ਜਣੇਪੇ ਤੋਂ ਬਾਅਦ ਮਾਂ ਦੀ ਮੌਤ, ਆਪ੍ਰੇਸ਼ਨ ਕਰਨ ਵਾਲੀ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਜਾਣੋ ਪੂਰਾ ਮਾਮਲਾ

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਜੈਪੁਰ ਤੋਂ ਬੀਬੀਸੀ ਲਈ

ਰਾਜਸਥਾਨ ਦੇ ਦੌਸਾ ਵਿੱਚ ਇੱਕ ਮਹਿਲਾ ਡਾਕਟਰ ਦੀ ਕਥਿਤ ਖੁਦਕੁਸ਼ੀ ਦਾ ਮਾਮਲਾ ਗਰਮਾ ਰਿਹਾ ਹੈ। ਡਾਕਟਰਾਂ ਵਿੱਚ ਇਸ ਨੂੰ ਲੈ ਕੇ ਰੋਸ ਦੀ ਲਹਿਰ ਹੈ ਅਤੇ ਉਹ ਸੜਕਾਂ 'ਤੇ ਆਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਉੱਥੇ ਹੀ ਪੁਲਿਸ ਨੇ ਇਸ ਮਾਮਲੇ 'ਚ ਭਾਜਪਾ ਦੇ ਇੱਕ ਆਗੂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਵੀ ਸ਼ੂਰੂ ਕਰ ਦਿੱਤੀ ਹੈ।

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੀਬੀਸੀ ਨੇ ਮਾਮਲੇ ਦੀ ਪੂਰੀ ਜ਼ਮੀਨੀ ਸੱਚਾਈ ਬਾਰੇ ਜਾਣਨ ਦਾ ਯਤਨ ਕੀਤਾ।

ਘਟਨਾ

ਪਿਛਲੇ ਦਿਨੀਂ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਲਾਲਸੋਟ ਵਿੱਚ ਇੱਕ ਗਰਭਵਤੀ ਔਰਤ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ ਸੀ।

ਕੁਝ ਸਥਾਨਕ ਲੋਕਾਂ ਅਤੇ ਕੁਝ ਭਾਜਪਾ ਆਗੂਆਂ ਵੱਲੋਂ ਆਪ੍ਰੇਸ਼ਨ ਕਰਨ ਵਾਲੀ ਮਹਿਲਾ ਡਾਕਟਰ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ।

ਪੁਲਿਸ ਨੇ ਉਸ ਡਾਕਟਰ ਖਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਦੇ ਤਹਿਤ ਮੁਕਦਮਾ ਦਰਜ ਕੀਤਾ।

ਉਸ ਤੋਂ ਬਾਅਦ ਡਾਕਟਰ ਦੇ ਪਰਿਵਾਰ ਦਾ ਦਾਅਵਾ ਹੈ ਕਿ ਇਸ ਘਟਨਾ ਦੇ ਕਾਰਨ ਮ੍ਰਿਤਕ ਔਰਤ ਦਾ ਆਪ੍ਰੇਸ਼ਨ ਕਰਨ ਵਾਲੀ ਡਾ. ਅਰਚਨਾ ਸ਼ਰਮਾ ਤਣਾਅ ਦਾ ਸ਼ਿਕਾਰ ਹੋ ਗਏ ਸੀ ਅਤੇ ਉਨ੍ਹਾਂ ਨੇ ਆਪਣੇ ਨਿੱਜੀ ਹਸਪਤਾਲ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ। ਇਸ ਖੁਦਕੁਸ਼ੀ ਤੋਂ ਬਾਅਦ ਮਾਮਲੇ ਨੇ ਹੋਰ ਜ਼ੋਰ ਫੜ ਲਿਆ ਹੈ।

ਇਹ ਵੀ ਪੜ੍ਹੋ:

ਮ੍ਰਿਤਕ ਡਾਕਟਰ ਦੇ ਪਰਿਵਾਰ ਦਾ ਪੱਖ

ਜੈਪੁਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਸਥਿਤ ਲਾਲਸੋਟ ਦੀ ਕੋਥੂਨ ਰੋਡ ਉੱਤੇ ਆਨੰਦ ਹਸਪਤਾਲ ਸਥਿਤ ਹੈ। ਇੱਥੇ ਹੀ 29 ਮਾਰਚ ਨੂੰ ਡਾਕਟਰ ਅਰਚਨਾ ਸ਼ਰਮਾ ਨੇ ਖੁਦਕੁਸ਼ੀ ਕੀਤੀ ਹੈ। ਹੁਣ ਹਸਪਤਾਲ ਵਿੱਚ ਕਬੂਤਰ ਬੋਲਦੇ ਹਨ।

ਮ੍ਰਿਤਕ ਡਾਕਟਰ ਦਾ ਘਰ ਹਸਪਤਾਲ ਤੋਂ ਕੁਝ ਹੀ ਦੂਰ ਹੈ। ਉਨ੍ਹਾਂ ਦੇ ਪਤੀ ਵੀ ਡਾਕਟਰ ਹਨ। ਦੋਵੇਂ ਪਤੀ-ਪਤਨੀ ਮਿਲ ਕੇ ਆਪਣਾ ਨਿੱਜੀ ਹਸਪਤਾਲ ਚਲਾਉਂਦੇ ਸਨ।

ਮਰਹੂਮ ਡਾਕਟਰ ਦੇ ਪਤੀ ਸੁਨੀਤ ਉਪਾਧਿਆਏ ਨੇ ਦੱਸਿਆ, "ਉਨ੍ਹਾਂ ਨੇ ਸਾਨੂੰ ਕੋਈ ਇਸ਼ਾਰਾ ਨਹੀਂ ਕੀਤਾ। ਸਿਰਫ ਇੰਨਾ ਹੀ ਕਿਹਾ ਕਿ ਮੈਂ ਅੱਜ ਆਰਾਮ ਕਰਨਾ ਚਾਹੁੰਦੀ ਹਾਂ। ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਉਹ ਫੋਨ ਨਹੀਂ ਚੁੱਕ ਰਹੇ ਤਾਂ ਮੈਂ ਉੱਪਰ ਜਾ ਕੇ ਦਰਵਾਜ਼ਾ ਖੜਕਾਇਆ, ਪਰ ਦਰਵਾਜ਼ਾ ਨਾ ਖੁੱਲ੍ਹਿਆ। ਫਿਰ ਮੈਂ ਦਰਵਾਜ਼ਾ ਤੋੜ ਕੇ ਅੰਦਰ ਵੜਿਆ ਤਾਂ ਉਨ੍ਹਾਂ ਨੇ ਫਾਹਾ ਲੈ ਲਿਆ ਸੀ।"

ਇਹ ਸਭ ਦੱਸਦੇ ਹੋਏ ਸੁਨੀਤ ਫੁੱਟ-ਫੁੱਟ ਕੇ ਰੋਣ ਲੱਗ ਪੈਂਦੇ ਹਨ।

ਕੁਝ ਸਮੇਂ ਬਾਅਦ ਆਪਣੇ-ਆਪ ਨੂੰ ਸੰਭਾਲਦਿਆਂ ਉਨ੍ਹਾਂ ਨੇ ਕਿਹਾ, "ਆਸ਼ਾ ਦੇਵੀ ਬੈਰਵਾ ਦਾ ਪਿਛਲਾ ਆਪ੍ਰੇਸ਼ਨ ਸਾਡੇ ਹੀ ਹਸਪਤਾਲ 'ਚ ਹੋਇਆ ਸੀ। ਉਹ ਜੁੜਵਾ ਬੱਚਿਆਂ ਦੀ ਡਿਲੀਵਰੀ ਸੀ। ਉਹ ਉਸ ਸਮੇਂ ਗੰਭੀਰ ਸਥਿਤੀ ਵਿੱਚ ਸੀ। ਉਨ੍ਹਾਂ ਦਾ ਫ਼ੋਨ ਆਇਆ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਤਿੰਨ ਕੁੜੀਆਂ ਹਨ ਅਤੇ ਹੁਣ ਚੌਥੀ ਡਿਲੀਵਰੀ ਲਈ ਜੇਕਰ ਉਹ ਸਰਕਾਰੀ ਹਸਪਤਾਲ ਗਏ ਤਾਂ ਉਹ ਨਸਬੰਦੀ ਕਰ ਦੇਣਗੇ। ਜੇਕਰ ਤੁਸੀਂ ਸਾਡੀ ਨਸਬੰਦੀ ਨਹੀਂ ਕਰੋਗੇ ਤਾਂ ਅਸੀਂ ਤੁਹਾਡੇ ਹਸਪਤਾਲ 'ਚ ਡਿਲੀਵਰੀ ਲਈ ਆ ਜਾਂਦੇ ਹਾਂ।"

"ਆਸ਼ਾ ਦੇਵੀ ਬੈਰਵਾ 27 ਮਾਰਚ ਦੀ ਰਾਤ ਨੂੰ ਲਗਭਗ 11 ਵਜੇ ਹਸਪਤਾਲ ਵਿੱਚ ਆਏ ਸੀ। ਉਹ ਪਹਿਲਾਂ ਲਾਲਸੋਟ ਦੇ ਸਰਕਾਰੀ ਹਸਪਤਾਲ ਅਤੇ ਫਿਰ ਦੌਸਾ ਦੇ ਸਰਕਾਰੀ ਹਸਪਤਾਲ ਗਏ ਸੀ। ਉੱਥੋਂ ਉਨ੍ਹਾਂ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ ਸੀ।"

ਉਨ੍ਹਾਂ ਅੱਗੇ ਦੱਸਿਆ, "28 ਮਾਰਚ ਨੂੰ ਸਵੇਰੇ 9 ਵਜੇ ਉਸ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ। ਉਸ ਸਮੇਂ ਸਭ ਕੁਝ ਠੀਕ ਸੀ ਅਤੇ 10 ਵਜੇ ਉਸ ਨੂੰ ਆਪ੍ਰੇਸ਼ਨ ਥੀਏਟਰ ਤੋਂ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਜਦੋਂ 11 ਵਜੇ ਡਾਕਟਰ ਨੇ ਉਸ ਨੂੰ ਚੈੱਕ ਕੀਤਾ ਤਾਂ ਖੂਨ ਅਜੇ ਵੀ ਵਹਿ ਰਿਹਾ ਸੀ। ਪਹਿਲਾਂ ਇੱਕ ਵਾਰ ਤਾਂ ਖੂਨ ਦਾ ਵਹਾਅ ਕਾਬੂ ਵਿੱਚ ਆ ਗਿਆ ਸੀ ਪਰ ਫਿਰ ਮੁੜ ਸ਼ੂਰੂ ਹੋ ਗਿਆ।

ਉਸ ਦੇ ਪਰਿਵਾਰ ਵਾਲਿਆਂ ਨੇ ਵੀ ਵੇਖਿਆ ਸੀ ਕਿ ਉਸ ਨੂੰ ਬਚਾਉਣ ਲਈ ਅਸੀਂ ਦੋ ਘੰਟਿਆਂ ਤੱਕ ਜੱਦੋ-ਜਹਿਦ ਕਰਦੇ ਰਹੇ ਸੀ। ਇਸ ਦੌਰਾਨ ਦੋ ਯੂਨਿਟ ਖੂਨ ਵੀ ਉਸ ਨੂੰ ਚੜ੍ਹਾਇਆ ਗਿਆ। ਦਿਨ ਦੇ ਕਰੀਬ ਇੱਕ ਵਜੇ ਉਨ੍ਹਾਂ ਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰ ਲਾਸ਼ ਨੂੰ ਐਂਬੂਲੈਂਸ ਰਾਹੀਂ ਘਰ ਲੈ ਗਏ ਸਨ।"

ਸੁਮੀਤ ਅੱਗੇ ਗੱਲ ਜਾਰੀ ਰੱਖਦੇ ਹਨ, "ਫਿਰ ਤਿੰਨ ਵਜੇ ਦੇ ਕਰੀਬ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਬਾਹਰ ਰੱਖ ਕੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਨੀ ਸ਼ੂਰੂ ਕਰ ਦਿੱਤੀ- 'ਡਾਕਟਰ ਨੂੰ ਗ੍ਰਿਫਤਾਰ ਕਰੋ', 'ਲਾਈਸੈਂਸ ਜ਼ਬਤ ਕਰੋ' । ਮੇਰੇ ਪਿਤਾ ਨੂੰ ਉਹ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢ ਰਹੇ ਸਨ ਅਤੇ ਅਰਚਨਾ ਅੰਦਰ ਸੀਸੀਟੀਵੀ 'ਤੇ ਸਭ ਕੁਝ ਵੇਖ ਰਹੀ ਸੀ। ਉਹ ਗੰਭੀਰ ਤਣਾਅ ਦਾ ਸ਼ਿਕਾਰ ਹੋ ਗਏ ਸੀ।"

ਖੁਦਕੁਸ਼ੀ ਕਰਨ ਤੋਂ ਪਹਿਲਾਂ ਡਾਕਟਰ ਅਰਚਨਾ ਨੇ ਇੱਕ ਭਾਵੁਕ ਨੋਟ ਵੀ ਲਿਖਿਆ। ਪਰਿਵਾਰ ਵੱਲੋਂ ਇਸ ਨੂੰ ਮ੍ਰਿਤਕ ਦਾ ਖੁਦਕੁਸ਼ੀ ਨੋਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਬੀਬੀਸੀ ਨਾਲ ਗੱਲਬਾਤ ਦੌਰਾਨ ਰਾਜਸਥਾਨ ਪੁਲਿਸ ਦੇ ਵਧੀਕ ਡਾਇਰੈਕਟਰ ਗੋਵਿੰਦ ਪਾਰੀਕ ਨੇ ਦੱਸਿਆ, "ਅਜੇ ਉਸ ਨੋਟ ਦੀ ਜਾਂਚ ਜਾਰੀ ਹੈ।"

ਇਸ ਨੋਟ ਵਿੱਚ ਡਾ. ਅਰਚਨਾ ਸ਼ਰਮਾ ਲਿਖਦੇ ਹਨ, "ਮੈਂ ਆਪਣੇ ਪਤੀ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੀ ਹਾਂ। ਕਿਰਪਾ ਕਰਕੇ ਮੇਰੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨਾ। ਮੈਂ ਕੋਈ ਗਲਤੀ ਨਹੀਂ ਕੀਤੀ ਹੈ, ਕਿਸੇ ਨੂੰ ਵੀ ਨਹੀਂ ਮਾਰਿਆ ਹੈ। ਪੀਪੀਐਚ ਜਟਿਲਤਾਵਾਂ ਹਨ। ਇਸ ਲਈ ਡਾਕਟਰ ਨੂੰ ਇੰਨਾ ਜ਼ਿਆਦਾ ਤਸ਼ੱਦਦ ਦੇਣਾ ਬੰਦ ਕਰੋ। ਮੇਰੀ ਮੌਤ ਸ਼ਾਇਦ ਮੇਰੀ ਬੇਗੁਨਾਹੀ ਸਾਬਤ ਕਰ ਦੇਵੇ। ਡੋਂਟ ਹਰਾਸ ਇਨੋਸੈਂਟ ਡਾਕਟਰਜ਼ ਪਲੀਜ਼।"

ਆਨੰਦ ਹਸਪਤਾਲ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਗੰਗਾਪੁਰ ਰੋਡ ਨਜ਼ਦੀਕ ਖੇਮਾਵਾਸ ਪਿੰਡ ਹੈ। ਇੱਥੇ ਰੇਲਵੇ ਟਰੈਕ ਅਤੇ ਫਿਰ ਰੇਤਲੇ ਰਾਹ ਤੋਂ ਹੁੰਦੇ ਹੋਏ ਅਸੀਂ ਆਸ਼ਾ ਦੇਵੀ ਬੈਰਵਾ ਦੇ ਘਰ ਪਹੁੰਚੇ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਜਾਣ-ਪਛਾਣ ਵਾਲੇ ਲੋਕ ਉਨ੍ਹਾਂ ਦੇ ਘਰ ਅਫ਼ਸੋਸ ਅਤੇ ਦਿਲਾਸਾ ਦੇਣ ਲਈ ਪਹੁੰਚੇ ਹੋਏ ਸਨ। ਔਰਤਾਂ ਦੇ ਵਿਰਲਾਪ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇੱਕ ਕੁਰਸੀ 'ਤੇ ਆਸ਼ਾ ਦੇਵੀ ਦੀ ਤਸਵੀਰ ਰੱਖੀ ਹੋਈ ਸੀ ਅਤੇ ਉਸ ਕੁਰਸੀ ਦੇ ਬਿਲਕੁਲ ਨਾਲ ਹੀ ਮਰਹੂਮ ਆਸ਼ਾ ਦੇ ਪਤੀ ਆਪਣੀਆਂ ਤਿੰਨ ਧੀਆਂ ਨਾਲ ਬੈਠੇ ਹੋਏ ਸਨ। ਆਸ਼ਾ ਦੇ ਪਤੀ ਦਾ ਨਾਮ ਲਾਲੂ ਰਾਮ ਬੈਰਵਾ ਹੈ ਅਤੇ ਉਹ 29 ਸਾਲਾਂ ਦੇ ਹਨ।

ਦਸਵੀਂ ਜਮਾਤ ਤੱਕ ਪੜ੍ਹੇ ਲਾਲੂ ਰਾਮ ਮਜ਼ਦੂਰੀ ਕਰਦੇ ਹਨ ਅਤੇ ਹੁਣ ਉਹ ਇੱਕਲੇ ਹੀ ਤਿੰਨ ਧੀਆਂ ਦੇ ਪਿਤਾ ਹਨ। ਪੁੱਤ ਨੂੰ ਜਨਮ ਦੇਣ ਤੋਂ ਕੁਝ ਘੰਟੇ ਬਾਅਦ ਹੀ ਆਸ਼ਾ ਦੇਵੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਨਵਜੰਮਿਆ ਬੱਚਾ ਦੌਸਾ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਹੈ, ਜੋ ਕਿ ਹੁਣ ਕਦੇ ਵੀ ਆਪਣੀ ਮਾਂ ਨੂੰ ਨਹੀਂ ਵੇਖ ਸਕੇਗਾ।

ਮ੍ਰਿਤਕ ਆਸ਼ਾ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ?

ਲਾਲੂ ਰਾਮ ਬੈਰਵਾ ਹੌਲੀ ਜਿਹੇ ਸਾਡੇ ਨਾਲ ਗੱਲ ਕਰਦਿਆਂ ਪੂਰੀ ਘਟਨਾ ਬਾਰੇ ਕਹਿੰਦੇ ਹਨ, "ਉਸ ਨੂੰ ਲਾਲਸੋਟ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਦਿਨ ਭਰਤੀ ਕੀਤਾ ਗਿਆ ਸੀ ਅਤੇ ਫਿਰ ਦੌਸਾ ਭੇਜ ਦਿੱਤਾ ਗਿਆ। ਦੌਸਾ ਵਿੱਚ ਭਰਤੀ ਕੀਤਾ ਅਤੇ ਫਿਰ ਉੱਥੋਂ ਮਹਿਲਾ ਹਸਪਤਾਲ, ਜੈਪੁਰ ਲਈ ਰੈਫ਼ਰ ਕਰ ਦਿੱਤਾ ਗਿਆ ਸੀ। ਫਿਰ ਉਸ ਨੂੰ ਜੈਪੁਰ ਵਿੱਚ ਭਰਤੀ ਕਰਵਾਇਆ।"

ਉਹ ਅੱਗੇ ਦੱਸਦੇ ਹਨ, "ਪਹਿਲਾਂ ਤਿੰਨ ਧੀਆਂ ਹਨ ਅਤੇ ਹੁਣ ਇਹ ਚੌਥੀ ਡਿਲੀਵਰੀ ਸੀ। ਜੈਪੁਰ ਹਸਪਤਾਲ ਵਿੱਚ ਕਿਹਾ ਗਿਆ ਕਿ ਹੁਣ ਇਸ ਦੀ ਨਸਬੰਦੀ ਕਰਨੀ ਹੋਵੇਗੀ। ਮੈਂ ਆਪਣੀ ਪਤਨੀ ਨਾਲ ਸਲਾਹ ਕੀਤੀ ਅਤੇ ਉਸ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਫਿਰ ਮੈਂ ਡਾਕਟਰ ਅਰਚਨਾ ਮੈਡਮ ਤੋਂ ਸਲਾਹ ਲਈ। 28 ਮਾਰਚ ਨੂੰ ਰਾਤ ਨੂੰ ਮੈਂ ਜੈਪੁਰ ਦੇ ਲਾਲਸੋਟ ਤੋਂ ਨਿਕਲਿਆ ਅਤੇ ਲਗਭਗ 11 ਵਜੇ ਆਨੰਦ ਹਸਪਤਾਲ ਵਿੱਚ ਆਸ਼ਾ ਨੂੰ ਭਰਤੀ ਕਰਵਾਇਆ। ਇੱਥੇ ਹੀ ਉਸ ਦੀ ਜਾਂਚ ਕੀਤੀ ਗਈ ਅਤੇ ਡਾਕਟਰ ਮੈਡਮ ਨੇ ਕਿਹਾ ਕਿ ਖੂਨ ਚੜ੍ਹਾਇਆ ਜਾਵੇਗਾ।"

"ਸਵੇਰੇ ਲਗਭਗ ਸਵਾ ਅੱਠ ਵਜੇ ਡਾਕਟਰ ਨੇ ਕਿਹਾ ਕਿ ਆਪ੍ਰੇਸ਼ਨ ਹੋਵੇਗਾ। ਮੈਂ ਕਿਹਾ ਕਿ ਕਰ ਦਿਓ। 9 ਵਜੇ ਦੇ ਕਰੀਬ ਬੱਚਾ ਹੋਇਆ ਅਤੇ ਲਗਭਗ ਇੱਕ ਘੰਟੇ ਬਾਅਦ ਖੂਨ ਵਹਿਣਾ ਸ਼ੁਰੂ ਹੋ ਗਿਆ। ਡਾਕਟਰ ਜਾਂਚ ਲਈ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਬਚਣਾ ਮੁਸ਼ਕਲ ਹੈ, ਇਸ ਲਈ ਬੱਚੇਦਾਨੀ ਦਾ ਆਪ੍ਰੇਸ਼ਨ ਕਰਨਾ ਹੋਵੇਗਾ। ਮੈਂ ਫਿਰ ਕਿਹਾ ਕਰ ਦਿਓ, ਜਾਨ ਬਚਣੀ ਚਾਹੀਦੀ ਹੈ। ਮੈਂ ਬਾਹਰ ਆ ਗਿਆ ਅਤੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਮੈਨੂੰ ਗੱਡੀ 'ਚ ਬਿਠਾ ਕੇ ਘਰ ਲਿਆਂਦਾ ਗਿਆ।"

"ਹੋਸ਼ ਆਉਣ ਤੋਂ ਬਾਅਦ ਮੈਂ ਵੇਖਿਆ ਕਿ ਘਰ ਭੇਜ ਰਹੇ ਹਨ ਅਤੇ ਮ੍ਰਿਤਕ ਦੇਹ ਦੇ ਨਾਲ ਹੀ ਨਵਜੰਮੇ ਬੱਚੇ ਨੂੰ ਵੀ ਘਰ ਭੇਜ ਦਿੱਤਾ ਗਿਆ ਸੀ। ਜਦੋਂ ਮੈਨੂੰ ਉਸ ਦੇ ਆਪ੍ਰੇਸ਼ਨ ਲਈ ਦੱਸਿਆ ਗਿਆ ਸੀ ਉਸ ਸਮੇਂ ਉਹ ਠੀਕ ਸੀ। ਬੱਚੇ ਅਤੇ ਮ੍ਰਿਤਕ ਦੇਹ ਨੂੰ ਮੈਂ ਵਾਪਸ ਗੱਡੀ ਵਿੱਚ ਰੱਖ ਕੇ ਹਸਪਤਾਲ ਲੈ ਗਿਆ।"

ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਮ੍ਰਿਤਕ ਦੇਹ ਲੈ ਕੇ ਤੁਹਾਡੇ ਨਾਲ ਹਸਪਤਾਲ ਕੌਣ ਗਿਆ ਸੀ ਤਾਂ ਉਸ ਨੇ ਕਿਹਾ, "ਮੇਰੇ ਨਾਲ ਕੋਈ ਨਹੀਂ ਸੀ, ਮੈਂ ਇੱਕਲਾ ਹੀ ਗੱਡੀ 'ਚ ਮ੍ਰਿਤਕ ਦੇਹ ਰੱਖ ਕੇ ਲੈ ਗਿਆ ਸੀ, ਮੇਰੇ ਨਾਲ ਕੋਈ ਨਹੀਂ ਸੀ।"

"ਅਚਾਨਕ ਉੱਥੇ ਭੀੜ ਇੱਕਠੀ ਹੋ ਗਈ, ਮੈਨੂੰ ਨਹੀਂ ਪਤਾ ਉੱਥੇ ਕੌਣ-ਕੌਣ ਸੀ। ਮੈਨੂੰ ਸਮਝ ਹੀ ਨਹੀਂ ਆਈ ਕਿ ਉੱਥੇ ਕੀ ਹੋ ਰਿਹਾ ਸੀ। ਮੈਨੂੰ ਨਹੀਂ ਪਤਾ ਧਾਰਾ 302 ਕੀ ਹੈ ਅਤੇ ਮੈਂ ਪੁਲਿਸ ਨੂੰ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਹੈ।"

ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਹਾਨੂੰ ਪਤਾ ਹੈ ਕਿ ਡਾ. ਅਰਚਨਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਉਸ ਨੇ ਕਿਹਾ, "ਖ਼ਬਰਾਂ ਵਿੱਚ ਵੇਖਿਆ ਕਿ ਮੈਡਮ ਨੇ ਖੁਦਕੁਸ਼ੀ ਕਰ ਲਈ ਹੈ।"

ਭਾਜਪਾ ਆਗੂ ਸਮੇਤ ਦੋ ਗ੍ਰਿਫਤਾਰ

ਡਾਕਟਰ ਅਰਚਨਾ ਸ਼ਰਮਾ ਦੀ ਖੁਦਕੁਸ਼ੀ ਦੇ ਮਾਮਲੇ 'ਚ ਭਾਜਪਾ ਦੇ ਸਾਬਕਾ ਵਿਧਾਇਕ ਜਤਿੰਦਰ ਗੋਠਵਾਲ ਨੂੰ ਪੁਲਿਸ ਨੇ ਵੀਰਵਾਰ ਸਵੇਰ ਨੂੰ ਜੈਪੁਰ ਤੋਂ ਹਿਰਾਸਤ 'ਚ ਲੈ ਕੇ ਅਦਾਲਤ 'ਚ ਪੇਸ਼ ਕੀਤਾ।

ਅਦਾਲਤ ਨੇ ਉਸ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਉਸ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲੱਗੇ ਹਨ।

ਰਾਜਸਥਾਨ ਪੁਲਿਸ ਦੇ ਡੀਜੀਪੀ ਐਮਐਲ ਲਾਠਰ ਨੇ ਫੋਨ 'ਤੇ ਦੱਸਿਆ, "ਜਤਿੰਦਰ ਗੋਠਵਾਲ ਸਮੇਤ ਦੋ ਲੋਕ ਗ੍ਰਿਫਤਾਰ ਕੀਤੇ ਗਏ ਹਨ ਅਤੇ ਹੋਰਨਾ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਜਾਰੀ ਹਨ। ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਡਿਪਟੀ ਐਸਪੀ ਨੂੰ ਏਪੀਓ (ਅਵੇਟਿੰਗ ਪੋਸਟਿੰਗ ਆਰਡਰ) ਅਤੇ ਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਸੜਕ ਤੋਂ ਸੋਸ਼ਲ ਮੀਡੀਆ ਤੱਕ ਵਿਰੋਧ ਦੀ ਲਹਿਰ

ਇਸ ਘਟਨਾ ਤੋਂ ਬਾਅਦ ਸੂਬੇ ਭਰ ਵਿੱਚ ਡਾਕਟਰਾਂ ਵੱਲੋਂ ਮੁਜ਼ਾਹਰੇ ਹੋ ਰਹੇ ਹਨ। ਸੂਬੇ ਦੀਆਂ ਸਾਰੀਆਂ ਡਾਕਟਰ ਐਸੋਸੀਏਸ਼ਨਾਂ ਇੱਕਠੀਆਂ ਹੋ ਕੇ ਇਸ ਵਿਰੁੱਧ ਨਿੱਤਰੀਆਂ ਹਨ ਅਤੇ 30 ਮਾਰਚ ਨੂੰ ਰਾਜਸਥਾਨ ਦੇ ਸਾਰੇ ਨਿੱਜੀ ਹਸਪਤਾਲਾਂ ਵਿੱਚ ਕੰਮਕਾਜ ਦਾ ਬਾਈਕਾਟ ਕੀਤਾ ਗਿਆ।

ਡਾਕਟਰਾਂ ਵੱਲੋਂ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਪੱਖ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਘਟਨਾ 'ਤੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਹੈ, "ਦੌਸਾ ਵਿਖੇ ਡਾ. ਅਰਚਨਾ ਸ਼ਰਮਾ ਦੀ ਖੁਦਕੁਸ਼ੀ ਦੀ ਘਟਨਾ ਬਹੁਤ ਦੁਖਦ ਹੈ। ਅਸੀਂ ਸਾਰੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੰਦੇ ਹਾਂ। ਹਰ ਡਾਕਟਰ ਆਪਣੇ ਮਰੀਜ਼ ਦੀ ਜਾਨ ਬਚਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਪਰ ਕਿਸੇ ਘਟਨਾ ਦੌਰਾਨ ਜੇਕਰ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਡਾਕਟਰਾਂ 'ਤੇ ਇਲਜ਼ਾਮ ਲਗਾਉਣ ਜਾਇਜ਼ ਨਹੀਂ ਹੈ।"

ਹੁਣ ਤੱਕ ਕੀ ਕਾਰਵਾਈ ਹੋਈ ਹੈ?

ਇਸ ਘਟਨਾ ਤੋਂ ਬਾਅਦ ਦੌਸਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐੱਸਪੀ) ਅਨਿਲ ਬੈਨੀਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸੀਓ ਸ਼ੰਕਰ ਮੀਨਾ ਨੂੰ ਏਪੀਓ ਅਤੇ ਐਸਐਚਓ ਅੰਕੇਸ਼ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਡਾਕਟਰ ਅਰਚਨਾ ਸ਼ਰਮਾ ਦੇ ਪਤੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਮਾਮਲੇ 'ਤੇ ਇੱਕ ਟਵੀਟ 'ਚ ਕਿਹਾ, 'ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸੂਬੇ ਦੇ ਡਾਕਟਰਾਂ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਹੋਣ 'ਤੇ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ।

ਡਾਕਟਰ ਸੁਨੀਤ ਉਪਾਧਿਆਏ ਕਹਿੰਦੇ ਹਨ, "ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਪੁਲਿਸ ਵਾਲਿਆਂ 'ਤੇ ਕਤਲ ਲਈ ਉਕਸਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਪੁਲਿਸ ਵਾਲਿਆਂ ਦੇ ਕਾਰਨ ਹੀ ਮੇਰੀ ਪਤਨੀ ਦਾ ਕਤਲ ਹੋਇਆ ਹੈ। ਜੇਕਰ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤਾਂ ਹੀ ਮੇਰੀ ਪਤਨੀ ਨੂੰ ਅਸਲ ਨਿਆਂ ਮਿਲੇਗਾ। ਉਸ ਨੇ ਆਪਣੇ ਖੁਦਕੁਸ਼ੀ ਨੋਟ 'ਚ ਵੀ ਲਿਖਿਆ ਹੈ, "ਡੌਂਟ ਹਰਾਸ ਡਾਕਟਰਜ਼।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)