You’re viewing a text-only version of this website that uses less data. View the main version of the website including all images and videos.
#ICUdiary5: ਕੋਰੋਨਾ ਵਾਰਡ ਵਿੱਚ ਜਦੋਂ ਇੱਕ ਬਿਮਾਰ ਬਜ਼ੁਰਗ ਨੇ ਸਭ ਨੂੰ ਖੁਸ਼ ਕਰ ਦਿੱਤਾ
ਰੋਜ਼ ਮੌਤ ਨਾਲ ਜੂਝਦੇ ਡਾਕਟਰ, ਜਿਨ੍ਹਾਂ ਦੇ ਦੇਖੇ ਹੋਏ ਖ਼ੌਫ਼ਨਾਕ ਮੰਜ਼ਰ ਨੂੰ ਮਹਿਜ਼ 'ਵਾਰੀਅਰ' (ਯੋਧੇ) ਕਹਿਕੇ ਧੁੰਦਲਾ ਨਹੀਂ ਕੀਤਾ ਜਾ ਸਕਦਾ। ਕਿੰਨਾ ਔਖਾ ਹੁੰਦਾ ਹੈ ਕੋਵਿਡ ICU ਵਾਰਡ ਵਿੱਚ ਰੋਜ਼ ਕਿਸੇ ਦੂਜੇ ਵੱਲ ਆਉਂਦੀ ਮੌਤ ਨਾਲ ਜੰਗ ਲੜਨਾ?
ਇਹੀ ਸਮਝਣ ਲਈ ਬੀਬੀਸੀ ਪੰਜਾਬੀ ਪੇਸ਼ ਕਰਦਾ ਹੈ, ਸੀਰੀਜ਼ - ICU ਡਾਇਰੀ
ਇਹ ਵੀ ਪੜ੍ਹੋ:
ICU ਵਾਰਡ ਵਿੱਚ ਡਿਊਟੀ ਕਰਨ ਵਾਲੀ ਅਜਿਹੀ ਹੀ ਇੱਕ ਡਾਕਟਰ ਦੀਪਸ਼ਿਖਾ ਘੋਸ਼ ਦੇ ਤਜਰਬੇ ਤੁਸੀਂ ਬੀਬੀਸੀ ਪੰਜਾਬੀ 'ਤੇ ਪੜ੍ਹ ਰਹੇ ਹੋ। ਕੁਝ ਉਦਾਸੀ, ਕੁਝ ਮੁਸਕੁਰਾਹਟ ਅਤੇ ਕੁਝ ਚੁੱਪ ਵਾਲੇ ਤਜਰਬਿਆਂ ਨਾਲ ਪੇਸ਼ ਹੈ #icudiary ਦੀਆਂ ਕਹਾਣੀਆਂ ਪੜ੍ਹੋ...
#ICUdiary5: ਆਈਸੀਯੂ ਵਿੱਚ ਫੈਲਦੀਆਂ ਮੁਸਕੁਰਾਹਟਾਂ...
ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਨਿਯਮਤ ਤੌਰ ਤੇ ਜਾਣਾ ਪੈਂਦਾ ਹੈ, ਮਿਸਾਲ ਵਜੋਂ ਕੈਂਸਰ ਦੇ ਮਰੀਜ਼ ਕੀਮੋਥੈਰਿਪੀ ਲਈ ਜਾਂਦੇ ਹਨ। ਕੋਰੋਨਾਵਾਇਰਸ ਕਾਰਨ ਇਹੀ ਲੋਕ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੋਏ ਹਨ।
ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਪਹਿਲਾਂ ਤੋਂ ਹੀ ਕਮਜ਼ੋਰ ਹੋ ਚੁੱਕੀ ਹੁੰਦੀ ਹੈ, ਅਜਿਹੇ ਵਿੱਚ ਵਾਰ-ਵਾਰ ਭੀੜ-ਭੜੱਕੇ ਵਾਲੇ ਹਸਪਤਾਲਾਂ ਵਿੱਚ ਜਾ ਕੇ ਉਹ ਆਪਣੇ-ਆਪ ਨੂੰ ਹੋਰ ਖ਼ਤਰੇ ਵਿੱਚ ਪਾਉਂਦੇ ਹਨ।
ਅਜਿਹੇ ਮਰੀਜ਼ਾਂ ਵਿੱਚ ਕੋਰੋਨਾਵਾਇਰਸ ਦੇ ਵਿਗੜਨ ਦੀ ਸੰਭਾਵਨਾ ਵੀ ਹੋਰਨਾਂ ਨਾਲੋਂ ਜ਼ਿਆਦਾ ਹੁੰਦੀ ਹੈ।
ਮੈਨੂੰ ਅਜਿਹਾ ਹੀ ਇੱਕ ਮਰੀਜ਼ ਦੂਜੀ ਲਹਿਰ ਦੇ ਸ਼ੁਰੂ ਵਿੱਚ ਮਿਲਿਆ। ਕੁਝ ਹਫ਼ਤੇ ਪਹਿਲਾਂ ਇਸ 78 ਸਾਲਾਂ ਬਜ਼ੁਰਗ ਨੂੰ ਉਸ ਸਮੇਂ ਲਾਗ ਲੱਗ ਗਈ ਜਦੋਂ ਉਹ ਆਪਣਾ ਆਖ਼ਰੀ ਡਾਇਲਸਿਸ ਕਰਵਾ ਕੇ ਵਾਪਸ ਜਾ ਰਹੇ ਸਨ।
ਉਨ੍ਹਾਂ ਦੇ ਬੈੱਡ ਕੋਲ ਜਾ ਕੇ ਮੈਂ ਆਪਣੇ ਵੱਲੋਂ ਉਨ੍ਹਾਂ ਨੂੰ ਸਮਝਾਉਣ ਦੀ ਤਿਆਰੀ ਕਰਕੇ ਗਿਆ ਪਰ ਮੇਰਾ ਅੰਦਾਜ਼ਾ ਗ਼ਲਤ ਨਿਕਲਿਆ।
ਅਸਲ ਵਿੱਚ ਮੈਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਵੀ ਹੋਰ ਬਜ਼ੁਰਗ ਵਾਂਗ ਉਤਸੁਕ ਹੋਣਗੇ ਅਤੇ ਮੈਂ ਉਨ੍ਹਾਂ ਨੂੰ ਮਾਸਕ ਵਗੈਰਾ ਦੀਆਂ ਸਾਵਧਾਨੀਆਂ ਬਾਰੇ ਦੱਸਣਾ ਚਾਹ ਰਿਹਾ ਸੀ।
ਉਹ ਮੁਸਕੁਰਾਏ ਅਤੇ ਪ੍ਰੇਸ਼ਾਨ ਨਜ਼ਰ ਆਉਣ ਦੀ ਥਾਂ ਉਨ੍ਹਾਂ ਨੇ ਮੈਨੂੰ ਆਪਣੇ ਬਾਰੇ ਦੱਸਿਆ ਅਤੇ ਪੁੱਛਿਆ ਕੀ ਡਾਇਲਸਿਸ ਜਲਦੀ ਹੀ ਮੁੜ ਸ਼ੁਰੂ ਹੋਵੇਗਾ।
ਬਾਕੀ ਮਰੀਜ਼ਾਂ ਦੇ ਉਲਟ ਉਨ੍ਹਾਂ ਨੇ ਕਿਹਾ ਕਿ ਉਹ ਜਿੰਨਾ ਹੋ ਸਕਿਆ ਸਹਿਯੋਗ ਕਰਨਗੇ ਅਤੇ ਬਹੁਤ ਘੱਟ ਤੰਗ ਕਰਨਗੇ। ਜ਼ਿਆਦਾਤਰ ਮਰੀਜ਼ ਅਜਿਹਾ ਨਹੀਂ ਕਹਿੰਦੇ।
ਇੰਨਾ ਸੁਣਦਿਆਂ ਹੀ ਨਰਸਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਖਹਿਬੜਨ ਲੱਗੀਆਂ ਕਿ ਬਜ਼ੁਰਗ ਦੀ ਜ਼ਿੰਮੇਵਾਰੀ ਆਖ਼ਰ ਕਿਸ ਨੂੰ ਮਿਲਦੀ ਹੈ।
ਅਸੀਂ ਉਨ੍ਹਾਂ ਨਾਲ ਇੱਕ ਸਾਹ ਦੀ ਮਸ਼ੀਨ ਲਗਾ ਦਿੱਤੀ। ਉਨ੍ਹਾਂ ਦਾ ਡਾਇਲਸਿਸ ਸ਼ੁਰੂ ਹੋ ਗਿਆ। ਕਾਫ਼ੀ ਲੰਬੇ ਸਮੇਂ ਬਾਅਦ ਵਆਈਸੀਯੂ ਵਿੱਚ ਮਾਹੌਲ ਕੁਝ ਹਲਕਾ-ਫੁਲਕਾ ਸੀ।
ਡਾਇਲਸਿਸ ਦੇ ਦੌਰਾਨ ਹੀ ਉਨ੍ਹਾਂ ਦੀਆਂ ਪੜ੍ਹਤਾਂ ਡਿੱਗਣ ਲੱਗ ਪਈਆਂ। ਜਦੋਂ ਵੀ ਕੋਈ ਮਸ਼ੀਨ ਅਲਾਰਮ ਦਿੰਦੀ ਤਾਂ ਅਸੀਂ ਭੱਜ ਕੇ ਉਨ੍ਹਾਂ ਕੋਲ ਪਹੁੰਚੇ।
ਵੀਹ ਮਿੰਟ ਬਹੁਤ ਤੇਜ਼ ਸੀਪੀਆਰ ਦੇਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਸਫ਼ਲ ਹੋ ਸਕੇ। ਅਗਲੇ ਤਿੰਨ ਦਿਨ ਉਨ੍ਹਾਂ ਵਿੱਚ ਮੱਧਮ ਪਰ ਸੁਧਾਰ ਹੁੰਦਾ ਰਿਹਾ। ਚੌਥੇ ਦਿਨ ਉਨ੍ਹਾਂ ਨੇ ਅੱਖਾਂ ਖੋਲ੍ਹੀਆਂ ਅਤੇ ਇਸ਼ਾਰਿਆਂ ਨਾਲ ਕੁਝ ਦੱਸਣ ਦੀ ਕੋਸ਼ਿਸ਼ ਕੀਤੀ।
ਆਈਸੀਯੂ ਵਿੱਚ ਮਾਹੌਲ ਇੱਕ ਵਾਰ ਫਿਰ ਕੁਝ ਠੀਕ ਹੋ ਗਿਆ ਸੀ। ਅਗਲੇ ਕੁਝ ਦਿਨਾਂ ਵਿੱਚ ਉਹ ਆਪਣੇ ਬਿਸਤਰੇ ਦੇ ਦੁਆਲੇ ਘੁੰਮਣ ਵਾਲਿਆਂ ਨੂੰ ਇੱਕ ਵਾਰ ਫਿਰ ਖੇੜੇ ਵੰਡ ਰਹੇ ਸਨ।
ਇੱਕ ਹਫ਼ਤੇ ਵਿੱਚ ਅਸੀਂ ਉਨ੍ਹਾਂ ਨੂੰ ਵਾਰਡ ਵਿੱਚ ਤਬਦੀਲ ਕਰ ਦਿੱਤਾ, ਜਿਸ ਤੋਂ ਚਾਰ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਅਜਿਹੀਆਂ ਜਿੱਤਾਂ ਹੀ ਮੈਨੂੰ ਤੋਰੀ ਰੱਖਦੀਆਂ ਹਨ, ਮੈਨੂੰ ਊਰਜਾ ਦਿੰਦੀਆਂ ਹਨ।
#ICUdiary4: 'ਪੁੱਤਰ ਰੋਜ਼ ਮਾਂ ਨੂੰ ਫੋਨ ਕਰਦਾ ਹੈ...ਪਰ ਮਾਂ ਬੇਸੁੱਧ ਵੈਂਟੀਲੇਟਰ 'ਤੇ ਹੈ'
ਜ਼ਾਹਿਰ ਹੈ ਕਿ ਹਸਪਤਾਲ ਆਮਤੌਰ 'ਤੇ ਭੈਅਭੀਤ ਕਰਨ ਵਾਲੇ ਅਤੇ ਨਾਪਸੰਦਗੀ ਵਾਲੀ ਥਾਂ ਹੁੰਦੇ ਹਨ। ਕਈ ਲੋਕਾਂ ਲਈ ਕੋਵਿਡ ਦੇ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਹੋਣਾ, ਉਨ੍ਹਾਂ ਦਾ ਪਹਿਲੀ ਵਾਰ ਹਸਪਤਾਲ ਵਿੱਚ ਦਾਖਲ ਹੋਣਾ ਹੈ। ਉਨ੍ਹਾਂ ਦਾ ਡਰ ਸਪੱਸ਼ਟ ਹੈ।
