You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਦੀ ਕੁੜੀ ਦਾ ਅੱਖੀ ਦੇਖਿਆ ਹਾਲ, 'ਉਹ ਐਤਵਾਰ ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਸੀ'
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬੀਬੀਸੀ ਨੇ ਕਾਬੁਲ ਵਿੱਚ ਮੌਜੂਦ ਇੱਕ ਔਰਤ ਨਾਲ ਗੱਲ ਕੀਤੀ। ਇਸ ਔਰਤ ਨੇ ਪਿਛਲੇ ਹਫ਼ਤੇ ਤੱਕ ਲਗਭਗ ਦੋ ਸਾਲਾਂ ਤੱਕ ਅਫ਼ਗਾਨ ਸਰਕਾਰ ਲਈ ਕੰਮ ਕੀਤਾ ਹੈ।
ਉਸ ਨੇ ਤਾਲਿਬਾਨ ਦੇ ਸ਼ਹਿਰ ਉੱਪਰ ਕਾਬੂ ਕਰਨ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਆਪਣੇ ਡਰ ਬਾਰੇ ਗੱਲ ਕੀਤੀ।
ਇਸ ਔਰਤ ਨੇ ਦੱਸਿਆ ਕਿ ਐਤਵਾਰ ਦਾ ਦਿਨ ਉਸ ਦੀ ਪੂਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ ਸੀ-
''ਸਵੇਰੇ ਮੈਂ ਆਪਣੇ ਦਫ਼ਤਰ ਗਈ ਸੀ। ਉੱਥੇ ਮੈਂ ਸਿਰਫ਼ ਇੱਕ ਔਰਤ ਦੇਖੀ। ਉਹ ਦਰਵਾਜ਼ੇ 'ਤੇ ਤਾਇਨਾਤ ਇੱਕ ਸੁਰੱਖਿਆ ਗਾਰਡ ਸੀ।''
''ਉੱਥੇ ਬਹੁਤ ਘੱਟ ਲੋਕ ਮੌਜੂਦ ਸਨ ਅਤੇ ਹਾਲਾਤ ਆਮ ਵਰਗੇ ਨਹੀਂ ਸਨ। ਤਾਲਿਬਾਨ ਸ਼ਹਿਰ ਦੇ ਮੁੱਖ ਦੁਆਰ ਤੱਕ ਆ ਗਏ ਸਨ। ਇਸ ਨਾਲ ਲੋਕ ਬਹੁਤ ਡਰੇ ਹੋਏ ਸਨ ਪਰ ਮੈਨੂੰ ਭਰੋਸਾ ਨਹੀਂ ਸੀ ਕਿ ਅੱਤਵਾਦੀ ਏਨੀ ਛੇਤੀ ਸ਼ਹਿਰ ਅੰਦਰ ਦਾਖ਼ਲ ਹੋ ਜਾਣਗੇ।''
ਇਹ ਵੀ ਪੜ੍ਹੋ:
''ਦੁਪਹਿਰ ਵੇਲੇ ਮੈਂ ਦਫ਼ਤਰ ਤੋਂ ਨਿਕਲ ਆਈ। ਮੈਂ ਆਪਣਾ ਮੋਬਾਈਲ, ਫੋਨ ਚਾਰਜਰ ਅਤੇ ਕੁਝ ਨਿੱਜੀ ਦਸਤਾਵੇਜ਼ ਲੈ ਲਏ ਸਨ। ਮੈਂ ਬੈਂਕ ਵਿੱਚੋਂ ਕੁਝ ਪੈਸੇ ਕਢਵਾਉਣ ਗਈ ਕਿਉਂਕਿ ਹਰ ਕੋਈ ਜਿੰਨਾ ਹੋ ਸਕੇ ਓਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।''
''ਬੈਂਕ ਦੇ ਬਾਹਰ ਕਤਾਰ ਬਹੁਤ ਲੰਮੀ ਸੀ ਅਤੇ ਉੱਥੇ ਵੀ ਹਾਲਾਤ ਕਾਫੀ ਤਣਾਅਪੂਰਨ ਸਨ।''
''ਜਦੋਂ ਮੈਂ ਬੈਂਕ ਦੇ ਅੰਦਰ ਗਈ ਤਾਂ ਮੈਂ ਆਪਣੀ ਮਾਂ, ਭੈਣ ਅਤੇ ਭਰਾ ਦੇ ਕਈ ਮਿਸਡ ਕਾਲ ਵੇਖੇ। ਇਸ ਨੇ ਮੈਨੂੰ ਡਰਾ ਦਿੱਤਾ ਜਿਵੇਂ ਕੋਈ ਅਣਹੋਣੀ ਹੋ ਗਈ ਹੋਵੇ।''
''ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਬੜੀ ਬੇਚੈਨੀ ਨਾਲ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਹਾਂ ਅਤੇ ਕੀ ਕਰ ਰਹੀ ਹਾਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਛੇਤੀ ਘਰ ਵਾਪਿਸ ਆਵਾਂ ਕਿਉਂਕਿ ਤਾਲਿਬਾਨ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਦਾਖ਼ਲ ਹੋ ਚੁੱਕੇ ਸਨ।''
'ਮੈਂ ਬੇਹੱਦ ਡਰੀ ਹੋਈ ਸੀ'
''ਮੈਂ ਨਿਰਾਸ਼, ਡਰੀ ਅਤੇ ਸਦਮੇ ਵਿੱਚ ਸੀ।''
''ਸਭ ਦੌੜ ਰਹੇ ਸਨ। ਦੁਕਾਨਦਾਰ ਦਰਵਾਜ਼ੇ ਬੰਦ ਕਰ ਰਹੇ ਸਨ। ਹਰ ਕੋਈ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੇ ਭਰਾ ਨੇ ਮੈਨੂੰ ਇਹ ਕਹਿਣ ਲਈ ਫੋਨ ਕੀਤਾ ਸੀ ਕਿ ਉਹ ਮੈਨੂੰ ਲੈ ਜਾਵੇਗਾ। ਸੜਕਾਂ ਗੱਡੀਆਂ ਕਾਰਨ ਜਾਮ ਹੋ ਗਈਆਂ ਸਨ।''
''ਮੈਂ ਉੱਥੋਂ ਨਿਕਲ ਕੇ ਇੱਕ ਟੈਕਸੀ ਖੋਜਣ ਦੀ ਕੋਸ਼ਿਸ਼ ਕੀਤੀ। ਰਸਤੇ ਵਿੱਚ ਮੈਨੂੰ ਲੋਕ ਦੌੜਦੇ ਹੋਏ ਦਿਖੇ। ਮੈਨੂੰ ਡਰ ਸੀ ਕਿ ਜੇਕਰ ਤਾਲਿਬਾਨ ਨੇ ਮੈਨੂੰ ਰਸਤੇ ਵਿੱਚ ਦੇਖ ਲਿਆ ਤਾਂ ਉਹ ਮੈਨੂੰ ਮਾਰ ਦੇਣਗੇ ਕਿਉਂਕਿ ਮੈਂ ਆਪਣੇ ਦਫ਼ਤਰ ਦੇ ਕੱਪੜਿਆਂ ਵਿੱਚ ਸੀ।''
''ਲਗਭਗ ਦੋ ਘੰਟਿਆਂ ਬਾਅਦ ਮੈਂ ਆਪਣੇ ਘਰ ਪੁੱਜੀ। ਮੈਂ ਏਨਾ ਡਰ ਗਈ ਸੀ ਕਿ ਆਪਣੇ ਪਰਿਵਾਰ ਨਾਲ ਗੱਲ ਤੱਕ ਕਰਨ ਦੀ ਹਾਲਤ ਵਿੱਚ ਨਹੀਂ ਸੀ।''
''ਇਹ ਅਜਿਹਾ ਦਿਨ ਸੀ ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦੀ। ਮੈਂ ਸਾਰੀ ਰਾਤ ਡਰ ਵਿੱਚ ਗੁਜ਼ਾਰੀ। ਮੈਨੂੰ ਲੱਗ ਰਿਹਾ ਸੀ ਕਿ ਕਦੇ ਵੀ ਕੋਈ ਸਾਡੇ ਦਰਵਾਜ਼ੇ ਉੱਤੇ ਦਸਤਕ ਦੇ ਸਕਦਾ ਹੈ।''
''ਉਸ ਸਮੇਂ ਹਰ ਕੋਈ ਇਸ ਕੋਸ਼ਿਸ਼ ਵਿੱਚ ਸੀ ਕਿ ਉਹ ਕਿਤੇ ਜਾ ਕੇ ਲੁਕ ਜਾਵੇ। ਮੈਂ ਇੱਕ ਰਿਸ਼ਤੇਦਾਰ ਦੇ ਘਰ ਜਾਣਾ ਚਾਹੁੰਦੀ ਸੀ ਪਰ ਫੜੇ ਜਾਣ ਦੇ ਡਰ ਕਾਰਨ ਹਿੰਮਤ ਨਹੀਂ ਹੋਈ।''
'ਸਾਨੂੰ ਤਾਲਿਬਾਨ ਉੱਪਰ ਭਰੋਸਾ ਨਹੀਂ'
''ਹੁਣ ਮੈਂ ਆਪਣੇ ਘਰ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਹਾਂ। ਜੇਕਰ ਉਹ ਸਾਡੇ ਘਰ ਆਉਣਗੇ ਤਾਂ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿਵੇਂ ਸਰਕਾਰ ਲਈ ਕੰਮ ਕੀਤਾ ਹੈ।''
''ਤਾਲਿਬਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਲੜਾਕੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਨਹੀਂ ਹੋਣਗੇ। ਅਸੀਂ ਉਨ੍ਹਾਂ ਉਤੇ ਭਰੋਸਾ ਨਹੀਂ ਕਰਦੇ। ਮੈਂ ਜਦੋਂ ਵੀ ਉਨ੍ਹਾਂ ਨੂੰ ਟੀਵੀ ਉੱਪਰ ਦੇਖਦੀ ਹਾਂ ਤਾਂ ਮੈਨੂੰ ਡਰ ਲੱਗਦਾ ਹੈ। ਇਨ੍ਹਾਂ ਸਾਰੇ ਹਾਲਾਤਾਂ ਤੋਂ ਮੈਂ ਬਹੁਤ ਦੁਖੀ ਹਾਂ।''
''ਅਸੀਂ ਉਨ੍ਹਾਂ ਦੀ ਕਰੂਰਤਾ ਦੇਖੀ ਹੈ। ਅਸੀਂ ਉਨ੍ਹਾਂ ਉੱਪਰ ਕਿਵੇਂ ਭਰੋਸਾ ਕਰ ਸਕਦੇ ਹਾਂ? ਮੈਨੂੰ ਤਾਂ ਡਰ ਦੇ ਕਾਰਨ ਸਾਰੀ ਰਾਤ ਨੀਂਦ ਨਹੀਂ ਆਉਂਦੀ।''
''ਮੈਂ ਆਪਣਾ ਦੇਸ਼ ਛੱਡਣ ਲਈ ਵੀਜ਼ਾ ਦਾ ਇੰਤਜ਼ਾਰ ਕਰ ਰਹੀ ਹਾਂ। ਇਹ ਹੋ ਸਕੇਗਾ, ਇਸ ਬਾਰੇ ਫਿਲਹਾਲ ਕਿਹਾ ਨਹੀਂ ਜਾ ਸਕਦਾ।''
''ਜੇਕਰ ਮੈਂ ਅਫ਼ਗਾਨਿਸਤਾਨ ਵਿੱਚ ਰਹਾਂ ਤਾਂ ਕੀ ਉਹ ਮੈਨੂੰ ਕੰਮ ਕਰਨ ਦੇਣਗੇ? ਮੈਨੂੰ ਅਜਿਹਾ ਨਹੀਂ ਲੱਗਦਾ। ਅਫਗਾਨਿਸਤਾਨ ਵਿੱਚ ਮੈਨੂੰ ਆਪਣਾ ਭਵਿੱਖ ਸੁਰੱਖਿਅਤ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਅਫ਼ਗਾਨਿਸਤਾਨ ਚ' ਸਾਡੇ ਲਈ ਸਭ ਖ਼ਤਮ ਹੋ ਚੁੱਕਿਆ ਹੈ।''
''ਮੈਂ ਭਵਿੱਖ ਲਈ ਆਪਣੀ ਆਸ ਗੁਆ ਦਿੱਤੀ ਹੈ।''
ਇਹ ਵੀ ਪੜ੍ਹੋ:-