You’re viewing a text-only version of this website that uses less data. View the main version of the website including all images and videos.
ਰੂਸ ਯੂਕਰੇਨ ਜੰਗ: ਯੂਕਰੇਨ ਦੇ ਇਸ ਛੋਟੇ ਜਿਹੇ ਸ਼ਹਿਰ ਨੇ ਕਿਵੇਂ ਰੂਸ ਦੀਆਂ ਫੌਜਾਂ ਦਾ ਰਾਹ ਰੋਕਿਆ
- ਲੇਖਕ, ਐਂਡਰਿਊ ਹਾਡਿੰਗ
- ਰੋਲ, ਬੀਬੀਸੀ ਨਿਊਜ਼,ਵੋਜਨੇਸਸੈਂਕ
ਯੂਕਰੇਨ ਉੱਪਰ ਰੂਸ ਦੇ ਹਮਲੇ ਜਾਰੀ ਹਨ ਅਤੇ ਅਜਿਹੇ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿਸ ਨੇ ਰੂਸ ਦੀ ਫੌਜ ਨੂੰ ਆਪਣੀ ਜ਼ਮੀਨ ਤੋਂ ਖਦੇੜ ਦਿੱਤਾ ਹੈ।
ਇਹ ਲੜਾਈ ਇਸ ਜੰਗ ਦੀ ਸਭ ਤੋਂ ਨਿਰਣਾਇਕ ਲੜਾਈਆਂ ਵਿੱਚੋਂ ਇੱਕ ਸੀ।
ਖੇਤੀ ਅਤੇ ਉਪਜਾਊ ਧਰਤੀ ਵਾਲੇ ਸ਼ਹਿਰ ਵੋਜਨੇਸਸੈਂਕ ਅਤੇ ਇਸ ਦੇ ਰਣਨੀਤਿਕ ਰੂਪ ਵਿੱਚ ਮਹੱਤਵਪੂਰਨ ਪੁਲ ਦੇ ਕਬਜ਼ੇ ਨੂੰ ਲੈ ਕੇ ਦੋ ਦਿਨ ਤੱਕ ਜ਼ਬਰਦਸਤ ਸੰਘਰਸ਼ ਚੱਲਿਆ।
ਜੇਕਰ ਰੂਸ ਦੀਆਂ ਫ਼ੌਜਾਂ ਇੱਥੇ ਜਿੱਤ ਜਾਂਦੀਆਂ ਤਾਂ ਕਾਲਾ ਸਾਗਰ ਤੱਟ ਦੇ ਨਾਲ ਹੁਣ ਐਸਾ ਦੀ ਵੱਡੀ ਬੰਦਰਗਾਹ ਅਤੇ ਇੱਕ ਮੁੱਖ ਪਰਮਾਣੂ ਊਰਜਾ ਕੇਂਦਰ ਉਤੇ ਵੀ ਰੂਸ ਦਾ ਕਬਜ਼ਾ ਸੌਖਾ ਹੋ ਜਾਂਦਾ ਪਰ ਅਜਿਹਾ ਨਹੀਂ ਹੋਇਆ।
ਇਸ ਤੋਂ ਉਲਟ ਸਥਾਨਕ ਲੋਕਾਂ ਦੀ ਇੱਕ ਟੁਕੜੀ ਦੇ ਸਮਰਥਨ ਨਾਲ ਯੂਕਰੇਨ ਦੀ ਫੌਜ ਨੇ ਰੂਸ ਦੀ ਫੌਜ ਦੇ ਇਰਾਦਿਆਂ ਉੱਤੇ ਪਾਣੀ ਫੇਰ ਦਿੱਤਾ।
ਸਭ ਤੋਂ ਪਹਿਲਾਂ ਯੂਕਰੇਨ ਦੀ ਫੌਜ ਨੇ ਪੁਲ ਨੂੰ ਤਬਾਹ ਕੀਤਾ ਅਤੇ ਫਿਰ ਹਮਲਾਵਰ ਰੂਸੀ ਫ਼ੌਜ ਨੂੰ ਪੂਰਬੀ ਹਿੱਸੇ ਤੋਂ 100 ਕਿਲੋਮੀਟਰ ਪਿੱਛੇ ਖਦੇੜ ਦਿੱਤਾ।
ਇਹ ਵੀ ਪੜ੍ਹੋ:
ਸਥਾਨਕ ਲੋਕਾਂ ਦਾ ਜਜ਼ਬਾ
ਵੋਜਨੇਸਸੈਂਕ ਦੇ ਮੇਅਰ ਯੇਵਨੀ ਵਲੀਚਕੋ ਟਾਊਨ ਹਾਲ ਦੇ ਬਾਹਰ ਹਥਿਆਰਬੰਦ ਹੋ ਕੇ ਲੋਕਾਂ ਨਾਲ ਗੱਲ ਕਰਦੇ ਹੋਏ ਆਖਦੇ ਹਨ, "ਇਹ ਸਮਝਣਾ ਔਖਾ ਹੈ ਕਿ ਅਸੀਂ ਇਹ ਕਿਵੇਂ ਕੀਤਾ। ਮੇਰਾ ਲੋਕਾਂ ਅਤੇ ਯੂਕਰੇਨ ਦੀ ਫੌਜ ਨੂੰ ਲੜਨ ਅਤੇ ਲੋਹਾ ਲੈਣ ਦੇ ਜਜ਼ਬੇ ਨੂੰ ਸਲਾਮ ਹੈ।"
ਉਸ ਲੜਾਈ ਦੇ ਲਗਭਗ ਤਿੰਨ ਹਫਤੇ ਬਾਅਦ ਮੇਅਰ ਨੇ ਚਿਤਾਵਨੀ ਦਿੱਤੀ ਕਿ ਰੂਸ ਦੀ ਫ਼ੌਜ ਇੱਕ ਹੋਰ ਹਮਲਾ ਕਰ ਸਕਦੀ ਹੈ ਅਤੇ ਸ਼ਹਿਰ ਦੇ ਲੋਕਾਂ ਕੋਲ ਦੂਜੀ ਵਾਰ ਉਨ੍ਹਾਂ ਨੂੰ ਰੋਕਣ ਲਈ ਹਥਿਆਰਾਂ ਦੀ ਕਮੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਇਹ ਇਕ ਰਣਨੀਤਕ ਜਗ੍ਹਾ ਹੈ। ਅਸੀਂ ਨਾ ਕੇਵਲ ਆਪਣੇ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਗੋਂ ਇਸ ਦੇ ਪਿੱਛੇ ਸਾਰੇ ਇਲਾਕਿਆਂ ਦੀ ਸੁਰੱਖਿਆ ਸਾਡੇ ਹੱਥ ਵਿੱਚ ਹੈ। ਸਾਡੇ ਕੋਲ ਦੁਸ਼ਮਣਾਂ ਵਰਗੇ ਵੱਡੇ ਅਤੇ ਭਾਰੇ ਹਥਿਆਰ ਨਹੀਂ ਹਨ।"
ਬ੍ਰਿਟਿਸ਼ ਐਂਟੀ ਟੈਂਕ ਮਿਜ਼ਾਈਲਾਂ ਨੇ ਕੀਤੀ ਸਹਾਇਤਾ
ਯੂਕਰੇਨ ਵੱਲੋਂ ਕਈ ਮੋਰਚਿਆਂ ਉਪਰ ਭੇਜੀ ਗਈ ਬਰਤਾਨਵੀ ਐਂਟੀ ਟੈਂਕ ਮਿਜ਼ਾਈਲ ਨੇ ਇਸ ਸ਼ਹਿਰ ਵਿਚ ਰੂਸ ਦੀ ਫੌਜ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਵਲੀਚਕੋ ਆਖਦੇ ਹਨ, "ਇਨ੍ਹਾਂ ਹਥਿਆਰਾਂ ਦੀ ਬਦੌਲਤ ਹੀ ਅਸੀਂ ਆਪਣੇ ਦੁਸ਼ਮਣਾਂ ਨੂੰ ਹਰਾ ਸਕੇ। ਅਸੀਂ ਆਪਣੇ ਸਹਿਯੋਗੀਆਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਾਂ ਪਰ ਸਾਨੂੰ ਹੋਰ ਹਥਿਆਰ ਚਾਹੀਦੇ ਹਨ। ਦੁਸ਼ਮਣਾਂ ਦੇ ਕਾਫਲੇ ਆਉਂਦੇ ਰਹਿਣਗੇ।"
ਯੂਕਰੇਨ ਦੀ ਦੂਜੀ ਸਭ ਤੋਂ ਵੱਡੀ ਨਦੀ ਦੱਖਣੀ ਬੂਹ 'ਤੇ ਬਣੇ ਇਸ ਵੱਡੇ ਪੁਲ ਨੂੰ ਰੂਸੀ ਸੈਨਾ ਆਪਣੇ ਕਬਜ਼ੇ ਵਿੱਚ ਨਹੀਂ ਲੈ ਸਕੀ ਅਤੇ ਇਸ ਨਾਲ ਸ਼ਹਿਰ ਦਾ ਮਹੱਤਵ ਹੋਰ ਵੀ ਸਪੱਸ਼ਟ ਹੋ ਗਿਆ।
ਵੋਜਨੇਸਸੈਂਕ ਯੂਕ੍ਰੇਨ ਦੇ ਕਈ ਸ਼ਹਿਰਾਂ ਵਾਂਗ ਉੱਜੜਿਆ ਨਹੀਂ ਹੈ ਪਰ ਅੱਜ ਇਨ੍ਹਾਂ ਹਵਾਵਾਂ ਵਿੱਚ ਹਵਾਈ ਹਮਲੇ ਦੇ ਸਾਇਰਨ ਘੁਲ ਚੁੱਕੇ ਹਨ।
ਹਾਲਾਂਕਿ ਹਾਲ ਦੇ ਹਫਤਿਆਂ ਵਿੱਚ ਹਜ਼ਾਰਾਂ ਲੋਕ ਟ੍ਰੇਨਾਂ, ਗੱਡੀਆਂ ਰਾਹੀਂ ਇਸ ਸ਼ਹਿਰ ਨੂੰ ਛੱਡ ਰਹੇ ਹਨ।
ਕਈ ਲੋਕ ਅਜਿਹੇ ਵੀ ਹਨ ਜੋ ਇਸ ਸ਼ਹਿਰ ਵਿੱਚ ਹੀ ਰਹਿ ਰਹੇ ਹਨ ਤੇ ਆਪਣੀ ਇਸ ਵੱਡੀ ਜਿੱਤ ਦੀ ਕਹਾਣੀ ਲੋਕਾਂ ਨੂੰ ਸੁਣਾਉਣ ਲਈ ਉਤਸੁਕ ਨਜ਼ਰ ਆਉਂਦੇ ਹਨ।
ਰਾਤੋ ਰਾਤ ਰੂਸ ਦੀ ਫ਼ੌਜ ਨੇ ਛੱਡਿਆ ਸ਼ਹਿਰ
ਇੱਕ ਸਥਾਨਕ ਦੁਕਾਨਦਾਰ ਅਲੈਗਜ਼ੈਂਡਰ ਨੇ ਆਪ ਏਕੇ-47 ਦੇ ਨਾਲ ਮੋਰਚਾ ਸੰਭਾਲਦੇ ਹੋਏ ਵੀਡੀਓ ਬਣਾਈ ਸੀ।
ਉਨ੍ਹਾਂ ਨੇ ਆਖਿਆ, "ਇਹ ਪੂਰੇ ਸ਼ਹਿਰ ਦੇ ਵੱਲੋਂ ਇਕ ਵੱਡੀ ਕੋਸ਼ਿਸ਼ ਸੀ ਅਸੀਂ ਸ਼ਿਕਾਰ ਕਰਨ ਵਾਲੀਆਂ ਰਾਈਫਲਾਂ ਦੀ ਵੀ ਵਰਤੋਂ ਕੀਤੀ ਹੈ। ਲੋਕਾਂ ਨੇ ਇੱਟਾਂ ਅਤੇ ਰੋੜਿਆਂ ਨਾਲ ਵੀ ਰੂਸ ਦੀ ਫ਼ੌਜ ਦਾ ਸਾਹਮਣਾ ਕੀਤਾ ਹੈ। ਬਜ਼ੁਰਗ ਔਰਤਾਂ ਨੇ ਰੇਤੇ ਨੇ ਭਾਰੇ ਬੈਗ ਲੱਦੇ ਅਤੇ ਇਸ ਲੜਾਈ ਵਿੱਚ ਆਪਣਾ ਯੋਗਦਾਨ ਦਿੱਤਾ।"
ਉਹ ਅੱਗੇ ਦੱਸਦੇ ਹਨ,"ਰੂਸੀਆਂ ਨੂੰ ਇਹ ਨਹੀਂ ਪਤਾ ਸੀ ਕਿ ਕਿੱਥੇ ਦੇਖਣਾ ਹੈ ਜਾਂ ਅਗਲਾ ਹਮਲਾ ਕਿੱਥੋਂ ਹੋ ਸਕਦਾ ਹੈ। ਮੈਂ ਕਦੇ ਵੀ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਇੱਕ ਹੁੰਦੇ ਨਹੀਂ ਦੇਖਿਆ।"
ਇਹ ਗੱਲ ਐਲਗਜ਼ੈਂਡਰ ਨੇ ਉਸ ਟੁੱਟੇ ਹੋਏ ਪੁਲ ਉੱਤੇ ਖੜ੍ਹੇ ਹੋ ਕੇ ਆਖੀ ਸੀ ਜਿਸ ਨੂੰ ਯੂਕਰੇਨ ਦੀ ਫੌਜ ਨੇ ਰੂਸੀ ਫੌਜ ਦੇ ਹਮਲੇ ਦੇ ਕੁਝ ਘੰਟਿਆਂ ਦੇ ਵਿੱਚ ਵਿੱਚ ਤਬਾਹ ਕਰ ਦਿੱਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਵੋਜਨੇਸਸੈਂਕ ਦੇ ਦੱਖਣੀ ਕਿਨਾਰੇ 'ਤੇ ਰਾਕੌਫ ਪਿੰਡ ਵਿੱਚ ਸਵੇਤਲਾਨਾ ਦੇ ਬਗੀਚੇ ਵਿੱਚ ਦਿਖਣ ਵਾਲੇ ਰੂਸੀ ਟੈਂਕ ਅਤੇ ਹੋਰ ਕੁਝ ਉਲਝੇ ਹੋਏ ਸਾਮਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਜਗ੍ਹਾ ਤੇ ਸਭ ਤੋਂ ਭਿਅੰਕਰ ਲੜਾਈਆਂ ਵਿੱਚ ਇੱਕ ਲੜਾਈ ਲੜੀ ਗਈ ਸੀ।
ਖ਼ੂਨ ਨਾਲ ਲੱਥਪੱਥ ਪੱਟੀਆਂ ਅਤੇ ਰੂਸੀ ਰਾਸ਼ਨ ਦੇ ਪੈਕੇਟ ਇਸ ਬਗੀਚੇ ਵਿਚ ਨਜ਼ਰ ਆਉਂਦੇ ਹਨ। 59 ਸਾਲਾ ਸਵੇਤਲਾਨਾ ਆਪਣੇ ਪਤੀ ਦੇ ਸੰਦਾਂ ਵਾਲੇ ਕਮਰੇ ਵੱਲ ਇਸ਼ਾਰਾ ਕਰਦੀ ਹੋਈ ਦੱਸਦੀ ਹੈ ਕਿ ਰੂਸੀਆਂ ਨੇ ਇੱਥੇ ਹੀ ਦੋ ਯੂਕਰੇਨੀ ਫੌਜੀਆਂ ਨੂੰ ਬੰਧਕ ਬਣਾ ਕੇ ਰੱਖਿਆ ਸੀ।
ਆਪਣੇ ਝੌਂਪੜੀਨੁਮਾ ਘਰ ਵਿੱਚ ਲੋਕਾਂ ਨੂੰ ਬੁਲਾਉਂਦੇ ਹੋਏ ਉਹ ਆਖਦੀ ਹੈ, "ਮੇਰੇ ਦਰਵਾਜ਼ੇ ਉੱਤੇ ਖ਼ੂਨ ਦੇ ਧੱਬੇ ਵੇਖੋ।
ਜਦੋਂ ਇਸ ਸ਼ਹਿਰ ਉਪਰ ਹਮਲਾ ਹੋਇਆ ਤਾਂ ਸਵੇਤਲਾਨਾ ਦਾ ਘਰ ਰੂਸ ਦੀ ਫ਼ੌਜ ਦੇ ਕਬਜ਼ੇ ਵਿੱਚ ਸੀ ਅਤੇ ਉਨ੍ਹਾਂ ਦਾ ਪਰਿਵਾਰ ਇਕ ਤਹਿਖਾਨੇ ਵਿੱਚ ਸ਼ਰਨ ਲੈ ਕੇ ਰਹਿ ਰਿਹਾ ਸੀ। ਰੂਸ ਦੀ ਫੌਜ ਨੇ ਉਨ੍ਹਾਂ ਦੇ ਪੂਰੇ ਘਰ ਨੂੰ ਇਕ ਹਸਪਤਾਲ ਵਿਚ ਬਦਲ ਦਿੱਤਾ ਸੀ।
ਸਵੇਤਲਾਨਾ ਦੱਸਦੇ ਹਨ, "ਜਦੋਂ ਮੈਂ ਦੂਜੇ ਦਿਨ ਕੁਝ ਕੱਪੜੇ ਲੈਣ ਲਈ ਵਾਪਿਸ ਆਈ ਤਾਂ ਵੇਖਿਆ ਕਿ ਹਰ ਜਗ੍ਹਾ ਲੋਕ ਜ਼ਖ਼ਮੀ ਪਾਏ ਹੋਏ ਹਨ। ਹੁਣ ਮੈਂ ਜ਼ਿਆਦਾਤਰ ਖ਼ੂਨ ਸਾਫ ਕਰ ਦਿੱਤਾ ਹੈ।"
"ਇੱਕ ਰਾਤ ਉਹ ਕਾਹਲੀ ਵਿੱਚ ਇਹ ਥਾਂ ਛੱਡ ਕੇ ਚਲੇ ਗਏ। ਉਨ੍ਹਾਂ ਨੇ ਆਪਣਾ ਸਾਰਾ ਕੁਝ ਪਿੱਛੇ ਛੱਡ ਦਿੱਤਾ ਜੁੱਤੀਆਂ, ਜੁਰਾਬਾਂ, ਹੈਲਮੇਟ। ਉਹ ਬੱਸ ਆਪਣੇ ਜ਼ਖ਼ਮੀਆਂ ਨੂੰ ਅਤੇ ਮ੍ਰਿਤਕ ਫ਼ੌਜੀਆਂ ਨੂੰ ਲੈ ਕੇ ਚਲੇ ਗਏ।"
ਇੱਥੋਂ ਦੇ ਸਥਾਨਕ ਆਖ਼ਰੀ ਰਸਮਾਂ ਕਰਨ ਵਾਲੇ ਇਕ ਵਿਅਕਤੀ ਮਿਖਾਇਲੋ ਸੁਰੇਂਕੋ ਨੂੰ ਇਹ ਕੰਮ ਦਿੱਤਾ ਗਿਆ ਕਿ ਉਹ ਖੇਤਾਂ ਵਿੱਚ ਜਾ ਕੇ ਰੂਸੀ ਫ਼ੌਜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਗੱਡੀਆਂ ਵਿੱਚ ਲੱਦ ਕੇ ਬਾਹਰ ਕੱਢਣ।
ਉਹ ਆਖਦੇ ਹਨ," ਉਨ੍ਹਾਂ ਨੇ ਜੋ ਕੀਤਾ ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਨੁੱਖ ਨਹੀਂ ਮੰਨਦਾ ਪਰ ਇਹ ਵੀ ਗ਼ਲਤ ਹੋਵੇਗਾ ਕਿ ਉਨ੍ਹਾਂ ਨੂੰ ਮੈਦਾਨ ਵਿਚ ਛੱਡ ਦਿੱਤਾ ਜਾਵੇ। ਉਹ ਆਪਣੀ ਮੌਤ ਤੋਂ ਬਾਅਦ ਵੀ ਲੋਕਾਂ ਨੂੰ ਡਰਾ ਰਹੇ ਹਨ।"
"ਰੂਸੀ ਮਾਨਸਿਕ ਤੌਰ 'ਤੇ ਬੀਮਾਰ ਹਨ, ਇਸ ਕਰਕੇ ਸਾਨੂੰ ਤਿਆਰ ਰਹਿਣਾ ਪਵੇਗਾ। ਜਿੱਤ ਸਾਡੀ ਹੀ ਹੋਵੇਗੀ ਅਤੇ ਰੂਸੀਆਂ ਨੂੰ ਅਸੀਂ ਆਪਣੀ ਜ਼ਮੀਨ ਤੋਂ ਬਾਹਰ ਖਦੇੜ ਕੇ ਰਹਾਂਗੇ।"
ਇਹ ਵੀ ਪੜ੍ਹੋ: