You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਤਾਲਿਬਾਨ ਨੂੰ ਅਮਰੀਕਾ ਨੇ ਕਿਉਂ ਅਤੇ ਕਿਵੇਂ ਖੜ੍ਹਾ ਕੀਤਾ ਸੀ
- ਲੇਖਕ, ਗੁਈਲਲੇਰਮੋ ਡੀ ਓਲਮੋ
- ਰੋਲ, ਬੀਬੀਸੀ ਨਿਊਜ਼ ਵਰਲਡ
ਅਮਰੀਕਾ ਵਿੱਚ ਉਹ ਲੋਕ 'ਜੰਗ-ਏ- ਆਜ਼ਾਦੀ' ਦੇ ਸਿਪਾਹੀ ਕਹੇ ਜਾਂਦੇ ਸਨ।ਇਨ੍ਹਾਂ ਨੂੰ ਇਸਲਾਮੀ ਕੱਟੜਪੰਥੀ ਗੁਰੀਲੇ ਲੜਾਕੇ ਕਹਿਣਾ ਜ਼ਿਆਦਾ ਠੀਕ ਰਹੇਗਾ।
ਅਫ਼ਗਾਨਿਸਤਾਨ ਦੇ ਸਥਾਨਕ ਗੁਰੀਲਾ ਲੜਾਕਿਆਂ ਦੇ ਸਮੂਹ ਨੇ ਸਾਲਾਂ ਤੱਕ ਅਮਰੀਕੀ ਸਮਰਥਨ ਦੇ ਸਹਾਰੇ ਸੋਵੀਅਤ ਸੰਘ ਦੇ ਖਿਲਾਫ ਝੰਡਾ ਚੁੱਕੀ ਰੱਖਿਆ।
ਅਮਰੀਕਾ ਨੇ ਉਨ੍ਹਾਂ ਨੂੰ ਹਥਿਆਰ ਅਤੇ ਪੈਸੇ ਮੁਹੱਈਆ ਕਰਵਾਏ ਤਾਂ ਕਿ ਉਸ ਦੇ ਦੁਸ਼ਮਣ ਸੋਵੀਅਤ ਸੰਘ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ।
ਦਸਤਾਵੇਜ਼,ਪੱਤਰਕਾਰਾਂ ਦੀ ਜਾਂਚ ਪੜਤਾਲ ਅਤੇ ਉਸ ਦੌਰ ਨਾਲ ਜੁੜੇ ਲੋਕਾਂ ਦੇ ਬਿਆਨਾਂ ਅਤੇ ਇੰਟਰਵਿਊ ਨੂੰ ਦੇਖਕੇ ਇਹ ਗੱਲ ਸਾਹਮਣੇ ਆਈ ਹੈ।
ਅਮਰੀਕਾ ਸੋਵੀਅਤ ਸੰਘ ਨੂੰ ਅਜਿਹੀ ਦਲਦਲ ਵਿੱਚ ਫਸਾਉਣਾ ਚਾਹੁੰਦਾ ਸੀ ਜਿੱਥੇ ਉਸ ਦੀ ਜਾਨ ਅਤੇ ਮਾਲ ਦਾ ਉਸੇ ਤਰ੍ਹਾਂ ਨੁਕਸਾਨ ਹੋਵੇ, ਜੋ ਅਮਰੀਕਾ ਨੇ ਵੀਅਤਨਾਮ ਵਿੱਚ ਝੱਲਿਆ ਸੀ।
ਇਹ ਵੀ ਪੜ੍ਹੋ-
ਇਹ ਅਮਰੀਕਾ ਦਾ 'ਆਪ੍ਰੇਸ਼ਨ ਸਾਈਕਲੋਨ' ਸੀ ਅਤੇ ਉਸ ਸਮੇਂ ਦੇ ਮੀਡੀਆ ਨੇ ਇਸ ਨੂੰ ਅਮਰੀਕੀ ਇੰਟੈਲੀਜੈਂਸ ਏਜੰਸੀ 'ਸੀਆਈਏ' ਦੇ ਇਤਿਹਾਸ ਦਾ ਸਭ ਤੋਂ ਵੱਡਾ ਖੁਫ਼ੀਆ ਅਭਿਆਨ ਕਰਾਰ ਦਿੱਤਾ ਸੀ।
ਸੋਵੀਅਤ ਸੰਘ ਦੇ ਫੌਜੀਆਂ ਦੀ ਵਾਪਸੀ ਸ਼ੁਰੂ ਹੋਣ ਤੋਂ ਕੇਵਲ ਅੱਠ ਸਾਲ ਬਾਅਦ 1996 ਵਿੱਚ ਤਾਲਿਬਾਨ ਨੇ ਕਾਬੁਲ ਉਪਰ ਕਬਜ਼ਾ ਕਰ ਲਿਆ ਸੀ ਅਤੇ ਅਫ਼ਗਾਨਿਸਤਾਨ ਉੱਪਰ ਇੱਕ ਇਸਲਾਮੀ ਕੱਟੜਪੰਥੀ ਨਿਜ਼ਾਮ ਥੋਪ ਦਿੱਤਾ ਸੀ।
ਹੁਣ ਇਹ ਸਵਾਲ ਉੱਠਦਾ ਹੈ ਕਿ ਇਸ ਜਿੱਤ ਵਿੱਚ ਅਮਰੀਕਾ ਦੀ ਕੀ ਕੋਈ ਭੂਮਿਕਾ ਸੀ?
ਇਹ ਸਭ ਕਿਵੇਂ ਸ਼ੁਰੂ ਹੋਇਆ?
ਸਾਲ 1979 ਦੀ ਗੱਲ ਹੈ।ਸੋਵੀਅਤ ਸੰਘ ਦੇ ਤੀਹ ਹਜ਼ਾਰ ਤੋਂ ਵੱਧ ਫੌਜੀ ਲੜਾਕੂ ਮਹਿਮਾਨਾਂ ਅਤੇ ਟੈਂਕਾਂ ਸਮੇਤ ਅਫ਼ਗਾਨਿਸਤਾਨ ਵੱਲ ਕੂਚ ਕਰ ਗਏ। ਉਹ ਅਫ਼ਗਾਨਿਸਤਾਨ ਦੀ ਕ੍ਰਾਂਤੀਕਾਰੀ ਸਰਕਾਰ ਦੀ ਸਹਾਇਤਾ ਕਰਨ ਲਈ ਅੱਗੇ ਵਧ ਰਹੇ ਸਨ।
ਇੱਕ ਸਾਲ ਪਹਿਲਾਂ ਕਥਿਤ ਤੌਰ 'ਤੇ 'ਸੌਰ ਕ੍ਰਾਂਤੀ' ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਸਰਕਾਰ ਦਾ ਗਠਨ ਹੋਇਆ ਸੀ।ਉਹ ਸਰਕਾਰ ਨੂੰ ਇਸਲਾਮੀ ਮਿਲਸ਼ੀਆ ਗੁੱਟਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਇਹ ਲੋਕ ਆਪਣੇ ਆਪ ਨੂੰ ਮੁਜਾਹਿਦੀਨ ਆਖਦੇ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਇਸਲਾਮੀ ਰਵਾਇਤ ਦੇ ਹਿਸਾਬ ਨਾਲ ਇਹ ਜਿਹਾਦ ਹੈ।
ਸੋਵੀਅਤ ਸੰਘ ਅਫ਼ਗਾਨਿਸਤਾਨ ਵਿੱਚ ਸਰਕਾਰ ਨੂੰ ਬਣਾਏ ਰੱਖਣਾ ਚਾਹੁੰਦਾ ਸੀ ਪਰ ਰਾਸ਼ਟਰਪਤੀ ਬਾਬਰਕ ਕਮਾਲ ਦੀ ਹਕੂਮਤ ਦੇ ਖ਼ਿਲਾਫ਼ ਮੁਜਾਹਿਦੀਨ ਦੀ ਬਗਾਵਤ ਤੇਜ਼ ਹੁੰਦੀ ਜਾ ਰਹੀ ਸੀ।
ਸਟੈਨਫੋਰਡ ਯੂਨੀਵਰਸਿਟੀ ਵਿੱਚ ਅਫ਼ਗਾਨ ਇਤਿਹਾਸ ਦੇ ਮਾਹਿਰ ਰੌਬਰਟ ਕਰੂਜ਼ ਆਖਦੇ ਹਨ ਕਿ ਅਮਰੀਕਾ ਇਸ ਨਾਲ ਅਚੰਭੇ ਵਿਚ ਪੈ ਗਿਆ ਸੀ ਜਦੋਂ ਕਿ ਉਹ 50 ਦੇ ਦਹਾਕੇ ਤੋਂ ਹੀ ਅਫ਼ਗ਼ਾਨਿਸਤਾਨ ਵਿੱਚ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਵਿਕਾਸ ਯੋਜਨਾਵਾਂ ਵਿੱਚ ਕੰਮ ਕਰਨ ਲਈ ਸੋਵੀਅਤ ਸੰਘ ਨਾਲ ਮੁਕਾਬਲੇ ਵਿੱਚ ਰਿਹਾ।
ਇਨ੍ਹਾਂ ਹਾਲਾਤਾਂ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਹੋਰ ਸਲਾਹਕਾਰਾਂ ਨੇ ਅਫ਼ਗ਼ਾਨਿਸਤਾਨ ਵਿੱਚ ਖੁਫੀਆ ਅਭਿਆਨ ਸ਼ੁਰੂ ਕਰਨ ਦੀ ਸਲਾਹ ਦਿੱਤੀ। ਇਸ ਦੇ ਤਹਿਤ ਉੱਥੇ ਚੱਲ ਰਹੀ ਬਗਾਵਤ ਲਈ ਹਥਿਆਰਾਂ ਦੀ ਸਹਾਇਤਾ ਪਹੁੰਚਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ।
ਇਸ ਦੇ ਨਾਲ ਹੀ ਸ਼ੀਤ ਯੁੱਧ ਦੇ ਸੰਘਰਸ਼ ਦਾ ਇੱਕ ਹੋਰ ਸਫ਼ਾ ਸ਼ੁਰੂ ਹੋਇਆ।ਅਮਰੀਕਾ ਅਤੇ ਸੋਵੀਅਤ ਸੰਘ ਦੁਨੀਆਂ ਉੱਤੇ ਆਪਣਾ ਦਬਦਬਾ ਕਾਇਮ ਕਰਨ ਲਈ ਇੱਕ ਦੂਜੇ ਦਾ ਮੁਕਾਬਲਾ ਕਰ ਰਹੇ ਸਨ ਪਰ ਲੜਾਈ ਦੇ ਮੈਦਾਨ ਵਿੱਚ ਆਹਮਣਾ ਸਾਹਮਣਾ ਨਹੀਂ ਹੁੰਦਾ ਸੀ।
ਪਰ ਉਹ ਤੀਸਰੀ ਦੁਨੀਆਂ ਦੇ ਦੇਸ਼ਾਂ ਚ ਚੱਲ ਰਹੇ ਜੰਗੀ ਮੋਰਚਿਆਂ ਵਿੱਚ ਇੱਕ ਦੂਜੇ ਦੇ ਵਿਰੋਧੀਆਂ ਨੂੰ ਸਹਾਇਤਾ ਪਹੁੰਚਾਉਂਦੇ ਰਹਿੰਦੇ ਸਨ।
ਬੀਬੀਸੀ ਨੇ ਜਿਹਾਦੀ ਮਿਲੀਸ਼ੀਆ ਦੇ ਮਾਹਿਰ ਮੁਰਾਦ ਸ਼ਿਸ਼ਨੀ ਨਾਲ ਗੱਲ ਕੀਤੀ। ਉਹ ਆਖਦੇ ਹਨ,"ਅਫ਼ਗ਼ਾਨਿਸਤਾਨ ਵਿੱਚ ਆਪਣੇ ਸੋਵੀਅਤ ਦੁਸ਼ਮਣਾਂ ਨੂੰ ਮਾਤ ਦੇਣ ਲਈ ਅਮਰੀਕਾ ਨੇ ਜਹਾਦੀਆਂ ਨੂੰ ਸਹਾਇਤਾ ਪਹੁੰਚਾਈ ਸੀ।"
'ਆਪ੍ਰੇਸ਼ਨ ਸਾਈਕਲੋਨ' ਨੂੰ ਕਿਵੇਂ ਅੰਜਾਮ ਦਿੱਤਾ ਗਿਆ
ਸ਼ੁਰੂਆਤ ਵਿੱਚ ਆਪ੍ਰੇਸ਼ਨ ਸਾਈਕਲੋਨ ਦੇ ਤਹਿਤ ਵਿਦਰੋਹੀਆਂ ਨੂੰ ਕੇਵਲ ਸੋਵੀਅਤ ਦੌਰ ਦੇ ਪੁਰਾਣੇ ਹਥਿਆਰ ਮੁਹੱਈਆ ਕਰਵਾਏ ਗਏ। ਜਿਵੇਂ ਏਕੇ -47 ਰਾਈਫਲਾਂ ਅਤੇ ਵੱਖ ਵੱਖ ਅਰਬ ਦੇਸ਼ਾਂ ਦੇ ਰਾਹੀਂ ਆਰਥਿਕ ਸਹਾਰਾ।
ਰਾਬਰਟ ਕਰੂਜ਼ ਆਖਦੇ ਹਨ ਕਿ ਸਾਊਦੀ ਅਰਬ ਇਸ ਵਿੱਚ ਸਭ ਤੋਂ ਜ਼ਿਆਦਾ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਸੀ। ਮਿਸਰ ਦੇ ਅਨਵਰ ਅਲ ਸਦਾਤ ਅਤੇ ਹੋਰ ਨੇਤਾਵਾਂ ਨੇ ਵੀ ਮੁਜਾਹਿਦੀਨਾਂ ਨੂੰ ਸਹਾਇਤਾ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਸੀ।
ਇਸ ਯੋਜਨਾ ਵਿੱਚ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਵੀ ਸ਼ਾਮਿਲ ਕਰਨ ਦੀ ਲੋੜ ਸੀ।ਏਜੰਸੀਆਂ ਹੀ ਜ਼ਿਆਦਾਤਰ ਜਿਹਾਦੀ ਗੁੱਟ ਆਪਰੇਟ ਕਰਦੀਆਂ ਸਨ।ਅਮਰੀਕੀ ਕਾਂਗਰਸ ਦੇ ਮੈਂਬਰ ਰਹੇ ਹਬ ਆਰਰੀਜ਼ ਨੇ ਸਾਲ 1988 ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੇ ਟੈਨੈਸੀ ਤੋਂ ਕੈਂਨਟੁਕੀ ਦੇ ਮਿਲਟਰੀ ਬੇਸ 'ਤੇ 700 ਖੱਚਰ ਭੇਜੇ ਸਨ ਜਿਨ੍ਹਾਂ ਨੂੰ ਪਾਕਿਸਤਾਨ ਭੇਜਿਆ ਜਾਣਾ ਸੀ।
ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਆਉਣ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੀ ਮੌਜੂਦਗੀ ਸਪੱਸ਼ਟ ਅਤੇ ਸਾਰਵਜਨਿਕ ਹੋਣ ਲੱਗੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਅਮਰੀਕਾ ਵਿੱਚ ਲਗਾਤਾਰ ਤਾਕਤਵਰ ਹੋ ਰਹੀ ਇਕ ਲੌਬੀ ਮੁਜ਼ਾਹਦੀਨਾਂ ਦੀ ਸਹਾਇਤਾ ਨੂੰ ਤੇਜ਼ ਕਰਨ ਦੀ ਪੈਰਵਾਈ ਕਰ ਰਹੀ ਸੀ। ਇਸ ਲੌਬੀ ਦੇ ਨੇਤਾਵਾਂ ਦਾ ਕਹਿਣਾ ਸੀ ਕਿ ਸੋਵੀਅਤ ਸੰਘ ਨੂੰ ਰੋਕਣ ਲਈ ਕੇਵਲ ਹਥਿਆਰ ਮੁਹੱਈਆ ਕਰਵਾਉਣ ਨਾਲ ਕੰਮ ਨਹੀਂ ਚੱਲੇਗਾ।
ਸਾਲ 1984 ਵਿੱਚ ਅਮਰੀਕੀ ਕਾਂਗਰਸ ਨੇ ਅਫ਼ਗਾਨਿਸਤਾਨ ਬਾਰੇ ਇਕ ਪ੍ਰਸਤਾਵ ਪਾਸ ਕੀਤਾ। ਇਸ ਵਿੱਚ ਆਖਿਆ ਗਿਆ,"ਅਫ਼ਗ਼ਾਨਿਸਤਾਨ ਦੀ ਆਜ਼ਾਦੀ ਦੀ ਜੰਗ ਵਿੱਚ ਸਿਪਾਹੀਆਂ ਨੂੰ ਸਿਰਫ਼ ਲੜਨ ਅਤੇ ਮਰਨ ਲਈ ਸਹਾਇਤਾ ਮੁਹੱਈਆ ਕਰਵਾਉਣ ਨਾਲ ਆਜ਼ਾਦੀ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ।"
ਰੋਨਾਲਡ ਰੀਗਨ ਇਸ ਹੱਦ ਤਕ ਅੱਗੇ ਵਧ ਗਏ ਸਨ ਕਿ ਉਨ੍ਹਾਂ ਨੇ ਔਵਲ ਸਥਿਤ ਦਫ਼ਤਰ ਵਿੱਚ ਮੁਜਾਹਿਦੀਨ ਨੇਤਾਵਾਂ ਦੇ ਇੱਕ ਵਫ਼ਦ ਦੀ ਮੇਜ਼ਬਾਨੀ ਵੀ ਕੀਤੀ।
ਸਾਲ 1986 ਵਿੱਚ ਆਪਣੇ 'ਸਟੇਟ ਆਫ ਦੀ ਯੂਨੀਅਨ' ਭਾਸ਼ਣ ਵਿੱਚ ਅਫ਼ਗਾਨ ਲੜਾਕਿਆਂ ਨੂੰ ਸੰਦੇਸ਼ ਦਿੰਦੇ ਹੋਏ ਆਖਿਆ,"ਜੰਗ-ਏ- ਆਜ਼ਾਦੀ ਦੇ ਸਿਪਾਹੀਓ! ਤੁਸੀਂ ਇਕੱਲੇ ਨਹੀਂ ਹੋ। ਅਮਰੀਕਾ ਤੁਹਾਡਾ ਸਾਥ ਦੇਵੇਗਾ।"
ਪਰ ਰਾਸ਼ਟਰਪਤੀ ਰੀਗਨ ਨੇ ਕੁਝ ਅਜਿਹਾ ਕੀਤਾ ਜੋ ਉਨ੍ਹਾਂ ਦੇ ਇਸ ਬਿਆਨ ਤੋਂ ਕਿਤੇ ਵੱਧ ਮਹੱਤਵਪੂਰਨ ਸੀ। ਉਨ੍ਹਾਂ ਨੇ ਅਫ਼ਗਾਨ ਗੁਰੀਲਾ ਲੜਾਕਿਆਂ ਨੂੰ ਸਟਿੰਗਰ ਮਿਜ਼ਾਈਲ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਆਉਣ ਵਾਲੇ ਸਮੇਂ ਵਿੱਚ ਮਹੱਤਵਪੂਰਨ ਸਾਬਿਤ ਹੋਣ ਵਾਲਾ ਸੀ।
ਇਸ ਸਹਾਇਤਾ ਦੇ ਕਾਰਨ ਅਫ਼ਗ਼ਾਨਿਸਤਾਨ ਦੀਆਂ ਪਹਾੜੀਆਂ ਵਿੱਚ ਲੁਕੇ ਮੁਜਾਹਿਦੀਨ ਸੋਵੀਅਤ ਸੰਘ ਦੇ ਹੈਲੀਕਾਪਟਰਾਂ ਨੂੰ ਸੁੱਟਣ ਲੱਗੇ ਅਤੇ ਜ਼ਮੀਨ ਉੱਪਰ ਸਮੀਕਰਨ ਤੇਜ਼ੀ ਨਾਲ ਬਦਲਣ ਲੱਗੇ।
ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਅਮਰੀਕਾ ਦੀਆਂ ਗਤੀਵਿਧੀਆਂ ਦੇ ਵੱਡੇ ਪੈਰੋਕਾਰਾਂ ਵਿੱਚੋਂ ਇੱਕ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਚਾਰਲਸ ਵਿਲੀਅਮ ਨੇ ਐਲਾਨ ਕੀਤਾ,"ਕਾਂਗਰਸ ਦੇ ਮੈਂਬਰ ਸਟਿੰਗਰ ਮਿਜ਼ਾਈਲਾਂ ਦੀ ਸਫ਼ਲਤਾ ਨਾਲ ਹੈਰਾਨ ਹੈ।"
ਅਫ਼ਗ਼ਾਨਿਸਤਾਨ ਵਿੱਚ ਫ਼ੌਜ ਭੇਜਣ ਦੇ ਫ਼ੈਸਲੇ ਤੋਂ 9 ਸਾਲ ਬਾਅਦ 1988 ਵਿੱਚ ਸੋਵੀਅਤ ਸੰਘ ਦੇ ਨੇਤਾ ਮਿਖਾਈਲ ਗੋਰਬਾਚੋਵ ਨੇ ਫੌਜ ਵਾਪਸ ਬੁਲਾਉਣ ਦੇ ਹੁਕਮ ਦਿੱਤੇ।
ਅਫ਼ਗਾਨ ਹਕੂਮਤ ਅਤੇ ਕਈ ਧੜਿਆਂ ਵਿਚ ਜਾਰੀ ਗ੍ਰਹਿ ਯੁੱਧ ਦੀ ਦਲਦਲ ਵਿੱਚ ਸੋਵੀਅਤ ਸੰਘ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਿਹਾ ਸੀ।ਉਸ ਦੀ ਸਹਾਇਤਾ ਤੋਂ ਬਿਨਾਂ ਅਫ਼ਗਾਨ ਹਕੂਮਤ ਜ਼ਿਆਦਾ ਦੇਰ ਟਿਕਣ ਵਾਲੀ ਨਹੀਂ ਸੀ।
ਕੀ ਤਾਲਿਬਾਨ ਨੂੰ ਅਮਰੀਕੀ ਸਹਾਇਤਾ ਨਾਲ ਫ਼ਾਇਦਾ ਹੋਇਆ?
ਮੁਰਾਦ ਆਖਦੇ ਹਨ," ਇੱਕ ਕਾਂਸਪੀਰੇਸੀ ਥਿਊਰੀ ਹੈ ਕਿ ਅਮਰੀਕਾ ਨੇ ਤਾਲਿਬਾਨ ਦੀ ਮੁਹਿੰਮ ਦਾ ਸਮਰਥਨ ਕੀਤਾ ਸੀ ਤਾਂ ਕਿ ਹਾਲਾਤ ਦਾ ਫ਼ਾਇਦਾ ਚੁੱਕਿਆ ਜਾ ਸਕੇ ਪਰ ਇਹ ਅਸਲੀਅਤ ਨਹੀਂ ਹੈ।"
ਸੱਚ ਇਹ ਹੈ ਕਿ ਸਾਲ 1994 ਤੱਕ ਅਫ਼ਗਾਨਿਸਤਾਨ ਦੇ ਦੱਖਣੀ ਸ਼ਹਿਰ ਕੰਧਾਰ ਵਿੱਚ ਤਾਲਿਬਾਨ ਦਾ ਨਾਮ ਵੀ ਬਹੁਤ ਘੱਟ ਲੋਕ ਜਾਣਦੇ ਸਨ। ਇਉਂ ਲੋਕ ਸਾਂਝ ਮਦਰੱਸਿਆਂ ਵਿੱਚ ਰਹੇ ਸਨ।ਇਹ ਪਖ਼ਤੂਨ ਮੂਲ ਦੇ ਨੌਜਵਾਨ ਸਨ ਜੋ ਆਪਣੇ ਆਪ ਨੂੰ ਤਾਲਿਬਾਨ(ਵਿਦਿਆਰਥੀ) ਲੜਾਕੇ ਆਖਦੇ ਸਨ। ਹੌਲੀ ਹੌਲੀ ਕੰਧਾਰ ਵਿੱਚ ਇਨ੍ਹਾਂ ਦੀ ਲੋਕਪ੍ਰਿਯਤਾ ਵਧਣ ਲੱਗੀ।
ਮੁਰਾਦ ਅੱਗੇ ਦੱਸਦੇ ਹਨ,"ਤਾਲਿਬਾਨ ਦੀ ਸ਼ੁਰੂਆਤ ਤਕ ਸੋਵੀਅਤ ਸੰਘ ਦਾ ਪਤਨ ਹੋ ਚੁੱਕਿਆ ਸੀ।ਇਹ ਵੀ ਸੱਚ ਹੈ ਕਿ ਤਾਲਿਬਾਨ ਦੀ ਸਥਾਪਨਾ ਵਿੱਚ ਸੋਵੀਅਤ ਸ਼ਾਮਿਲ ਕੁਝ ਲੀਡਰ ਉਨ੍ਹਾਂ ਲੀਡਰਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਸੋਵੀਅਤ ਸੰਘ ਦੇ ਖਿਲਾਫ ਲੜਾਈ ਦੇ ਸਮੇਂ ਅਮਰੀਕੀ ਸਹਾਇਤਾ ਮਿਲੀ ਸੀ।"
ਮੁਰਾਦ ਅੱਗੇ ਆਖਦੇ ਹਨ,"ਅਮਰੀਕਾ ਨੇ ਚਾਹੇ ਅਫਗਾਨਿਸਤਾਨ ਨੂੰ ਹਥਿਆਰ ਮੁਹੱਈਆ ਕਰਵਾਏ ਹੋਣ ਪਰ ਸੱਚਾਈ ਇਹ ਹੈ ਕਿ ਅਜਿਹਾ ਹੋਰ ਦੇਸ਼ਾਂ ਨੇ ਵੀ ਕੀਤਾ ਸੀ।"
ਰਾਬਰਟ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਨੇਤਾ ਅਮਰੀਕੀ ਸਹਾਇਤਾ ਪਾਉਣ ਵਾਲੇ ਲੋਕਾਂ ਵਿੱਚ ਸ਼ਾਮਲ ਨਹੀਂ ਸਨ। ਤਾਲਿਬਾਨ ਦੇ ਕਾਮਯਾਬੀ ਇਸ ਗੱਲ ਵਿੱਚ ਸੀ ਜਿਨ੍ਹਾਂ ਨੇ ਇਸਲਾਮ ਦੀ ਸਿੱਖਿਆ ਮੁਤਾਬਕ ਨਿਜ਼ਾਮ ਦੇਣ ਦਾ ਵਾਅਦਾ ਕੀਤਾ ਸੀ।"
ਉਹ ਆਖਦੇ ਹਨ," ਸੋਵੀਅਤ ਸੰਘ ਦੇ ਖ਼ਿਲਾਫ਼ ਜਿੱਤ ਅਤੇ ਅਮਰੀਕੀ ਮਦਦ ਨੇ ਉਨ੍ਹਾਂ ਨੂੰ ਜੇਹਾਦ ਖ਼ਿਲਾਫ਼ ਫਖ਼ਰ ਕਰਨ ਦੀ ਸਥਿਤੀ ਵਿਚ ਲਿਆ ਦਿੱਤਾ ਸੀ ਅਤੇ ਤਾਲਿਬਾਨ ਨੂੰ ਇਸ ਮਾਹੌਲ ਦਾ ਫਾਇਦਾ ਮਿਲਿਆ।"
ਅਮਰੀਕਾ ਨੂੰ ਕੀ ਹਾਸਲ ਹੋਇਆ?
ਅਫ਼ਗ਼ਾਨਿਸਤਾਨ ਵਿਚੋਂ ਸੋਵੀਅਤ ਸੰਘ ਦੀ ਵਾਪਸੀ ਦੇ ਨਾਲ ਹੀ ਉਸ ਦੇ ਪਤਨ ਦੀ ਕਹਾਣੀ ਸ਼ੁਰੂ ਹੋ ਗਈ ਸੀ।
90 ਦੇ ਦਹਾਕੇ ਵਿੱਚ ਅਮਰੀਕਾ ਨੂੰ ਇਹ ਅਹਿਸਾਸ ਹੋਇਆ ਕਿ ਦੁਨੀਆ ਵਿੱਚ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਹੈ। ਇਹ ਉਸ ਵੇਲੇ ਦੀ ਤਸਵੀਰ ਹੈ ਜਦੋਂ ਚੀਨ ਦੀ ਚੁਣੌਤੀ ਸਾਹਮਣੇ ਨਹੀਂ ਆਈ ਸੀ।
ਰੌਬਰਟ ਦੱਸਦੇ ਹਨ,"ਅਫ਼ਗ਼ਾਨਿਸਤਾਨ ਦੇ ਘਰੇਲੂ ਯੁੱਧ ਦੇ ਦੌਰਾਨ ਅਮਰੀਕਾ ਨੇ ਜਿਨ੍ਹਾਂ ਮੁਜਾਹਿਦੀਨ ਗੁੱਟਾਂ ਨੂੰ ਸਮਰਥਨ ਦਿੱਤਾ ਸੀ,ਉਨ੍ਹਾਂ ਦੁਆਰਾ ਮਾਨਵੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਚੁੱਪ ਰਹਿਣ ਦਾ ਵਿਕਲਪ ਚੁਣਿਆ।"
ਰੌਬਰਟ ਅਨੁਸਾਰ ਅਮਰੀਕੀ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕੇਵਲ ਆਪਣੀ ਕਾਮਯਾਬੀ ਦੇ ਪੈਮਾਨੇ ਉੱਪਰ ਤੋਲਦਾ ਹੈ।
ਜਿਨ੍ਹਾਂ ਲੋਕਾਂ ਨੇ ਆਪ੍ਰੇਸ਼ਨ ਸਾਈਕਲੋਨ ਦਾ ਸਮਰਥਨ ਕੀਤਾ ਸੀ ਉਨ੍ਹਾਂ ਨੂੰ ਇਸ ਦਾ ਕਦੇ ਵੀ ਅਫਸੋਸ ਨਹੀਂ ਰਿਹਾ। ਰਾਸ਼ਟਰਪਤੀ ਜਿਮੀ ਕਾਰਟਰ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਜ਼ਬਿਗਨਿਊ ਬ੍ਰਿਜ਼ਜ਼ਿੰਸਕੀ ਨੇ ਇਕ ਫ੍ਰੈਂਚ ਪੱਤਰਿਕਾ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਸਪਸ਼ਟ ਆਖਿਆ ਸੀ,"ਦੁਨੀਆਂ ਦੇ ਇਤਿਹਾਸ ਚ ਕਿਹੜੀ ਗੱਲ ਜ਼ਿਆਦਾ ਮਾਇਨੇ ਰੱਖਦੀ ਹੈ?ਤਾਲਿਬਾਨ ਜਾਂ ਸੋਵੀਅਤ ਸੰਘ ਦਾ ਪਤਨ?"
ਇਹ ਵੀ ਪੜ੍ਹੋ-