You’re viewing a text-only version of this website that uses less data. View the main version of the website including all images and videos.
'ਰਹੱਸਮਈ ਬੁਖਾਰ' ਜਿਸ ਕਾਰਨ ਬੱਚਿਆ ਦੀ ਹੋ ਰਹੀ ਮੌਤ, ਬਚਾਅ ਕੀ ਹੈ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਚਿਆਂ ਨੂੰ ਤੇਜ਼ ਬੁਖ਼ਾਰ ਹੋ ਰਿਹਾ ਅਤੇ ਪਸੀਨੇ ਨਾਲ ਭਿੱਜ ਰਹੇ ਹਨ।
ਉਨ੍ਹਾਂ ਵਿੱਚੋਂ ਕਈਆਂ ਨੇ ਜੋੜਾਂ ਦੇ ਦਰਦ, ਸਿਰ ਦਰਦ, ਡੀਹਾਈਡਰੇਸ਼ਨ ਅਤੇ ਸਿਰ ਘੁੰਮਣ (ਨੌਜ਼ੀਆ) ਦੀ ਸ਼ਿਕਾਇਤ ਕੀਤੀ ਹੈ। ਕੁਝ ਮਾਮਲਿਆਂ ਵਿੱਚ ਉਨ੍ਹਾਂ ਨੇ ਲੱਤਾਂ ਅਤੇ ਬਾਹਾਂ 'ਤੇ ਧੱਫੜ ਪੈਣ ਦੀ ਸ਼ਿਕਾਇਤ ਵੀ ਕੀਤੀ ਹੈ।
ਘੱਟੋ-ਘੱਟ 50 ਲੋਕਾਂ ਦੀ ਬੁਖ਼ਾਰ ਨਾਲ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ, ਸੈਂਕੜੇ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚੋਂ ਕੋਈ ਵੀ ਕੋਵਿਡ -19 ਲਈ ਪੌਜ਼ੀਟਿਵ ਨਹੀਂ ਪਾਇਆ ਗਿਆ ਹੈ।
ਅਜਿਹੇ ਸਮੇਂ ਜਦੋਂ ਭਾਰਤ ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਤੋਂ ਹੌਲੀ-ਹੌਲੀ ਠੀਕ ਹੋ ਰਿਹਾ ਜਾਪਦਾ ਹੈ, ਉੱਤਰ ਪ੍ਰਦੇਸ਼ ਵਿੱਚ ਹੋਈਆਂ ਮੌਤਾਂ ਨੇ ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਫੈਲੇ 'ਰਹੱਸਮਈ ਬੁਖਾਰ' ਬਾਰੇ ਘਬਰਾਹਟ ਪੈਦਾ ਕਰ ਦਿੱਤੀ ਹੈ।
ਆਗਰਾ, ਮਥੁਰਾ, ਮੈਨਪੁਰੀ, ਏਟਾ, ਕਾਸਗੰਜ ਅਤੇ ਫ਼ਿਰੋਜ਼ਾਬਾਦ ਦੇ ਕੁਝ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਾਕਟਰ ਮੰਨਦੇ ਹਨ ਕਿ ਡੇਂਗੂ ਜੋ ਕਿ ਮੱਛਰਾਂ ਤੋਂ ਪੈਦਾ ਹੋਣ ਵਾਲਾ ਵਾਇਰਲ ਇਨਫੈਕਸ਼ਨ ਹੈ, ਮੌਤਾਂ ਦਾ ਮੁੱਖ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਘੱਟਦੇ ਪਲੈਟਲੇਟਸ ਕਾਰਨ ਹਸਪਤਾਲ 'ਚ ਦਾਖ਼ਲ
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਘੱਟਦੇ ਹੋਏ ਪਲੇਟਲੈਟਸ ਕਾਰਨ ਹਸਪਤਾਲ ਲਿਜਾਇਆ ਗਿਆ।
ਫ਼ਿਰੋਜ਼ਾਬਾਦ ਜਿੱਥੇ ਪਿਛਲੇ ਹਫ਼ਤੇ 32 ਬੱਚਿਆਂ ਸਮੇਤ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜ਼ਿਲ੍ਹੇ ਦੀ ਸਭ ਤੋਂ ਸੀਨੀਅਰ ਸਿਹਤ ਅਧਿਕਾਰੀ ਡਾਕਟਰ ਨੀਤਾ ਕੁਲਸ਼੍ਰੇਠਾ ਕਹਿੰਦੇ ਹਨ, "ਹਸਪਤਾਲਾਂ ਵਿੱਚ ਮਰੀਜ਼, ਖ਼ਾਸਕਰ ਬੱਚਿਆਂ ਦੀ ਬਹੁਤ ਤੇਜ਼ੀ ਨਾਲ ਮੌਤ ਹੋ ਰਹੀ ਹੈ।"
ਮਾਦਾ ਮੱਛਰਾਂ ਤੋਂ ਫੈਲਦੀ ਬੀਮਾਰੀ ਡੇਂਗੂ ਮੁੱਖ ਤੌਰ 'ਤੇ ਇੱਕ ਟ੍ਰੋਪੀਕਲ ਬਿਮਾਰੀ ਹੈ ਅਤੇ ਸੈਂਕੜੇ ਸਾਲਾਂ ਤੋਂ ਭਾਰਤ ਵਿੱਚ ਫੈਲ ਰਹੀ ਹੈ।
ਇਹ 100 ਤੋਂ ਵੱਧ ਦੇਸਾਂ ਵਿੱਚ ਮਹਾਮਾਰੀ (ਐਂਡੇਮਿਕ) ਹੈ ਪਰ ਲਗਭਗ 70 ਫੀਸਦ ਮਾਮਲੇ ਏਸ਼ੀਆ ਤੋਂ ਸਾਹਮਣੇ ਆਏ ਹਨ।
ਇੱਥੇ ਚਾਰ ਡੇਂਗੂ ਵਾਇਰਸ ਹਨ ਅਤੇ ਬਾਲਗਾਂ ਦੇ ਮੁਕਾਬਲੇ ਦੂਜੀ ਡੇਂਗੂ ਦੀ ਲਾਗ ਦੌਰਾਨ ਬੱਚਿਆਂ ਦੇ ਮਰਨ ਦੀ ਸੰਭਾਵਨਾ ਪੰਜ ਗੁਣਾ ਜ਼ਿਆਦਾ ਹੁੰਦੀ ਹੈ।
ਏਡੀਜ਼ ਇਜਿਪਟੀ-ਮੱਛਰ ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਤਾਜ਼ਾ ਪਾਣੀ ਰੱਖਣ ਵਾਲੇ ਭਾਂਡਿਆਂ ਜਾਂ ਕੰਟੇਨਰਾਂ ਵਿੱਚ ਪੈਦਾ ਹੁੰਦਾ ਹੈ।
ਮੱਛਰਾਂ ਦੁਆਰਾ ਫੈਲਣ ਵਾਲੇ ਵਿਸ਼ਾਣੂਆਂ ਬਾਰੇ ਦੁਨੀਆਂ ਦੇ ਮੁੱਖ ਮਾਹਿਰਾਂ ਵਿੱਚੋਂ ਇੱਕ ਡਾ. ਸਕੌਟ ਹਾਲਸਟੈਡ ਕਹਿੰਦੇ ਹਨ, "ਮਨੁੱਖ ਪ੍ਰਜਨਨ ਸਥਾਨ ਦਿੰਦਾ ਹੈ ਅਤੇ ਸਿਰਫ਼ ਮਨੁੱਖ ਹੀ ਉਨ੍ਹਾਂ ਨੂੰ ਦੂਰ ਲੈ ਜਾ ਸਕਦੇ ਹਨ।"
ਹਰ ਸਾਲ ਦੁਨੀਆਂ ਭਰ ਵਿੱਚ ਡੇਂਗੂ ਦੇ ਤਕਰੀਬਨ 10 ਕਰੋੜ ਗੰਭੀਰ ਮਾਮਲੇ, ਖੂਨ ਨਿਕਲਣਾ, ਕਮਜ਼ੋਰ ਅੰਗ ਸਾਹਮਣੇ ਆਉਂਦੇ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ, "ਕੋਵਿਡ -19 ਅਤੇ ਡੇਂਗੂ ਮਹਾਂਮਾਰੀ ਦਾ ਸਾਂਝਾ ਅਸਰ ਸੰਭਾਵੀ ਤੌਰ 'ਤੇ ਵਿਨਾਸ਼ਕਾਰੀ ਨਤੀਜਿਆਂ ਦਾ ਕਾਰਨ ਬਣ ਸਕਦਾ ਹੈ।"
ਬੁਖ਼ਾਰ ਨਾਲ ਹੋਣ ਵਾਲੀਆਂ ਮੌਤਾਂ ਦੇ ਕਾਰਨ
ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉੱਤਰ ਪ੍ਰਦੇਸ਼ ਵਿੱਚ ਬੁਖ਼ਾਰ ਨਾਲ ਹੋਣ ਵਾਲੀਆਂ ਮੌਤਾਂ ਦਾ ਕਾਰਨ ਇਕੱਲਾ ਡੇਂਗੂ ਹੈ ਜਾਂ ਨਹੀਂ।
20 ਕਰੋੜ ਤੋਂ ਵੱਧ ਆਬਾਦੀ ਵਾਲਾ ਸੂਬਾ ਅਤੇ ਸਵੱਛਤਾ ਦੇ ਰਵਾਇਤੀ ਤੌਰ 'ਤੇ ਮਾੜੇ ਮਾਪਦੰਡ, ਬੱਚਿਆਂ ਵਿੱਚ ਕੁਪੋਸ਼ਣ ਦਾ ਉੱਚ ਪੱਧਰ ਅਤੇ ਖਰਾਬ ਸਿਹਤ ਪ੍ਰਬੰਧ ਵਾਲਾ ਸੂਬਾ ਨਿਯਮਿਤ ਤੌਰ 'ਤੇ ਹਰ ਦੂਜੇ ਸਾਲ ਮਾਨਸੂਨ ਦੀ ਬਾਰਸ਼ ਤੋਂ ਬਾਅਦ ਅਜਿਹੇ "ਰਹੱਸਮਈ ਬੁਖਾਰ" ਦੇ ਕੇਸਾਂ ਦੀ ਰਿਪੋਰਟ ਕਰਦਾ ਹੈ।
ਮੱਛਰ ਤੋਂ ਪੈਦਾ ਹੋਏ ਜਪਾਨੀ ਇਨਸੇਫ਼ਲਾਈਟਿਸ ਦਾ ਕਹਿਰ, ਜੋ ਪਹਿਲੀ ਵਾਰ 1978 ਵਿੱਚ ਉੱਤਰ ਪ੍ਰਦੇਸ਼ ਵਿੱਚ ਸਾਹਮਣੇ ਆਇਆ ਸੀ, ਇਸ ਨੇ ਹੁਣ ਤੱਕ 6500 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।
ਇਹ ਬਿਮਾਰੀ ਮੁੱਖ ਤੌਰ 'ਤੇ ਗੋਰਖਪੁਰ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਫੈਲਦੀ ਹੈ ਜੋ ਕਿ ਹਿਮਾਲਿਆ ਦੀ ਤਲਹਟੀ ਵਿੱਚ ਨੇਪਾਲ ਨਾਲ ਲੱਗਦੀ ਹੈ।
ਇਹ ਸਾਰੇ ਨੀਵੇਂ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ ਹਨ ਅਤੇ ਮੱਛਰਾਂ ਲਈ ਇੱਕ ਪ੍ਰਜਨਨ ਸਥਾਨ ਮੁਹੱਈਆ ਕਰਦੇ ਹਨ ਜੋ ਵਾਇਰਸ ਫੈਲਾਉਂਦੇ ਹਨ।
2013 ਵਿੱਚ ਸ਼ੁਰੂ ਹੋਈ ਇੱਕ ਟੀਕਾਕਰਣ ਮੁਹਿੰਮ ਕਾਰਨ ਮਾਮਲਿਆਂ ਵਿੱਚ ਗਿਰਾਵਟ ਆਈ ਹੈ ਪਰ ਬੱਚਿਆਂ ਦੀ ਮੌਤ ਜਾਰੀ ਹੈ।
ਗੋਰਖਪੁਰ ਵਿੱਚ ਇਸ ਸਾਲ ਹੁਣ ਤੱਕ ਸਤਾਰਾਂ ਬੱਚਿਆਂ ਦੀ ਜਪਾਨੀ ਇਨਸੇਫਲਾਈਟਿਸ ਨਾਲ ਮੌਤ ਹੋ ਚੁੱਕੀ ਹੈ ਅਤੇ 428 ਮਾਮਲੇ ਦਰਜ ਕੀਤੇ ਗਏ ਹਨ।
ਸਾਲ 2014 ਵਿੱਚ ਇਨਸੇਫਲਾਈਟਿਸ ਅਤੇ ਮਾਇਓਕਾਰਡੀਟਿਸ (ਦਿਲ ਦੀ ਮਾਸਪੇਸ਼ੀ ਦੀ ਸੋਜਸ਼) ਕਾਰਨ ਬੱਚਿਆਂ ਦੀ ਮੌਤ ਦੇ ਵਧਦੇ ਮਾਮਲਿਆਂ ਬਾਰੇ ਵਿਗਿਆਨੀਆਂ ਨੇ ਗੋਰਖਪੁਰ ਵਿੱਚ 250 ਪੀੜਤ ਬੱਚਿਆਂ ਦੀ ਜਾਂਚ ਕੀਤੀ।
ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਵਿੱਚੋਂ 160 ਵਿੱਚ ਬੈਕਟੀਰੀਆ ਦੇ ਐਂਟੀਬਾਡੀਜ਼ ਸਨ ਜਿਸ ਕਾਰਨ ਸਕ੍ਰਬ ਟਾਈਫਸ ਹੁੰਦਾ ਹੈ।
ਸਕ੍ਰਬ ਟਾਈਫ਼ਸ ਜਿਸ ਨੂੰ ਬੁਸ਼ ਟਾਈਫ਼ਸ ਵੀ ਕਿਹਾ ਜਾਂਦਾ ਹੈ, ਇੱਕ ਬੈਕਟੀਰੀਆ ਦੀ ਲਾਗ ਹੈ ਜੋ ਲਾਗ ਵਾਲੇ ਵਾਇਰਲ ਕੀਟ ਦੇ ਕੱਟਣ ਨਾਲ ਫੈਲਦੀ ਹੈ।
ਮਾਨਸੂਨ ਦੇ ਮੀਂਹ ਪੈਣ ਤੋਂ ਬਾਅਦ ਕੀਟ ਪਿੰਡਾਂ ਵਿੱਚ ਉੱਗਦੀ ਬਨਸਪਤੀ 'ਤੇ ਵਸ ਜਾਂਦੇ ਹਨ।
ਵਿਗਿਆਨੀਆਂ ਨੂੰ ਬਾਲਣ ਦੀ ਲੱਕੜ 'ਤੇ ਕੀੜੇ ਮਿਲੇ ਜੋ ਪਿੰਡ ਵਾਸੀ ਆਪਣੇ ਘਰਾਂ ਦੇ ਅੰਦਰ ਸਟੋਰ ਕਰਦੇ ਹਨ। ਬਹੁਤ ਵਾਰ ਸਕ੍ਰਬ ਟਾਈਫਸ ਉਦੋਂ ਫੈਲਦਾ ਹੈ ਜਦੋਂ ਬੱਚੇ ਘਰ ਵਿੱਚ ਬਾਲਣ ਸਾਂਭਦੇ ਹਨ ਜਾਂ ਕੀੜਿਆਂ ਨਾਲ ਪ੍ਰਭਾਵਿਤ ਝਾੜੀਆਂ ਵਿੱਚ ਖੁੱਲ੍ਹੇ ਵਿੱਚ ਪਖਾਨੇ ਲਈ ਜਾਂਦੇ ਹਨ।
ਇੱਕ ਵੱਖਰੇ ਅਧਿਐਨ ਵਿੱਚ ਵਿਗਿਆਨੀਆਂ ਨੇ ਇਹ ਵੀ ਪਾਇਆ ਹੈ ਕਿ 2015 ਅਤੇ 2019 ਦੇ ਵਿੱਚ ਪੂਰਬੀ ਉੱਤਰ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਵਿੱਚ ਮੌਨਸੂਨ ਤੋਂ ਬਾਅਦ ਦੇ ਬੁਖਾਰ ਦੇ ਮਾਮਲਿਆਂ ਲਈ ਮੁੱਖ ਤੌਰ 'ਤੇ ਸਕ੍ਰਬ ਟਾਈਫ਼ਸ ਅਤੇ ਡੇਂਗੂ ਜ਼ਿੰਮੇਵਾਰ ਹਨ।
ਇੱਕ ਹੋਰ ਸੰਭਾਵੀ ਘਾਤਕ ਬੈਕਟੀਰੀਆ ਦੀ ਲਾਗ ਜਿਸਨੂੰ ਲੇਪਟੋਸਪਾਇਰੋਸਿਸ ਕਿਹਾ ਜਾਂਦਾ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ ਅਤੇ ਚਿਕਨਗੁਨੀਆ ਜੋ ਕਿ ਇੱਕ ਮੱਛਰ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ ਬੁਖਾਰ ਦਾ ਕਾਰਨ ਬਣਨ ਵਾਲੇ ਰੋਗਜਨਕ ਲਈ ਜਿੰਮੇਵਾਰ ਹੈ।"
ਇਹ ਵੀ ਪੜ੍ਹੋ:
ਇਸ ਲਈ ਮਾਨਸੂਨ ਖ਼ਤਮ ਹੋਣ ਤੋਂ ਬਾਅਦ ਇਸ ਖੇਤਰ ਵਿੱਚ ਬੁਖ਼ਾਰ ਨਾਲ ਸਬੰਧਤ ਬਿਮਾਰੀਆਂ ਸਨ।
ਨੈਸ਼ਨਲ ਇੰਸਟੀਚਿਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ (ਨਿਮਹੰਸ) ਦੇ ਵਾਇਰੋਲੋਜੀ ਦੇ ਪ੍ਰੋਫੈਸਰ ਵੀ ਰਵੀ ਜਿਨ੍ਹਾਂ ਨੇ ਦੂਜੇ ਅਧਿਐਨ ਦੀ ਅਗਵਾਈ ਕੀਤੀ, ਕਹਿੰਦੇ ਹਨ, "ਇਨ੍ਹਾਂ ਬਿਮਾਰੀਆਂ ਦਾ ਪਤਾ ਰੱਖਣ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਤੁਹਾਨੂੰ ਯੋਜਨਾਬੱਧ ਨਿਗਰਾਨੀ ਦੀ ਜ਼ਰੂਰਤ ਹੈ।"
ਇਸ ਤੋਂ ਪਹਿਲਾਂ ਸਾਲ 2006 ਵਿੱਚ ਵਿਗਿਆਨੀਆਂ ਨੇ ਉੱਤਰ ਪ੍ਰਦੇਸ਼ ਵਿੱਚ ਬੱਚਿਆਂ ਵਿੱਚ ਬੁਖ਼ਾਰ ਨਾਲ ਹੋਣ ਵਾਲੀਆਂ ਮੌਤਾਂ ਦੇ ਇੱਕ ਹੋਰ 'ਰਹੱਸਮਈ' ਕਹਿਰ ਦੀ ਜਾਂਚ ਕੀਤੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਵਾਰ ਉਨ੍ਹਾਂ ਨੇ ਪਾਇਆ ਕਿ ਬੱਚਿਆਂ ਦੀ ਮੌਤ ਕੈਸੀਆ ਬੀਨਸ ਖਾਣ ਤੋਂ ਬਾਅਦ ਹੋਈ ਸੀ ਜਿਸ ਦੀ ਪੈਦਾਵਾਰ ਸੂਬੇ ਦੇ ਪੱਛਮੀ ਹਿੱਸੇ ਵਿੱਚ ਬਹੁਤ ਜ਼ਿਆਦਾ ਸੀ।
ਵਿਗਿਆਨੀਆਂ ਨੇ ਸਿੱਟਾ ਕੱਢਿਆ ਕਿ ਇਹ ਫੂਡ ਪੋਇਜ਼ਨਿੰਗ 'ਗਰੀਬੀ, ਭੁੱਖ, ਮਾਪਿਆਂ ਦੀ ਨਿਗਰਾਨੀ ਦੀ ਘਾਟ, ਅਗਿਆਨਤਾ, ਬੱਚਿਆਂ ਦੁਆਰਾ ਖੁਦ ਖੇਡਣ, ਖਿਡੌਣੇ ਮੋਜੂਦ ਨਾ ਹੋਣਾ ਅਤੇ ਬੂਟੇ ਤੱਕ ਅਸਾਨ ਪਹੁੰਚ' ਦਾ ਨਤੀਜਾ ਸੀ।
ਸਪਸ਼ਟ ਤੌਰ 'ਤੇ ਸਿਰਫ਼ ਵਧੇਰੇ ਜਾਂਚ ਅਤੇ ਜੀਨੋਮ ਵਿਸ਼ਲੇਸ਼ਣ ਇਹ ਦੱਸਣਗੇ ਕਿ ਕੀ ਭਾਰਤ ਵਿੱਚ "ਰਹੱਸਮਈ ਬੁਖਾਰ" ਦਾ ਤਾਜ਼ਾ ਵਾਧਾ ਇਕੱਲੇ ਡੇਂਗੂ ਨਾਲ ਹੋਇਆ ਹੈ, ਜਾਂ ਹੋਰ ਕਈ ਬਿਮਾਰੀਆਂ ਇਸ ਦੇ ਕਾਰਨ ਹਨ।
ਇਸਦਾ ਮਤਲਬ ਇਹ ਹੋਵੇਗਾ ਕਿ ਸਥਾਨਕ ਕਲੀਨਿਕਸ ਅਤੇ ਹਸਪਤਾਲਾਂ ਨੂੰ ਬੁਖਾਰ ਤੋਂ ਪੀੜਤ ਲੋਕਾਂ ਦੇ ਨਮੂਨੇ ਇਕੱਠੇ ਕਰਨ ਦੀ ਸਿਖਲਾਈ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਜੀਨੋਮ ਟੈਸਟਿੰਗ ਲਈ ਲੈਬਸ ਵਿੱਚ ਭੇਜਿਆ ਜਾਵੇ।
ਇਹ ਬੁਖਾਰ ਕਿਵੇਂ ਸ਼ੁਰੂ ਹੋਇਆ ਅਤੇ ਅੱਗੇ ਵਧਿਆ ਇਸ ਬਾਰੇ ਕੋਈ ਸਪਸ਼ਟ ਰਿਕਾਰਡ ਨਹੀਂ ਹੈ ਅਤੇ ਕੀ ਸਥਿਤੀ ਦੀ ਗੰਭੀਰਤਾ ਦਾ ਕਾਰਨ ਲੰਮੇ ਮੁਸ਼ਕਲ ਭਰੇ ਸਫ਼ਰ ਕਰਕੇ ਹੋਈ ਜੋ ਲੋਕਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਕਰਨੀ ਪੈਂਦੀ ਹੈ।
ਜਾਂ ਕੀ ਪੀੜਤ ਬੱਚੇ ਹੋਰ ਬਿਮਾਰੀਆਂ ਨਾਲ ਪੀੜਤ ਸਨ ਜਿਵੇਂ ਕਿ ਟੀ.ਬੀ.।
ਜੇ ਰਹੱਸਮਈ ਮੌਤਾਂ ਦਾ ਕਾਰਨ ਇਕੱਲਾ ਡੇਂਗੂ ਹੈ ਤਾਂ ਇਹ ਸਰਕਾਰ ਦੇ ਗੈਰ-ਪ੍ਰਭਾਵੀ ਮੱਛਰ ਵਿਰੋਧੀ ਰੋਕੂ ਪ੍ਰੋਗਰਾਮਾਂ ਵੱਲ ਇਸ਼ਾਰਾ ਕਰਦਾ ਹੈ।
ਡਾ. ਹੈਲਸਟੈਡ ਅਨੁਸਾਰ ਇਸ ਦੇ ਫੈਲਣ ਦੀ ਤੀਬਰਤਾ ਸਿਰਫ਼ ਉਮਰ ਵਰਗ ਤਹਿਤ ਐਂਟੀਬਾਡੀ ਟੈਸਟਾਂ ਰਾਹੀਂ ਤੈਅ ਕੀਤੀ ਜਾ ਸਕਦੀ ਹੈ, ਜਿਸਨੂੰ ਸੀਰੋ ਸਰਵੇਖਣ ਕਿਹਾ ਜਾਂਦਾ ਹੈ।
ਇੱਕ ਭਾਰਤੀ ਵਾਇਰੋਲੋਜਿਸਟ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਜੇ ਅਸੀਂ ਸਹੀ ਅਤੇ ਨਿਯਮਤ ਤੌਰ 'ਤੇ ਜਾਂਚ ਨਹੀਂ ਕਰਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਇੱਕ ਰਹੱਸ ਬਣੀਆਂ ਰਹਿਣਗੀਆਂ।"
ਇਹ ਵੀ ਪੜ੍ਹੋ: