ਹਵਾ ਪ੍ਰਦੂਸ਼ਣ: ਕਰੋੜਾਂ ਉੱਤਰ ਭਾਰਤੀਆਂ ਦੀ ਜ਼ਿੰਦਗੀ 9 ਸਾਲ ਤੱਕ ਘਟਣ ਦਾ ਖ਼ਤਰਾ - ਰਿਪੋਰਟ

ਅਮਰੀਕਾ ਦੇ ਖੋਜਕਾਰ ਸਮੂਹ ਵੱਲੋਂ ਇੱਕ ਰਿਪੋਰਟ 'ਚ ਆਖਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਨਾਲ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦੀ ਉਮਰ 9 ਸਾਲ ਤੱਕ ਘੱਟ ਸਕਦੀ ਹੈ।

ਇੱਕ ਅਧਿਐਨ ਅਨੁਸਾਰ ਉੱਤਰ ਭਾਰਤ ਦੇ 48 ਕਰੋੜ ਲੋਕ ਦੁਨੀਆਂ ਦੇ ਸਭ ਤੋਂ ਵੱਧ ਪੱਧਰ ਦੇ ਹਵਾ ਪ੍ਰਦੂਸ਼ਨ ਦਾ ਸਾਹਮਣਾ ਕਰਦੇ ਹਨ ਅਤੇ ਇਹ ਪੱਧਰ ਹੌਲੀ-ਹੌਲੀ ਦੂਸਰੇ ਹਿੱਸਿਆਂ ਵਿੱਚ ਵੀ ਫੈਲ ਰਿਹਾ ਹੈ।

ਇਸ ਰਿਪੋਰਟ ਅਨੁਸਾਰ ਸਾਫ਼ ਸੁਥਰੀ ਹਵਾ ਨਾਲ ਸਬੰਧਿਤ ਯੋਜਨਾਵਾਂ ਲਾਗੂ ਕਰਨ ਨਾਲ ਲੋਕਾਂ ਦੀ ਉਮਰ ਵਿੱਚ ਪੰਜ ਸਾਲ ਤੱਕ ਦਾ ਵਾਧਾ ਹੋ ਸਕਦਾ ਹੈ।

ਭਾਰਤ ਦੇ ਕਈ ਵੱਡੇ ਸ਼ਹਿਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਰਜ ਹਨ ਅਤੇ ਖ਼ਰਾਬ ਹਵਾ ਦੇਸ਼ ਵਿੱਚ ਹਰ ਸਾਲ ਦਸ ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ।

ਇਹ ਵੀ ਪੜ੍ਹੋ-

ਸਭ ਤੋਂ ਵੱਧ ਪ੍ਰਦੂਸ਼ਿਤ ਹਵਾ

ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ (ਈ ਪੀ ਆਈ ਸੀ) ਦੀ ਰਿਪੋਰਟ ਮੁਤਾਬਕ ਉੱਤਰ ਭਾਰਤ ਦੇ ਲੋਕ ਦੁਨੀਆਂ ਵਿੱਚ ਕਿਤੇ ਵੀ ਮੌਜੂਦ ਹਵਾ ਨਾਲੋਂ ਦਸ ਗੁਣਾ ਵੱਧ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਨ।

ਰਿਪੋਰਟ ਅਨੁਸਾਰ ਕਈ ਦਹਾਕਿਆਂ ਦੇ ਸਮੇਂ ਨਾਲ ਇਹ ਪ੍ਰਦੂਸ਼ਣ ਦੇਸ਼ ਦੇ ਉੱਤਰੀ ਭਾਗ ਤੋਂ ਪੱਛਮੀ ਅਤੇ ਮੱਧ ਪ੍ਰਦੇਸ਼, ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਵੀ ਪਹੁੰਚ ਗਿਆ ਹੈ। ਪ੍ਰਦੂਸ਼ਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਹੁਣ ਔਸਤਨ ਇੱਕ ਨਾਗਰਿਕ ਦੀ ਜ਼ਿੰਦਗੀ ਦੇ ਸਾਲ 2000 ਦੇ ਸ਼ੁਰੂਆਤੀ ਸਾਲਾਂ ਦੀ ਤੁਲਨਾ ਵਿੱਚ ਦੋ ਤੋਂ ਤਿੰਨ ਸਾਲ ਘਟ ਰਹੇ ਹਨ।

ਈ ਪੀ ਆਈ ਸੀ ਦੀ ਏਅਰ ਕੁਆਲਿਟੀ ਲਾਈਫ ਇੰਡੈਕਸ ਰਿਪੋਰਟ ਮੁਤਾਬਕ ਜੇਕਰ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਦੂਸ਼ਣ ਦਾ ਪੱਧਰ 10 ਮਾਇਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੱਕ ਘਟੇ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਦੀ ਉਮਰ ਦਸ ਸਾਲ ਤੱਕ ਵਧ ਸਕਦੀ ਹੈ।

ਸਾਲ 2019 ਵਿੱਚ ਭਾਰਤ ਵਿੱਚ ਇਹ ਪੱਧਰ 70.3 ਮਾਇਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ ਜੋ ਪੂਰੀ ਦੁਨੀਆਂ ਵਿੱਚ ਕਿਤੇ ਵੀ ਸਭ ਤੋਂ ਜ਼ਿਆਦਾ ਸੀ।

ਯੋਜਨਾਵਾਂ ਨੂੰ ਲਾਗੂ ਕਰਨਾ ਜ਼ਰੂਰੀ

ਇਸ ਰਿਪੋਰਟ ਅਨੁਸਾਰ ਬੰਗਲਾਦੇਸ਼, ਭਾਰਤ, ਨੇਪਾਲ ਅਤੇ ਪਾਕਿਸਤਾਨ ਦੀ ਆਬਾਦੀ ਦੁਨੀਆਂ ਦੀ ਕੁੱਲ ਆਬਾਦੀ ਦਾ ਲਗਭਗ ਚੌਥਾ ਹਿੱਸਾ ਹੈ। ਇਹ ਚਾਰੇ ਦੇਸ਼ ਦੁਨੀਆਂ ਦੇ ਪੰਜ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਰਹਿੰਦੇ ਹਨ।

ਈਪੀਆਈਸੀ ਦੀ ਰਿਪੋਰਟ ਨੇ ਭਾਰਤ ਸਰਕਾਰ ਦੀਆਂ ਉਨ੍ਹਾਂ ਯੋਜਨਾਵਾਂ ਬਾਰੇ ਵੀ ਗੱਲ ਕੀਤੀ ਹੈ ਜਿਨ੍ਹਾਂ ਦਾ ਮਕਸਦ ਖ਼ਤਰਨਾਕ ਪੱਧਰ ਤੱਕ ਪਹੁੰਚੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਨ੍ਹਾਂ ਵਿੱਚ ਨੈਸ਼ਨਲ ਕਲੀਨ ਏਅਰ ਪ੍ਰੋਗ੍ਰਾਮ ਸ਼ਾਮਿਲ ਹੈ।

"ਇਸ ਯੋਜਨਾ ਮੁਤਾਬਕ ਟੀਚੇ ਪ੍ਰਾਪਤ ਕਰਨ ਨਾਲ ਭਾਰਤ ਦੇ ਲੋਕਾਂ ਦੀ ਉਮਰ ਉੱਪਰ ਇਕ ਮਹੱਤਵਪੂਰਨ ਅਸਰ ਪਵੇਗਾ। ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਦੀ ਉਮਰ ਵਿੱਚ 3.5 ਤੱਕ ਸਾਲ ਤੱਕ ਵਾਧਾ ਹੋ ਸਕਦਾ ਹੈ। ਕੌਮੀ ਪੱਧਰ 'ਤੇ ਵੀ ਭਾਰਤ ਦੇ ਲੋਕਾਂ ਦੀ ਉਮਰ ਦੋ ਸਾਲ ਤੱਕ ਵੱਧ ਸਕਦੀ ਹੈ।

ਇਸ ਰਿਪੋਰਟ ਵਿੱਚ ਚੀਨ ਦਾ ਹਵਾਲਾ ਦਿੰਦੇ ਹੋਏ ਆਖਿਆ ਗਿਆ ਹੈ ਕਿ ਬਿਹਤਰ ਯੋਜਨਾਵਾਂ ਨਾਲ ਮਿਥੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਰਿਪੋਰਟ ਮੁਤਾਬਕ "ਚੀਨ ਨੇ ਥੋੜ੍ਹੇ ਸਮੇਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਹੈ।" 2013 ਤੋਂ ਬਾਅਦ ਚੀਨ ਨੇ ਆਪਣੇ ਦੇਸ਼ ਵਿੱਚ ਹਵਾ ਵਿੱਚ ਮੌਜੂਦ ਛੋਟੇ ਕਣ ਜੋ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਨੂੰ 29 ਫੀਸਦ ਤੱਕ ਘਟਾਇਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)