You’re viewing a text-only version of this website that uses less data. View the main version of the website including all images and videos.
ਅਬਦੁਲ ਹਮੀਦ: ਚਾਰ ਪਾਕਿਸਤਾਨੀ ਪੈਟਨ ਟੈਂਕਾਂ ਨੂੰ ਇੱਕ ਜੀਪ ਨਾਲ ਤਬਾਹ ਕਰਨ ਵਾਲੇ ਫੌਜੀ ਦੀ ਕਹਾਣੀ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਇੱਕ ਦਿਨ ਭਾਰਤ-ਪਾਕ ਸਰਹੱਦ 'ਤੇ ਆਖ਼ਰੀ ਫ਼ੌਜੀ ਛਾਉਣੀ ਫ਼ਿਰੋਜ਼ਪੁਰ ਦੇ ਮਾਲ 'ਤੇ ਇੱਕ ਔਰਤ ਸੈਰ ਕਰ ਰਹੀ ਸੀ, ਜਦੋਂ ਉਸ ਦੀ ਨਜ਼ਰ 4 ਗ੍ਰੇਨੇਡੀਅਰ ਦੇ ਕਾਰਟਰ ਮਾਸਟਰ ਹੌਲਦਾਰ ਅਬਦੁਲ ਹਮੀਦ ਦੇ ਪੋਸਟਰ 'ਤੇ ਪਈ।
ਅਬਦੁਲ ਹਮੀਦ ਨੂੰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਖੇਮਕਰਨ ਸੈਕਟਰ ਵਿੱਚ ਕਈ ਪਾਕਿਸਤਾਨੀ ਪੈਟਨ ਟੈਂਕਾਂ ਨੂੰ ਨਸ਼ਟ ਕਰਨ ਲਈ ਪਰਮਵੀਰ ਚੱਕਰ ਮਿਲਿਆ ਸੀ।
ਹੈਰਾਨੀ ਵਾਲੀ ਗੱਲ ਇਹ ਸੀ ਕਿ ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਅਬਦੁਲ ਹਮੀਦ ਦੇ ਇਨ੍ਹਾਂ ਕਾਰਨਾਮਿਆਂ ਬਾਰੇ ਕੋਈ ਅੰਦਾਜ਼ਾ ਹੀ ਨਹੀਂ ਸੀ।
ਪੋਸਟਰ ਦੇਖਣ ਵਾਲੀ ਉਸ ਮਹਿਲਾ ਦਾ ਨਾਮ ਹੈ ਰਚਨਾ ਬਿਸ਼ਟ ਰਾਵਤ। ਉਨ੍ਹਾਂ ਨੇ ਆਪਣੇ ਮਨ ਵਿੱਚ ਹੀ ਕਿਹਾ, "ਅਬਦੁਲ ਹਮੀਦ, ਇੱਕ ਦਿਨ ਮੈਂ ਤੁਹਾਡੀ ਕਹਾਣੀ ਸਾਰੀ ਦੁਨੀਆ ਨੂੰ ਸੁਣਾਵਾਂਗੀ" ਅਤੇ ਇਸ ਤਰ੍ਹਾਂ ਇੱਕ ਕਿਤਾਬ ਦਾ ਜਨਮ ਹੋਇਆ ਜਿਸ ਦਾ ਨਾਮ ਹੈ "ਦਿ ਬ੍ਰੇਵ ਪਰਮਵੀਰ ਸਟੋਰੀਜ਼"।
ਅਬਦੁਲ ਹਮੀਦ ਪੂਰਬੀ ਉੱਤਰ ਪ੍ਰਦੇਸ਼ ਦੇ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚੋਂ ਸਨ, ਪਰ ਇਸਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ, ਤਾਂ ਉਨ੍ਹਾਂ ਨੇ ਬਹਾਦਰੀ ਅਤੇ ਦਲੇਰੀ ਦੀ ਇੱਕ ਅਸਾਧਾਰਨ ਮਿਸਾਲ ਕਾਇਮ ਕੀਤੀ।
ਇਹ ਵੀ ਪੜ੍ਹੋ-
ਅਬਦੁਲ ਹਮੀਦ ਦੇ ਪਤਨੀ, ਰਸੂਲਨ ਬੀਬੀ 85 ਸਾਲ ਦੇ ਹਨ ਪਰ ਹੁਣ ਉਹ ਸੁਣ ਨਹੀਂ ਸਕਦੇ। ਰੇਹਾਨ ਫਜ਼ਲ ਨੇ ਅਬਦੁਲ ਹਮੀਦ ਦੀ ਸ਼ਖਸੀਅਤ ਅਤੇ ਜੀਵਨ ਬਾਰੇ ਜਾਣਨ ਲਈ ਉਨ੍ਹਾਂ ਦੀ ਪਤਨੀ, ਪਰਿਵਾਰਿਕ ਮੈਂਬਰਾਂ ਅਤੇ ਰਚਨਾ ਬਿਸ਼ਟ ਰਾਵਤ ਨਾਲ ਗੱਲਬਾਤ ਕੀਤੀ।
ਅਬਦੁਲ ਹਮੀਦ ਬਾਰੇ ਰੇਹਾਨ ਦੀ ਵਿਵੇਚਨਾ
1965 ਦੀ ਜੰਗ ਸ਼ੁਰੂ ਹੋਣ ਵਾਲੀ ਸੀ। ਕੰਪਨੀ ਦੇ ਕਾਰਟਰ ਮਾਸਟਰ ਅਬਦੁਲ ਹਮੀਦ ਗਾਜ਼ੀਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਧਾਮੂਪੁਰ ਆਏ ਹੋਏ ਸਨ। ਅਚਾਨਕ ਉਨ੍ਹਾਂ ਨੂੰ ਡਿਊਟੀ 'ਤੇ ਵਾਪਸ ਆਉਣ ਦਾ ਹੁਕਮ ਮਿਲਿਆ।
ਉਨ੍ਹਾਂ ਦੀ ਪਤਨੀ ਰਸੂਲਨ ਬੀਬੀ ਨੇ ਉਨ੍ਹਾਂ ਨੂੰ ਕੁਝ ਹੋਰ ਦਿਨਾਂ ਲਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮੀਦ ਨੇ ਮੁਸਕਰਾਉਂਦੇ ਹੋਏ ਕਿਹਾ - ਦੇਸ਼ ਦੇ ਲਈ ਉਨ੍ਹਾਂ ਨੂੰ ਜਾਣਾ ਪਏਗਾ।
ਅਬਦੁਲ ਹਮੀਦ ਦੇ ਬੇਟੇ ਜੁਨੈਦ ਆਲਮ ਦੱਸਦੇ ਹਨ ਕਿ ਜਦੋਂ ਉਹ ਆਪਣੇ ਬਿਸਤਰ-ਬੰਦ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸਦੀ ਰੱਸੀ ਟੁੱਟ ਗਈ ਅਤੇ ਸਾਰਾ ਸਾਮਾਨ ਜ਼ਮੀਨ 'ਤੇ ਖਿੱਲਰ ਗਿਆ।
ਉਸ ਸਾਮਾਨ ਵਿੱਚ ਰਸੂਲਨ ਬੀਬੀ ਦੁਆਰਾ ਲਿਆਂਦਾ ਹੋਇਆ ਇੱਕ ਮਫ਼ਲਰ ਵੀ ਸੀ ਜੋ ਉਹ ਹਮੀਦ ਲਈ ਇੱਕ ਮੇਲੇ ਤੋਂ ਲੈ ਕੇ ਆਏ ਸਨ।
ਰਸੂਲਨ ਨੇ ਕਿਹਾ ਕਿ ਇਹ ਇੱਕ ਬੁਰਾ ਸ਼ਗਨ ਹੈ ਅਤੇ ਇਸ ਲਈ ਉਹ ਘੱਟੋ-ਘੱਟ ਉਸ ਦਿਨ ਤਾਂ ਯਾਤਰਾ ਨਾ ਕਰਨ, ਪਰ ਹਮੀਦ ਨੇ ਉਨ੍ਹਾਂ ਦੀ ਇੱਕ ਨਾ ਸੁਣੀ।
'ਦਿ ਬ੍ਰੇਵ ਪਰਮਵੀਰ ਸਟੋਰੀਜ਼' ਦੇ ਲੇਖਿਕਾ ਰਚਨਾ ਬਿਸ਼ਟ ਰਾਵਤ ਕਹਿੰਦੇ ਹਨ, "ਇੰਨਾ ਹੀ ਨਹੀਂ, ਜਦੋਂ ਉਹ ਸਟੇਸ਼ਨ ਜਾ ਰਹੇ ਸਨ ਤਾਂ ਉਨ੍ਹਾਂ ਦੀ ਸਾਈਕਲ ਦੀ ਚੇਨ ਟੁੱਟ ਗਈ ਅਤੇ ਉਨ੍ਹਾਂ ਦੇ ਨਾਲ ਜਾ ਰਹੇ ਦੋਸਤ ਨੇ ਵੀ ਉਨ੍ਹਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ। ਪਰ ਹਮੀਦ ਨੇ ਉਨ੍ਹਾਂ ਦੀ ਗੱਲ ਵੀ ਨਾ ਸੁਣੀ।"
ਇਹ ਵੀ ਪੜ੍ਹੋ:
- 1971 ਭਾਰਤ-ਪਾਕ ਜੰਗ ਵੇਲੇ ਜਦੋਂ ਭਾਰਤੀ ਮੇਜਰ ਨੇ ਖੁਦ ਵੱਢੀ ਆਪਣੀ ਹੀ ਲੱਤ
- 1971 ਦੀ ਜੰਗ ਕਰਕੇ ਵਿਛੋੜਾ: ‘ਉਸ ਦੀ ਲਾਸ਼ ਦਰਿਆ ਵਿੱਚ ਰੁੜ੍ਹ ਕੇ ਸਰਹੱਦ ਲੰਘ ਆਈ’
- ਕੀ 1971 ਦੀ 'ਜੰਗ ਛੱਡ ਕੇ ਭੱਜੇ ਸਨ' ਰਾਜੀਵ ਗਾਂਧੀ
- ਭਾਰਤ-ਪਾਕ ਵਿਚਾਲੇ ਹੋਈ 'ਬੈਟਲ ਆਫ ਡੇਰਾ ਬਾਬਾ ਨਾਨਕ' ਦੀ ਕਹਾਣੀ
- 1971 ਦੀ ਜੰਗ : ਭਾਰਤੀ ਫੌਜ ਦੇ ਹਮਲੇ ਤੋਂ ਪਹਿਲਾਂ ਫੀਲਡ ਮਾਰਸ਼ਲ ਮਾਨੇਕ ਸ਼ਾਹ ਨੇ ਇੰਦਰਾ ਗਾਂਧੀ ਨੂੰ ਕੀ ਕਿਹਾ ਸੀ
ਜਦੋਂ ਉਹ ਸਟੇਸ਼ਨ ਪਹੁੰਚੇ, ਤਾਂ ਉਨ੍ਹਾਂ ਦੀ ਰੇਲਗੱਡੀ ਵੀ ਛੁੱਟ ਗਈ ਸੀ। ਉਨ੍ਹਾਂ ਨੇ ਆਪਣੇ ਨਾਲ ਆਏ ਸਾਰੇ ਲੋਕਾਂ ਨੂੰ ਘਰ ਵਾਪਸ ਭੇਜ ਦਿੱਤਾ ਅਤੇ ਦੇਰ ਰਾਤ ਜਾਣ ਵਾਲੀ ਰੇਲ ਗੱਡੀ ਰਾਹੀਂ ਪੰਜਾਬ ਲਈ ਰਵਾਨਾ ਹੋ ਗਏ। ਇਹ ਉਨ੍ਹਾਂ ਦੀ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਆਖਰੀ ਮੁਲਾਕਾਤ ਸੀ।
ਚਾਰ ਪੈਟਨ ਟੈਂਕਾਂ ਨੂੰ ਬਣਾਇਆ ਨਿਸ਼ਾਨਾ
ਤਾਰੀਖ- 8 ਸਤੰਬਰ 1965, ਸਮਾਂ- ਸਵੇਰੇ 9 ਵਜੇ, ਸਥਾਨ- ਚੀਮਾ ਪਿੰਡ ਦਾ ਬਾਹਰੀ ਇਲਾਕਾ। ਕਮਾਦ ਵਿਚਕਾਰ ਇੱਕ ਜੀਪ ਵਿੱਚ ਅਬਦੁਲ ਹਮੀਦ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਸਨ। ਅਚਾਨਕ ਉਨ੍ਹਾਂ ਨੂੰ ਦੂਰੋਂ ਆਉਂਦੇ ਟੈਂਕਾਂ ਦੀ ਆਵਾਜ਼ ਸੁਣਾਈ ਦਿੱਤੀ।
