ਸਿੰਘੂ ਤੇ ਟਿਕਰੀ ਬਾਰਡਰ ’ਤੇ ਹਰਿਆਣਾ ਦਾ ਕੋਈ ਕਿਸਾਨ ਨਹੀਂ ਬੈਠਾ, ਸਾਰੇ ਪੰਜਾਬ ਤੋਂ ਹਨ - ਮਨੋਹਰ ਲਾਲ ਖੱਟਰ

    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਪੰਜਾਬੀ ਲਈ

ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ਦੀ ਮਹਾਂਪੰਚਾਇਤ ਹੋਈ। ਇਸ ਪੰਚਾਇਤ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ਹਨ।

ਕਿਸਾਨਾਂ ਨੇ ਮਹਾਪੰਚਾਇਤ ਜ਼ਰੀਏ ਮੰਗ ਕੀਤੀ ਹੈ ਕਿ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਫ਼ਸਰਾਂ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ। ਲਾਠੀਚਾਰਜ ਦੌਰਾਨ ਜਿਸ ਕਿਸਾਨ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਵਾਲਿਆਂ ਨੂੰ 25 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਸ ਦੇ ਨਾਲ ਹੀ ਜ਼ਖ਼ਮੀ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ।

ਕਿਸਾਨਾਂ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ 6 ਸਿਤੰਬਰ ਤੱਕ ਨਹੀਂ ਮੰਨੀਆਂ ਗਈਆਂ ਤਾਂ ਉਹ 7 ਸਿਤੰਬਰ ਨੂੰ ਕਰਨਾਲ ਦੀ ਅਨਾਜ ਮੰਡੀ ਵਿੱਚ ਵੱਡੀ ਮਹਾਪੰਚਾਇਤ ਕਰਨਗੇ ਤੇ ਅਨਿਸ਼ਚਿਤ ਵਕਤ ਲਈ ਸਕੱਤਰੇਤ ਦਾ ਘਿਰਾਓ ਕਰਨਗੇ।

ਸ਼ਨੀਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਧਾਨ ਸਭਾ ਖੇਤਰ ਵਿੱਚ ਇੱਕ ਸਮਾਗਮ ਲਈ ਆਉਣਾ ਸੀ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਵਿਰੋਧ ਪ੍ਰਦਰਸ਼ਨ ਦੌਰਾਨ ਤੈਨਾਤ ਪੁਲਿਸ ਬਲ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਜਿਸ ਨਾਲ ਕਈ ਕਿਸਾਨ ਫੱਟੜ ਹੋ ਗਏ ਅਤੇ ਕਈਆਂ ਨੂੰ ਹਸਪਤਾਲ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ-

ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਉਹ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹਨ।

ਚਢੂਨੀ ਨੇ ਕੀ ਕਿਹਾ

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ, “ਕਿਸਾਨਾਂ ਦੀਆਂ ਜੋ ਮੰਗਾਂ ਹਨ, ਭਾਵੇਂ ਉਹ ਹਰਿਆਣਾ ਦਾ ਹੈ, ਭਾਵੇਂ ਪੰਜਾਬ ਦਾ ਹੈ, ਭਾਵੇਂ ਉੱਤਰ ਪ੍ਰਦੇਸ਼ ਦਾ ਹੈ, ਸਾਰਿਆਂ ਦੀਆਂ ਇੱਕੋ-ਜਿਹੀਆਂ ਹਨ। ਇਸ ਦਾ ਕਿਸੇ ਉੱਤੇ ਇਲਜ਼ਾਮ ਲਗਾ ਦੇਣਾ ਕਿ ਇਹ ਉਹ ਕਰਵਾ ਰਹੇ ਹਨ, ਅਜਿਹਾ ਬਿਲਕੁਲ ਨਹੀਂ ਹੈ।"

"ਕਿਸਾਨ 9 ਮਹੀਨਿਆਂ ਤੋਂ ਆਪਣੀ ਮੰਗਾਂ ਲੈ ਕੇ ਸੜਕਾਂ 'ਤੇ ਬੈਠਾ ਹੋਇਆ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹਰਿਆਣਾ ਦੇ ਸਾਰੇ ਸੰਗਠਨ ਹੋ ਕੇ ਆਪਣੀ ਵੱਖਰੀ ਮੀਟਿੰਗ ਕਰਾਂਗੇ ਅਤੇ ਸੰਯੁਕਤ ਮੋਰਚੇ ਸਾਹਮਣੇ ਆਪਣੀ ਗੱਲ ਰੱਖਾਂਗੇ ਤਾਂ ਜੋ ਸੰਯੁਕਤ ਮੋਰਚਾ ਅਗਲਾ ਕੋਈ ਸਖ਼ਤ ਫ਼ੈਸਲਾ ਲੈ ਸਕੇ।

ਉਨ੍ਹਾ ਨੇ ਕਿਹਾ, "ਪੂਰੇ ਹਰਿਆਣਾ ਦੇ ਕਿਸਾਨਾਂ ਦੀ ਮੰਗ ਹੈ ਕਿ ਹੁਣ ਅਸੀਂ ਵਾਰ-ਵਾਰ ਨਹੀਂ ਕੁੱਟ ਖਾਵਾਂਗੇ ਹੁਣ ਸਖ਼ਤ ਫ਼ੈਸਲਾ ਲਿਆ ਜਾਵੇ।"

ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਹਰਿਆਣੇ ਦੇ ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਅੱਗੇ ਆਪਣੀ ਗੱਲ ਰੱਖਣਗੇ ਅਤੇ ਉਥੋਂ ਦੋ ਜਵਾਬ ਮਿਲੇਗਾ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਬਾਰੇ ਵਿਚਾਰ ਕਰਨਗੇ।

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕਾਰਵਾਈ ਨੂੰ ਸਹੀ ਠਹਿਰਾਈ ਜਾਣ ਵਾਲੀ ਗੱਲ 'ਤੇ ਉਨ੍ਹਾਂ ਕਿਹਾ, "ਕਾਰਵਾਈ ਸਹੀ ਨਹੀਂ ਸੀ, ਇਸ ਬਾਰੇ ਉਨ੍ਹਾਂ ਨੂੰ ਜਾਂ ਤਾਂ ਗਿਆਨ ਨਹੀਂ ਹੈ ਜਾਂ ਉਹ ਟਾਲਣਾ ਚਾਹੁੰਦੇ ਹਨ, ਸਾਡੇ ਦੇਸ਼ ਦਾ ਕੋਈ ਵੀ ਕਾਨੂੰਨ ਕਿਸੇ ਦੇ ਸਿਰ 'ਤੇ ਡੰਡਾ ਮਾਰਨ ਦਾ ਆਦੇਸ਼ ਨਹੀਂ ਦਿੰਦਾ।"

"ਸਿਰ 'ਤੇ ਡੰਡੇ ਦਾ ਵੱਜੇ ਹਨ ਅਤੇ ਆਦੇਸ਼ ਦੇਣ ਨਾਲ ਹੀ ਤਾਂ ਵੱਜੇ ਹਨ। ਵੱਜੇ ਹਨ ਤਾਂ ਇਸ ਦਾ ਮੈਡੀਕਲ ਹੈ, ਡੰਡੇ ਤਾਂ ਲੱਤਾਂ ਤੋਂ ਥੱਲੇ ਮਾਰਨ ਦਾ ਕਾਨੂੰਨ ਹੈ। ਇਸ ਤਰ੍ਹਾਂ ਉਹ ਕਾਰਵਾਈ ਨੂੰ ਕਿਵੇਂ ਠੀਕ ਦੱਸ ਸਕਦੇ ਹਨ।"

ਉਨ੍ਹਾਂ ਨੇ ਆਗਮੀ ਰੂਪਰੇਖਾ ਬਾਰੇ ਦੱਸਦਿਆਂ ਕਿਹਾ, "6 ਤਰੀਕ ਤੱਕ ਤਾਂ ਸਰਕਾਰ ਨੂੰ ਚਿਤਾਵਨੀ ਹੈ, ਦੋਸ਼ੀ ਅਧਿਕਾਰੀਆਂ 'ਤੇ ਪਰਜ਼ੇ ਦਰਜ ਕਰਨ ਦੀ ਜਖ਼ਮੀ ਕਿਸਾਨਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦੀ, ਗੱਡੀਆਂ ਟੁੱਟਣ ਦਾ ਮੁਆਵਜ਼ਾ ਦੇਣ ਦੀ, ਜਿਸ ਕਿਸਾਨ ਦੀ ਮੌਤ ਹੋ ਗਈ ਉਸ ਨੂੰ 25 ਲੱਖ ਰੁਪਏ ਦੇਣ ਦੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ, ਜੇਕਰ ਸਰਕਾਰ 6 ਤਰੀਕ ਤੱਕ ਇਹ ਮੰਗਾਂ ਨਹੀਂ ਮੰਨਦੀ ਹੈ ਤਾਂ 7 ਤਰੀਕ ਨੂੰ ਮਹਾਪੰਚਾਇਤ ਕਰਨ ਤੋਂ ਬਾਅਦ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।"

ਇਸ ਦੌਰਾਨ ਉਨ੍ਹਾਂ ਨੇ ਕੱਲ੍ਹ ਉੱਪ ਮੁੱਖ ਮੰਤਰੀ ਕਰਨਾਲ ਆ ਰਹੇ ਹਨ, ਉਨ੍ਹਾਂ ਦੀ ਵੀ ਘਿਰਾਓ ਕੀਤਾ ਜਾਵੇਗਾ।

ਸਿੰਘੂ ਅਤੇ ਟਿਕਰੀ 'ਤੇ ਹਰਿਆਣਾ ਦੇ ਕਿਸਾਨ ਨਹੀਂ ਬੈਠੇ ਹਨ˸ ਖੱਟਰ

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ, "ਉਹ (ਕੈਪਟਨ ਅਮਰਿੰਦਰ ਸਿੰਘ) ਕੌਣ ਹੁੰਦੇ ਹਨ ਮੇਰਾ ਅਸਤੀਫ਼ਾ ਮੰਗਣ ਵਾਲੇ, ਉਨ੍ਹਾਂ ਆਪ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਉਹੀ ਹਨ।"

"ਦਿੱਲੀ ਬਾਰਡਰਾਂ 'ਤੇ ਧਰਨੇ 'ਤੇ ਬੈਠੇ ਕਿਸਾਨ ਪੰਜਾਬ ਤੋਂ ਹਨ। ਸਿੰਘੂ ਅਤੇ ਟੀਕਰੀ 'ਤੇ ਹਰਿਆਣਾ ਦੇ ਕਿਸਾਨ ਨਹੀਂ ਬੈਠੇ ਹਨ।"

ਜਿਨ੍ਹਾਂ 'ਤੇ ਲਾਠੀਚਾਰਜ਼ ਹੋਇਆ ਪੰਜਾਬ ਦੇ ਨਹੀਂ ਹਰਿਆਣਾ ਦੇ ਕਿਸਾਨ ਸਨ˸ ਕੈਪਟਨ

ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਖੱਟਰ ਵੱਲੋਂ ਦਿੱਤੇ ਬਿਆਨ ਦੀ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਜਿਹੜੇ ਕਿਸਾਨ ਭਾਜਪਾ ਦੀ ਬੈਠਕ ਦਾ ਵਿਰੋਧ ਕਰ ਰਹੇ ਸਨ ਅਤੇ ਜਿਨ੍ਹਾਂ ਕਿਸਾਨਾਂ 'ਤੇ ਲਾਠੀਚਾਰਜ਼ ਕੀਤਾ ਗਿਆ ਉਹ ਪੰਜਾਬ ਦੇ ਨਹੀਂ ਬਲਕਿ ਹਰਿਆਣਾ ਦੇ ਸਨ।

ਕੈਪਟਨ ਨੇ ਅੱਗੇ ਕਿਹਾ, "ਮੁੱਖ ਮੰਤਰੀ ਖੱਟਣ ਦੇ ਬਿਆਨ ਦੇ ਉਨ੍ਹਾਂ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਬੇਨਾਕ ਕਰ ਦਿੱਤਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਕੀ ਤੁਸੀਂ ਨਹੀਂ ਵੇਖ ਸਕਦੇ ਕਿ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਤੁਹਾਡੇ ਉਦਾਸੀਨ ਰਵੱਈਏ ਅਤੇ ਤੁਹਾਡੀ ਪਾਰਟੀ ਵੱਲੋਂ ਖੇਤੀ ਕਾਨੂੰਨ ਨੂੰ ਰੱਦ ਨਾ ਕਰਨ ਦੀ ਜ਼ਿੱਦ ਕਾਰਨ ਤੁਹਾਡੇ ਨਾਲ ਨਾਰਾਜ਼ ਹਨ?"

ਉਨ੍ਹਾਂ ਨੇ ਕਿਹਾ, "ਕਿਸਾਨ ਆਪਣੀ ਹੋਂਦ ਲਈ ਲੜ ਰਹੇ ਹਨ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਉਨ੍ਹਾਂ ਨੂੰ ਪੰਜਾਬ ਜਾਂ ਕਿਸੇ ਹੋਰ ਸੂਬੇ ਵੱਲੋਂ ਉਕਸਾਉਣ ਦੀ ਲੋੜ ਨਹੀਂ ਹੈ।"

“ਸਾਡੇ 'ਤੇ ਇਲਜ਼ਾਮ ਲਾਉਣ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਜੇਕਰ ਤੁਸੀਂ ਖੇਤੀ ਕਾਨੂੰਨ ਰੱਦ ਕਰਦੇ ਹੋ ਤਾਂ ਕਿਸਾਨਾਂ ਦੇ ਨਾਲ ਨਾਲ ਮੈਂ ਵੀ ਤੁਹਾਡੇ ਨਾਲ ਲੱਡੂ ਖਾਵਾਂਗਾ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨਿਸ਼ਚਿਤ ਤੌਰ 'ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ˸ ਦੁਸ਼ਯੰਤ ਚੌਟਾਲਾ

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇੱਕ ਆਈਏਐੱਸ ਅਧਿਕਾਰੀ ਵੱਲੋਂ ਕਿਸਾਨਾਂ ਲਈ ਵਰਤੀ ਗਈ ਇਸ ਤਰ੍ਹਾਂ ਦੀ ਭਾਸ਼ਾ ਨਿਦੰਣਯੋਗ ਹੈ।

ਉਨ੍ਹਾਂ ਨੇ ਕਿਹਾ, "ਨਿਸ਼ਚਿਤ ਤੌਰ 'ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)