ਸਈਅਦ ਅਲੀ ਸ਼ਾਹ ਗਿਲਾਨੀ: ਆਜ਼ਾਦ ਕਸ਼ਮੀਰ ਦੇ ਵਿਰੋਧੀ ਪਰ ਕਸ਼ਮੀਰ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਵਿਅਕਤੀ

ਕਸ਼ਮੀਰ ਦੇ ਚੋਟੀ ਦੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ, ਜਿੰਨ੍ਹਾਂ ਨੇ ਭਾਰਤੀ ਹਕੂਮਤ ਦੇ ਖ਼ਿਲਾਫ਼ ਵਿਰੋਧ ਅੰਦੋਲਨ ਦੀ ਅਗਵਾਈ ਕੀਤੀ ਸੀ, ਦਾ 92 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ।

ਲੇਖਕ ਸੁਮੰਤਰਾ ਬੋਸ ਨੇ ਗਿਲਾਨੀ ਦੇ ਜੀਵਨ ਅਤੇ ਕਸ਼ਮੀਰੀ ਸਿਆਸਤ 'ਚ ਉਨ੍ਹਾਂ ਦੀ ਭੂਮਿਕਾ ਬਾਰੇ ਲਿਖਿਆ ਹੈ।

ਮੈਂ ਪਹਿਲੀ ਵਾਰ ਸਾਲ 1995 'ਚ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਸ੍ਰੀਨਗਰ ਦੇ ਹੈਦਰਪੋਰਾ ਇਲਾਕੇ 'ਚ ਉਸ ਸਮੇਂ ਦੀ ਉਨ੍ਹਾਂ ਦੀ ਅੰਸ਼ਕ ਤੌਰ 'ਤੇ ਉਸਾਰੀ ਰਿਹਾਇਸ਼ 'ਤੇ ਮਿਲਿਆ ਸੀ।

ਹਾਲ 'ਚ ਹੀ ਉਹ ਜੇਲ੍ਹ 'ਚੋਂ ਰਿਹਾਅ ਹੋਏ ਸਨ। ਹਾਲਾਂਕਿ ਉਸ ਤੋਂ ਬਾਅਦ ਕਈ ਵਾਰ ਮੇਰਾ ਉਨ੍ਹਾਂ ਨਾਲ ਮੇਲ ਹੋਇਆ ਹੈ, ਪਰ ਇਹ ਪਹਿਲੀ ਮੁਲਾਕਾਤ ਮੈਨੂੰ ਸਭ ਤੋਂ ਵੱਧ ਯਾਦ ਹੈ।

ਗਿਲਾਨੀ ਵੇਖਣ ਵਜੋਂ ਸ਼ਿਸਟ ਅਤੇ ਸੁਭਾਅ ਵਜੋਂ ਬਹੁਤ ਹੀ ਦਿਆਲੂ ਕਿਸਮ ਦੇ ਸਨ। ਪਰ ਮੈਂ ਉਨ੍ਹਾਂ ਦੀ ਸ਼ਖਸੀਅਤ 'ਚ ਸਖ਼ਤੀ ਨੂੰ ਵੀ ਮਹਿਸੂਸ ਕਰ ਸਕਦਾ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਿਆ। ਉਸ ਸਮੇਂ ਮੈਂ ਆਪਣੇ 20ਵੇਂ ਸਾਲ 'ਚ ਸੀ ਅਤੇ ਕੋਲੰਬੀਆ ਯੂਨੀਵਰਸਿਟੀ 'ਚ ਗ੍ਰੈਜੂਏਟ ਵਿਦਿਆਰਥੀ ਸੀ।

ਲੰਮੇ ਸਮੇਂ ਤੱਕ ਚੱਲੀ ਇਸ ਗੱਲਬਾਤ ਦੇ ਅਖੀਰ 'ਚ, ਉਹ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਬਹੁਤ ਹੀ ਪਿਆਰ ਨਾਲ ਮੇਰੇ ਮੱਥੇ ਨੂੰ ਚੁੰਮਿਆ ਅਤੇ ਨਾਲ ਹੀ ਕੁਰਾਨ ਦੀ ਇੱਕ ਕਾਪੀ ਮੈਨੂੰ ਭੇਂਟ ਕੀਤੀ।

ਇਹ ਅਰਬੀ-ਅੰਗ੍ਰੇਜ਼ੀ ਦੋਭਾਸ਼ੀ ਸੰਸਕਰਣ ਸੀ, ਜਿਸ ਬਾਰੇ ਮੈਂ ਬਾਅਦ 'ਚ ਸਾਊਦੀ ਅਰਬ 'ਚ ਧਿਆਨ ਦਿੱਤਾ।

ਉਨ੍ਹਾਂ ਨੇ ਮੈਨੂੰ ਇਸ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਨ ਦੀ ਅਪੀਲ ਕੀਤੀ ਸੀ। ਇਹ ਭਾਰੀ ਕੁਰਾਨ ਦੀ ਕਾਪੀ ਅੱਜ ਵੀ ਕੋਲਕਾਤਾ ਸਥਿਤ ਸਾਡੇ ਘਰ ਦੇ ਲਿਵਿੰਗ ਰੂਮ 'ਚ ਸਜਾਵਟ ਵਜੋਂ ਰੱਖੀ ਹੋਈ ਹੈ।

'ਕਸ਼ਮੀਰੀ ਹੋਣ 'ਤੇ ਮਾਨ'

1990 ਦੇ ਦਹਾਕੇ ਦੌਰਾਨ ਮੈਂ ਬਹੁਤ ਸਾਰੇ ਕਸ਼ਮੀਰੀ ਆਗੂਆਂ ਨੂੰ ਮਿਲਿਆ ਪਰ ਗਿਲਾਨੀ ਉਨ੍ਹਾਂ ਸਾਰਿਆਂ ਤੋਂ ਉਲਟ ਬਹੁਤ ਹੀ ਸਪਸ਼ਟ ਤੇ ਸਿੱਧੀ ਗੱਲ ਕਰਨ ਵਾਲੇ ਵਿਅਕਤੀ ਸਨ।

ਉਨ੍ਹਾਂ ਨੇ ਬੇਬਾਕ ਹੋ ਕੇ ਸਾਫ਼ ਅਤੇ ਸਪਸ਼ਟ ਗੱਲਬਾਤ ਕੀਤੀ। ਸਾਡੀ ਗੱਲਬਾਤ ਦੋ ਨੁਕਤਿਆਂ ਦੇ ਆਲੇ-ਦੁਆਲੇ ਘੁੰਮਦੀ ਰਹੀ।

ਉਹ ਆਪਣੇ ਵਿਚਾਰ ਭਾਵੇਂ ਨਰਮੀ ਨਾਲ ਰੱਖ ਰਹੇ ਸਨ ਪਰ ਕਿਤੇ ਨਾ ਕਿਤੇ ਉਹ ਇੰਨ੍ਹਾਂ ਵਿਚਾਰਾਂ ਨੂੰ ਜ਼ਬਰਦਸਤੀ ਥੋਪ ਵੀ ਰਹੇ ਸਨ।

ਸਭ ਤੋਂ ਪਹਿਲਾਂ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬੇਸ਼ੱਕ ਉਨ੍ਹਾਂ ਨੂੰ ਇੱਕ ਕਸ਼ਮੀਰੀ ਹੋਣ 'ਤੇ ਮਾਣ ਹੈ ਪਰ ਉਹ ਆਪਣੀ ਰਾਸ਼ਟਰੀ ਪਛਾਣ ਪਾਕਿਸਤਾਨੀ ਮੰਨਦੇ ਸਨ।

ਦੂਜਾ ਉਹ ਸੁਤੰਤਰ ਕਸ਼ਮੀਰ ਦੇ ਵਿਚਾਰ ਦੇ ਸਖ਼ਤ ਵਿਰੋਧੀ ਸਨ। ਕਸ਼ਮੀਰ ਘਾਟੀ ਦੀਆਂ ਵਿਆਪਕ ਯਾਤਰਾਵਾਂ ਕਰਨ ਦੇ ਕਾਰਨ ਮੈਂ ਪਹਿਲਾਂ ਤੋਂ ਹੀ ਇਸ ਗੱਲ ਤੋਂ ਜਾਣੂ ਸੀ ਕਿ ਇਸ ਦੇ ਲੋਕਾਂ ਦੀ ਬਹੁ ਗਿਣਤੀ ਅਤੇ ਨਾਲ ਹੀ ਜੰਮੂ ਖੇਤਰ ਦੇ ਕੁਝ ਹਿੱਸਿਆਂ 'ਚ ਕਸ਼ਮੀਰੀ ਭਾਸ਼ਾ ਬੋਲਣ ਵਾਲੇ ਮੁਸਲਮਾਨ ਆਜ਼ਾਦੀ ਦੀ ਇੱਛਾ ਰੱਖਦੇ ਹਨ।

ਕਿਹੜੀ ਆਜ਼ਾਦੀ ਚਾਹੁੰਦੇ ਸੀ ਗਿਲਾਨੀ

ਉਨ੍ਹਾਂ ਲਈ ਆਜ਼ਾਦੀ, ਤਹਿਰੀਕ (ਅੰਦੋਲਨ) ਜੋ ਕਿ 1990 'ਚ ਬਗ਼ਾਵਤ ਅਤੇ ਵਿਦਰੋਹ ਦੇ ਕਾਰਨ ਪੈਦਾ ਹੋਇਆ ਸੀ, ਦਾ ਮਤਲਬ ਭਾਰਤ ਅਤੇ ਪਾਕਿਸਤਾਨ ਦੋਵਾਂ ਤੋਂ ਹੀ ਮੁਕਤ ਹੋਣਾ ਸੀ, ਜੋ ਕਿ ਦੋਵੇਂ ਹੀ ਮੁਲਕ 1947 ਤੋਂ ਉਨ੍ਹਾਂ ਦੀ ਜ਼ਮੀਨ 'ਤੇ ਲੜ੍ਹ ਰਹੇ ਸਨ।

ਪਾਕਿਸਤਾਨ ਦੇ ਸਮਰਥਕ ਜਿੰਨ੍ਹਾਂ ਦਾ ਮੂਲ ਗਿਲਾਨੀ ਦੀ ਜਮਾਤ-ਏ-ਇਸਲਾਮੀ, ਜੇਆਈ ਪਾਰਟੀ ਸੀ, ਉਹ ਮੁਕਾਬਲਤਨ ਘੱਟ ਗਿਣਤੀ 'ਚ ਸਨ।

ਮੈਂ ਗਿਲਾਨੀ ਨੂੰ ਇਹ ਹਕੀਕਤ ਖੁੱਲ੍ਹ ਕੇ ਦੱਸੀ। ਉਨ੍ਹਾਂ ਨੇ ਸਿੱਧੇ ਤੌਰ 'ਤੇ ਤਾਂ ਮੇਰਾ ਖੰਡਨ ਨਹੀਂ ਕੀਤਾ ਪਰ ਬਹੁਤ ਹੀ ਧੀਰਜ ਨਾਲ ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਆਜ਼ਾਦੀ ਦੀ ਧਾਰਨਾ ਸਿਰਫ਼ ਇੱਕ ਕਲਪਨਾ ਨਹੀਂ ਬਲਕਿ ਇਹ ਖ਼ਤਰਨਾਕ ਸੀ ਕਿਉਂਕਿ ਇਸ ਕਾਰਨ ਜੰਮੂ-ਕਸ਼ਮੀਰ ਦੇ ਮੁਸਲਿਮ ਬਹੁ-ਗਿਣਤੀ ਭਾਈਚਾਰੇ ਨੂੰ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਵਿਰੋਧੀ ਕੈਂਪਾਂ 'ਚ ਵੰਡਣ ਦਾ ਖ਼ਤਰਾ ਸੀ।

ਉਹ ਇਸ ਗੱਲ 'ਤੇ ਅੜੇ ਹੋਏ ਸਨ ਕਿ ਕਸ਼ਮੀਰ ਅਤੇ ਕਸ਼ਮੀਰੀਆਂ ਦੀ ਕਿਸਮਤ ਪਾਕਿਸਤਾਨ ਦੇ ਨਾਲ ਹੈ।

ਕੁਝ ਦਿਨਾਂ ਬਾਅਦ ਮੈਂ ਆਜ਼ਾਦੀ ਪੱਖੀ ਜੰਮੂ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ, ਜੇਕੇਐੱਲਐੱਫ਼ ਦੇ ਨੌਜਵਾਨ ਆਗੂ ਮੁਹੰਮਦ ਯਾਸੀਨ ਮਲਿਕ ਨਾਲ ਕੇਂਦਰੀ ਸ੍ਰੀਨਗਰ ਦੇ ਮਾਈਸੂਮਾ ਇਲਾਕੇ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ।

ਮਲਿਕ ਵੀ ਹਾਲ 'ਚ ਹੀ ਚਾਰ ਸਾਲ ਸਲਾਖਾਂ ਪਿੱਛੇ ਰਹਿ ਕੇ ਰਿਹਾਅ ਹੋਇਆ ਸੀ ਅਤੇ ਉਸ ਨੇ ਹਿੰਸਾ ਦਾ ਰਾਹ ਛੱਡ ਦਿੱਤਾ ਸੀ। ਮੈਂ ਗਿਲਾਨੀ ਨਾਲ ਹੋਈ ਆਪਣੀ ਗੱਲਬਾਤ, ਚਰਚਾ ਉਸ ਨਾਲ ਸਾਂਝੀ ਕੀਤੀ।

ਮਲਿਕ ਨੇ ਹੱਸਦਿਆਂ ਕਿਹਾ, "ਖੈਰ, ਉਹ ਗਿਲਾਨੀ ਸਾਹਬ ਹਨ।"

ਜੇਕੇਐੱਲਐੱਫ਼ ਦੇ ਆਗੂ ਦੇ ਇਸ ਮਨੋਰੰਜਕ ਪ੍ਰਤੀਕਰਮ ਨੇ ਆਜ਼ਾਦੀ ਦੇ ਦੋ ਵਿਚਾਰਾਂ ਸਬੰਧੀ ਇੱਕ ਖ਼ਤਰਨਾਕ ਸਥਿਤੀ 'ਤੇ ਚਾਨਣਾ ਪਾਇਆ। ਬਹੁ ਗਿਣਤੀ ਦ੍ਰਿਸ਼ਟੀਕੋਣ ਆਜ਼ਾਦੀ ਦੇ ਪੱਖ 'ਚ ਸੀ ਅਤੇ ਘੱਟ ਗਿਣਤੀ ਪਾਕਿਸਤਾਨ ਪੱਖੀ ਦ੍ਰਿਸ਼ਟੀਕੋਣ ਦੇ ਹੱਕ 'ਚ ਸਨ। ਇਹ ਦੋਵੇ ਵਿਚਾਰ ਕਸ਼ਮੀਰੀ ਅੰਦੋਲਨ ਵਿੱਚ ਸਨ।

ਜੇਕੇਐੱਲਐੱਫ਼ ਨੇ 1989-90 ਦੌਰਾਨ ਬਗ਼ਾਵਤ ਦਾ ਐਲਾਨ ਕੀਤਾ ਅਤੇ 1993 ਤੱਕ ਇਹ ਇੱਕ ਪ੍ਰਭਾਵਸ਼ਾਲੀ ਸਮੂਹ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਪਰ 1990 ਦੇ ਦਹਾਕੇ ਦੇ ਅੱਧ ਤੱਕ ਆਉਂਦਿਆਂ ਆਜ਼ਾਦੀ ਪੱਖੋਂ ਬਗਾਵਤ ਢਿੱਲੀ ਪੈਣ ਲੱਗ ਪਈ ਸੀ ਅਤੇ ਹਥਿਆਰਬੰਦ ਸੰਘਰਸ਼ ਨੂੰ ਹਿਜ਼ਬੁਲ ਮੁਜਾਹਿਦੀਨ, ਐੱਚਐੱਮ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ।

ਐੱਚਐੱਮ ਗਿਲਾਨੀ ਪਾਰਟੀ ਦਾ ਵਿਰੋਧੀ ਸਮੂਹ ਸੀ।

ਐੱਚਐੱਮ ਨੂੰ ਪਾਕਿਸਤਾਨੀ ਫ਼ੌਜ ਅਤੇ ਖ਼ਾਸ ਕਰਕੇ ਇੰਟਰ ਸਰਵਿਸਿਜ਼ ਇੰਟੈਲੀਜੈਂਸ ਏਜੰਸੀ, ਆਈਐੱਸਆਈ ਦਾ ਪੂਰਾ ਸਮਰਥਨ ਸੀ। ਐੱਚਐੱਮ ਖੁੱਲ੍ਹੇਆਮ ਆਜ਼ਾਦੀ ਦੇ ਸਮਰਥਕਾਂ ਭਾਵੇਂ ਉਹ ਪ੍ਰਮੁੱਖ ਨਾਗਰਿਕ ਸਨ ਜਾਂ ਅੱਤਵਾਦੀ, ਦੋਵਾਂ ਨੂੰ ਜਾਨੋਂ ਮਾਰ ਰਿਹਾ ਸੀ।

ਇਨ੍ਹਾਂ ਕਤਲਾਂ ਕਾਰਨ ਸਥਿਤੀ 'ਚ ਇੱਕ ਨਵਾਂ ਮੋੜ ਆਇਆ, ਜਿਸ ਨੇ ਕਿ ਭਾਰਤੀ ਸੁਰੱਖਿਆ ਬਲਾਂ ਨੂੰ ਬਗਾਵਤ 'ਤੇ ਕਾਬੂ ਪਾਉਣ ਦਾ ਮੌਕਾ ਦਿੱਤਾ।

ਇਹ ਵੀ ਪੜ੍ਹੋ:

ਗਿਲਾਨੀ ਹਥਿਆਰਬੰਦ ਸੰਘਰਸ਼ ਦੇ ਮਰਹੂਮ ਸਮਰਥਕ ਸਨ। 1986 'ਚ ਜਦੋਂ ਘਾਟੀ 'ਚ ਕੁਝ ਅਸ਼ਾਂਤ ਨੌਜਵਾਨ ਅਫ਼ਗਾਨ ਮੁਜਾਹਿਦੀਨ ਵਾਂਗਰ ਬੰਦੂਕ ਚੁੱਕਣ ਬਾਰੇ ਵਿਚਾਰ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਉਸ ਰਸਤੇ ਦੇ ਖ਼ਿਲਾਫ਼ ਸਾਵਧਾਨ ਕੀਤਾ ਸੀ।

ਉਨ੍ਹਾਂ ਨੇ ਜਮਾਤ-ਏ-ਇਸਲਾਮੀ ਦੇ ਅਖ਼ਬਾਰ ਅਜ਼ਾਨ 'ਚ ਲਿਖਿਆ ਕਿ ਅੰਦੋਲਨ ਨੂੰ 'ਲੋਕਾਂ ਨੂੰ ਸਿੱਖਿਅਤ ਕਰਨ' ਲਈ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਸ਼ਮੀਰ ਬਾਰੇ 'ਸੰਯੁਕਤ ਰਾਸ਼ਟਰ ਦੇ ਮਤੇ' ਨੂੰ ਲਾਗੂ ਕਰਨ ਲਈ 'ਇੱਕ ਸੰਗਠਿਤ ਪਰ ਸ਼ਾਂਤਮਈ ਸੰਘਰਸ਼' ਲਈ ਲਾਮਬੰਦ ਕਰਨਾ ਚਾਹੀਦਾ ਹੈ। ਜਿਸ ਨੇ 1940 ਅਤੇ 1950 ਦੇ ਅਖੀਰ 'ਚ ਭਾਰਤੀ ਜਾਂ ਪਾਕਿਸਤਾਨੀ ਪ੍ਰਭੂਸੱਤਾ ਦੀ ਚੋਣ ਕਰਨ ਲਈ ਜਨਮਤ ਦੀ ਮੰਗ ਕੀਤੀ ਸੀ।

ਤਤਕਾਲੀ ਪੀਐੱਮ ਨੂੰ ਜੇਲ੍ਹ 'ਚੋਂ ਚਿੱਠੀ

ਪਰ ਫਰਵਰੀ 1991 'ਚ ਜਦੋਂ ਕਸ਼ਮੀਰ ਘਾਟੀ ਹਿੰਸਾ ਦੀ ਅੱਗ ਨਾਲ ਪ੍ਰਭਾਵਿਤ ਸੀ ਉਸ ਸਮੇਂ ਗਿਲਾਨੀ ਨੇ ਉੱਤਰੀ ਭਾਰਤ ਦੀ ਇੱਕ ਜੇਲ੍ਹ ਤੋਂ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਚੰਦਰਸ਼ੇਖਰ ਨੂੰ ਲਿਖਿਆ ਸੀ:

"ਭਾਰਤੀਆਂ ਨੇ ਆਜ਼ਾਦੀ ਹਾਸਲ ਕਰਨ ਲਈ ਸਿਆਸੀ ਅਤੇ ਹਥਿਆਰਬੰਦ ਸੰਘਰਸ਼ਾਂ ਰਾਹੀਂ ਅੰਗ੍ਰੇਜ਼ਾਂ ਨਾਲ ਲੜਾਈ ਲੜੀ ਸੀ। ਮਹਾਤਮਾ ਗਾਂਧੀ ਨੇ ਅਹਿੰਸਾ ਦੀ ਵਰਤੋਂ ਕੀਤੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਹਥਿਆਰਬੰਦ ਸੰਘਰਸ਼ ਦੇ ਰਾਹ ਨੂੰ ਅਪਣਾਇਆ ਸੀ।"

ਬਾਅਦ 'ਚ ਹਥਿਆਰਬੰਦ ਸੰਘਰਸ਼ 'ਚ ਤਬਦੀਲ ਹੋਣ ਤੋਂ ਪਹਿਲਾਂ ਗਿਲਾਨੀ ਦੀ ਰਾਜਨੀਤੀ 70 ਸਾਲਾਂ ਤੋਂ ਬਾਕਮਾਲ ਇਕਸਾਰ ਰਹੀ ਹੈ।

ਸ਼ੁਰੂ-ਸ਼ੁਰੂ 'ਚ ਉਹ ਮੌਲਾਨਾ ਮੁਹੰਮਦ ਸਈਅਦ ਮਾਸੂਦੀ, ਆਜ਼ਾਦੀ ਪੱਖੀ ਕਸ਼ਮੀਰੀ ਆਗੂ ਦੇ ਮੁਰੀਦ ਸਨ, ਜਿੰਨ੍ਹਾਂ ਨੂੰ ਦਸੰਬਰ 1990 'ਚ ਵਿਦਰੋਹੀਆਂ ਵੱਲੋਂ 87 ਸਾਲ ਦੀ ਉਮਰ 'ਚ ਕਤਲ ਕਰ ਦਿੱਤਾ ਗਿਆ ਸੀ।

ਪਰ 1950 ਦੇ ਦਹਾਕੇ ਦੇ ਸ਼ੁਰੂ 'ਚ ਉਨ੍ਹਾਂ ਨੇ ਜਮਾਤ-ਏ-ਇਸਲਾਮੀ ਦੇ ਸੰਸਥਾਪਕ ਮੌਲਾਨਾ ਅਬੁਲ ਅਲਾ ਮੌਦੂਦੀ ਦੀਆਂ ਲਿਖਤਾਂ ਦੀ ਖੋਜ ਕੀਤੀ ਅਤੇ ਇੰਨ੍ਹਾਂ ਨੇ ਹੀ ਗਿਲਾਨੀ ਦੀ ਬਾਕੀ ਦੀ ਜ਼ਿੰਦਗੀ ਨੂੰ ਸੇਧ ਦਿੱਤੀ।

ਗਿਲਾਨੀ ਨੇ ਇਸ ਦੀ ਚਰਚਾ ਆਪਣੀ ਸਵੈ-ਜੀਵਨੀ 'ਵੂਲਰ ਕਿਨਾਰੇ' 'ਚ ਕੀਤੀ ਹੈ। (ਉੱਤਰ ਕਸ਼ਮੀਰ ਘਾਟੀ 'ਚ ਵੂਲਰ ਝੀਲ ਨੇੜੇ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਦਾ ਹਵਾਲਾ)

ਗਿਲਾਨੀ ਦਾ ਦੇਹਾਂਤ ਉਸ ਸਮੇਂ ਹੋਇਆ ਹੈ, ਜਦੋਂ ਬਹੁਤ ਸਾਰੇ ਕਸ਼ਮੀਰੀਆਂ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਵੱਲੋਂ ਇਸ ਦਾ ਖੁਦਮੁਖਤਿਆਰ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਇਹ ਖੇਤਰ ਵਧੇਰੇ ਅਸਥਿਰ ਅਤੇ ਹਿੰਸਕ ਹੋ ਗਿਆ ਹੈ।

ਉਨ੍ਹਾਂ ਦੀ ਇਸਲਾਮਿਕ ਕੱਟੜਤਾ ਅਤੇ ਪਾਕਿਸਤਾਨ ਪ੍ਰਤੀ ਵਫ਼ਾਦਾਰੀ ਦੇ ਬਾਵਜੂਦ ਕਈ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਉਨ੍ਹਾਂ ਦੀ ਦ੍ਰਿੜਤਾ ਦੇ ਕਾਰਨ ਹੀ ਉਹ ਬਹੁਤ ਸਾਰੇ ਕਸ਼ਮੀਰੀਆਂ ਦੇ ਦਿਲਾਂ 'ਚ ਰਾਜ ਕਰਦੇ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)