ਕੁਝ ਦੇਰ ਬਾਅਦ, ਉਹ ਟੈਂਕ ਉਨ੍ਹਾਂ ਨੂੰ ਵੀ ਦਿਖਾਈ ਦੇਣਾ ਵੀ ਸ਼ੁਰੂ ਹੋ ਗਏ।
ਉਨ੍ਹਾਂ ਨੇ ਟੈਂਕਾਂ ਨੂੰ ਆਪਣੀ ਰਿਕਾਇਲੇਸ ਗਨ ਦੀ ਰੇਂਜ ਵਿੱਚ ਆਉਣ ਦਾ ਇੰਤਜ਼ਾਰ ਕੀਤਾ, ਗੰਨੇ ਦੀ ਫਸਲ ਦਾ ਕਵਰ ਲਿਆ ਅਤੇ ਜਿਵੇਂ ਹੀ ਟੈਂਕ ਉਨ੍ਹਾਂ ਦੀ ਆਰਸੀਐਲ ਦੇ ਦਾਇਰੇ ਵਿੱਚ ਆਏ, ਫਾਇਰ ਕਰ ਦਿੱਤਾ।
ਪੈਟਨ ਟੈਂਕ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਅਤੇ ਉਸ ਵਿੱਚ ਸਵਾਰ ਪਾਕਿਸਤਾਨੀ ਫ਼ੌਜੀ ਇਸ ਨੂੰ ਛੱਡ ਕੇ ਪਿੱਛੇ ਵੱਲ ਭੱਜਣ ਲੱਗ ਪਏ।
ਅਬਦੁਲ ਹਮੀਦ ਦੇ ਪੋਤੇ ਜਮੀਲ ਆਲਮ ਦੱਸਦੇ ਹਨ, "ਮੈਂ ਆਪਣੀ ਦਾਦੀ ਨਾਲ ਸਰਹੱਦ 'ਤੇ ਉਸ ਜਗ੍ਹਾ ਗਿਆ ਜਿੱਥੇ ਮੇਰੇ ਦਾਦਾ ਦੀ ਮਜ਼ਾਰ ਹੈ।"
ਉਨ੍ਹਾਂ ਦੀ ਰੈਜੀਮੈਂਟ ਹਰ ਸਾਲ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਉਸ ਥਾਂ ਉੱਤੇ ਸਮਾਗਮ ਕਰਦੀ ਹੈ। ਉੱਥੇ ਉਨ੍ਹਾਂ ਦੀ ਮੁਲਾਕਾਤ ਇੱਕ ਅਜਿਹੇ ਸਿਪਾਹੀ ਨਾਲ ਵੀ ਹੋਈ ਸੀ ਇਨ੍ਹਾਂ ਦੀ ਬਾਂਹ ਲੜਾਈ ਵਿੱਚ ਕੱਟੀ ਗਈ ਸੀ।
ਉਸ ਫੌਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਅਬਦੁਲ ਹਮੀਦ ਨੇ ਉਸ ਦਿਨ ਇੱਕ ਤੋਂ ਬਾਅਦ ਇੱਕ ਚਾਰ ਪੈਟਨ ਟੈਂਕਾਂ ਨੂੰ ਤਬਾਹ ਕਰ ਦਿੱਤਾ ਸੀ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਟੈਂਕ ਲੜਾਈ
ਇਸ ਲੜਾਈ ਨੂੰ 'ਅਸਲ ਉੱਤਰ' ਦੀ ਲੜਾਈ ਕਿਹਾ ਜਾਂਦਾ ਹੈ। ਰਚਨਾ ਬਿਸ਼ਟ ਰਾਵਤ ਕਹਿੰਦੇ ਹਨ ਕਿ ਇਹ ਪਾਕਿਸਤਾਨ ਨੂੰ ਉਨ੍ਹਾਂ ਦੇ ਟੈਂਕ ਹਮਲੇ ਦਾ ਜਵਾਬ ਸੀ।
ਉਨ੍ਹਾਂ ਦੇ ਪਰਮਵੀਰ ਚੱਕਰ ਦੇ ਅਧਿਕਾਰਤ ਸਾਈਟੇਸ਼ਨ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਚਾਰ ਪਾਕਿਸਤਾਨੀ ਟੈਂਕਾਂ ਨੂੰ ਤਬਾਹ ਕੀਤਾ ਸੀ।
ਹਰਬਖਸ਼ ਸਿੰਘ ਆਪਣੀ ਵੀ ਆਪਣੀ ਪੁਸਤਕ 'ਵਾਰ ਡਿਸਪੈਚੇਜ਼' ਵਿੱਚ ਲਿਖਦੇ ਹਨ ਕਿ ਹਮੀਦ ਨੇ ਚਾਰ ਟੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਪਰ ਮੇਜਰ ਜਨਰਲ ਇਆਨ ਕਾਰਡੋਜ਼ੋ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਹਮੀਦ ਨੂੰ ਪਰਮਵੀਰ ਚੱਕਰ ਦੇਣ ਦੀ ਸਿਫਾਰਸ਼ ਭੇਜੇ ਜਾਣ ਤੋਂ ਬਾਅਦ, ਅਗਲੇ ਦਿਨ ਉਨ੍ਹਾਂ ਨੇ ਤਿੰਨ ਹੋਰ ਪਾਕਿਸਤਾਨੀ ਟੈਂਕ ਤਬਾਹ ਕਰ ਕੀਤੇ।
ਜਦੋਂ ਉਹ ਇੱਕ ਹੋਰ ਟੈਂਕ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸਨ, ਉਸੇ ਵੇਲੇ ਉਹ ਇੱਕ ਪਾਕਿਸਤਾਨੀ ਟੈਂਕ ਦੀ ਨਜ਼ਰ ਵਿੱਚ ਆ ਗਏ।
ਦੋਵਾਂ ਨੇ ਇੱਕੋ ਸਮੇਂ ਇੱਕ-ਦੂਜੇ 'ਤੇ ਫਾਇਰ ਕੀਤਾ। ਉਹ ਟੈਂਕ ਵੀ ਤਬਾਹ ਹੋ ਗਿਆ ਅਤੇ ਅਬਦੁਲ ਹਮੀਦ ਦੀ ਜੀਪ ਦੇ ਵੀ ਪਰਖੱਚੇ ਉੱਡ ਗਏ।
ਇਸ ਲੜਾਈ ਵਿੱਚ, ਪਾਕਿਸਤਾਨ ਦੇ 300 ਪੈਟਨ ਅਤੇ ਚੇਫੀਜ਼ ਟੈਂਕਾਂ ਨੇ ਹਿੱਸਾ ਲਿਆ ਸੀ ਜਦਕਿ ਭਾਰਤੀ ਵੱਲੋਂ 140 ਸੈਂਚੁਰੀਅਨ ਅਤੇ ਸ਼ਰਮਨ ਟੈਂਕ ਮੈਦਾਨ ਵਿੱਚ ਸਨ।
ਕੁਸ਼ਤੀ ਦੇ ਸ਼ੌਕੀਨ ਤੇ ਕਮਾਲ ਦੇ ਨਿਸ਼ਾਨਚੀ
ਅਬਦੁਲ ਹਮੀਦ ਦਾ ਜੱਦੀ ਕਿੱਤਾ ਇੱਕ ਦਰਜ਼ੀ ਦਾ ਸੀ, ਪਰ ਇਸ ਕੰਮ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਸੀ।
ਉਨ੍ਹਾਂ ਦੇ ਬੇਟੇ ਜੁਨੈਦ ਆਲਮ ਦੱਸਦੇ ਹਨ ਕਿ ਉਹ ਸ਼ੁਰੂ ਤੋਂ ਹੀ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਜਦੋਂ ਗਾਜ਼ੀਪੁਰ ਵਿੱਚ ਫ਼ੌਜ ਦਾ ਭਰਤੀ ਕੈਂਪ ਲਗਾਇਆ ਗਿਆ ਤਾਂ ਹਮੀਦ ਵੀ ਫ਼ੌਜ ਵਿੱਚ ਭਰਤੀ ਹੋ ਗਏ।
ਉਨ੍ਹਾਂ ਨੂੰ 4 ਗ੍ਰੇਨੇਡੀਅਰ ਦੇ ਜਬਲਪੁਰ ਕੇਂਦਰ ਭੇਜਿਆ ਗਿਆ। ਉਨ੍ਹਾਂ ਨੇ ਸਾਲ 1962 ਵਿੱਚ ਚੀਨ ਵਿਰੁੱਧ ਹੋਈ ਜੰਗ ਵਿੱਚ ਵੀ ਹਿੱਸਾ ਲਿਆ ਸੀ।
ਉਨ੍ਹਾਂ ਦੇ ਪੋਤੇ ਜਮੀਲ ਆਲਮ ਦੱਸਦੇ ਹਨ ਕਿ ਅਬਦੁਲ ਹਮੀਦ ਦਾ ਕੱਦ 6 ਫੁੱਟ 3 ਇੰਚ ਸੀ।
ਉਨ੍ਹਾਂ ਦਾ ਨਿਸ਼ਾਨਾ ਵੀ ਕਮਾਲ ਦਾ ਸੀ। ਉਹ ਸ਼ੁਰੂ ਤੋਂ ਹੀ ਕੁਸ਼ਤੀ ਦੇ ਸ਼ੌਕੀਨ ਸਨ। ਉਹ ਨਾ ਸਿਰਫ ਕੁਸ਼ਤੀ ਲੜਦੇ ਸਗੋਂ ਬੱਚਿਆਂ ਨੂੰ ਕੁਸ਼ਤੀ ਸਿਖਾਉਂਦੇ ਵੀ ਸਨ।
ਪਤਨੀ ਰਸੂਲਨ ਬੀਬੀ ਨੂੰ ਮਾਣ
ਅਬਦੁਲ ਹਮੀਦ ਦੀ ਮੌਤ ਦੀ ਖ਼ਬਰ ਅਤੇ ਭਾਰਤ ਦਾ ਸਰਵਉੱਚ ਬਹਾਦਰੀ ਪੁਰਸਕਾਰ ਮਿਲਣ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੂੰ ਰੇਡੀਓ ਤੋਂ ਮਿਲੀ। ਉਨ੍ਹਾਂ ਦੇ ਪਤਨੀ ਰਸੂਲਨ ਬੀਬੀ ਇਸ ਸਮੇਂ 85 ਸਾਲ ਦੇ ਹਨ।
ਉਹ ਹੁਣ ਠੀਕ ਤਰ੍ਹਾਂ ਸੁਣ ਨਹੀਂ ਸਕਦੇ। ਪਰ ਉਹ ਅੱਜ ਵੀ ਉਹ ਦਿਨ ਨਹੀਂ ਭੁੱਲੇ ਜਦੋਂ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਣਨ ਨੇ ਅਬਦੁਲ ਹਮੀਦ ਦਾ ਜਿੱਤਿਆ ਹੋਇਆ ਪਰਮਵੀਰ ਚੱਕਰ ਉਨ੍ਹਾਂ ਦੇ ਹੱਥਾਂ ਵਿੱਚ ਦਿੱਤਾ ਸੀ।
ਰਸੂਲਨ ਬੀਬੀ ਕਹਿੰਦੇ ਹਨ, "ਮੈਨੂੰ ਬਹੁਤ ਦੁੱਖ ਹੋਇਆ ਪਰ ਖੁਸ਼ੀ ਵੀ ਹੋਈ, ਸਾਡਾ ਆਦਮੀ ਇੰਨਾ ਨਾਮ ਕਰਕੇ ਇਸ ਸੰਸਾਰ ਤੋਂ ਗਿਆ। ਦੁਨੀਆ ਵਿੱਚ ਬਹੁਤ ਸਾਰੇ ਲੋਕ ਮਰਦੇ ਹਨ, ਪਰ ਉਨ੍ਹਾਂ ਦਾ ਨਾਮ ਨਹੀਂ ਹੁੰਦਾ, ਪਰ ਸਾਡੇ ਆਦਮੀ ਨੇ ਸ਼ਹੀਦ ਹੋ ਕੇ ਨਾ ਸਿਰਫ ਆਪਣਾ ਬਲਕਿ ਸਾਡਾ ਨਾਮ ਵੀ ਦੁਨੀਆ ਵਿੱਚ ਫੈਲਾ ਦਿੱਤਾ।"
ਇਹ ਵੀ ਪੜ੍ਹੋ: