਂ ਪੰਡਿਤਾਂ ਨੇ ਹਿਜਰਤ ਕਰਨੀ ਸ਼ੂਰੂ ਕਰ ਦਿੱਤੀ ਸੀ।

19 ਜਨਵਰੀ ਤੋਂ ਪਹਿਲਾਂ ਕੀ ਹੋਇਆ ਸੀ?

19 ਜਨਵਰੀ ਦੀ ਘਟਨਾ ਨੂੰ ਯਾਦ ਕਰਦਿਆਂ ਕਸ਼ਮੀਰੀ ਪੰਡਿਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੰਜੈ ਟਿਕੂ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "1989 'ਚ ਗੋਲੀਬਾਰੀ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਫਿਰ ਰੂਬੀਆ ਸਈਦ ਨੂੰ ਅਗਵਾ ਕਰ ਲਿਆ ਗਿਆ ਸੀ। ਉਸੇ ਸਾਲ ਅਗਸਤ ਮਹੀਨੇ ਇੱਕ ਮੁਸਲਿਮ ਸਿਆਸੀ ਕਾਰਕੁੰਨ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਹਿਲੇ ਕਸ਼ਮੀਰੀ ਪੰਡਿਤ ਦਾ ਕਤਲ ਕੀਤਾ ਗਿਆ ਜੋ ਕਿ ਭਾਜਪਾ ਆਗੂ ਸਨ।"

"ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ 19 ਜਨਵਰੀ ਦੀ ਰਾਤ ਨੂੰ ਡੀਡੀ ਮੈਟਰੋ 'ਤੇ 'ਹਮਰਾਜ' ਫਿਲਮ ਪ੍ਰਸਾਰਿਤ ਹੋ ਰਹੀ ਸੀ ਅਤੇ ਜ਼ਿਆਦਾਤਰ ਲੋਕ ਫਿਲਮ ਹੀ ਵੇਖ ਰਹੇ ਸਨ। ਰਾਤ 9 ਵਜੇ ਦੇ ਕਰੀਬ ਲੋਕ ਸੜਕਾਂ 'ਤੇ ਆ ਗਏ ਅਤੇ ਆਜ਼ਾਦੀ ਦੇ ਨਾਅਰੇ ਲਗਾਉਣ ਲੱਗ ਪਏ। ਰਾਤ ਭਰ ਇਹ ਸਭ ਕੁਝ ਚੱਲਦਾ ਰਿਹਾ ਅਤੇ ਅਸੀਂ ਸਾਰੀ ਰਾਤ ਸੌਂ ਨਾ ਸਕੇ।"

"ਅਗਲੀ ਸਵੇਰ ਜਦੋਂ ਅਸੀਂ ਆਪਣੇ ਗੁਆਂਢੀਆਂ ਨੂੰ ਮਿਲੇ ਤਾਂ ਉਨ੍ਹਾਂ ਦਾ ਵਿਵਹਾਰ ਬਦਲਿਆ ਹੋਇਆ ਸੀ। ਕਿਸੇ ਨੇ ਵੀ ਇਸ ਬਾਰੇ ਗੱਲ ਹੀ ਨਾ ਕੀਤੀ ਕਿ ਉਹ ਰਾਤ ਨੂੰ ਸੜਕਾਂ 'ਤੇ ਕਿਉਂ ਸਨ ਅਤੇ ਹੁਣ ਅੱਗੇ ਕੀ ਹੋਣ ਵਾਲਾ ਹੈ। ਉਨ੍ਹਾਂ 'ਚੋਂ ਜ਼ਿਆਦਾਤਰ ਗੁਆਂਢੀਆਂ ਦਾ ਵਿਵਹਾਰ ਬਦਲ ਰਿਹਾ ਸੀ ਅਤੇ ਹੁਣ ਮਾਜ਼ਰਾ ਹੀ ਬਦਲ ਗਿਆ ਸੀ।"

ਇਹ ਵੀ ਪੜ੍ਹੋ:

19 ਜਨਵਰੀ ਦੀ ਉਸ ਘਟਨਾ ਤੋਂ ਬਾਅਦ ਕਸ਼ਮੀਰ ਤੋਂ ਪੰਡਿਤਾਂ ਦੀ ਹਿਜਰਤ ਦਾ ਦੌਰ ਸ਼ੂਰੂ ਹੋ ਗਿਆ। ਉਸ ਸਮੇਂ ਸੰਜੇ ਟਿੱਕੂ 22 ਸਾਲਾਂ ਦੇ ਸਨ।

ਕਰਲਨ (ਡਾ.) ਤੇਜਕੁਮਾਰ ਟਿੱਕੂ ਨੇ ਆਪਣੀ ਕਿਤਾਬ ' ਦਿ ਕਸ਼ਮੀਰ: ਇਟਸ ਐਬੋਰਿਜਿਨਜ਼ ਐਂਡ ਦੇਅਰ ਐਗਜ਼ੌਡਸ' ਵਿੱਚ 19 ਜਨਵਰੀ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ:

"4 ਜਨਵਰੀ, 1990 ਨੂੰ ਉਰਦੂ ਦੇ ਸਥਾਨਕ ਅਖ਼ਬਾਰ 'ਆਫ਼ਤਾਬ' 'ਚ ਇੱਕ ਪ੍ਰੈਸ ਰਿਲੀਜ਼ ਛਪਿਆ। ਉਸ 'ਚ ਹਿਜ਼ਬ-ਉਲ-ਮੁਜਾਹਿਦੀਨ ਨੇ ਸਾਰੇ ਹੀ ਪੰਡਤਾਂ ਨੂੰ ਫੌਰੀ ਤੌਰ 'ਤੇ ਘਾਟੀ ਛੱਡਣ ਦਾ ਹੁਕਮ ਦਿੱਤਾ ਸੀ।"

"ਇਸ ਚੇਤਾਵਨੀ ਨੂੰ ਇੱਕ ਹੋਰ ਸਥਾਨਕ ਅਖ਼ਬਾਰ 'ਅਲ-ਸਫ਼ਾ' ਨੇ ਵੀ ਪ੍ਰਕਾਸ਼ਿਤ ਕੀਤਾ ਸੀ। ਇੰਨ੍ਹਾਂ ਧਮਕੀਆਂ ਤੋਂ ਬਾਅਦ ਜਿਹਾਦੀਆਂ ਨੇ ਕਲਾਸ਼ਨੀਕੋਵ ਬੰਦੂਕਾਂ ਨਾਲ ਜਲੂਸ ਕੱਢਿਆ ਸੀ। ਇਸ ਦੇ ਨਾਲ ਹੀ ਕਸ਼ਮੀਰੀ ਪੰਡਿਤਾਂ ਦੇ ਕਤਲ ਦੀਆਂ ਖ਼ਬਰਾਂ ਦਾ ਸਿਲਸਿਲਾ ਚੱਲ ਪਿਆ। ਬੰਬ ਧਮਾਕੇ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਸਨ।"

ਵੀਡੀਓ: ਧਾਰਾ 370 ਹਟਾਏ ਜਾਣ 'ਤੇ ਕੀ ਕਹਿ ਰਹੇ ਹਨ ਕਸ਼ਮੀਰੀ ਪੰਡਿਤ?

"ਉਕਸਾਊ ਅਤੇ ਧਮਕੀ ਭਰੇ ਜਨਤਕ ਭਾਸ਼ਣ ਦਿੱਤੇ ਗਏ ਸਨ। ਪੰਡਿਤਾਂ ਨੂੰ ਡਰਾਉਣ ਲਈ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਵਾਲੀਆਂ ਹਜ਼ਾਰਾਂ ਹੀ ਆਡੀਓ ਕੈਸੇਟਾਂ ਵੰਡੀਆਂ ਗਈਆਂ ਸਨ। ਇਸ ਦੇ ਨਾਲ ਘੱਟ ਗਿਣਤੀਆਂ ਨੂੰ ਕਸ਼ਮੀਰ ਛੱਡਣ ਦੀ ਧਮਕੀ ਦੇਣ ਵਾਲੇ ਪੋਸਟਰ ਵੀ ਜਗ੍ਹਾ-ਜਗ੍ਹਾ 'ਤੇ ਚਿਪਕਾਏ ਗਏ ਸਨ।"

"ਇਹ ਧਮਕੀ ਖੋਖਲੀ ਨਹੀਂ ਸੀ ਅਤੇ 15 ਜਨਵਰੀ,1990 ਨੂੰ ਐਮਐਲ ਭਾਨ ਨਾਮ ਦੇ ਇੱਕ ਸਰਕਾਰੀ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸੇ ਦਿਨ ਇੱਕ ਹੋਰ ਸਰਕਾਰੀ ਕਰਮਚਾਰੀ ਬਲਦੇਵ ਰਾਜ ਦੱਤ ਨੂੰ ਅਗਵਾ ਕੀਤਾ ਗਿਆ ਅਤੇ ਚਾਰ ਦਿਨ ਬਾਅਦ 19 ਜਨਵਰੀ ਨੂੰ ਉਨ੍ਹਾਂ ਦੀ ਲਾਸ਼ ਬਰਾਮਦ ਹੋਈ।"

ਇਸ ਦੌਰਾਨ ਫ਼ਾਰੂਕ ਅਬਦੁੱਲਾ ਦੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਅਤੇ ਜਗਮੋਹਨ ਦੂਜੀ ਵਾਰ ਗਵਰਨਰ ਬਣ ਕੇ ਉੱਥੇ ਆਏ ਸਨ।

ਉਨ੍ਹਾਂ ਨੇ 19 ਜਨਵਰੀ ਨੂੰ ਅਹੁਦਾ ਸੰਭਾਲਿਆ ਅਤੇ ਉਦੋਂ ਤੋਂ ਹੀ ਇਹ ਹਿਜਰਤ ਸ਼ੁਰੂ ਹੋਈ।

ਅਸ਼ੋਕ ਕੁਮਾਰ ਪਾਂਡੇ ਨੇ ਕਸ਼ਮੀਰ ਦੇ ਇਤਿਹਾਸ, ਰਾਜਨੀਤੀ ਅਤੇ ਸਮਾਜਕ ਜੀਵਨ 'ਤੇ ਲਿਖੀ ਆਪਣੀ ਕਿਤਾਬ 'ਕਸ਼ਮੀਰਨਾਮਾ' 'ਚ 19 ਜਨਵਰੀ ਦੇ ਪਿਛੋਕੜ ਨੂੰ ਉਜਾਗਰ ਕੀਤਾ ਹੈ-

"ਕਸ਼ਮੀਰੀਆਂ ਦੇ ਹਮਲੇ ਦੇ ਕਈ ਪਹਿਲੂ ਸਨ। ਕਸ਼ਮੀਰ ਦੀ ਰਾਜਨੀਤੀ 'ਤੇ ਦਿੱਲੀ ਦਾ ਕੰਟਰੋਲ, ਸਿਸਟਮ 'ਚ ਫੈਲਿਆ ਭ੍ਰਿਸ਼ਟਾਚਾਰ ਅਤੇ ਆਰਥਿਕ ਪਿਛੜੇਪਨ ਨੇ ਕਸ਼ਮੀਰੀ ਨੌਜਵਾਨਾਂ ਦੀ ਬੇਚੈਨੀ ਨੂੰ ਵਧਾ ਦਿੱਤਾ ਸੀ।"

"ਜਿਵੇਂ-ਜਿਵੇਂ ਕਸ਼ਮੀਰੀ ਲੋਕਾਂ ਦੀ ਪ੍ਰਗਟਾਵੇ ਦੀ ਜਮਹੂਰੀ ਆਜ਼ਾਦੀ ਖ਼ਤਮ ਹੁੰਦੀ ਗਈ, ਗੁੱਸਾ ਨਾਅਰਿਆਂ 'ਚ ਅਤੇ ਬਾਅਦ 'ਚ ਹਥਿਆਰਬੰਦ ਸੰਘਰਸ਼ 'ਚ ਬਦਲ ਗਿਆ ਸੀ।"

"ਸੂਬੇ 'ਚ ਉਦਯੋਗਿਕ ਵਿਕਾਸ ਲਈ ਦਿੱਤੇ ਗਏ ਬਹੁਤੇ ਫੰਡ ਦੀ ਵਰਤੋਂ ਜੰਮੂ ਖੇਤਰ ਲਈ ਕੀਤੀ ਗਈ ਸੀ। 1977 'ਚ ਭਾਰਤੀਆਂ ਨੇ ਲੋਕਾਂ ਦੀ ਤਾਕਤ ਦਾ ਸਵਾਦ ਚੱਖਿਆ ਅਤੇ ਇੰਦਰਾ ਗਾਂਧੀ ਵਰਗੀ ਸ਼ਕਤੀਸ਼ਾਲੀ ਆਗੂ ਨੂੰ ਹਰਾ ਦਿੱਤਾ। ਦੂਜੇ ਪਾਸੇ ਕਸ਼ਮੀਰ ਦੇ ਫ਼ਤਵੇ, ਜਨਤਕ ਆਦੇਸ਼ ਲਗਾਤਾਰ ਦਬਾਅ ਰਹੇ ਸਨ।"

"ਨਤੀਜੇ ਵੱਜੋਂ ਸਿਆਸੀ ਤਾਕਤਾਂ ਵਿੱਰੁਧ ਗੁੱਸਾ ਭਾਰਤ ਵਿਰੋਧੀ ਗੁੱਸੇ 'ਚ ਤਬਦੀਲ ਹੋ ਗਿਆ ਅਤੇ ਅਸੀਂ ਕਹਿ ਸਕਦੇ ਹਾਂ ਕਿ ਆਜ਼ਾਦੀ ਪੱਖੀ ਅਤੇ ਭਾਰਤ ਵਿਰੋਧੀ ਤਾਕਤਾਂ ਲਈ ਉਸ ਹਲਚੱਲ ਜਾਂ ਅੰਦੋਲਨ ਨੂੰ ਆਪਣੇ ਅਨੁਸਾਰ ਵਰਤਣਾ ਆਸਾਨ ਹੋ ਗਿਆ ਸੀ।"

ਇਸ ਦੌਰਾਨ 1987 ਦੀਆਂ ਵਿਧਾਨ ਸਭਾ ਚੋਣਾਂ 'ਚ ਬੇਕਾਇਦਗੀਆਂ ਨੇ ਇਸ ਪ੍ਰਕਿਰਿਆ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ ਸੀ।

1987 ਦੀਆਂ ਚੋਣਾਂ ਨੇ ਭੜਕਾਉਣ ਦਾ ਕੰਮ ਕੀਤਾ

1987 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਇੱਕਠੇ ਚੋਣ ਲੜਨ ਦਾ ਫੈਸਲਾ ਕੀਤਾ, ਪਰ ਉਨ੍ਹਾਂ ਨੂੰ ਇੱਕ ਨਵੀਂ ਸਿਆਸੀ ਤਾਕਤ 'ਮੁਸਲਿਮ ਯੂਨਾਈਟਿਡ ਫਰੰਟ' ਨੇ ਚੁਣੌਤੀ ਦਿੱਤੀ।

ਮੁਸਲਿਮ ਯੂਨਾਈਟਿਡ ਫਰੰਟ ਵਿੱਚ ਸਈਅਦ ਅਲੀ ਸ਼ਾਹ ਗਿਲਾਨੀ ਦੀ ਜਮਾਤ-ਏ-ਇਸਲਾਮੀ, ਅਬਦੁਲ ਗਨੀ ਲੋਨ ਦੀ ਪੀਪਲਜ਼ ਲੀਗ ਅਤੇ ਮੀਰਵਾਇਜ਼ ਮੁਹੰਮਦ ਉਮਰ ਫਾਰੂਕ ਦੀ ਅਵਾਮੀ ਐਕਸ਼ਨ ਕਮੇਟੀ ਸ਼ਾਮਲ ਸੀ। ਇਸ ਤੋਂ ਇਲਾਵਾ ਉਮਾਤ-ਏ-ਇਸਲਾਮੀ, ਜਮੀਅਤ-ਏ-ਅੱਲ੍ਹਾ-ਏ-ਹਦੀਸ, ਅੰਜੁਮਨ-ਤਹਫ਼ੁਜ਼-ਉਲ-ਇਸਲਾਮ, ਇਤਿਹਾਦ-ਉਲ-ਮੁਸਲਮੀਨ, ਮੁਸਲਿਮ ਕਰਮਚਾਰੀ ਯੂਨੀਅਨ ਵਰਗੇ ਛੋਟੇ ਸਮੂਹਾਂ ਨੇ ਵੀ ਇਸ 'ਚ ਹਿੱਸਾ ਲਿਆ।

ਅਸ਼ੋਕ ਕੁਮਾਰ ਪਾਂਡੇ ਨੇ ਆਪਣੀ ਕਿਤਾਬ 'ਕਸ਼ਮੀਰ ਅਤੇ ਕਸ਼ਮੀਰੀ ਪੰਡਿਤ: ਵਸਣ ਅਤੇ ਉਜੜਨ ਦੇ 1500 ਸਾਲ' 'ਚ ਲਿਖਿਆ ਕਿ "ਇਸਲਾਮ ਪੱਖੀ ਅਤੇ ਲੋਕ ਪੱਖੀ ਪਾਰਟੀਆਂ ਅਤੇ ਸਮੂਹਾਂ ਦਾ ਇਹ ਛਤਰ ਸੰਗਠਨ ਉਸ ਸਮੇਂ ਕਸ਼ਮੀਰੀ ਸਮਾਜ ਅਤੇ ਰਾਜਨੀਤੀ 'ਚ ਮੌਜੂਦ ਅਸੰਤੁਸ਼ਟੀ ਦੀ ਇੱਕ ਉਦਾਹਰਣ ਸੀ।"

"ਰੈਲੀਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਰਹੇ ਸਨ ਅਤੇ ਇਹ ਮੋਰਚਾ ਭ੍ਰਿਸ਼ਟਾਚਾਰ, ਮੁਨਾਫਾਖੋਰੀ, ਜਮ੍ਹਾਖੋਰੀ ਮੁਕਤ ਸ਼ਾਸਨ ਅਤੇ ਉਨ੍ਹਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦਾ ਵਾਅਦਾ ਕਰ ਰਿਹਾ ਸੀ।"

ਕਸ਼ਮੀਰ ਵਿੱਚ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਸੀ ਅਤੇ ਇਹ ਮੋਰਚਾ ਸਾਰਿਆਂ ਨੂੰ ਨੌਕਰੀਆਂ ਦੇਣ ਅਤੇ ਉਦਯੋਗ ਅਤੇ ਰੁਜ਼ਗਾਰ ਲਿਆਉਣ ਦੀ ਗੱਲ ਕਰ ਰਿਹਾ ਸੀ। ਫਾਰੂਕ ਅਬਦੁੱਲਾ ਨੇ ਇਸ ਮੋਰਚੇ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਕਾਂਗਰਸ ਨਾਲ ਹੱਥ ਮਿਲਾਇਆ। ਚੋਣ ਪ੍ਰਕਿਰਿਆ 'ਚ ਵੱਡੀ ਪੱਧਰ 'ਤੇ ਗੜਬੜੀ ਦੇ ਦੋਸ਼ ਲੱਗੇ ਸਨ।

ਉਸ ਸਮੇਂ ਕਾਂਗਰਸ ਦੀ ਇੱਕ ਨੇਤਾ, ਖੇਮਲਤਾ ਵੁਖਲੂ ਨੇ ਬੀਬੀਸੀ ਨੂੰ ਦੱਸਿਆ: "ਮੈਨੂੰ ਯਾਦ ਹੈ ਕਿ 1987 ਦੀਆਂ ਚੋਣਾਂ ਬਹੁਤ ਵੱਡੀਆਂ ਬੇਨਿਯਮੀਆਂ ਨਾਲ ਭਰੀਆਂ ਹੋਈਆਂ ਸਨ। ਹਾਰਨ ਵਾਲੇ ਉਮੀਦਵਾਰਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ ਅਤੇ ਇਸ ਕਾਰਨ ਆਮ ਆਦਮੀ ਦਾ ਚੋਣਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਤੋਂ ਵਿਸ਼ਵਾਸ ਖਤਮ ਹੋ ਗਿਆ ਸੀ।"

ਬਹੁਤ ਸਾਰੇ ਪੜ੍ਹੇ ਲਿਖੇ ਅਤੇ ਬੇਰੁਜ਼ਗਾਰ ਨੌਜਵਾਨਾਂ ਦਾ ਇਸ ਨਾਲ ਮੋਹ ਭੰਗ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਜੇਕੇਐਲਐਫ ਨੇ ਲਾਲਚ ਦਿੱਤਾ ਅਤੇ ਉਨ੍ਹਾਂ 'ਚੋਂ ਕਈਆਂ ਨੂੰ ਕੰਟਰੋਲ ਰੇਖਾ ਦੇ ਪਾਰ ਭੇਜ ਦਿੱਤਾ ਗਿਆ ਸੀ।

ਜੇਕੇਐਲਐਫ ਅਤੇ ਕਸ਼ਮੀਰ ਛੱਡੋ ਦਾ ਨਾਅਰਾ

ਕ੍ਰਿਸਟੋਫਰ ਸਨਾਈਡਨ ਨੇ ਆਪਣੀ ਕਿਤਾਬ 'ਅੰਡਰਸਟੈਂਡਿੰਗ ਕਸ਼ਮੀਰ ਐਂਡ ਕਸ਼ਮੀਰੀ' 'ਚ ਜੇਕੇਐਲਐਫ ਬਾਰੇ ਦੱਸਦਿਆਂ ਲਿਖਿਆ -

ਇਹ 80 ਦੇ ਦਹਾਕੇ ਦੇ ਦੂਜੇ ਅੱਧ ਦੀ ਗੱਲ ਹੈ। ਇਹ ਉਹ ਸਮਾਂ ਸੀ ਜਦੋਂ ਭਾਰਤ 'ਚ ਕਸ਼ਮੀਰ ਦੀ ਆਜ਼ਾਦੀ ਲਈ ਸਿਆਸੀ ਅੰਦੋਲਨ ਅਤੇ ਵਿਰੋਧ ਤੇਜ਼ ਹੋ ਰਹੇ ਸਨ।"

"ਹੁਣ ਤੱਕ ਜੋ ਵਿਰੋਧ ਪ੍ਰਦਰਸ਼ਨ ਹੋਏ ਸਨ, ਉਹ ਹੁਣ ਹਿੰਸਕ ਹੁੰਦੇ ਜਾ ਰਹੇ ਸਨ ਅਤੇ ਕਸ਼ਮੀਰੀਆਂ ਦੀ ਆਜ਼ਾਦੀ ਦੀ ਮੰਗ 'ਚ ਹਿੰਸਾ ਦੇ ਤੱਤ ਨੂੰ ਜੋੜਿਆ ਗਿਆ।"

"1987 'ਚ ਸੂਬੇ 'ਚ ਚੋਣਾਂ ਹੋਈਆਂ ਅਤੇ ਕਸ਼ਮੀਰੀ ਖੇਤਰੀ ਪਾਰਟੀਆਂ ਦੇ ਗੱਠਜੋੜ ਮੁਸਲਿਮ ਯੂਨਾਈਟਿਡ ਫਰੰਟ ਨੇ ਜਿੱਤ ਦੀ ਉਮੀਦ ਰੱਖੀ।"

"ਹਾਲਾਂਕਿ ਜਦੋਂ ਨਤੀਜਿਆਂ ਨੇ ਉਸ ਦੀਆਂ ਅਤੇ ਉਨ੍ਹਾਂ ਵਰਗੇ ਹਜ਼ਾਰਾਂ ਕਸ਼ਮੀਰੀ ਨੌਜਵਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਤਾਂ ਉਹ ਨਿਰਾਸ਼ ਹੋ ਗਏ। ਇੱਥੋਂ ਤੱਕ ਕਿ ਪੜ੍ਹੇ ਲਿਖੇ ਨੌਜਵਾਨਾਂ ਦਾ ਵੀ ਚੋਣ ਪ੍ਰਕਿਰਿਆ ਤੋਂ ਵਿਸ਼ਵਾਸ ਉੱਠ ਗਿਆ ਸੀ।"

"ਇੰਨ੍ਹਾਂ 'ਚੋਂ ਕੁਝ ਨੌਜਵਾਨ ਤਾਂ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਵੱਲ ਚਲੇ ਗਏ ਸਨ ਅਤੇ ਭਾਰਤ ਵਿਰੁੱਧ ਹਥਿਆਰਬੰਦ ਜੰਗ ਸ਼ੁਰੂ ਕਰ ਦਿੱਤੀ ਸੀ।"

"ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਂਲੀਜੈਂਸ, ਆਈਐਸਆਈ ਨੂੰ ਮੌਕਾ ਮਿਲਿਆ ਅਤੇ ਉਸ ਨੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ।"

"ਆਈਐਸਆਈ ਨੇ ਇੰਨ੍ਹਾਂ ਨੌਜਵਾਨਾਂ ਨੂੰ ਪਾਕ ਮਕਬੂਜਾ ਕਸ਼ਮੀਰ 'ਚ ਸਿਖਲਾਈ ਦਿੱਤੀ ਅਤੇ ਉਨ੍ਹਾਂ ਨੂੰ ਭਾਰਤੀ ਫੌਜ ਦੇ ਵਿਰੁੱਧ ਲੜਨ ਲਈ ਹਥਿਆਰ ਵੀ ਦਿੱਤੇ।"

"ਸਿਖਲਾਈ ਹਾਸਲ ਇਹ ਨੌਜਵਾਨ ਭਾਰਤ ਸ਼ਾਸਤ ਕਸ਼ਮੀਰ 'ਚ ਦਾਖਲ ਹੋਏ ਅਤੇ ਇਸ ਨਾਲ ਹੀ ਸ਼ਾਂਤੀ ਭੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ।"

"1988 'ਚ ਭਾਰਤ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ ਕਸ਼ਮੀਰ ਦੇ ਕਈ ਹਿੱਸਿਆਂ 'ਚ ਕਰਫਿਊ ਲੱਗ ਗਿਆ ਸੀ।"

"ਲਗਭਗ ਸਾਲ ਬਾਅਦ ਜੁਲਾਈ 1989 'ਚ ਸ਼੍ਰੀਨਗਰ 'ਚ ਟੈਲੀਗ੍ਰਾਫ ਦਫ਼ਤਰ 'ਤੇ ਕੱਟੜਪੰਥੀਆਂ ਵੱਲੋਂ ਬੰਬਾਰੀ ਕੀਤੀ ਗਈ।"

"ਇੱਕ ਸਾਲ ਬਾਅਦ ਕਸ਼ਮੀਰ ਦੇ ਮਸ਼ਹੂਰ ਧਾਰਮਿਕ ਆਗੂ ਮੀਰਵਾਇਜ਼ ਮੌਲਵੀ ਮੁਹੰਮਦ ਉਮਰ ਫ਼ਾਰੂਕ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਦੇ ਜਨਾਜ਼ੇ 'ਚ ਲਗਭਗ 20 ਹਜ਼ਾਰ ਕਸ਼ਮੀਰੀ ਇੱਕਠੇ ਹੋਏ ਸਨ।"

ਵੀਡੀਓ: ਤਿੰਨ ਦਹਾਕਿਆਂ ਤੋਂ ਗੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਕਸ਼ਮੀਰੀ ਪੰਡਿਤ

"ਹਾਲਾਤ ਕਾਬੂ ਤੋਂ ਬਾਹਰ ਹੋਣ ਦੀ ਸੂਰਤ 'ਚ ਭਾਰਤੀ ਸੁਰੱਖਿਆ ਬਲਾਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ 20 ਕਸ਼ਮੀਰੀ ਮਾਰੇ ਗਏ ਅਤੇ ਇਸ ਨਾਲ ਹੀ ਕਸ਼ਮੀਰ 'ਚ ਇੱਕ ਖੂਨੀ ਅਧਿਆਏ ਦਾ ਆਗਾਜ਼ ਹੋਇਆ।"

"ਜੰਮੂ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ, ਜੇਕੇਐਲਐਫ ਨੇ ਇਸ ਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਤੋਂ ਆਜ਼ਾਦੀ ਲੈਣ ਦੀ ਮੰਗ ਕੀਤੀ।"

1965 'ਚ ਅਮਾਨੁੱਲਾ ਖ਼ਾਨ, ਮਕਬੂਲ ਬੱਟ ਅਤੇ ਕੁਝ ਹੋਰ ਨੌਜਵਾਨਾਂ ਨੇ ਕਸ਼ਮੀਰ ਦੀ ਆਜ਼ਾਦੀ ਦੇ ਇਰਾਦੇ ਨਾਲ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ 'ਚ 'ਪਲੇਬੀਸਾਈਟ ਫਰੰਟ' ਨਾਂਅ ਦੀ ਇੱਕ ਪਾਰਟੀ ਦਾ ਗਠਨ ਕੀਤਾ।

ਭਾਰਤ ਅਤੇ ਪਾਕਿਸਤਾਨ ਦੋਵਾਂ ਵੱਲੋਂ ਕਸ਼ਮੀਰ 'ਤੇ ਕਬਜ਼ੇ ਦਾ ਵਿਰੋਧ ਕਰਦਿਆਂ, ਇਸ ਫਰੰਟ ਨੇ ਆਪਣੇ ਹਥਿਆਰਬੰਦ ਵਿੰਗ- ਜੇਕੇਐਲਐਫ ਦਾ ਗਠਨ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਕਸ਼ਮੀਰ ਨੂੰ ਅਲਜੀਰੀਆ ਵਰਗੇ ਹਥਿਆਰਬੰਦ ਸੰਘਰਸ਼ ਨਾਲ ਹੀ ਭਾਰਤ ਤੋਂ ਵੱਖ ਕੀਤਾ ਜਾ ਸਕਦਾ ਹੈ।

ਅਸ਼ੋਕ ਪਾਂਡੇ ਕਸ਼ਮੀਰਨਾਮਾ 'ਚ ਲਿਖਦੇ ਹਨ ਕਿ ਉਸੇ ਜੇਕੇਐਲਐਫ ਨੇ 1989 ਦੀਆਂ ਗਰਮੀਆਂ 'ਚ 'ਕਸ਼ਮੀਰ ਛੱਡੋ' ਦਾ ਨਾਅਰਾ ਬੁਲੰਦ ਕਰਨਾ ਸ਼ੁਰੂ ਕੀਤਾ ਸੀ।

"ਸਥਿਤੀ ਨੂੰ ਸੁਧਾਰਨ ਲਈ, ਸਰਕਾਰ ਨੇ ਪਾਕਿਸਤਾਨ ਤੋਂ ਵਾਪਸ ਜਾਂਦੇ ਸਮੇਂ ਗ੍ਰਿਫਤਾਰ ਕੀਤੇ 72 ਲੋਕਾਂ ਨੂੰ ਰਿਹਾਅ ਕੀਤਾ, ਜੋ ਕਿ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸਨ।"

ਇਹ ਵੀ ਪੜ੍ਹੋ:

"ਇਸ ਨਾਲ ਕੋਈ ਫਾਇਦਾ ਨਹੀਂ ਹੋਇਆ ਅਤੇ ਅਗਲੇ ਦਿਨ ਸੀਆਰਪੀਐਫ ਕੈਂਪ 'ਤੇ ਹਮਲਾ ਹੋ ਗਿਆ ਅਤੇ ਇਸ 'ਚ ਤਿੰਨ ਜਵਾਨ ਸ਼ਹੀਦ ਹੋ ਗਏ।"

"ਪਹਿਲਾ ਸਿਆਸੀ ਕਤਲ 21 ਅਗਸਤ, 1989 ਨੂੰ ਸ੍ਰੀਨਗਰ ਵਿਖੇ ਹੋਇਆ ਸੀ, ਜਿਸ 'ਚ ਨੈਸ਼ਨਲ ਕਾਨਫਰੰਸ ਦੇ ਬਲਾਕ ਪ੍ਰਧਾਨ ਮੁਹੰਮਦ ਯੂਸਫ਼ ਹਲਵਾਈ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।"

"ਇੱਕ ਪ੍ਰਮੁੱਖ ਹਿੰਦੂ ਆਗੂ ਅਤੇ ਹੱਬਾ ਕਦਲ ਘਾਟੀ 'ਚ ਵਕੀਲ ਟੀਕਾਰਾਮ ਟਿਪਲੂਨੀ ਦਾ 14 ਸਤੰਬਰ ਨੂੰ ਕਤਲ ਕਰ ਦਿੱਤਾ ਗਿਆ ਅਤੇ 4 ਨਵੰਬਰ ਨੂੰ ਮਕਬੂਲ ਬੱਟ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੀਲਕੰਠ ਗੰਜੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।"

ਇਸ ਕਿਤਾਬ ਦੇ ਅਨੁਸਾਰ, ਜੇਕੇਐਲਐਫ ਨੇ ਇੰਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਚੁੱਕੀ ਸੀ।

ਇਸ ਦੌਰਾਨ 8 ਦਸੰਬਰ ਨੂੰ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਹੰਮਦ ਸਇਦ ਦੀ ਧੀ ਰੂਬੀਆ ਸਇਦ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਪੰਜ ਕੱਟੜਪੰਥੀਆਂ ਨੂੰ ਰਿਹਾਅ ਕੀਤਾ ਗਿਆ ਸੀ। ਫ਼ਾਰੂਕ ਅਬਦੁੱਲਾ ਨੇ ਕੱਟੜਪੰਥੀਆਂ ਅੱਗੇ ਝੁਕਣ ਦਾ ਸਖ਼ਤ ਵਿਰੋਧ ਕੀਤਾ ਪਰ ਇਸ ਦਾ ਕੋਈ ਲਾਭ ਨਾ ਹੋਇਆ।

ਇਸ ਘਟਨਾ ਤੋਂ ਬਾਅਦ ਕੱਟੜਪੰਥੀਆਂ ਦਾ ਹੌਂਸਲਾ ਹੋਰ ਬੁਲੰਦ ਹੋ ਗਿਆ ਅਤੇ ਕਈ ਲੋਕਾਂ ਨੂੰ ਜੇਲ੍ਹ ਤੋਂ ਛੁਡਾਉਣ ਲਈ ਉਨ੍ਹਾਂ ਨੇ ਅਗਵਾ ਕਰਨ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ।

ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ ਅਤੇ ਇਸ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਰਾਜਪਾਲ ਜਗਮੋਹਨ ਨੂੰ ਦਿੱਤੀ ਗਈ ਸੀ।

ਕੀ ਜਗਮੋਹਨ ਨੇ ਕਸ਼ਮੀਰ ਨੂੰ ਬਚਾਇਆ ਸੀ?

ਜਗਮੋਹਨ ਨੂੰ ਪਹਿਲੀ ਵਾਰ ਅਪਰੈਲ 1984 'ਚ ਬਤੌਰ ਗਵਰਨਰ ਕਸ਼ਮੀਰ ਭੇਜਿਆ ਗਿਆ ਸੀ, ਇਸ ਲਈ ਉਹ ਕਸ਼ਮੀਰੀਆਂ 'ਚ ਹਰਮਨ ਪਿਆਰੇ ਸਨ।

ਅਸ਼ੋਕ ਪਾਂਡੇ 'ਕਸ਼ਮੀਰਨਾਮਾ' 'ਚ ਲਿਖਦੇ ਹਨ, "ਘਾਟੀ 'ਚ ਉਨ੍ਹਾਂ ਦਾ ਅਕਸ ਹਿੰਦੂ ਸਮਰਥਕ ਅਤੇ ਮੁਸਲਿਮ ਵਿਰੋਧੀ ਦਾ ਸੀ।"

"ਇਸ ਲਈ ਜਗਮੋਹਨ ਦੇ ਗਵਰਨਰ ਬਣਦਿਆਂ ਹੀ ਇੱਕ ਕਸ਼ਮੀਰੀ ਮੁਸਲਿਮ ਮੁਫ਼ਤੀ ਮੁਹੰਮਦ ਸਇਦ ਨੂੰ ਗ੍ਰਹਿ ਮੰਤਰੀ ਬਣਾ ਕੇ ਕਸ਼ਮੀਰੀਆਂ ਦਾ ਭਰੋਸਾ ਜਿੱਤਣ ਦਾ ਯਤਨ ਨਾਕਾਮ ਰਿਹਾ।"

"18 ਜਨਵਰੀ ਨੂੰ ਅਰਧ ਸੈਨਿਕ ਬਲਾਂ ਨੇ ਕਸ਼ਮੀਰ 'ਚ ਘਰ-ਘਰ ਤਲਾਸ਼ੀ ਮੁਹਿੰਮ ਚਲਾਈ। 19 ਜਨਵਰੀ ਨੂੰ ਜਿਸ ਦਿਨ ਜਗਮੋਹਨ ਨੇ ਆਪਣਾ ਅਹੁਦਾ ਸੰਭਾਲਿਆ ਸੀ, ਉਸੇ ਦਿਨ ਸੀਆਰਪੀਐਫ ਨੇ ਤਕਰੀਬਨ 300 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਸੀ।"

20 ਜਨਵਰੀ ਨੂੰ ਜਦੋਂ ਜਗਮੋਹਨ ਸ੍ਰੀਨਗਰ ਪਹੁੰਚੇ ਤਾਂ ਉਨ੍ਹਾਂ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਲੋਕ ਉੱਥੇ ਇੱਕਠੇ ਹੋਏ ਸਨ। ਇੰਨ੍ਹਾਂ 'ਚ ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ।

"ਅਗਲੇ ਦਿਨ ਫਿਰ ਪ੍ਰਦਰਸ਼ਨ ਹੋਏ ਅਤੇ ਗੋਲੀ ਚਲਾਉਣ ਦਾ ਹੁਕਮ ਜਾਰੀ ਕੀਤਾ ਗਿਆ। ਅਧਿਕਾਰਤ ਅੰਕੜਿਆਂ ਅਨੁਸਾਰ 35 ਲੋਕਾਂ ਦੀ ਮੌਤ ਹੋਈ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਕਿਸੇ ਇੱਕ ਘਟਨਾ 'ਚ ਮਾਰੇ ਗਏ ਲੋਕਾਂ ਦੀ ਇਹ ਸਭ ਤੋਂ ਵੱਧ ਗਿਣਤੀ ਸੀ।"

ਜਗਮੋਹਨ ਨੇ ਆਪਣੀ ਕਿਤਾਬ 'ਮਾਈ ਫਰੋਜ਼ਨ ਟਰਬੂਲੈਂਸ' 'ਚ ਮੰਨਿਆ ਹੈ ਕਿ ਗਾਵਕਦਲ 'ਚ ਗੋਲੀਬਾਰੀ ਉਨ੍ਹਾਂ ਦੇ ਹੁਕਮ 'ਤੇ ਹੀ ਕੀਤੀ ਗਈ ਸੀ।

ਅਸ਼ੋਕ ਪਾਂਡੇ ਅਜਿਹੇ ਇੱਕ ਹੋਰ ਮਾਮਲੇ ਦੀ ਗੱਲ ਕਰਦੇ ਹਨ-

"ਮੀਰਵਾਈਜ਼ ਦਾ ਕਤਲ 21 ਮਈ 1990 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ ਜਨਾਜ਼ੇ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ ਸੀ। ਤਤਕਾਲੀ ਮੁੱਖ ਸਕੱਤਰ ਆਰ ਠੱਕਰ ਨੇ ਜਗਮੋਹਨ ਨੂੰ ਸਲਾਹ ਦਿੱਤੀ ਸੀ ਕਿ ਉਹ ਨਿੱਜੀ ਤੌਰ 'ਤੇ ਉੱਥੇ ਜਾਣ ਜਾਂ ਫਿਰ ਉਨ੍ਹਾਂ ਦੀ ਕਬਰ 'ਤੇ ਫੁੱਲ ਚੜਾਉਣ ਲਈ ਕਿਸੇ ਸੀਨੀਅਰ ਅਧਿਕਾਰੀ ਨੂੰ ਭੇਜਣ। ਪਰ ਜਗਮੋਹਨ ਨੇ ਉਨ੍ਹਾਂ ਦੀ ਸਲਾਹ ਨਾ ਮੰਨੀ।"

"ਉਨ੍ਹਾਂ ਨੇ ਜਲੂਸ ਦੇ ਰਸਤੇ ਅਤੇ ਜਲੂਸ 'ਤੇ ਪਾਬੰਦੀਆਂ ਲਗਾਉਣ ਬਾਰੇ ਕੁਝ ਗੁੰਝਲਦਾਰ ਅਤੇ ਸ਼ੱਕ ਪੈਦਾ ਕਰਨ ਵਾਲੇ ਹੁਕਮ ਦਿੱਤੇ। ਇੰਨ੍ਹਾਂ ਗੁੰਝਲਦਾਰ ਹੁਕਮਾਂ ਤੋਂ ਬਾਅਦ ਅਰਧ ਸੈਨਿਕ ਬਲਾਂ ਨੇ ਜਲੂਸ 'ਤੇ ਗੋਲੀਆਂ ਚਲਾ ਦਿੱਤੀਆਂ, ਕਿਉਂਕਿ ਜਲੂਸ ਆਪਣੇ ਅੰਤਿਮ ਪੜਾਅ ਬਾਵ ਮੀਰਵਾਈਜ਼ ਤੱਕ ਪਹੁੰਚਣ ਹੀ ਵਾਲਾ ਸੀ।"

"ਅਧਿਕਾਰਤ ਤੌਰ 'ਤੇ ਇਸ ਗੋਲੀਬਾਰੀ 'ਚ 27 ਲੋਕਾਂ ਦੀ ਮੌਤ ਹੋਈ ਸੀ ਪਰ ਭਾਰਤੀ ਮੀਡੀਆ ਨੇ ਮਰਨ ਵਾਲਿਆਂ ਦੀ ਗਿਣਤੀ 47 ਦੱਸੀ ਸੀ, ਜਦਕਿ ਬੀਬੀਸੀ ਅਨੁਸਾਰ ਇਹ ਅੰਕੜਾ 100 ਸੀ। ਸਥਿਤੀ ਇਹ ਸੀ ਕਿ ਕੁਝ ਗੋਲੀਆਂ ਮੀਰਵਾਈਜ਼ ਦੀ ਲਾਸ਼ 'ਤੇ ਵੀ ਲੱਗੀਆਂ।"

ਕਸ਼ਮੀਰਨਾਮਾ 'ਚ ਅਸ਼ੋਕ ਪਾਂਡੇ ਲਿਖਦੇ ਹਨ-

"ਜਗਮੋਹਨ ਦੇ ਗਵਰਨਰ ਵੱਜੋਂ ਕਾਰਜਕਾਲ ਦੌਰਾਨ ਘਾਟੀ 'ਚ ਹਿੰਦੂ ਅਤੇ ਮੁਸਲਮਾਨਾਂ 'ਚ ਦੁਸ਼ਮਣੀ ਵੱਧ ਗਈ ਸੀ। ਉਨ੍ਹਾਂ 'ਚ ਪ੍ਰਚਾਰ ਕੀਤਾ ਗਿਆ ਸੀ ਕਿ ਜਗਮੋਹਨ ਨੂੰ ਮੁਸਲਮਾਨਾਂ ਨੂੰ ਮਾਰਨ ਲਈ ਭੇਜਿਆ ਗਿਆ ਹੈ। ਬਦਕਿਸਮਤੀ ਨਾਲ ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਇੰਨ੍ਹਾਂ ਇਲਜ਼ਾਮਾਂ ਨੂੰ ਹੋਰ ਹਵਾ ਦੇਣ ਦਾ ਕੰਮ ਕੀਤਾ।"

"ਮੀਰਵਾਈਜ਼ ਦੇ ਜਨਾਜ਼ੇ 'ਤੇ ਚੱਲੀ ਗੋਲੀ ਅਤੇ ਉਸ ਤੋਂ ਬਾਅਦ ਚੱਲੀ ਤਲਾਸ਼ੀ ਮੁਹਿੰਮ ਨੇ ਬਹੁਤ ਸਾਰੇ ਲੋਕਾਂ ਨੂੰ ਭੜਕਾਇਆ ਅਤੇ 10 ਹਜ਼ਾਰ ਤੋਂ ਵੱਧ ਲੋਕ ਆਜ਼ਾਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਸਿਖਲਾਈ ਲੈਣ ਲਈ ਸਰਹੱਦ ਪਾਰ ਚਲੇ ਗਏ ਸਨ।"

"ਜਗਮੋਹਨ ਦੇ ਸਮੇਂ 'ਚ ਨਾ ਸਿਰਫ ਮਨੁੱਖੀ ਅਧਿਕਾਰ ਕਾਰਕੁੰਨਾ ਨੂੰ ਬਦਨਾਮ ਕੀਤਾ ਗਿਆ ਬਲਕਿ ਹਾਈ ਕੋਰਟ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਸਪੱਸ਼ਟ ਹੈ ਕਿ ਕੱਟੜਪੰਥੀਆਂ ਨੇ ਇਸ ਮਾਹੌਲ ਦਾ ਪੂਰਾ ਫਾਇਦਾ ਚੁੱਕਿਆ ਅਤੇ ਸ਼ੱਕ ਤੇ ਡਰ ਦਾ ਮਾਹੌਲ ਕਾਇਮ ਕੀਤਾ।"

ਅਸ਼ੋਕ ਪਾਂਡੇ ਇਸ ਤਰ੍ਹਾਂ ਐਮਜੇ ਅਕਬਰ ਦੀ ਕਿਤਾਬ 'ਕਸ਼ਮੀਰ ਬਿਹਾਈਂਡ ਦ ਵਾਲ' ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ, "ਕਸ਼ਮੀਰ 'ਚ ਆਜ਼ਾਦੀ ਲਈ ਜਨਤਾ ਦਾ ਸਮਰਥਨ ਜੋ ਕਿ ਛੁਪਿਆ ਹੋਇਆ ਸੀ, ਉਹ 19 ਜਨਵਰੀ ਤੋਂ ਬਾਅਦ ਸਾਹਮਣੇ ਆ ਗਿਆ ਸੀ।"

ਹਾਲਾਂਕਿ ਜਗਮੋਹਨ ਨੇ ਹਮੇਸ਼ਾਂ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦੇ ਕਾਰਨ ਹੀ ਕਸ਼ਮੀਰ ਟੁੱਟਣ ਤੋਂ ਬੱਚ ਗਿਆ ਹੈ।

ਸੀਨੀਅਰ ਪੱਤਰਕਾਰ ਕਲਿਆਣੀ ਸ਼ੰਕਰ ਨੂੰ ਦਿੱਤੇ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਜਦੋਂ ਉਹ ਕਸ਼ਮੀਰ ਪਹੁੰਚੇ ਤਾਂ ਸਰਕਾਰ ਵਰਗੀ ਕੋਈ ਚੀਜ਼ ਨਹੀਂ ਸੀ ਅਤੇ ਉੱਥੇ ਕੱਟੜਪੰਥੀਆਂ ਦਾ ਰਾਜ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ " ਫ਼ਗਾਨ ਯੁੱਧ 1989 'ਚ ਖ਼ਤਮ ਹੋ ਗਿਆ ਸੀ ਅਤੇ ਆਈਐਸਆਈ ਨੇ ਸਾਰੇ ਮੁਜਾਹਿਦੀਨਾਂ ਨੂੰ ਕਸ਼ਮੀਰ ਭੇਜ ਦਿੱਤਾ ਸੀ।"

"ਉਨ੍ਹਾਂ ਕੋਲ ਹਰ ਤਰ੍ਹਾਂ ਦੇ ਆਧੁਨਿਕ ਹਥਿਆਰ ਸਨ। ਉਨ੍ਹਾਂ ਨੂੰ ਅਫ਼ਗਾਨਿਸਤਾਨ 'ਚ ਗੁਰੀਲਾ ਯੁੱਧ ਨੀਤੀ ਦਾ ਤਜਰਬਾ ਵੀ ਸੀ। ਉਨ੍ਹਾਂ ਨੂੰ ਆਈਐਸਆਈ ਤੋਂ ਵਿੱਤੀ ਮਦਦ ਵੀ ਹਾਸਲ ਹੁੰਦੀ ਸੀ।"

"ਪਾਕਿਸਤਾਨ ਦੀ ਆਈਐਸਆਈ ਨੇ ਉਨ੍ਹਾਂ ਨੂੰ ਪੈਸੇ ਦਿੱਤੇ, ਸਿਖਲਾਈ ਦਿੱਤੀ, ਹਥਿਆਰ ਮੁਹੱਈਆ ਕਰਵਾਏ ਅਤੇ ਉਨ੍ਹਾਂ 'ਚ ਇਸਲਾਮੀ ਜਨੂੰਨ ਵੀ ਪੈਦਾ ਕੀਤਾ ਕਿ ਉਹ ਭਾਰਤ ਖਿਲਾਫ ਲੜਨ, ਜਿਹਾਦ ਕਰਨ ਅਤੇ ਇਹ ਸਭ ਰਿਕਾਰਡ 'ਚ ਹੈ।"

ਉਨ੍ਹਾਂ ਨੇ ਕਿਹਾ, "ਅਫ਼ਗਾਨ ਯੁੱਧ ਦੌਰਾਨ ਉਨ੍ਹਾਂ ਨੇ ਜੋ ਕੁਝ ਵੀ ਸਿੱਖਿਆ, ਉਸ ਸਭ ਨੂੰ ਕਸ਼ਮੀਰ 'ਚ ਅਜ਼ਮਾਇਆ।"

"ਜਦੋਂ ਬਤੌਰ ਗਵਰਨਰ ਮੇਰਾ ਪਹਿਲਾ ਕਾਰਜਕਾਲ ਖ਼ਤਮ ਹੋਇਆ ਤਾਂ ਮੈਂ ਚੇਤਾਵਨੀ ਦਿੱਤੀ ਸੀ ਕਿ ਆਈਐਸਆਈ ਇੱਕ ਖੇਡ ਖੇਡ ਰਿਹਾ ਹੈ। ਕਸ਼ਮੀਰ ਲਿਬਰੇਸ਼ਨ ਫਰੰਟ, ਹਿਜ਼ਬ-ਉਲ-ਮੁਜਾਹਿਦੀਨ ਸਰਗਰਮ ਹੋ ਰਹੇ ਹਨ।"

"ਮੈਂ ਇੱਕ ਚਿੱਠੀ ਵੀ ਲਿਖੀ ਸੀ ਕਿ ਬਾਅਦ 'ਚ ਬਹੁਤ ਦੇਰ ਹੋ ਜਾਵੇਗੀ, ਪਰ ਮੈਨੂੰ ਉੱਥੋਂ ਜਾਣਾ ਪਿਆ, ਕਿਉਂਕਿ ਮੇਰਾ ਕਾਰਜਕਾਲ ਖ਼ਤਮ ਹੋ ਗਿਆ ਸੀ।"

"ਕਸ਼ਮੀਰ 'ਚ ਕੱਟੜਵਾਦ ਆਪਣੇ ਸਿਖਰਾਂ 'ਤੇ ਸੀ। ਹਿੰਸਾਂ ਦੀਆਂ ਲਗਭਗ 600 ਘਟਨਾਵਾਂ ਵਾਪਰੀਆਂ ਸਨ ਅਤੇ ਰੂਬੀਆ ਸਇਦ ਨੂੰ ਅਗਵਾ ਕੀਤਾ ਗਿਆ ਸੀ। ਕਈ ਪ੍ਰਮੁੱਖ ਕਸ਼ਮੀਰੀ ਪੰਡਿਤ ਮਾਰੇ ਗਏ ਸਨ। ਭਾਰਤ ਸਰਕਾਰ ਨਾਲ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਜਿਹੇ 'ਚ ਮੈਨੂੰ ਮੁੜ ਉੱਥੇ ਭੇਜਿਆ ਗਿਆ। ਉਮੀਦ ਸੀ ਕਿ ਮੈਂ ਸਥਿਤੀ ਨੂੰ ਸੁਲਝਾਉਣ 'ਚ ਸਫਲ ਰਹਾਂਗਾ।"

ਜਗਮੋਹਨ ਨੇ ਕਸ਼ਮੀਰ ਨੂੰ ਭਾਰਤ ਤੋਂ ਵੱਖ ਹੋਣ ਤੋਂ ਬਚਾਉਣ ਦਾ ਦਾਅਵਾ ਕਰਦਿਆਂ ਕਿਹਾ, "ਲੋਕ 26 ਜਨਵਰੀ,1990 ਨੂੰ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਆਜ਼ਾਦੀ ਦਾ ਐਲਾਨ ਕਰਨ ਲਈ ਈਦਗਾਹ 'ਚ ਇੱਕਠਾ ਹੋਣ ਦੀ ਯੋਜਨਾ ਬਣਾ ਰਹੇ ਸਨ। ਮੇਰਾ ਫਰਜ਼ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਸੀ। ਮੈਂ ਉਸ ਖੇਡ ਨੂੰ ਵਾਪਰਨ ਤੋਂ ਬਚਾਇਆ ਅਤੇ ਇਸ ਤਰ੍ਹਾਂ ਕਸ਼ਮੀਰ ਨੂੰ ਸੁਰੱਖਿਅਤ ਕੀਤਾ।"

ਕਿਸ ਨਾਲ ਗਲਤ ਨਹੀਂ ਹੋਇਆ?

ਜਗਮੋਹਨ ਮੁਤਾਬਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਕਸ਼ਮੀਰ ਨੂੰ ਵੱਖ ਹੋਣ ਤੋਂ ਬਚਾਇਆ ਜਾ ਸਕਦਾ ਸੀ ਪਰ ਪੰਡਿਤਾਂ ਦੇ ਅਨੁਸਾਰ ਉਹ ਪੰਡਿਤਾਂ ਦੀ ਹਿਜਰਤ ਨੂੰ ਤਾਂ ਰੋਕ ਨਹੀਂ ਸਕੇ ਸਨ। ਕੱਟੜਵਾਦ ਦੀ ਸ਼ੁਰੂਆਤ ਤੋਂ ਬਾਅਦ, ਕਸ਼ਮੀਰ ਘਾਟੀ 'ਚ ਰਹਿਣ ਵਾਲੇ 3.5 ਲੱਖ ਕਸ਼ਮੀਰੀ ਪੰਡਿਤਾਂ 'ਚੋਂ ਵਧੇਰੇਤਰ ਨੇ ਆਪਣੀ ਜਨਮ ਭੂਮੀ ਛੱਡ ਦਿੱਤੀ ਅਤੇ ਜੰਮੂ ਜਾਂ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਸ਼ਰਨ ਲਈ।

ਇੱਕ ਅੰਦਾਜ਼ੇ ਮੁਤਾਬਕ ਇੱਕ ਲੱਖ ਤੋਂ ਵੀ ਵੱਧ ਪੰਡਿਤਾਂ ਨੇ ਕਸ਼ਮੀਰ ਘਾਟੀ ਛੱਡ ਦਿੱਤੀ ਸੀ।

ਕਸ਼ਮੀਰੀ ਪੰਡਿਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੰਜੇ ਟਿਕੂ ਦੇ ਅਨੁਸਾਰ, 1990 ਤੱਕ ਜੰਮੂ-ਕਸ਼ਮੀਰ 'ਚ ਕੱਟੜਵਾਦ ਦੇ ਫੈਲਣ ਤੋਂ ਬਾਅਦ ਤੱਕ ਘੱਟ ਤੋਂ ਘੱਟ 399 ਕਸ਼ਮੀਰੀ ਪੰਡਿਤ ਮਾਰੇ ਗਏ ਅਤੇ 1990 ਤੋਂ ਬਾਅਦ 20 ਸਾਲਾਂ 'ਚ ਕੁੱਲ 650 ਕਸ਼ਮੀਰੀ ਪੰਡਿਤਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

ਟਿਕੂ ਦਾ ਇਹ ਵੀ ਮੰਨਣਾ ਹੈ ਕਿ ਸਿਰਫ 1990 'ਚ ਹੀ 302 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਕੀਤੀ ਗਈ ਸੀ।

ਜੰਮੂ-ਕਸ਼ਮੀਰ ਸਰਕਾਰ ਨੇ 2010 'ਚ ਵਿਧਾਨ ਸਭਾ ਨੂੰ ਦੱਸਿਆ ਸੀ ਕਿ 1989 ਤੋਂ 2004 ਦਰਮਿਆਨ ਕਸ਼ਮੀਰ 'ਚ 219 ਪੰਡਿਤ ਮਾਰੇ ਗਏ ਸਨ। ਸੂਬਾ ਸਰਕਾਰ ਦੇ ਅਨੁਸਾਰ ਉਸ ਸਮੇਂ ਕਸ਼ਮੀਰ 'ਚ 38,119 ਪੰਡਿਤ ਪਰਿਵਾਰ ਰਜਿਸਟਰਡ ਸਨ, ਜਿੰਨ੍ਹਾਂ 'ਚੋਂ 24,202 ਪਰਿਵਾਰ ਇੱਥੋਂ ਪਰਵਾਸ ਕਰ ਗਏ ਸਨ।

ਟਿਕੂ ਅਜੇ ਵੀ ਕਸ਼ਮੀਰ ਘਾਟੀ 'ਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਅਨੁਸਾਰ 808 ਪਰਿਵਾਰਾਂ ਦੇ ਕੁੱਲ 3,456 ਕਸ਼ਮੀਰੀ ਪੰਡਿਤ ਅਜੇ ਵੀ ਕਸ਼ਮੀਰ 'ਚ ਰਹਿੰਦੇ ਹਨ ਅਤੇ ਸਰਕਾਰ ਨੇ ਅਜੇ ਤੱਕ ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ ਹੈ।

ਬੀਬੀਸੀ ਗੁਜਰਾਤੀ ਨਾਲ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ "ਭਾਜਪਾ ਪਿਛਲੇ ਸੱਤ ਸਾਲਾਂ ਤੋਂ ਕੇਂਦਰ 'ਚ ਸੱਤਾ 'ਚ ਹੈ ਅਤੇ ਉਨ੍ਹਾਂ ਨੂੰ ਕਸ਼ਮੀਰੀ ਪੰਡਿਤਾਂ ਦੇ ਮੁੜ ਵਸੇਬੇ ਤੋਂ ਕੌਣ ਰੋਕ ਰਿਹਾ ਹੈ? ਪਿਛਲੇ ਬਜਟ 'ਚ ਪੰਡਿਤਾਂ ਦੇ ਮੁੜ ਵਸੇਬੇ ਲਈ ਕਿੰਨ੍ਹਾਂ ਫੰਡ ਦਿੱਤਾ ਗਿਆ ਸੀ?

ਅਜਿਹਾ ਹੀ ਇਲਜ਼ਾਮ ਅਹਿਮਦਾਬਾਦ ਦੇ ਵਸਨੀਕ ਇੱਕ ਕਸ਼ਮੀਰੀ ਪੰਡਿਤ ਏਕੇ ਕੌਲ ਨੇ ਵੀ ਲਗਾਇਆ ਹੈ।

ਬੀਬੀਸੀ ਗੁਜਰਾਤੀ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ, "ਭਾਜਪਾ ਅਤੇ ਕਾਂਗਰਸ ਦੋਵਾਂ ਨੇ ਹੀ ਆਪਣੀ ਰਾਜਨੀਤੀ ਲਈ ਕਸ਼ਮੀਰੀ ਪੰਡਿਤਾਂ ਦੇ ਸਵਾਲਾਂ ਦੀ ਵਰਤੋਂ ਕੀਤੀ।

"ਮੈਂ ਗੁਜਰਾਤ ਸਰਕਾਰ ਨੂੰ ਇਸ ਸਬੰਧੀ ਕਈ ਪੇਸ਼ਕਾਰੀਆਂ ਦੇ ਚੁੱਕਾ ਹਾਂ ਅਤੇ ਸੂਬੇ 'ਚ ਸਾਨੂੰ ਕੋਈ ਜ਼ਮੀਨ ਜਾਂ ਕੋਈ ਹੋਰ ਮਦਦ ਦੇਣ ਦੀ ਗੁਜ਼ਾਰਿਸ਼ ਵੀ ਕਰ ਚੁੱਕਾ ਹਾਂ ਪਰ ਗੁਜਰਾਤ ਸਰਕਾਰ ਨੇ ਸਾਡੇ ਲਈ ਕਦੇ ਵੀ ਕੁਝ ਨਹੀਂ ਕੀਤਾ ਹੈ।"

"ਕਾਂਗਰਸ ਅਤੇ ਭਾਜਪਾ ਦੋਵਾਂ ਨੇ ਹੀ ਸਾਨੂੰ ਵਰਤਿਆ ਹੈ ਅਤੇ ਇਹ ਸਭ ਕੁਝ ਅਜੇ ਵੀ ਜਾਰੀ ਹੈ। ਮੋਦੀ ਸਰਕਾਰ ਨੇ ਵੀ ਕਸ਼ਮੀਰੀ ਪੰਡਿਤਾਂ ਦੇ ਨਾਵਾਂ ਦੀ ਵਰਤੋਂ ਕੀਤੀ ਹੈ।"

"ਗੁਜਰਾਤ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਮੈਂ ਮੋਦੀ ਸਰਕਾਰ ਨੂੰ ਤਿੰਨ ਵਾਰ ਚਿੱਠੀ ਲਿਖੀ ਪਰ ਮੈਨੂੰ ਅਜੇ ਤੱਕ ਉਸ ਦਾ ਕੋਈ ਜਵਾਬ ਨਹੀਂ ਆਇਆ ਹੈ।"

ਅਸ਼ੋਕ ਪਾਂਡੇ ਦਾ ਵੀ ਮੰਨਣਾ ਹੈ ਕਿ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਵਿਚਾਲੇ ਨਾ ਸਿਰਫ ਕਸ਼ਮੀਰੀ ਪੰਡਿਤਾਂ ਦੇ ਨਾਲ ਬਲਕਿ ਕਸ਼ਮੀਰ ਦੇ ਸਾਰੇ ਲੋਕਾਂ ਨਾਲ ਹੀ ਬੇਇਨਸਾਫ਼ੀ ਹੋਈ ਹੈ।"

ਅਸ਼ੋਕ ਪਾਂਡੇ ਆਪਣੀ ਕਿਤਾਬ 'ਕਸ਼ਮੀਰ ਅਤੇ ਕਸ਼ਮੀਰੀ ਪੰਡਿਤ: ਵਸਣ ਅਤੇ ਉਝੜਨ ਦੇ 1500 ਸਾਲ' 'ਚ ਲਿਖਦੇ ਹਨ, "ਨਿਆਂ ਇੱਕ ਅਜਿਹੀ ਚੀਜ਼ ਹੈ ਜੋ ਕਿ ਕਸ਼ਮੀਰ 'ਚ ਹਰ ਪਾਰਟੀ ਨੂੰ ਠੱਗਿਆ ਮਹਿਸੂਸ ਕਰਵਾਉਂਦੀ ਹੈ।"

"ਪਾਕਿਸਤਾਨ ਨੂੰ ਲੱਗਦਾ ਹੈ ਕਿ ਸਰਹੱਦ ਨਾਲ ਲੱਗਦੇ ਕਸ਼ਮੀਰ ਦੇ ਬਹੁਗਿਣਤੀ ਵਾਲੇ ਇਲਾਕੇ ਨੂੰ ਉਸ ਨੂੰ ਨਾ ਦੇ ਕੇ ਮਾਊਂਟਬੈਟਨ ਤੋਂ ਲੈ ਕੇ ਹਰੀ ਸਿੰਘ ਅਤੇ ਸੰਯੁਕਤ ਰਾਸ਼ਟਰ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਹੈ।"

"ਦੂਜੇ ਪਾਸੇ ਹਿੰਦੁਸਤਾਨ ਨੂੰ ਲੱਗਦਾ ਹੈ ਕਿ ਇੱਥੇ ਇੰਨ੍ਹਾਂ ਪੈਸਾ ਖਰਚਣ ਤੋਂ ਬਾਅਦ ਵੀ, ਇੱਥੋਂ ਦੇ ਲੋਕ ਉਸ ਦੇ ਨਾਲ ਨਹੀਂ ਖੜ੍ਹੇ ਹਨ ਅਤੇ ਇਹ ਗਲਤ ਹੈ।"

"ਕਸ਼ਮੀਰੀ ਮੁਸਲਮਾਨ ਆਪਣੇ ਨਾਲ ਬੇਇਨਾਸਫ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਦੇ ਵੀ ਵਾਅਦੇ ਅਨੁਸਾਰ ਜਨਮਤ ਸੰਗ੍ਰਹਿ ਨਹੀਂ ਕਰਵਾਇਆ ਗਿਆ ਅਤੇ ਲੋਕਤੰਤਰ ਨੂੰ ਨਿਯੰਤਰਿਤ ਕੀਤਾ ਗਿਆ ।

ਸ਼ੇਖ਼ ਅਬਦੁੱਲਾ ਨੂੰ ਸਾਰੀ ਉਮਰ ਲੱਗਦਾ ਰਿਹਾ ਕਿ ਉਨ੍ਹਾਂ ਨਾਲ ਗਲਤ ਹੋਇਆ ਹੈ ਅਤੇ ਫਾਰੂਕ ਅਬਦੁੱਲਾ ਨੂੰ ਵੀ ਲੱਗਦਾ ਰਿਹਾ ਕਿ ਉਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਇਆ ਪਰ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਗਿਆ।"

"ਜਿੰਨ੍ਹਾਂ ਪੰਡਿਤਾਂ ਨੂੰ ਕਸ਼ਮੀਰ ਛੱਡਣਾ ਪਿਆ, ਉਹ ਮਹਿਸੂਸ ਕਰਦੇ ਹਨ ਕਿ ਉਹ ਭਾਰਤ ਨਾਲ ਖੜ੍ਹੇ ਹਨ ਪਰ 1990 'ਚ ਉਨ੍ਹਾਂ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਕਸ਼ਮੀਰ 'ਚ ਰਹਿਣ ਵਾਲੇ ਪੰਡਿਤਾਂ ਨੂੰ ਲੱਗਦਾ ਹੈ ਕਿ ਇੱਥੇ ਰਹਿਣ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।"

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)