ਸਾਡੇ ਕੋਲ ਇੱਕ ਦਿਨ ਸਵੇਰੇ ਅਜਿਹੀ ਹੀ 44 ਸਾਲਾ ਔਰਤ ਨੂੰ ਕੋਵਿਡ ਆਈਸੀਯੂ ਵਿੱਚ ਲਿਆਂਦਾ ਗਿਆ। ਉਹ ਬਹੁਤ ਚਿੰਤਤ ਸੀ ਅਤੇ ਕਿਸੇ ਵੀ ਇਲਾਜ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਉਹ ਕਿਸੇ ਵੀ ਹਾਲਤ ਵਿੱਚ ਘਰ ਜਾਣਾ ਚਾਹੁੰਦੀ ਸੀ।
ਉਹ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਲਈ ਕਹਿੰਦੀ ਰਹੀ ਤਾਂ ਕਿ ਉਹ ਆ ਕੇ ਉਸ ਨੂੰ ਘਰ ਲੈ ਜਾ ਸਕਣ।
"ਮੇਰੀ ਨੌਰਮਲ ਡਲਿਵਰੀ ਹੋਈ ਸੀ ਕਿਉਂਕਿ ਮੈਂ ਅਪਰੇਸ਼ਨ ਨਹੀਂ ਕਰਾਉਣਾ ਚਾਹੁੰਦੀ ਸੀ। ਤੁਸੀਂ ਉਸ ਦਰਦ ਦੀ ਕਲਪਨਾ ਨਹੀਂ ਕਰ ਸਕਦੇ, ਪਰ ਮੈਂ ਇਹ ਸਭ ਬਰਦਾਸ਼ਤ ਕੀਤਾ। ਬਸ! ਮੈਨੂੰ ਘਰ ਜਾਣ ਦਿਓ, ਬੇਸ਼ੱਕ ਮੈਂ ਉੱਥੇ ਮਰ ਜਾਵਾਂ।''
ਮੈਂ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਨਾਲ ਕੁਝ ਨਹੀਂ ਵਾਪਰੇਗਾ ਪਰ ਉਹ ਇਸ ਨੂੰ ਸੁਣਨਾ ਨਹੀਂ ਚਾਹੁੰਦੀ ਸੀ।
ਮੈਂ ਉਸ ਦੇ ਬੇਟੇ ਨੂੰ ਫੋਨ ਕੀਤਾ ਅਤੇ ਫੋਨ ਉਸ ਦੇ ਕੋਲ ਰੱਖਿਆ। ਉਸ ਨੇ ਉਸ ਨੂੰ ਕਿਹਾ ਕਿ ਉਹ ਇੱਕ ਚੰਗਾ ਪੁੱਤਰ ਨਹੀਂ ਹੈ ਕਿਉਂਕਿ ਉਸ ਨੇ ਉਸ ਨੂੰ ਹਸਪਤਾਲ ਵਿੱਚ ਛੱਡ ਦਿੱਤਾ।
ਬੇਟੇ ਨੇ ਉਸ ਤੋਂ ਮਾਫ਼ੀ ਮੰਗੀ ਅਤੇ ਜੋ ਡਾਕਟਰ ਕਹਿੰਦੇ ਹਨ, ਉਸ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਉਸ ਨੇ ਉਸ ਨਾਲ ਵਾਅਦਾ ਕੀਤਾ ਕਿ ਜੇ ਉਹ ਇੱਕ ਦੋ ਦਿਨਾਂ ਵਿੱਚ ਬਿਹਤਰ ਮਹਿਸੂਸ ਕਰੇਗੀ ਤਾਂ ਉਹ ਉਸ ਨੂੰ ਘਰ ਲੈ ਜਾਵੇਗਾ।
ਉਸ ਨੂੰ ਸ਼ਾਂਤ ਹੋਣ ਵਿੱਚ ਲਗਭਗ 30 ਮਿੰਟ ਲੱਗ ਗਏ। ਅਸੀਂ ਇਲਾਜ ਸ਼ੁਰੂ ਕੀਤਾ। ਹਾਲਾਂਕਿ ਉਸ ਦੀ ਹਾਲਤ ਵਿਗੜਦੀ ਰਹੀ ਸੀ ।
100% ਸਪੋਰਟ ਦੇ ਨਾਲ ਵੀ ਉਸਦਾ ਆਕਸੀਜਨ ਲੈਵਲ ਸਹੀ ਨਹੀਂ ਹੋ ਰਿਹਾ ਸੀ। ਮਾਨੀਟਰ ਵੱਲ ਵੇਖਿਆ ਅਤੇ ਮਾਨੀਟਰ ਫਲੈਸ਼ 84% 'ਤੇ ਸੀ।
ਉਸ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, "ਕੁਝ ਦਿਨ ਹੁਣ ਪੂਰੇ ਹੋ ਗਏ ਹਨ। ਮੇਰੇ ਬੇਟੇ ਨੂੰ ਹੁਣੇ ਬੁਲਾਓ। ਉਸ ਨੇ ਕਿਹਾ ਸੀ ਕਿ ਉਹ ਮੈਨੂੰ ਘਰ ਲੈ ਜਾਵੇਗਾ। ਮੈਂ ਘਰ ਵਿੱਚ ਹੀ ਮਰਨਾ ਚਾਹੁੰਦੀ ਹਾਂ।''
ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਾਂ। ਮੈਂ ਉਸ ਦੇ ਬੇਟੇ ਨੂੰ ਫੋਨ ਕੀਤਾ ਅਤੇ ਉਸ ਦੀ ਸਥਿਤੀ ਅਤੇ ਇਸ ਤੱਥ ਬਾਰੇ ਦੱਸਿਆ ਕਿ ਉਸ ਨੂੰ ਮਕੈਨੀਕਲ ਵੈਂਟੀਲੇਸ਼ਨ ਦੀ ਜ਼ਰੂਰਤ ਹੋਏਗੀ।
ਉਸ ਨੇ ਉਸੇ ਵੇਲੇ ਸਹਿਮਤੀ ਦਿੱਤੀ, ਪਰ ਮੈਨੂੰ ਕਿਹਾ ਕਿ ਉਹ ਉਸ ਨੂੰ ਫੋਨ ਨਾ ਦੇਵੇ ਕਿਉਂਕਿ ਉਹ ਉਸ ਦੀਆਂ ਬੇਨਤੀਆਂ ਅੱਗੇ 'ਨਾਂਹ' ਕਰਨ ਦੇ ਯੋਗ ਨਹੀਂ ਹੋਵੇਗਾ।
ਉਸ ਨੇ ਮੈਨੂੰ ਉਸ ਨੂੰ ਸਮਝਾਉਣ ਲਈ ਕਿਹਾ ਕਿ ਜਦੋਂ ਉਹ ਥੋੜ੍ਹੀ ਬਿਹਤਰ ਹੋਵੇਗੀ ਤਾਂ ਉਹ ਉਸ ਨੂੰ ਘਰ ਲੈ ਜਾਵੇਗਾ। ਉਸ ਦੀ ਆਵਾਜ਼ ਕੰਬ ਰਹੀ ਸੀ।
ਉਸ ਨੇ ਮੈਨੂੰ ਸਰੀਰਿਕ ਅਤੇ ਕੈਮੀਕਲ ਰੈਸਟਰੇਂਟ ਦੀ ਵਰਤੋਂ ਕਰਨ ਲਈ ਕਿਹਾ, "ਕਿਰਪਾ ਕਰਕੇ ਉਸ ਦੀ ਗੱਲ ਨਾ ਸੁਣੋ, ਕਿਰਪਾ ਕਰਕੇ ਉਸ ਨੂੰ ਬਚਾਉਣ ਲਈ ਜੋ ਵੀ ਜ਼ਰੂਰੀ ਹੋਵੇ ਉਹ ਕਰੋ।''
ਅਸੀਂ ਸਭ ਕੀਤਾ। ਅਸੀਂ ਉਸ ਨੂੰ ਬਚਾਉਣ ਲਈ ਸਭ ਕੁਝ ਕੀਤਾ। ਉਹ ਹੁਣ ਵੀ ਵੈਂਟੀਲੇਟਰ 'ਤੇ ਹੈ।
ਹੁਣ 'ਕਾਫ਼ੀ ਦਿਨ' ਹੋ ਗਏ ਹਨ। ਉਸ ਦਾ ਬੇਟਾ ਰੋਜ਼ਾਨਾ ਫੋਨ ਕਰਦਾ ਹੈ, ਪਰ ਹੁਣ ਉਹ ਉਸ ਨਾਲ ਇਕਤਰਫ਼ਾ ਗੱਲ ਕਰਨ ਲਈ ਵੀ ਹੋਸ਼ ਵਿੱਚ ਨਹੀਂ ਹੈ।
#ICUdiary3: ਪਤਨੀ, ਚਾਹ ਅਤੇ ਵੈਂਟੀਲੇਟਰ
ਇੱਕ ਬਜ਼ੁਰਗ ਨੂੰ ਬਹੁਤ ਜ਼ਿਆਦਾ ਬੁਖਾਰ ਅਤੇ ਨੀਵੇਂ ਆਕਸੀਜਨ ਲੈਵਲ ਦੇ ਨਾਲ ਕੁਝ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।
ਉਸ ਰਾਤ ਜਦੋਂ ਉਹ ਮੈਨੂੰ ਆਈਸੀਯੂ ਵਿੱਚ ਮਿਲੇ ਤਾਂ ਉਹ ਬਹੁਤ ਬੇਚੈਨ ਸਨ। ਉਨ੍ਹਾਂ ਦੇ ਮੂੰਹ 'ਤੇ ਵੈਂਟੀਲੇਟਰ ਲੱਗਿਆ ਹੋਇਆ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮਾਸਕ ਲਾਹ ਕਿਉਂ ਨਹੀਂ ਸਕਦੇ, ਉਹ ਲਾਈ ਰੱਖਣਾ ਕਿਉਂ ਜ਼ਰੂਰੀ ਸੀ।
ਉਨ੍ਹਾਂ ਨਾਲ ਕੁਝ ਦੇਰ ਗੱਲ ਕਰਨ ਮਗਰੋਂ ਮੇਰੇ ਸਮਝ ਆਇਆ ਕਿ ਉਹ ਕੁਝ ਸਮਝ ਸਕਣ ਦੀ ਹਾਲਤ ਵਿੱਚ ਨਹੀਂ ਸੀ।
ਮੈਂ ਉਨ੍ਹਾਂ ਦੇ ਪਰਿਵਾਰ ਨੂੰ ਫੋਨ ਮਿਲਾਇਆ ਅਤੇ ਦੱਸਿਆ ਕਿ ਉਹ ਮਾਸਕ ਲਾ ਕੇ ਨਹੀਂ ਰੱਖ ਰਹੇ। ਮੈਂ ਉਨ੍ਹਾਂ ਦੀ ਪਤਨੀ ਨੂੰ ਫੋਨ 'ਤੇ ਬੁਲਾਇਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਮਾਸਕ ਲਾਹੁਣ ਤੋਂ ਰੋਕਣ ਲਈ ਸਾਨੂੰ ਉਨ੍ਹਾਂ ਨੂੰ ਬੰਨ੍ਹਣਾ ਪੈ ਸਕਦਾ ਹੈ।
ਹਿਚਕੀਆਂ ਲੈਂਦਿਆਂ ਉਨ੍ਹਾਂ ਦੀ ਪਤਨੀ ਨੇ ਕਿ ਉਨ੍ਹਾਂ ਦੇ ਆਕਸੀਜਨ ਲੈਵਲ ਨੂੰ ਠੀਕ ਰੱਖਣ ਲਈ ਜੋ ਜ਼ਰੂਰੀ ਹੋਵੇ ਕਰਨ ਲਈ ਕਿਹਾ।
ਮੈਂ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਜਦੋਂ ਤੱਕ ਉਨ੍ਹਾਂ ਦਾ ਆਕਸੀਜਨ ਲੈਵਲ ਠੀਕ ਹੋ ਕੇ ਸਥਿਰ ਨਹੀਂ ਹੋ ਜਾਂਦਾ ਮੈਂ ਉਨ੍ਹਾਂ ਦੇ ਸਿਰਹਾਣੇ ਹੀ ਰਹਾਂਗਾ।
ਕੁਝ ਮਿੰਟਾਂ ਬਾਅਦ ਮੈਨੂੰ ਉਨ੍ਹਾਂ ਦੀ ਪਤਨੀ ਦਾ ਵਾਪਸ ਫੋਨ ਆਇਆ। ਸ਼ਾਇਦ ਉਨ੍ਹਾਂ ਨੇ ਆਪਣਾ ਮਨ ਸਮਝਾ ਲਿਆ ਸੀ।
ਉਨ੍ਹਾਂ ਨੇ ਮੈਨੂੰ ਇਹ ਦੱਸਣ ਲਈ ਫੋਨ ਕੀਤਾ ਸੀ,"ਜੇ ਉਨ੍ਹਾਂ ਨੂੰ ਆਪਣੇ ਮਨ-ਪਸੰਦ ਦੀ ਚਾਹ ਸਮੇਂ ਸਿਰ ਨਾ ਮਿਲੇ ਤਾਂ ਵੀ ਉਤਾਵਲੇ ਹੋ ਜਾਂਦੇ ਹਨ, ਹੋ ਸਕਦਾ ਹੈ ਉਹ ਚਾਹ ਹੀ ਮੰਗ ਰਹੇ ਹੋਣ।"
ਇਹ ਸੁਣ ਕੇ ਮੈਂ ਸਿਰਫ਼ ਇੰਨਾ ਹੀ ਕਹਿ ਸਕਿਆ,"ਇਹ ਇੱਕ ਵਜ੍ਹਾ ਹੋ ਸਕਦੀ ਹੈ, ਮੈਂ ਉਨ੍ਹਾਂ ਲਈ ਚਾਹ ਮੰਗਵਾ ਕੇ ਦੇਖਦਾ ਹਾਂ।"
ਪਤਨੀ ਨੇ ਮੈਨੂੰ ਕਿਹਾ ਕਿ ਮੈਂ ਧਿਆਨ ਰੱਖਾਂ ਕਿ ਹਰ ਕੋਈ ਉਨ੍ਹਾਂ ਦਾ ਖਿਆਲ ਰੱਖੇ। ਮੈਂ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਮੈਂ ਇਸ ਗੱਲ ਦਾ ਪੂਰਾ ਖਿਆਲ ਰੱਖਾਂਗਾ। ਅਸੀਂ ਉਨ੍ਹਾਂ ਨੂੰ ਬੰਨ੍ਹ ਕੇ ਰੱਖਿਆ ਅਤੇ ਫਿਰ ਉਹ ਕੁਝ ਘੰਟਿਆਂ ਵਿੱਚ ਸ਼ਾਂਤ ਹੋ ਗਏ।
ਅਗਲੇ ਦੋ ਦਿਨ ਮੇਰੀਆਂ ਛੁੱਟੀਆਂ ਸਨ। ਜਦੋਂ ਮੈਂ ਵਾਪਸ ਆਸੀਯੂ ਪਹੁੰਚਿਆ ਤਾਂ ਮੈਂ ਦੇਖਿਆ ਕਿ ਉਨ੍ਹਾਂ ਨੂੰ ਵੈਂਟੀਲੇਟਰ ਲੱਗ ਚੁੱਕਿਆ ਸੀ ਅਤੇ ਆਕਸੀਜਨ ਦਾ ਲੈਵਲ ਲਗਾਤਾਰ ਡਿਗਦਾ ਜਾ ਰਿਹਾ ਸੀ। ਉਹ ਹਫ਼ਤਾ ਪੂਰਾ ਨਹੀਂ ਕਰ ਸਕੇ। ਉਸ ਦਿਨ ਮੈਂ ਇੱਕ ਵਾਰ ਫਿਰ ਉਨ੍ਹਾਂ ਦੇ ਘਰੇ ਇੱਕ ਹੋਰ ਫੋਨ ਕੀਤਾ।
ਮੈਂ ਉਨ੍ਹਾਂ ਦੀ ਪਤਨੀ ਨੂੰ ਦੱਸਿਆ ਕਿ ਸਿਹਤ ਵਿਗੜ ਰਹੀ ਹੈ ਅਤੇ ਬਚਣ ਦੀ ਸੰਭਾਵਨਾ ਜ਼ਿਆਦਾ ਨਹੀਂ ਹੈ।
ਪਤਨੀ ਨੇ ਪੁੱਛਿਆ ਕੀ ਵੈਂਟੀਲੇਟਰ 'ਤੇ ਪਾਉਣ ਤੋਂ ਪਹਿਲਾਂ ਅਸੀਂ ਉਨ੍ਹਾਂ ਨੂੰ ਚਾਹ ਪਿਲਾਈ ਸੀ। ਮੇਰੀ ਨਾਂਹ ਕਹਿਣ ਦੀ ਹਿੰਮਤ ਨਹੀਂ ਪਈ ਅਤੇ ਮੈਂ ਕਿਹਾ "ਹਾਂ ਜੀ"। ਸਿਰਫ਼ ਇੱਕ ਸ਼ਬਦ।
ਮੈਂ ਨਹੀਂ ਜਾਣਦਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਹੌਂਸਲਾ ਬੱਝਿਆ ਸੀ ਜਾਂ ਨਹੀਂ।
ਮੈਂ ਸਿਰਫ਼ ਇਹ ਉਮੀਦ ਹੀ ਕਰ ਸਕਦਾ ਹਾਂ ਕਿ ਮੇਰੇ ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਦੇ ਦਿਲ ਨੂੰ ਕੁਝ ਧਰਵਾਸ ਦਿੱਤਾ ਹੋਵੇਗਾ। ਡੁਬਦੀ ਅਵਾਜ਼ ਵਿੱਚ ਉਨ੍ਹਾਂ ਨੇ ਮੈਨੂੰ ਫਿਰ ਕਿਹਾ ਕਿ ਮੈਂ ਧਿਆਨ ਰੱਖਾਂ ਕਿ ਹਰ ਕੋਈ ਉਨ੍ਹਾਂ ਦਾ ਖਿਆਲ ਰੱਖੇ ਅਤੇ ਮੈਂ ਕਿਹਾ ਮੈਂ ਰੱਖਾਂਗਾ।
#ICUdiary 2:ਜ਼ਿੰਦਾ ਤਾਂ ਬੱਚ ਜਾਵਾਂਗਾ ਨਾ ਡਾਕਟਰ?
ICU 'ਚ ਮੈਂ ਸਿਰਫ਼ ਅਜਿਹੇ ਮਰੀਜ਼ਾਂ ਨੂੰ ਦੇਖਦੀ ਹਾਂ, ਜਿਨ੍ਹਾਂ ਦੀ ਹਾਲਤ ਹਰ ਦਿਨ ਖ਼ਰਾਬ ਹੋਵੇ। ਮੈਂ ਕਾਫ਼ੀ ਨਵੇਂ ਚਿਹਰੇ ਦੇਖੇ ਹਨ ਤੇ ਜ਼ਿਆਦਾਤਰ ਚਿਹਰੇ ਤਾਂ ਉਮੀਦਾਂ ਗੁਆ ਚੁੱਕੇ ਹਨ।
ਮੈਂ ਲੜਖੜਾਉਂਦੀ ਆਵਾਜ਼ ਵਿੱਚ ਕਿੰਨੇ ਹੀ ਉਹ ਸਵਾਲ ਸੁਣੇ, ਜੋ ਪੁੱਛਣ ਵਾਲੇ ਵੀ ਪੁੱਛਣਾ ਨਹੀਂ ਚਾਹੁੰਦੇ ਸਨ। ਫ਼ਿਰ ਵੀ ਉਮੀਦ ਲਈ ਪੁੱਛਦੇ ਹਨ - ਇਹ ਬੱਚ ਤਾਂ ਜਾਣਗੇ ਨਾ?
ਬਰਬਾਦੀ ਦੇ ਕਿੰਨੇ ਹੀ ਮੰਜ਼ਰ ਇਨ੍ਹਾਂ ਅੱਖਾਂ ਨੇ ਵੇਖੇ। ਇਹ ਮੰਜ਼ਰ ਪੂਰੀ ਦੁਨੀਆਂ ਵਿੱਚ ਦੇਖੇ ਜਾ ਰਹੇ ਹਨ। ਕਿਸੇ ਮੁਲਕ ਵਿੱਚ ਘੱਟ ਤਾਂ ਕਿਸੇ ਵਿੱਚ ਜ਼ਿਆਦਾ।
ਇਹ ਸਾਰੇ ਚਿਹਰੇ ਅਤੇ ਆਵਾਜ਼ਾਂ ਸਿਰਫ਼ ਇੱਕ ਨੰਬਰ ਜਾਂ ਅੰਕੜਾ ਨਹੀਂ ਹੈ। ਇਨ੍ਹਾਂ ਸਭ ਦੀ ਜ਼ਿੰਦਗੀ ਅਤੇ ਸੁਪਨੇ ਓਨੇ ਹੀ ਸੱਚੇ ਹਨ, ਜਿਵੇਂ ਸਾਡੇ ਸਭ ਦੇ ਹਨ।
ਕੁਝ ਕਹਾਣੀਆਂ ਹੁਣ ਕਦੇ ਨਹੀਂ ਕਹੀਆਂ ਜਾ ਸਕਦੀਆਂ। ਕਿਉਂਕਿ ਕੁਝ ਕਹਾਣੀਆਂ ਗ਼ੈਰ-ਮਾਮੂਲੀ ਗੱਲਾਂ ਨੂੰ ਸਮੇਟੀ ਬੈਠੀਆਂ ਸਨ ਅਤੇ ਕੁਝ ਰੋਜ਼ ਦੇ ਕੰਮਾਂ ਨਾਲ ਭਰੀਆਂ ਸਨ। ਕੁਝ ਕਹਾਣੀਆਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਹੋਣ ਦੇ ਦਰਮਿਆਨ ਗੁਆਚ ਜਾਣਗੀਆਂ।
ਕੁਝ ਸ਼ਾਇਦ ਇਸ ਲਈ ਗੁਆਚ ਜਾਣਗੀਆਂ ਕਿ ਕੋਈ ਨਹੀਂ ਬਚਿਆ ਸੀ ਜਿਸ ਨਾਲ ਗੱਲ ਕੀਤੀ ਜਾ ਸਕੇ। ਕੋਰੋਨਾ ਨੇ ਸਾਨੂੰ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਲਗਾ ਕੇ ਸਾਡਾ ਸਮਾਂ ਵੰਢ ਦਿੱਤਾ ਹੈ। ਇਸ ਦੇ ਬਾਵਜੂਦ ਕਈ ਵਾਰ ਥੋੜ੍ਹਾ ਜਿਹਾਂ ਸਮਾਂ ਜਾਂ ਥੱਕ ਚੁੱਕਿਆ ਦਿਮਾਗ ਇਹ ਮੋਹਲਤ ਦਿੰਦਾ ਹੈ ਕਿ ਅਸੀਂ ਗੱਲ ਕਰ ਸਕੀਏ।
ਅਜਿਹੇ ਮੌਕਿਆਂ 'ਤੇ ਹਮੇਸ਼ਾ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ।
ਪਹਿਲੀ ਗੱਲਬਾਤ, ਜਿਸ ਵਿੱਚ ਅਸੀਂ ਮਰੀਜ਼ਾਂ ਨੂੰ ਮਾਸਕ ਸਹੀ ਢੰਗ ਨਾਲ ਲਗਾਉਣ, ਦਵਾਈਆਂ ਲੈਣ ਲਈ ਕਹਿ ਰਹੇ ਹੁੰਦੇ ਹਾਂ ਜਾਂ ਫ਼ਿਰ ਲੋਕਾਂ ਨੂੰ ਪਰਿਵਾਰ, ਕੰਮ ਜਾਂ ਜ਼ਿੰਦਗੀ ਦੇ ਬਾਰੇ ਗੱਲ ਕਰਕੇ ਸਮਝਾ ਰਹੇ ਹੁੰਦੇ ਹਾਂ ਕਿ ਇਹ ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ ਅਤੇ ਮਰੀਜ਼ ਨੂੰ ਇਸ ਬਿਨਾਂ ਸੱਦੇ ਵਾਇਰਸ ਨਾਲ ਜੰਗ ਜਿੱਤ ਕੇ ਜਲਦੀ ਹਸਪਤਾਲ ਨੂੰ ਟਾਟਾ (ਅਲਵਿਦਾ) ਕਹਿ ਕੇ ਘਰ ਪਰਤਣਾ ਹੈ।
ਦੂਜੀ ਗੱਲਬਾਤ, ਜਿਸ ਵਿੱਚ ਸਾਨੂੰ ਕੁਝ ਸਖ਼ਤ ਸਵਾਲ ਪੁੱਛੇ ਜਾ ਰਹੇ ਹੁੰਦੇ ਹਨ। ਇਹ ਸਵਾਲ ਮਰੀਜ਼ ਸਿੱਧਾ ਤੁਹਾਡੀ ਅੱਖ ਵਿੱਚ ਦੇਖਦੇ ਹੋਏ ਪੁੱਛਦਾ ਹੈ, ਮੈਂ ਬੱਚ ਤਾਂ ਜਾਵਾਂਗਾ ਨਾ ਡਾਕਟਰ?
ਅਜਿਹੇ ਸਵਾਲਾਂ ਉੱਤੇ ਅਸੀਂ ਸਹੀ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਚੀਜ਼ਾਂ ਸਹੀ ਹੁੰਦੀਆਂ ਹੀ ਨਹੀਂ ਹਨ।
ਅੱਖਾਂ ਵਿੱਚ ਦੇਖਦੇ ਹੋਏ ਇਹ ਦੱਸਣਾ ਕਿ ਇਹ ਅੱਖਾਂ ਜਲਦੀ ਹੀ ਬੰਦ ਹੋ ਜਾਣਗੀਆਂ, ਸਾਡੇ ਕੰਮ ਦਾ ਸਭ ਤੋਂ ਔਖਾ ਹਿੱਸਾ ਬਣ ਗਿਆ ਹੈ।
#ICUdiary 1: 'ਤੁਸੀਂ ਹੀ ਤਾਂ ਮੇਰੀ ਮਾਂ ਹੋ'
ਅਸੀਂ ਲਗਾਤਾਰ ਇੱਕ ਜੰਗ ਲੜ ਰਹੇ ਹਾਂ। ਜੰਗ ਨਾ ਸਿਰਫ਼ ਕਈ ਰੂਪ ਵਾਲੇ ਵਾਇਰਸ ਨਾਲ ਹੈ ਸਗੋਂ ਕਈ ਦੂਜੀਆਂ ਮੁਸ਼ਕਿਲਾਂ ਨਾਲ ਵੀ ਹਨ।
ਸਾਡੇ ਹਸਪਤਾਲ ਵਿੱਚ ਇੱਕ ਔਰਤ ਭਰਤੀ ਹੋਈ, ਜੋ ਖ਼ੁਦ ਇੱਕ ਡਾਕਟਰ ਹਨ। ਉਨ੍ਹਾਂ ਦਾ ਆਕਸੀਜਨ ਕਾਫ਼ੀ ਘੱਟ ਸੀ, ਫਿਰ ਵੀ ਉਹ ਜ਼ਿਆਦਾ ਇਲਾਜ ਜਾਂ ਵੈਂਟੀਲੇਟਰ ਉੱਤੇ ਜਾਣ ਤੋਂ ਇਨਕਾਰ ਕਰਦੇ ਹਨ।
ਆਕਸੀਜਨ 'ਤੇ ਹੋਣ ਦੇ ਬਾਵਜੂਦ ਉਹ ਇੱਕ ਪੂਰਾ ਵਾਕ ਬੋਲਣ ਵਿੱਚ ਲੜਖੜਾ ਜਾਂਦੇ ਹਨ, ਉਹ ਵੀ ਇੱਕੋ ਸਾਹ ਵਿੱਚ ਕੁਝ ਹੀ ਸ਼ਬਦ ਬੋਲ ਪਾਉਂਦੇ ਹਨ।
ਲੰਘੇ ਕੁਝ ਹਫ਼ਤਿਆਂ ਵਿੱਚ ਮੈਂ ਉਨ੍ਹਾਂ ਦੇ ਮਿਜਾਜ਼ ਨੂੰ ਤੇਜ਼ੀ ਨਾਲ ਬਦਲਦੇ ਦੇਖਿਆ ਹੈ। ਸ਼ੁਰੂ ਵਿੱਚ ਮੇਰੇ ਅਤੇ ਨਰਸਾਂ ਲਈ ਜਿਹੜੀ ਬੇਰੁਖ਼ੀ ਸੀ, ਉਹ ਹੁਣ ਪਿਆਰ ਵਿੱਚ ਬਦਲ ਗਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਹੁਣ ਉਹ ਮੇਰਾ ਹੱਥ ਫੜ੍ਹ ਕੇ ਅਕਸਰ ਨੀਂਦ ਆਉਣ ਵਾਲੀ ਦਵਾਈ ਮੰਗਦੇ ਸਨ।
ਉਹ ਬੰਗਾਲੀ ਵਿੱਚ ਕਹਿੰਦੇ - 'ਤੁਮੀ ਤੋ ਆਮਾਰ ਮਾਂ' (ਤੁਸੀਂ ਹੀ ਤਾਂ ਮੇਰੀ ਮਾਂ ਹੋ)
ਇਹ ਗੱਲਾਂ ਉਨ੍ਹਾਂ ਨੌਜਵਾਨਾਂ ਦੇ ਮਨ ਵਿੱਚ ਜਾ ਕੇ ਠਹਿਰ ਰਹੀਆਂ ਸਨ, ਜੋ ਬੇਹੱਦ ਘੱਟ ਉਮਰ ਦੇ ਹਨ ਅਤੇ ਅਚਾਨਕ ਮੌਤ ਨਾਲ ਲੜਦੇ ਲੋਕਾਂ ਦਾ ਖ਼ਿਆਲ ਰੱਖਣ ਦੀ ਭੂਮਿਕਾ ਵਿੱਚ ਆ ਗਏ ਹਨ।
ਉਨ੍ਹਾਂ ਦੇ ਪਤੀ ਵੀ ਕੋਰੋਨਾ ਮਰੀਜ਼ ਹਨ ਅਤੇ ਬਿਹਤਰ ਤਬੀਅਤ ਹੋਣ ਦੀ ਵਜ੍ਹਾ ਕਾਰਨ ਇਸੇ ਹਸਪਤਾਲ ਦੇ ਦੂਜੇ ਵਾਰਡ ਵਿੱਚ ਭਰਤੀ ਹਨ। ਅਕਸਰ ਉਹ ਆਪਣੀ ਪਤਨੀ ਨੂੰ ਕਹਿੰਦੇ - 'ਘੱਟ-ਘੱਟੋ ਪ੍ਰੋਨ ਵੈਂਟੀਲੇਸ਼ਨ ਤਾਂ ਕਰ ਲਓ।'
ਪ੍ਰੋਨ ਵੈਂਟੀਲੇਸ਼ਨ ਵਿੱਚ ਮਰੀਜ਼ ਨੂੰ ਢਿੱਡ ਦੇ ਭਾਰ ਉਲਟਾ ਪੈਣ ਨੂੰ ਕਿਹਾ ਜਾਂਦਾ ਹੈ, ਇਸ ਨਾਲ ਸਾਹ ਲੈਣ ਦੀ ਦਿੱਕਤ ਦੂਰ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਪਰ ਉਨ੍ਹਾਂ ਦਾ ਭਾਰ ਜ਼ਿਆਦਾ ਹੈ, ਇਸ ਲਈ ਪ੍ਰੋਨ ਵੈਂਟੀਲੇਸ਼ਨ ਤਕਲੀਫ਼ਾਂ ਨਾਲ ਭਰਿਆ ਹੋ ਸਕਦਾ ਹੈ। ਉਹ ਇਹ ਜਾਣਦੇ ਹਨ ਕਿ ਉਨ੍ਹਾਂ ਦੇ ਪਤੀ ਵੀ ਇਹ ਗੱਲ ਸਮਝਦੇ ਹਨ।
ਫ਼ਿਰ ਵੀ ਉਹ ਆਪਣਾ ਹੱਥ ਚੁੱਕਦੇ ਹਨ ਅਤੇ ਪਤੀ ਨੂੰ ਇਸ਼ਾਰੇ ਨਾਲ ਸਮਝਾਉਂਦੇ ਹਨ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੇ ਪਤੀ ਸਾਨੂੰ ਗੁਜ਼ਾਰਿਸ਼ ਕਰਦੇ ਹਨ ਕਿ ਭਾਵੇਂ ਜਿਵੇਂ ਵੀ ਹੋਵੇ, ਉਨ੍ਹਾਂ ਦੀ ਪਤਨੀ ਨੂੰ ਇਲਾਜ ਕਰਵਾਉਣ ਲਈ ਕਹੋ।
ਮੈਂ ਦਿਲਾਸਾ ਦਿੰਦੀ ਹਾਂ ਕਿ ਹਰ ਸੰਭਵ ਕੋਸ਼ਿਸ਼ ਕਰਾਂਗੀ।
ਹੱਥ ਜੋੜ ਕੇ ਅਤੇ ਅੱਖਾਂ ਵਿੱਚ ਬਹੁਤ ਸਾਰੀ ਉਦਾਸੀ ਦੇ ਨਾਲ ਉਹ ਸ਼ਖ਼ਸ ਆਪਣੇ ਬੈੱਡ ਤੱਕ ਚਲੇ ਜਾਂਦੇ ਹਨ। ਇੱਕ ਅਜਿਹੀ ਉਮੀਦ ਲਈ ਜੋ ਪੂਰੀ ਹੋਣੀ ਮੁਸ਼ਕਿਲ ਹੈ।
ਕੁਝ ਦਿਨਾਂ ਬਾਅਦ ਉਹ ਸ਼ਖ਼ਸ ਹਸਪਤਾਲ ਤੋਂ ਘਰ ਚਲਾ ਜਾਂਦਾ ਹੈ। ਪਰ ਇਕੱਲਾ...
'ਤੁਮੀ ਤੋ ਆਮਾਰ ਮਾਂ…' ਇਹ ਗੱਲ ਬਿਨਾਂ ਕਿਸੇ ਲੜਖੜਾਹਟ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ।
(ਡਾਕਟਰ ਦੀਪਸ਼ਿਖਾ ਘੋਸ਼ ਦੇ ਤਜਰਬਿਆਂ ਉੱਤੇ ਆਧਾਰਿਤ ਇਹ ICU ਡਾਇਰੀ ਹੈ)
(ਸੀਰੀਜ਼ ਪ੍ਰੋਡਿਊਸਰ: ਵਿਕਾਸ ਤ੍ਰਿਵੇਦੀ, ਚਿੱਤਰ-ਪੁਨੀਤ ਬਰਨਾਲਾ)
ਇਹ ਵੀ ਪੜ੍ਹੋ: