ਯੂਕਰੇਨ ਰੂਸ ਜੰਗ: ਰੂਸ ਦੇ ਹਮਲੇ ਦੇ ਇੱਕ ਮਹੀਨੇ ਬਾਅਦ ਵੀ ਕਿਵੇਂ ਟਿਕਿਆ ਹੋਇਆ ਹੈ ਯੂਕਰੇਨ

    • ਲੇਖਕ, ਫਰੈਂਕ ਗਾਰਡਨਰ
    • ਰੋਲ, ਬੀਬੀਸੀ ਸੁਰੱਖਿਆ ਪੱਤਰਕਾਰ

ਯੂਕਰੇਨ ਉਪਰ ਰੂਸ ਦੇ ਹਮਲੇ ਨੂੰ ਇੱਕ ਮਹੀਨਾ ਹੋਰ ਹੋ ਚੁੱਕਿਆ ਹੈ। ਹੁਣ ਤੱਕ ਇਸ ਲੜਾਈ ਵਿੱਚ ਯੂਕਰੇਨ ਨੇ ਕਈ ਅੜਚਨਾ ਨੂੰ ਪਾਰ ਕੀਤਾ ਹੈ।

ਟੈਂਕ, ਫ਼ੌਜ, ਏਅਰਕ੍ਰਾਫਟ ਸਮੇਤ ਬਾਕੀ ਹਰ ਅੰਕੜੇ ਵਿੱਚ ਰੂਸ ਤੋਂ ਬਹੁਤ ਪਿੱਛੇ ਹੋਣ ਦੇ ਬਾਵਜੂਦ ਯੂਕਰੇਨ ਦੇ ਨਾਗਰਿਕਾਂ ਨੇ ਆਪਣੀ ਫ਼ੌਜ ਨੂੰ ਮਜ਼ਬੂਤੀ ਦਿੱਤੀ। ਕਈ ਜਗ੍ਹਾ ਯੂਕਰੇਨ ਦੇ ਨਾਗਰਿਕਾਂ ਨੇ ਰੂਸੀ ਫ਼ੌਜੀਆਂ ਨਾਲ ਟੱਕਰ ਵੀ ਲਈ।

ਯੂਕਰੇਨ ਨੇ ਕਈ ਹਿੱਸੇ ਰੂਸ ਹੱਥੋਂ ਗੁਆਏ ਹਨ ਜਿਨ੍ਹਾਂ ਵਿੱਚ ਕ੍ਰੀਮੀਆ ਦੇ ਆਸ-ਪਾਸ ਦਾ ਖੇਤਰ ਵੀ ਸ਼ਾਮਲ ਹੈ। 2014 ਵਿੱਚ ਰੂਸ ਨੇ ਕ੍ਰੀਮੀਆ ਉੱਤੇ ਕਬਜ਼ਾ ਕੀਤਾ ਸੀ।

2022 ਵਿੱਚ ਰੂਸ ਦਾ ਅਸਲੀ ਮਕਸਦ ਸੀ ਕਿ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਦੂਜੇ ਵੱਡੇ ਸ਼ਹਿਰਾਂ ਉਤੇ ਕਬਜ਼ਾ ਕਰਕੇ ਸਰਕਾਰ ਦਾ ਅਸਤੀਫ਼ਾ ਲਿਆ ਜਾਵੇ ਪਰ ਰੂਸ ਸਾਫ ਤੌਰ 'ਤੇ ਇਸ ਵਿੱਚ ਅਸਫਲ ਰਿਹਾ ਹੈ।

ਹੁਣ ਵੀ ਪਾਸਾ ਰੂਸ ਵੱਲ ਪਲਟ ਸਕਦਾ ਹੈ। ਰੂਸ ਦੀ ਫ਼ੌਜ ਐਂਟੀ ਟੈਂਕ, ਐਂਟੀ ਏਅਰਕ੍ਰਾਫਟ ਮਿਜ਼ਾਇਲ ਵਰਗੇ ਹਥਿਆਰਾਂ ਦੀ ਕਮੀ ਨਾਲ ਜੂਝ ਰਹੀ ਹੈ ਜੋ ਰੂਸ ਨੂੰ ਰੋਕਣ ਲਈ ਬੇਹੱਦ ਜ਼ਰੂਰੀ ਹਨ।

ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਫੌਜੀਆਂ ਨੂੰ ਮਾਰਨ ਦਾ ਖ਼ਤਰਾ ਹੈ। ਦੇਸ਼ ਦੀ ਇੱਕ ਚੌਥਾਈ ਆਬਾਦੀ ਆਪਣਾ ਘਰ ਛੱਡ ਕੇ ਜਾ ਚੁੱਕੀ ਹੈ। ਜੋ ਲੋਕ ਬਚੇ ਹਨ ਆਪਣੇ ਸ਼ਹਿਰ ਨੂੰ ਰੂਸ ਦੇ ਹਮਲੇ ਅਤੇ ਬੰਬਾਰੀ ਤੋਂ ਬਾਅਦ ਬੰਜਰ ਹੁੰਦੇ ਦੇਖ ਰਹੇ ਹਨ।

ਇਨ੍ਹਾਂ ਹਾਲਾਤਾਂ ਤੋਂ ਬਾਅਦ ਵੀ ਜੰਗ ਵਿੱਚ ਯੂਕਰੇਨ ਰੂਸ ਦੇ ਅੱਗੇ ਟਿਕਿਆ ਹੋਇਆ ਹੈ।

ਇਸੇ ਹਫ਼ਤੇ ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਯੂਕਰੇਨ ਦੀ ਤਾਰੀਫ਼ ਕਰਦੇ ਹੋਏ ਆਖਿਆ ਸੀ ਕਿ ਉਹ ਬਹੁਤ ਚਲਾਕੀ ਫੁਰਤੀ ਅਤੇ ਕੁਸ਼ਲ ਤਰੀਕੇ ਨਾਲ ਆਪਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਸੁਰੱਖਿਅਤ ਰੱਖ ਰਿਹਾ ਹੈ।

ਅਜਿਹੇ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਆਖ਼ਰ ਯੂਕਰੇਨ ਦੀ ਸਫ਼ਲਤਾ ਦੇ ਕਾਰਨ ਕੀ ਹਨ।

ਪ੍ਰੇਰਨਾ ਭਰਪੂਰ

ਰੂਸ ਅਤੇ ਯੂਕਰੇਨ ਦੀਆਂ ਫੌਜਾਂ ਦੇ ਮਨੋਬਲ ਵਿੱਚ ਵੱਡਾ ਫਰਕ ਹੈ। ਯੂਕਰੇਨ ਦੇ ਲੋਕ ਆਪਣੇ ਦੇਸ਼ ਵਾਸਤੇ ਅੱਗੇ ਹੋ ਕੇ ਲੜ ਰਹੇ ਹਨ। ਦੇਸ਼ ਦੇ ਨਾਗਰਿਕ ਆਪਣੇ ਦੇਸ਼ ਨੂੰ ਆਜ਼ਾਦ ਮੁਲਕ ਦੇ ਤੌਰ 'ਤੇ ਵੇਖਣਾ ਚਾਹੁੰਦੇ ਹਨ।

ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਭਾਸ਼ਣ ਵਿੱਚ ਆਖਿਆ ਸੀ ਕਿ ਯੂਕਰੇਨ ਮੂਲ ਰੂਪ ਤੋਂ ਸਿਰਫ਼ ਇੱਕ ਰੂਸੀ ਨਿਰਮਾਣ ਹੈ।

ਰੂਸ ਦੇ ਲੋਕ ਹੁਣ ਵੀ ਆਪਣੀ ਸਰਕਾਰ ਅਤੇ ਰਾਸ਼ਟਰਪਤੀ ਦੇ ਨਾਲ ਖੜ੍ਹੇ ਹਨ। ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਕੋਲ ਫੌਜ ਦਾ ਕੋਈ ਤਜਰਬਾ ਨਹੀਂ ਹੈ ਉਹ ਵੀ ਹਥਿਆਰ ਚੁੱਕ ਕੇ ਆਪਣੇ ਸ਼ਹਿਰ ਅਤੇ ਕਸਬਿਆਂ ਦੀ ਸੁਰੱਖਿਆ ਲਈ ਤਿਆਰ ਹਨ। ਉਹ ਵੀ ਅਜਿਹੇ ਸਮੇਂ ਜਦੋਂ ਉਨ੍ਹਾਂ ਦੇ ਸਾਹਮਣੇ ਰੂਸ ਦੇ ਫੌਜੀ ਹਨ ਜੋ ਵੱਡੇ ਹਥਿਆਰਾਂ ਨਾਲ ਹਮਲੇ ਕਰ ਰਹੇ ਹਨ।

ਸ਼ੀਤ ਯੁੱਧ ਦੇ ਸਮੇਂ ਜਰਮਨੀ ਵਿੱਚ ਬਤੌਰ ਬ੍ਰਿਟਿਸ਼ ਆਰਮੀ ਅਫ਼ਸਰ 35 ਸਾਲ ਕੰਮ ਕਰਨ ਵਾਲੇ ਬ੍ਰਿਗੇਡੀਅਰ ਟੌਮ ਫੋਕਸ ਆਖਦੇ ਹਨ, "ਉਹ ਆਪਣੀ ਮਾਤ ਭੂਮੀ ਅਤੇ ਰੁਜ਼ਗਾਰ ਦੀ ਰੱਖਿਆ ਕਰਦੇ ਹਨ। ਉਨ੍ਹਾਂ ਦਾ ਸਾਹਸ ਹੈਰਾਨ ਕਰਨ ਵਾਲਾ ਹੈ।"

ਉਥੇ ਹੀ ਜੇਕਰ ਉਸ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਰੂਸੀ ਫ਼ੌਜੀ ਹੁਣੇ-ਹੁਣੇ ਸਕੂਲ ਤੋਂ ਨਿਕਲੇ ਹੋਏ ਨੌਜਵਾਨ ਹਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਸਿਰਫ਼ ਇੱਕ ਅਭਿਆਸ ਵਿੱਚ ਜਾ ਰਹੇ ਹਨ ਪਰ ਆਪਣੇ ਆਪ ਨੂੰ ਅਸਲੀ ਜੰਗ ਵਿੱਚ ਵੇਖ ਕੇ ਉਹ ਹੈਰਾਨ ਹਨ।

ਹਾਲਾਂਕਿ ਜ਼ਿਆਦਾਤਰ ਰੂਸੀ ਫ਼ੌਜੀ ਇਸ ਲੜਾਈ ਵਾਸਤੇ ਤਿਆਰ ਨਹੀਂ ਸਨ। ਕਈ ਖ਼ਬਰਾਂ ਵੀ ਆਈਆਂ ਹਨ ਕਿ ਉਨ੍ਹਾਂ ਕੋਲ ਖਾਣ ਦੀ ਕਮੀ ਹੈ ਅਤੇ ਕਈ ਜਗ੍ਹਾ ਉਨ੍ਹਾਂ ਦੀ ਲੁੱਟ ਵੀ ਕੀਤੀ ਹੈ।

ਆਦੇਸ਼ ਅਤੇ ਨਿਯੰਤਰਣ

ਅਜਿਹਾ ਅਨੁਮਾਨ ਸੀ ਕਿ ਰੂਸ ਦੇ ਸਾਈਬਰ ਹਮਲੇ ਤੋਂ ਬਾਅਦ ਯੂਕਰੇਨ ਦਾ ਸੰਚਾਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਯੂਕਰੇਨ ਦੀ ਸਰਕਾਰ ਰਾਜਧਾਨੀ ਕੀਵ ਵਿੱਚ ਸਰਗਰਮ ਦਿਖ ਰਹੀ ਹੈ ਅਤੇ ਲਗਾਤਾਰ ਨਜ਼ਰਾਂ ਵਿੱਚ ਵੀ ਹੈ। ਇਸ ਦੇ ਉਲਟ ਰੂਸ ਨਾਲ ਅਜਿਹਾ ਨਹੀਂ ਹੈ, ਹੋ ਸਕਦਾ ਹੈ ਇਸ ਨਾਲ ਰੂਸ ਦੇ ਫੌਜੀਆਂ ਦੇ ਮਨੋਬਲ 'ਤੇ ਮਾੜਾ ਅਸਰ ਪਿਆ ਹੋਵੇ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰੂਸ ਦੇ ਘੱਟੋ ਘੱਟ ਪੰਜ ਜਰਨੈਲਾਂ ਦੇ ਮੌਤ ਦੇ ਕਾਰਨ ਇਹ ਹਨ ਕਿ ਉਹ ਫ਼ੌਜੀਆਂ ਨੂੰ ਫਸਣ ਤੋਂ ਬਚਾਉਣ ਲਈ ਯੁੱਧ ਨੇ ਮੋਰਚੇ ਦੇ ਕਾਫੀ ਕਰੀਬ ਪਹੁੰਚ ਗਏ ਸਨ।

ਨਾਨ ਕਮਿਸ਼ਨਡ ਅਫਸਰ ਜਿਵੇਂ ਸਰਜੈਂਟ ਰੈਂਕ ਦੇ ਫੌਜੀ ਰੂਸ ਦੇ ਕਾਨੂੰਨਾਂ ਮੁਤਾਬਕ ਕੋਈ ਪਹਿਲ ਨਹੀਂ ਕਰ ਸਕਦੇ। ਸਾਰੇ ਜੂਨੀਅਰ ਰੈਂਕ ਦੇ ਜਵਾਨਾਂ ਨੂੰ ਹੁਕਮਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕਿੰਗਜ਼ ਕਾਲਜ ਲੰਡਨ ਦੇ ਮਿਲਟਰੀ ਐਕਸਪਰਟ ਪ੍ਰੋਫੈਸਰ ਮਾਈਕਲ ਕਲਾਰਕ ਆਖਦੇ ਹਨ ਕਿ ਰੂਸੀ ਨਾਨ ਕਮਿਸ਼ਨਡ ਅਫਸਰ ਭ੍ਰਿਸ਼ਟਾਚਾਰ ਨਾਲ ਘਿਰੇ ਹੋਏ ਹਨ।

ਯੁੱਧ ਵਿੱਚ ਸੈਨਿਕਾਂ ਅਤੇ ਹਥਿਆਰਾਂ ਦੀ ਬਿਹਤਰ ਵਰਤੋਂ

ਯੂਕਰੇਨ ਦੇ ਫ਼ੌਜੀਆਂ ਦੀ ਸੰਖਿਆ ਰੂਸ ਦੇ ਮੁਕਾਬਲੇ ਜ਼ਿਆਦਾ ਨਹੀਂ ਹੈ ਪਰ ਇਸਦੇ ਬਾਵਜੂਦ ਜ਼ਮੀਨ ਅਤੇ ਆਪਣੇ ਹਥਿਆਰਾਂ ਦੀ ਰੂਸ ਨਾਲੋਂ ਵਧੀਆ ਰੂਪ ਵਿੱਚ ਵਰਤੋਂ ਕਰ ਰਹੇ ਹਨ।

ਯੂਕਰੇਨੀ ਫ਼ੌਜੀ 'ਹਿਟ ਅਤੇ ਰਨ' ਦੀ ਨੀਤੀ ਅਪਣਾ ਰਹੇ ਹਨ। ਉਹ ਚੁੱਪ ਚਾਪ ਐਂਟੀ ਟੈਂਕ ਮਿਜ਼ਾਇਲ ਫਾਇਰ ਕਰਦੇ ਹਨ ਅਤੇ ਰੂਸ ਵੱਲੋਂ ਜਵਾਬੀ ਕਾਰਵਾਈ ਤੋਂ ਪਹਿਲਾਂ ਹੀ ਨਿਕਲ ਜਾਂਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਲੜਾਈ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ ਨਾਟੋ ਟ੍ਰੇਨਰ ਯੂਕਰੇਨ ਵਿੱਚ ਲੰਬਾ ਸਮਾਂ ਗੁਜ਼ਾਰ ਚੁੱਕੇ ਹਨ। ਅਜਿਹੇ ਵਿੱਚ ਯੂਕਰੇਨ ਦੇ ਫੌਜੀਆਂ ਨੂੰ ਰੱਖਿਆਤਮਕ ਤਰੀਕੇ ਨਾਲ ਜੰਗ ਵਿੱਚ ਤੇਜ਼ੀ ਲੈ ਕੇ ਆਉਣ ਬਾਰੇ ਅਤੇ ਮਿਜ਼ਾਇਲ ਸਿਸਟਮ ਦੇ ਹੋਰ ਵਧੀਆ ਤਰੀਕੇ ਨਾਲ ਵਰਤੋਂ ਬਾਰੇ ਨਿਰਦੇਸ਼ ਦੇ ਚੁੱਕੇ ਹਨ।

ਜਿਵੇਂ ਜੈਵਲਿਨ ਅਤੇ ਸਵੀਡਿਸ਼ ਡਿਜ਼ਾਈਨ ਐਂਟੀ ਟੈਂਕ ਹਥਿਆਰਾਂ ਦੀ ਵਰਤੋਂ ਕਿਵੇਂ ਕਰਨੀ ਹੈ ਜਾਂ ਐਂਟੀ ਏਅਰਕ੍ਰਾਫਟ ਮਿਜ਼ਾਇਲ ਦੀ ਵਰਤੋਂ ਕਿਸ ਤਰ੍ਹਾਂ ਹੋ ਸਕਦੀ ਹੈ।

ਪ੍ਰੋਫੈਸਰ ਕਲਾਰਕ ਆਖਦੇ ਹਨ,"ਯੂਕਰੇਨੀ ਫ਼ੌਜੀ ਰੂਸੀ ਫ਼ੌਜੀਆਂ ਦੇ ਮੁਕਾਬਲੇ ਜ਼ਿਆਦਾ ਚਲਾਕ ਹਨ। ਯੂਕਰੇਨ ਦੇ ਫ਼ੌਜੀਆਂ ਨੇ ਡਰੋਨ, ਟੈਂਕ ਅਤੇ ਹੋਰ ਹਥਿਆਰਾਂ ਸਮੇਤ ਸਾਰੇ ਹਥਿਆਰਾਂ ਦੀ ਵਰਤੋਂ ਪੂਰੀ ਕੀਤੀ ਹੈ ਜਦਕਿ ਹਮਲਾ ਕਰਨ ਆਏ ਰੂਸੀ ਫ਼ੌਜੀਆਂ ਨੇ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ।"

ਇੱਕ ਹੋਰ ਫੌਜੀ ਰਣਨੀਤੀਕਾਰ ਜਸਟਿਨ ਕਰੰਪ ਆਖਦੇ ਹਨ ਕਿ ਯੂਕਰੇਨੀ ਫ਼ੌਜੀ ਰੂਸੀ ਫੌਜ ਦੇ ਕਮਜ਼ੋਰ ਪੱਖਾਂ ਨੂੰ ਤਲਾਸ਼ਣ ਅਤੇ ਉਸ ਉੱਤੇ ਵਾਰ ਕਰਨ ਵਿੱਚ ਮਾਹਿਰ ਹਨ।

ਉਹ ਆਖਦੇ ਹਨ, "ਯੂਕਰੇਨ ਨੇ ਜ਼ਿਆਦਾਤਰ ਪ੍ਰਭਾਵੀ ਰਣਨੀਤੀ ਦੀ ਵਰਤੋਂ ਕੀਤੀ ਹੈ। ਦੇਸ਼ ਦੇ ਕਮਜ਼ੋਰ ਪੱਖਾਂ ਉਤੇ ਹਮਲਾ ਕਰਨਾ ਸ਼ਾਮਿਲ ਹੈ ਜਿਵੇਂ ਸਪਲਾਈ ਕਰਨ ਵਾਲੇ ਕਾਫ਼ਲੇ ਉਤੇ ਹਮਲਾ। ਇਸ ਤੋਂ ਇਲਾਵਾ ਸਟੀਕ ਅਤੇ ਹੋਰ ਪ੍ਰਭਾਵਸ਼ਾਲੀ ਨਿਸ਼ਾਨਿਆਂ ਲਈ ਨਾਟੋ ਦੇ ਹਥਿਆਰ ਵੀ ਯੂਕਰੇਨ ਦੀ ਸਹਾਇਤਾ ਕਰ ਰਹੇ ਹਨ। ਯੂਕਰੇਨ ਵੱਲੋਂ ਵੀ ਉਨ੍ਹਾਂ ਦਾ ਚੰਗਾ ਇਸਤੇਮਾਲ ਕੀਤਾ ਜਾ ਰਿਹਾ ਹੈ।"

ਇਸ ਸਮੇਂ ਜੰਗ ਵਿੱਚ ਮਰਨ ਵਾਲੇ ਲੋਕਾਂ ਦੇ ਅੰਕੜਿਆਂ ਦੀ ਜਾਣਕਾਰੀ ਹਾਸਲ ਕਰਨਾ ਔਖਾ ਹੈ। ਪੈਂਟਾਗਨ ਦੇ ਅੰਕੜਿਆਂ ਮੁਤਾਬਕ ਰੂਸ ਨੇ 7000 ਫ਼ੌਜੀ ਗੁਆਏ ਹਨ। ਇਹ ਅੰਕੜੇ ਹਮਲੇ ਤੋਂ ਇੱਕ ਮਹੀਨੇ ਬਾਅਦ ਦੇ ਹਨ। ਅਫ਼ਗ਼ਾਨਿਸਤਾਨ ਵਿੱਚ ਦਸ ਸਾਲ ਤੱਕ ਚੱਲੀ ਸੋਵੀਅਤ ਸੰਘ ਦੀ ਲੜਾਈ ਵਿੱਚ ਜਿੰਨੇ ਲੋਕ ਮਰੇ ਸਨ, ਇਹ ਸੰਖਿਆ ਉਸ ਦੀ ਅੱਧੀ ਹੈ।

ਇੰਨੇ ਸਾਰੇ ਰੂਸੀ ਜਨਰਲ ਫਰੰਟ ਲਾਈਨ ਉੱਪਰ ਕਿਵੇਂ ਮਾਰੇ ਗਏ ਇਸ ਨੂੰ ਲੈ ਕੇ ਬ੍ਰਿਗੇਡੀਅਰ ਟੌਪ ਬਕਸ ਦਾ ਤਰਕ ਹੈ," ਇਹ ਮੈਨੂੰ ਜਾਣ ਬੁੱਝ ਕੇ ਚਲਾਇਆ ਗਿਆ ਸਨਾਈਪਰ ਕੈਂਪੇਨ ਵਰਗਾ ਲੱਗਦਾ ਹੈ ਜਿਸ ਨਾਲ ਰੂਸੀ ਕਮਾਂਡ ਸਟ੍ਰਕਚਰ ਨੂੰ ਧੱਕਾ ਲੱਗ ਸਕਦਾ ਹੈ।"

ਸੂਚਨਾ ਦੇ ਮੋਰਚੇ ਉੱਤੇ ਜੰਗ

ਅਤੇ ਹੁਣ ਆਖ਼ਰ ਵਿੱਚ ਗੱਲ ਕਰਾਂਗੇ ਸੂਚਨਾ ਦੇ ਮੋਰਚੇ ਉਤੇ ਚੱਲ ਰਹੀ ਜੰਗ ਦੀ। ਯੂਕਰੇਨ ਇਸ ਮੋਰਚੇ ਉੱਪਰ ਪੂਰੀ ਤਰ੍ਹਾਂ ਦੁਨੀਆਂ ਵਿੱਚ ਜਿੱਤ ਹਾਸਲ ਕਰਦਾ ਰਿਹਾ ਹੈ। ਹਾਲਾਂਕਿ ਰੂਸ ਵਿੱਚ ਨਹੀਂ ਕਿਉਂਕਿ ਇੱਥੇ ਜ਼ਿਆਦਾਤਰ ਮੀਡੀਆ ਉੱਪਰ ਪੂਰੀ ਤਰ੍ਹਾਂ ਕਬਜ਼ਾ ਹੈ।

ਜਸਟਿਨ ਕਰੰਪ ਆਖਦੇ ਹਨ,"ਯੂਕਰੇਨ ਨੇ ਘਰੇਲੂ ਅਤੇ ਦੁਨੀਆ ਦੇ ਪੱਧਰ ਉੱਪਰ ਆਪਣਾ ਪੱਖ ਰੱਖਣ ਲਈ ਸੂਚਨਾ ਦੇ ਖੇਤਰ ਦਾ ਜ਼ਬਰਦਸਤ ਇਸਤੇਮਾਲ ਕੀਤਾ ਹੈ।"

ਕਿੰਗਜ਼ ਕਾਲਜ ਲੰਡਨ ਵਿੱਚ ਪੋਸਟ ਸੋਵੀਅਤ ਸਟੱਡੀਜ਼ ਦੇ ਸੀਨੀਅਰ ਲੈਕਚਰਾਰ ਡਾ ਰੂਤ ਡੈਸਮੰਡ ਆਖਦੇ ਹਨ,"ਯੂਕਰੇਨ ਸਰਕਾਰ ਨੇ ਸਾਫ ਤੌਰ ਉਪਰ ਦੁਨੀਆਂ ਭਰ ਵਿੱਚ ਯੁੱਧ ਬਾਰੇ ਆਪਣਾ ਪੱਖ ਰੱਖਣ ਵਿਚ ਸਫਲਤਾਪੂਰਵਕ ਕੰਮ ਕੀਤੇ ਹਨ। ਯੂਕਰੇਨ ਬਾਰੇ ਅੰਤਰਰਾਸ਼ਟਰੀ ਪੱਧਰ ਉੱਤੇ ਇਸ ਕੰਮ ਨੇ ਜੋ ਕੀਤਾ ਹੈ ਉਹ ਬੇਹੱਦ ਮਹੱਤਵਪੂਰਨ ਹੈ।"

ਪਰ ਉਸ ਦੇ ਨਾਲ ਹੀ ਇਨ੍ਹਾਂ ਹਾਲਾਤਾਂ ਵਿੱਚ ਇੱਕ ਮਹੀਨਾ ਜ਼ਿੰਦਗੀ ਅਤੇ ਮੌਤ ਦਾ ਸੰਘਰਸ਼ ਯੂਕਰੇਨ ਨੂੰ ਜੰਗ ਤੋਂ ਕੱਢਣ ਵਾਸਤੇ ਕਾਫੀ ਨਹੀਂ ਹੈ। ਵੱਡੀ ਸੰਖਿਆ ਵਿੱਚ ਰੂਸ ਦੀ ਫ਼ੌਜ ਦੀ ਮੌਜੂਦਗੀ ਯੂਕਰੇਨ ਦੇ ਪੱਖ ਵਿੱਚ ਨਹੀਂ ਹੈ। ਜੇਕਰ ਕਿਸੇ ਵੀ ਹਾਲਾਤ ਵਿੱਚ ਪੱਛਮੀ ਦੇਸਾਂ ਤੋਂ ਮਿਲਣ ਵਾਲੇ ਹਥਿਆਰਾਂ ਦੀ ਖੇਪ ਰੁਕ ਜਾਂਦੀ ਹੈ ਤਾਂ ਯੂਕਰੇਨ ਜ਼ਿਆਦਾ ਸਮੇਂ ਤੱਕ ਰੂਸ ਦੇ ਅੱਗੇ ਨਹੀਂ ਟਿਕ ਸਕੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)