You’re viewing a text-only version of this website that uses less data. View the main version of the website including all images and videos.
ਤਾਲਿਬਾਨ ਨੇ ਮੁਜ਼ਾਹਰਾਕਾਰੀਆਂ ਨੂੰ ਹਵਾਈ ਫਾਇਰ ਕਰ ਕੇ ਚੇਤਾਇਆ, ਇਹ ਸੀ ਮੁਜ਼ਾਹਰੇ ਦਾ ਕਾਰਨ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡੇ ਪ੍ਰਦਰਸ਼ਨ ਦੌਰਾਨ ਭੀੜ ਨੂੰ ਖੰਡੇਰਨ ਲਈ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ ਗਈਆਂ।
ਘਟਨਾ ਵਾਲੀ ਥਾਂ ਦੀ ਵੀਡੀਓ ਫੁਟਵੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਭੀੜ ਸੁਰੱਖਿਆ ਲਈ ਭੱਜ ਰਹੀ ਹੈ, ਜਦਕਿ ਗੋਲੀਆਂ ਦੀ ਚੱਲਣ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ।
ਤਾਲਿਬਾਨ ਦੇ ਸ਼ਾਸਨ ਦੀ ਨਿੰਦਾ ਕਰਨ ਅਤੇ ਔਰਤਾਂ ਦੇ ਹੱਕਾਂ ਲਈ ਸੈਂਕੜੇ ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਸੜਕਾਂ 'ਤੇ ਉਤਰ ਆਏ ਸਨ।
ਮੁਜ਼ਾਹਰਾਕਾਰੀ ਪਾਕਿਸਤਾਨ ਵਿਰੋਧੀ ਨਾਅਰੇ ਵੀ ਲਗਾ ਰਹੇ ਸਨ ਕਿਉਂਕਿ ਕਈਆਂ ਦਾ ਮੰਨਣਾ ਹੈ ਕਿ ਗੁਆਂਢੀ ਮੁਲਕ ਤਾਲਿਬਾਨ ਦਾ ਸਮਰਥਨ ਕਰ ਰਿਹਾ ਹੈ।
ਹਾਲਾਂਕਿ, ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਹੈ।
ਇਹ ਵੀ ਪੜ੍ਹੋ:
ਬੀਬੀਸੀ ਨੂੰ ਭੇਜੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਤਾਲਿਬਾਨ ਹਵਾ ਵਿੱਚ ਆਪਣੀ ਬੰਦੂਕ ਤਾਨ ਕੇ ਗੋਲੀ ਚਲਾ ਰਿਹਾ ਹੈ।
ਹਾਲਾਂਕਿ, ਜਸ਼ਨ ਦੌਰਾਨ ਕੀਤੀ ਗਈ ਹਵਾਈ ਫਾਇਰਿੰਗ ਵਿੱਚ ਕਈ ਲੋਕਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਅਜਿਹਾ ਕਰਨ 'ਤੇ ਸਮੂਹ ਨੇ ਪਾਬੰਦੀ ਲਗਾ ਦਿੱਤੀ ਸੀ।
ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਨੇ ਬੀਬੀਸੀ ਨੂੰ ਦੱਸਿਆ ਕਿ ਨੇੜਲੇ ਇੱਕ ਬੈਂਕ ਨੇ ਔਰਤਾਂ ਲਈ ਆਪਣੀ ਕਾਰ ਪਾਰਕਿੰਗ ਖੋਲ੍ਹ ਦਿੱਤੀ।
ਕਰੀਬ 20 ਮਿੰਟ ਤੱਕ ਦਰਜਨਾਂ ਔਰਤਾਂ ਨੇ ਉੱਥੇ ਵੜ੍ਹ ਕੇ ਆਪਣਾ ਬਚਾਅ ਕੀਤਾ।
ਬੀਬੀਸੀ ਟੀਮ ਸਣੇ ਕਈ ਪੱਤਰਕਾਰਾਂ ਨੂੰ ਰੈਲੀ ਦੌਰਾਨ ਵੀਡੀਓ ਬਣਾਉਣ ਤੋਂ ਰੋਕ ਦਿੱਤਾ ਗਿਆ।
ਅਫ਼ਗਾਨਿਸਤਾਨ ਦੀ ਟੋਲੋ ਸਮਾਚਾਰ ਏਜੰਸੀ ਨੇ ਦੱਸਿਆ ਕਿ ਉਨ੍ਹਾਂ ਦੇ ਕੈਮਰਾਮੈਨ ਨੂੰ ਤਾਲਿਬਾਨ ਨੇ ਕਰੀਬ ਤਿੰਨ ਘੰਟੇ ਤੱਕ ਹਿਰਾਸਤ ਵਿੱਚ ਗ੍ਰਿਫ਼ਤਾਰ ਕਰ ਕੇ ਰੱਖਿਆ।
ਇੱਕ ਸਾਬਕਾ ਅਧਿਕਾਰੀ ਨੇ ਆਪਣੀ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਮੁਜ਼ਾਹਰਾਕਾਰੀਆਂ ਦੀਆਂ ਨੇੜਿਓਂ ਤਸਵੀਰਾਂ ਲੈ ਰਹੇ ਸਨ, ਸ਼ਾਇਦ ਬਾਅਦ ਵਿੱਚ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।
ਔਰਤਾਂ ਪਿਛਲੇ ਦੋ ਹਫ਼ਤਿਆਂ ਤੋਂ ਮੁਜ਼ਾਹਰਾ ਕਰ ਰਹੀਆਂ ਹਨ ਪਰ ਮੰਗਲਵਾਰ ਨੂੰ ਪੁਰਸ਼ ਵੀ ਇਸ ਵਿੱਚ ਸਮਾਨਤਾ ਅਤੇ ਸੁਰੱਖਿਆ ਲਈ ਉਨ੍ਹਾਂ ਨਾਲ ਖੜ੍ਹੇ ਹੋ ਗਏ।
ਕਈ ਨਿਗਰਾਨਕਾਰਾਂ ਨੇ ਟਿੱਪਣੀ ਕੀਤੀ ਸੀ ਕਿ ਪਿਛਲੀਆਂ ਔਰਤਾਂ ਦੀਆਂ ਆਗਵਾਈ ਵਾਲੀਆਂ ਰੈਲੀਆਂ ਵਿੱਚ ਕੁਝ ਪੁਰਸ਼ ਵੀ ਸਨ।
ਪ੍ਰਦਰਸ਼ਨਾਂ ਦੇ ਕੁਝ ਦਿਨ ਬਾਅਦ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਵਿਰੋਧੀ ਲੜਾਕਿਆਂ ਦੇ ਨੇਤਾ ਅਹਿਮਦ ਮਸੂਦ ਨੇ ਅੱਤਵਾਦੀਆਂ ਦੇ ਖ਼ਿਲਾਫ਼ ਨਾਗਰਿਕਾਂ ਵੱਲੋਂ "ਕੌਮੀ ਵਿਦਰੋਹ" ਦਾ ਸੱਦਾ ਦਿੱਤਾ।
ਤਾਲਿਬਾਨ ਨੇ ਸੋਮਵਾਰ ਨੂੰ ਪ੍ਰਾਂਤ ਵਿੱਚ ਜਿੱਤ ਦਾ ਦਾਅਵਾ ਕੀਤਾ ਸੀ, ਜੋ ਆਖ਼ਰੀ ਇਲਾਕਾ ਹੁਣ ਤੱਕ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਰਿਹਾ ਸੀ।
ਸਿਕੁੰਦਰ ਕਿਰਮਾਨੀ, ਕਾਬੁਲ ਤੋਂ ਬੀਬੀਸੀ ਪੱਤਰਕਾਰ
ਮੁਜ਼ਾਹਾਰਾਕਾਰੀਆਂ ਵਿੱਚ ਕਾਫੀ ਗੁੱਸਾ ਨਜ਼ਰ ਆਇਆ। ਉਨ੍ਹਾਂ ਵਿੱਚ ਗੁੱਸਾ ਭਾਵੇਂ ਤਾਲਿਬਾਨ ਲਈ ਵੀ ਸੀ ਪਰ ਪਾਕਿਸਤਾਨ ਲਈ ਵੱਧ ਸੀ,
ਮੁਜ਼ਾਹਰਾਕਾਰੀਆਂ ਵਿੱਚ ਔਰਤਾਂ ਦੀ ਗਿਣਤੀ ਕਾਫੀ ਸੀ। ਉਨ੍ਹਾਂ ਵਿੱਚੋਂ ਇੱਕ ਕਹਿ ਰਹੀ ਸੀ, "ਪਾਕਿਸਤਾਨ ਮੁਰਦਾਬਾਦ"
ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਪਾਕਿਸਤਾਨ ਦੀ ਹਵਾਈ ਫੌਜ ਪੰਜਸ਼ੀਰ ਵਿੱਚ ਬੰਬਾਰੀ ਕਰ ਰਹੀ ਹੈ।
ਇਹ ਉਹ ਸੂਬਾ ਹੈ ਜਿੱਥੇ ਤਾਲਿਬਾਨ ਨੂੰ ਕੁਝ ਟਕਰਾਅ ਦਾ ਸਾਹਮਣਾ ਕਰਨਾ ਪਿਆ ਸੀ।
ਪਾਕਿਸਤਾਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਪਰ ਇਹ ਵੀ ਵੇਖਿਆ ਗਿਆ ਹੈ ਕਿ ਪਾਕਿਸਤਾਨ ਨੇ ਤਾਲਿਬਾਨ ਦੀ ਹਮਾਇਤ ਕੀਤੀ ਹੈ।
ਅਫ਼ਗਾਨਿਸਤਾਨ ਵਿੱਚ ਕਈ ਲੋਕ ਇਹ ਮੰਨਦੇ ਹਨ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ। ਇਸ ਕਰਕੇ ਉਹ ਕਾਫੀ ਖਫਾ ਵੀ ਹੁੰਦੇ ਹਨ।
ਹਾਲ ਹੀ ਵਿੱਚ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਆਈਐੱਸਆਈ ਦੇ ਮੁਖੀ ਦੀ ਕਾਬੁਲ ਫੇਰੀ ਕਾਰਨ ਵੀ ਲੋਕ ਗੁੱਸੇ ਵਿੱਚ ਹਨ।
ਸ਼ੁਰੂਆਤ ਵਿੱਚ ਤਾਲਿਬਾਨ ਦੇ ਲੜਾਕੇ ਪੁਲਿਸ ਦੀਆਂ ਗੱਡੀਆਂ ਵਿੱਚ ਪ੍ਰਦਰਸ਼ਕਾਰੀਆਂ ਦੇ ਨਾਲ ਚੱਲ ਰਹੇ ਸਨ। ਫਿਰ ਉਨ੍ਹਾਂ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਵਾਸਤੇ ਹਵਾ ਵਿੱਚ ਗੋਲੀਆਂ ਚਲਾਈਆਂ ਤੇ ਸਾਡੇ ਵਰਗੇ ਪੱਤਰਕਾਰਾਂ ਨੂੰ ਵੀਡੀਓ ਬਣਾਉਣ ਤੋਂ ਮਨ੍ਹਾ ਕਰ ਦਿੱਤਾ।
ਅਜਿਹੇ ਮੁਜ਼ਾਹਰੇ ਤਾਲਿਬਾਨ ਲਈ ਇੱਕ ਚੁਣੌਤੀ ਵਜੋਂ ਵੇਖੇ ਜਾ ਰਹੇ ਹਨ। ਅਜੇ ਤੱਕ ਕਾਬੁਲ ਵਿੱਚ ਤਾਲਿਬਾਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ।
ਇੱਕ ਨੌਜਵਾਨ ਕੁੜੀ ਨੇ ਕਿਹਾ, "ਅਸੀਂ ਬੋਲਣ ਦੀ ਅਜ਼ਾਦੀ ਤੇ ਲੋਕਤੰਤਰ ਮੰਗਦੇ ਹਾਂ। ਸਾਨੂੰ ਮੌਤ ਦਾ ਖੌਫ਼ ਨਹੀਂ ਹੈ।"
ਇਹ ਵੀ ਪੜ੍ਹੋ: