ਅਫ਼ਗਾਨਿਸਤਾਨ: ਤਾਲਿਬਾਨ ਨੂੰ ਕਿੰਨੇ ਅਤੇ ਕਿੱਥੋਂ ਮਿਲੇ ਆਧੁਨਿਕ ਵਿਦੇਸ਼ੀ ਹਥਿਆਰ

    • ਲੇਖਕ, ਵਿਕਾਸ ਪਾਂਡੇ ਅਤੇ ਸ਼ਾਦਾਬ ਨਜ਼ਮੀ
    • ਰੋਲ, ਬੀਬੀਸੀ ਨਿਊਜ਼

ਹਾਲ ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਹੋਏ ਇੱਕ ਵੀਡੀਓ ਵਿੱਚ ਤਾਲਿਬਾਨ ਦੇ ਲੜਾਕੇ ਕੰਧਾਰ ਏਅਰਪੋਰਟ 'ਤੇ ਅਮਰੀਕਾ ਦੇ ਬਲੈਕ ਹਾਕ ਹੈਲੀਕਾਪਟਰ ਨੂੰ ਨਿਹਾਰ ਰਹੇ ਸਨ।

ਚਾਰ-ਬਲੇਡ ਵਾਲਾ ਇਹ ਬਹੁ-ਉਦੇਸ਼ ਵਾਲਾ ਹੈਲੀਕਾਪਟਰ ਰਨਵੇ 'ਤੇ ਹੌਲੀ-ਹੌਲੀ ਘੁੰਮ ਕਿਹਾ ਸੀ। ਇਸ ਵੀਡੀਓ ਨੇ ਦੁਨੀਆਂ ਨੂੰ ਇੱਕ ਸੰਦੇਸ਼ ਦਿੱਤਾ।

ਤਾਲਿਬਾਨ ਹੁਣ ਉਹੋ-ਜਿਹਾ ਗਰੁੱਪ ਨਹੀਂ ਰਿਹਾ, ਜੋ ਪੁਰਾਣੇ ਪਿਕਅੱਪ ਟਰੱਕਾਂ 'ਤੇ ਕਲਾਸ਼ਨਿਕੋਵ ਆਸਾਲਟ ਰਾਈਫਲਜ਼ ਲਈ ਘੁੰਮਦਾ ਸੀ।

20 ਸਾਲ ਬਾਅਦ ਅਮਰੀਕੀ ਗਠਜੋੜ ਦੀਆਂ ਫੌਜਾਂ ਦੇ ਵਿਦੇਸ਼ ਜਾਣ ਤੋਂ ਬਾਅਦ ਤਾਲਿਬਾਨ ਅਫ਼ਗਾਨਿਸਤਾਨ ਉੱਤੇ ਮੁੜ ਕਾਬਜ਼ ਹੋ ਗਏ ਹਨ।

15 ਅਗਸਤ 2021 ਨੂੰ ਕਾਬੁਲ 'ਤੇ ਕੰਟਰੋਲ ਤੋਂ ਬਾਅਦ ਦੂਜੀਆਂ ਥਾਵਾਂ 'ਤੇ ਤਾਲਿਬਾਨ ਲੜਾਕਿਆਂ ਨੂੰ ਅਮਰੀਕੀ ਹਥਿਆਰਾਂ ਅਤੇ ਵਾਹਨਾਂ ਦੇ ਨਾਲ ਦੇਖਿਆ ਗਿਆ ਹੈ।

ਸੋਸ਼ਲ ਮੀਡੀਆ ਪੋਸਟ ਵਿੱਚ ਦੇਖਿਆ ਗਿਆ ਕਿ ਤਾਲਿਬਾਨ ਦੇ ਕੁਝ ਲੜਾਕੇ ਪੂਰੀ ਤਰ੍ਹਾਂ ਲੜਾਕੂ ਪੋਸ਼ਾਕ ਵਿੱਚ ਸਨ ਅਤੇ ਉਸੇ ਰੂਪ 'ਚ ਹੀ ਦੁਨੀਆਂ ਦੇ ਕਿਸੇ ਵੀ ਵਿਸ਼ੇਸ਼ ਬਲਾਂ ਤੋਂ ਵੱਖ ਨਹੀਂ ਦੇਖਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਦੀ ਪਛਾਣ ਬਣ ਗਈ ਲੰਬੀ ਦਾੜ੍ਹੀ ਨਹੀਂ ਸੀ ਅਤੇ ਨਾ ਹੀ ਉਹ ਰਵਾਇਤੀ ਸਲਵਾਰ-ਕਮੀਜ਼ ਪਹਿਨੇ ਹੋਏ ਸਨ। ਨਿਸ਼ਚਿਤ ਤੌਰ 'ਤੇ ਉਨ੍ਹਾਂ ਕੋਲ ਜੰਗ ਲੱਗੇ ਹਥਿਆਰ ਵੀ ਨਹੀਂ ਸਨ। ਉਹ ਫੌਜੀਆਂ ਲਈ ਢੁਕਵੀਆਂ ਵਰਦੀਆਂ ਵਿੱਚ ਸਨ।

ਅਫ਼ਗਾਨ ਨੈਸ਼ਨਲ ਡਿਫੈਂਸ ਐਂਡ ਸਿਕਿਓਰਿਟੀ ਫੋਰਸਸ (ਐਂਡਸ) ਦੇ ਫੌਜੀਆਂ ਵੱਲੋਂ ਇੱਕ ਤੋਂ ਬਾਅਦ ਇੱਕ ਸਾਰੇ ਸ਼ਹਿਰ ਛੱਡਣ ਦੇਣ ਤੋਂ ਬਾਅਦ ਤਾਲਿਬਾਨ ਨੇ ਉਨ੍ਹਾਂ ਦੇ ਹਥਿਆਰ ਜ਼ਬਤ ਕਰ ਲਏ।

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਕਿਹਾ ਕਿ ਇਸ ਨਾਲ ਤਾਲਿਬਾਨ ਹੁਣ ਹਵਾਈ ਸੈਨਾ ਸੰਪੰਨ ਦੁਨੀਆਂ ਦੇ ਇਕੱਲਾ ਕੱਟੜਪੰਥੀ ਗਰੁੱਪ ਬਣ ਗਿਆ ਹੈ।

ਤਾਲਿਬਾਨ ਕੋਲ ਕਿੰਨੇ ਜਹਾਜ਼?

ਅਮਰੀਕਾ ਦੇ ਅਫ਼ਗਾਨਿਸਤਾਨ ਮੁੜ ਨਿਰਮਾਣ ਦੇ ਸਪੈਸ਼ਲ ਆਈਜੀ (ਸਿਗਾਰ) ਦੀ ਇੱਕ ਰਿਪੋਰਟ ਮੁਤਾਬਕ ਜੂਨ ਦੇ ਅੰਤ ਵਿੱਚ ਅਫ਼ਗਾਨ ਹਵਾਈ ਸੈਨਾ ਕੋਲ ਲੜਾਕੂ ਹੈਲੀਕਾਪਟਰ ਅਤੇ ਜਹਾਜ਼ ਮਿਲਾ ਕੇ ਕੁੱਲ 167 ਏਅਰ ਕਰਾਫਟ ਸਨ।

ਪਰ ਇਹ ਸਪੱਸ਼ਟ ਨਹੀਂ ਹੈ ਕਿ ਤਾਲਿਬਾਨ ਨੇ 167 ਵਿੱਚੋਂ ਕਿੰਨਿਆਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ।

ਪਲੈਨੇਟ ਲੈਬਸ ਵੱਲੋਂ ਬੀਬੀਸੀ ਨੂੰ ਮਿਲੀ ਕੰਧਾਰ ਹਵਾਈ ਅੱਡੇ ਦੀ ਸੈਟੇਲਾਈਟ ਇਮੇਜ਼ ਵਿੱਚ ਕਈ ਅਫ਼ਗਾਨ ਸੈਨਿਕ ਰਨਵੇ 'ਤੇ ਖੜ੍ਹੇ ਨਜ਼ਰ ਆ ਰਹੇ ਹਨ।

ਦਿੱਲੀ ਦੇ ਓਬਜਰਵਰ ਰਿਸਰਚਰ ਫਾਊਂਡੇਸ਼ਨ ਦੇ ਆਰਮੀ ਏਵੀਏਸ਼ਨ ਮਾਹਰ ਅੰਗਦ ਸਿੰਘ ਨੇ ਦੱਸਿਆ ਕਿ ਕੰਧਾਰ 'ਤੇ ਤਾਲਿਬਾਨ ਵੱਲੋਂ ਕਬਜ਼ਾ ਕਰ ਲੈਣ ਦੇ ਛੇ ਦਿਨਾਂ ਬਾਅਦ ਹੀ ਇੱਕ ਤਸਵੀਰ ਵਿੱਚ ਪੰਜ ਜਹਾਜ਼ ਦਿਖ ਰਹੇ ਹਨ।

ਇਨ੍ਹਾਂ ਵਿੱਚ ਘੱਟੋ-ਘੱਟ ਦੋ ਐੱਮਆਈ-17 ਹੈਲੀਕਾਪਟਰ, ਦੋ ਬਲੈਕ ਹਾਕਸ ਯੂਐੱਚ-60 ਅਤੇ ਤੀਜਾ ਹੈਲੀਕਾਪਟਰ ਵੀ ਯੂਐੱਚ ਹੋ ਸਕਦੀ ਹੈ, ਨਜ਼ਰ ਆ ਰਹੇ ਹਨ।

ਉਸ ਦੇ ਉਲਟ, 16 ਜੁਲਾਈ ਨੂੰ ਲਈ ਗਈ ਇੱਕ ਹੋਰ ਸੈਟੇਲਾਈਟ ਤਸਵੀਰ ਵਿੱਚ 16 ਏਅਰਕ੍ਰਾਫਟ ਦੇਖੇ ਜਾ ਸਕਦੇ ਹਨ।

ਇਨ੍ਹਾਂ ਵਿੱਚ 9 ਬਲੈਕ ਹਾਕਸ ਅਤੇ ਦੋ ਐੱਮਆਈ-17 ਹੈਲੀਕਾਪਟਰ ਅਤੇ ਪੰਜ ਫਿਕਸਡ ਵਿੰਗ ਜਹਾਜ਼ ਸ਼ਾਮਿਲ ਹਨ।

ਇਸ ਦਾ ਮਤਲਬ ਹੈ ਕਿ ਇਨ੍ਹਾਂ ਵਿੱਚੋਂ ਕੁਝ ਜਹਾਜ਼ਾਂ ਨੂੰ ਜਾਂ ਤਾਂ ਦੇਸ਼ ਤੋਂ ਬਾਹਰ ਜਾਂ ਦੂਜੇ ਏਅਰਬੇਸ 'ਤੇ ਲੈ ਗਏ ਹਨ।

ਤਾਲਿਬਾਨ ਨੇ ਹੇਰਾਤ, ਖੋਸਤ, ਕੁੰਦੂਜ਼ ਅਤੇ ਮਜ਼ਾਰ-ਏ-ਸ਼ਰੀਫ਼ ਸਣੇ ਬਾਕੀ ਦੇ 9 ਅਫ਼ਗਾਨ ਏਅਰਬੇਸ 'ਤੇ ਵੀ ਕਬਜ਼ਾ ਕਰ ਲਿਆ ਹੈ।

ਹਾਲਾਂਕਿ, ਇਹ ਵੀ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੇ ਉਥੋਂ ਕਿੰਨੇ ਏਅਰਕ੍ਰਾਫਟ ਜ਼ਬਤ ਕੀਤੇ।

ਅਜਿਹਾ ਇਸ ਲਈ ਕਿ ਇਨ੍ਹਾਂ ਹਵਾਈ ਅੱਡਿਆਂ 'ਤੇ ਸੈਟੇਲਾਈਟ ਤਸਵੀਰਾਂ ਉਪਲੱਬਧ ਨਹੀਂ ਹੋ ਸਕੇ ਹਨ।

ਤਾਲਿਬਾਨ ਲੜਾਕੇ ਅਤੇ ਅਫ਼ਗਾਨਿਸਤਾਨ ਦਾ ਮੀਡੀਆ ਇਨ੍ਹਾਂ ਹਵਾਈ ਅੱਡਿਆਂ ਤੋਂ ਜ਼ਬਤ ਕੀਤੇ ਗਏ ਜਹਾਜ਼ਾਂ ਅਤੇ ਮਨੁੱਖ ਰਹਿਤ ਡਰੋਨਾਂ ਦੀਆਂ ਤਸਵੀਰਾਂ ਨੂੰ ਪੋਸਟ ਕਰਦੇ ਰਹੇ ਹਨ। ਕੁਝ ਸੁਤੰਤਰਤ ਵੈਸਬਾਈਟਾਂ ਨੇ ਵੀ ਕੁਝ ਏਅਰਕ੍ਰਾਫਟ ਨੂੰ ਉੱਥੇ ਦੇਖਿਆ ਹੈ।

ਪਰ ਇੱਕ ਰਾਇ ਇਹ ਵੀ ਹੈ ਕਿ ਤਾਲਿਬਾਨ ਦੇ ਹੱਥਾਂ ਵਿੱਚ ਆਉਣ ਤੋਂ ਪਹਿਲਾਂ ਕਈ ਜਹਾਜ਼ ਅਫ਼ਗਾਨਿਸਤਾਨ ਬਾਹਰ ਵੀ ਭੇਜੇ ਗਏ ਸਨ।

ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਲੀ ਦੇ ਇੱਕ ਏਵੀਏਸ਼ਨ ਮਾਹਰ ਨੇ ਦੱਸਿਆ ਹੈ ਕਿ ਉਜ਼ਬੇਕਿਸਤਾਨ ਦੇ ਟਰਮੇਜ਼ ਹਵਾਈ ਅੱਡੇ ਦੀ 16 ਅਗਸਤ ਨੂੰ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਉਥੇ ਉਸ ਵੇਲੇ ਦੋ ਦਰਜਨ ਤੋਂ ਵੱਧ ਹੈਲੀਕਾਪਟਰ ਮੌਜੂਦ ਸਨ।

ਇਨ੍ਹਾਂ ਵਿੱਚ ਐੱਮਆਈ-17, ਐੱਮਆਈ-25, ਬਲੈਕ ਹਾਕਸ ਅਤੇ ਕਈ ਏ-29 ਲਾਈਟ ਅਟੈਕ ਅਤੇ ਸੀ-208 ਏਅਰਕ੍ਰਾਫਟ ਸਨ।

ਸਿਕਿਓਰਿਟੀ ਥਿੰਕ ਟੈਂਕ 'ਸੀਐੱਸਆਈਐੱਸ' ਦੇ ਜਾਣਕਾਰਾਂ ਦੀ ਰਾਇ ਹੈ ਕਿ ਇਹ ਜਹਾਜ਼ ਅਤੇ ਹੈਲੀਕਾਪਟਰ ਅਫ਼ਗਾਨ ਹਵਾਈ ਸੈਨਾ ਦੇ ਹੋ ਸਕਦੇ ਹਨ।

ਇਹ ਵੀ ਪੜ੍ਹੋ-

ਤਾਲਿਬਾਨ ਨੂੰ ਹੋਰ ਕਿਹੜੇ ਹਥਿਆਰ ਵਿਰਾਸਤ ਵਿੱਚ ਮਿਲੇ?

ਜਿੱਥੋਂ ਤੱਕ ਤਾਲਿਬਾਨ ਦੀ ਹਵਾਈ ਸ਼ਕਤੀ ਦਾ ਸਵਾਲ ਹੈ, ਮਾਹਰ ਇਸ 'ਤੇ ਸਹਿਮਤ ਹਨ ਕਿ ਉਨ੍ਹਾਂ ਕੋਲ ਆਧੁਨਿਕ ਬੰਦੂਕਾਂ, ਰਾਈਫਲਾਂ ਅਤੇ ਗੱਡੀਆਂ ਨੂੰ ਸਾਂਭਣ ਦਾ ਤਜਰਬਾ ਹੈ।

ਅਫ਼ਗਾਨਿਸਤਾਨ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ।

ਅਮਰੀਕੀ ਸਰਕਾਰ ਦੀ ਅਕਾਊਂਟੇਬਿਲਿਟੀ ਰਿਪੋਰਟ ਮੁਤਾਬਕ, 2003 ਤੋਂ 2016 ਵਿਚਾਲੇ, ਅਮਰੀਕਾ ਨੇ ਅਫ਼ਗਾਨ ਬਲਾਂ ਨੂੰ ਵੱਡੀ ਮਾਤਰਾ ਵਿੱਚ ਫੌਜੀ ਸਾਜੋ-ਸਮਾਨ ਦਿੱਤਾ ਹੈ।

ਵੱਖ-ਵੱਖ ਪ੍ਰਕਾਰ ਦੀ 3,58,530 ਰਾਈਫਲਜ਼, 64,000 ਤੋਂ ਵੱਧ ਮਸ਼ੀਨਗਨ, 25,327 ਗ੍ਰੇਨੇਡ ਲਾਂਚਰ ਅਤੇ 22,174 ਹਮਵੀ (ਹਰ ਤਰ੍ਹਾਂ ਦੀ ਸਤਹਿ 'ਤੇ ਚੱਲਣ ਵਾਲੀ ਗੱਡੀ)।

ਸਾਲ 2014 ਵਿੱਚ ਨਾਟੋ ਸੈਨਿਕਾਂ ਦੀ ਯੁੱਧ ਵਾਲੀ ਭੂਮਿਕਾ ਖ਼ਤਮ ਹੋਣ ਤੋਂ ਬਾਅਦ, ਅਫ਼ਗਾਨ ਸੈਨਾ ਨੂੰ ਦੇਸ਼ ਨੂੰ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਪਰ ਉਸ ਨੂੰ ਤਾਲਿਬਾਨ ਦਾ ਮੁਕਾਬਲਾ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਸੀ।

ਉਸ ਤੋਂ ਬਾਅਦ ਅਮਰੀਕਾ ਨੇ ਉਸ ਨੂੰ ਹੋਰ ਸਾਜੋ-ਸਮਾਨ ਦੇ ਕੇ ਉਸ ਦਾ ਪੁਰਾਣਾ ਹੁਲੀਆ ਬਦਲ ਦਿੱਤਾ। ਉਸ ਨੇ ਕੇਵਲ 2017 ਵਿੱਚ ਅਫ਼ਗਾਨ ਸੈਨਾ ਕਰੀਬ 20 ਹਜ਼ਾਰ ਐੱਮ 16 ਰਾਈਫਲਜ਼ ਦਿੱਤੀਆਂ।

ਸਿਗਾਰ ਮੁਤਾਬਕ, ਅਮਰੀਕਾ ਨੇ 2017 ਅਤੇ 2021 ਵਿਚਾਲੇ ਅਫ਼ਗਾਨ ਸੁਰੱਖਿਆ ਬਲਾਂ ਨੂੰ ਘੱਟੋ-ਘੱਟ 3,598 ਐੱਮ 4 ਰਾਈਫਲਜ਼ ਅਤੇ 3,012 ਹਮਵੀ ਦਿੱਤੀਆਂ ਸਨ।

ਅਫ਼ਗਾਨ ਸੈਨਾ ਕੋਲ ਮੋਬਾਈਲ ਸਟ੍ਰਾਈਕ ਫੋਰਸ ਦੀਆਂ ਗੱਡੀਆਂ ਵੀ ਸਨ, ਜਿਨ੍ਹਾਂ ਦੀ ਵਰਤੋਂ ਤਤਕਾਲ ਤੈਨਾਤੀ ਦੀ ਲੋੜ ਪੈਣ 'ਤੇ ਕੀਤੀ ਜਾਂਦੀ ਸੀ।

4x4 ਦੇ ਇਨ੍ਹਾਂ ਵਰਕ ਹਾਊਸਿਜ਼ ਦੀ ਵਰਤੋਂ ਲੋਕਾਂ ਜਾਂ ਉਪਕਰਨਾਂ ਨੂੰ ਲੈ ਜਾਣ ਲਈ ਕੀਤੀ ਜਾ ਸਕਦੀ ਹੈ।

ਨਵੇਂ ਮਿਲੇ ਹਥਿਆਰਾਂ ਦਾ ਤਾਲਿਬਾਨ ਕੀ ਕਰਨਗੇ?

ਇਹ ਸਮਾਨ 'ਤੇ ਨਿਰਭਰ ਕਰਦਾ ਹੈ।

ਸੀਐੱਨਏ ਕੰਸਲਟਿੰਗ ਗਰੁੱਪ ਦੇ ਨਿਰਦੇਸ਼ਕ ਅਤੇ ਅਫ਼ਾਗਨਿਸਤਾਨ ਵਿੱਚ ਅਮਰੀਕੀ ਬਲਾਂ ਦੇ ਸਾਬਕਾ ਸਲਾਹਕਾਰ ਡਾ. ਜੋਨਾਥਨ ਸ਼੍ਰੋਡਨ ਕਹਿੰਦੇ ਹਨ, "ਤਾਲਿਬਾਨ ਲਈ ਏਅਰ ਕਰਾਫਟ ਫੜਨਾ ਬੇਸ਼ੱਕ ਸੌਖਾ ਹੋਵੇ, ਪਰ ਉਨ੍ਹਾਂ ਨੂੰ ਚਲਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਬਹੁਤ ਔਖਾ ਹੋਵੇਗਾ।"

"ਇਸ ਦੇ ਪੁਰਜ਼ਿਆਂ ਨੂੰ ਅਕਸਰ ਸਰਵਿਸ ਅਤੇ ਕਦੇ-ਕਦੇ ਬਦਲਣ ਦੀ ਲੋੜ ਹੁੰਦੀ ਹੈ। ਕਿਸੇ ਹਵਾਈ ਸੈਨਾ ਦੀ ਤਾਕਤ ਉਸ ਦੇ ਹਰ ਏਅਰਕ੍ਰਾਫਟ ਦੀ ਉਡਾਣ ਸਮਰੱਥਾ ਬਰਕਰਾਰ ਰੱਖਣ ਲਈ ਕੰਮ ਕਰਨ ਵਾਲੇ ਤਕਨੀਸ਼ੀਅਨਾਂ ਦੀ ਟੀਮ 'ਤੇ ਨਿਰਭਰ ਕਰਦਾ ਹੈ।"

ਵਧੇਰੇ ਜਹਾਜ਼ ਨਿੱਜੀ ਅਮਰੀਕੀ ਠੇਕੇਦਾਰਾਂ ਨੇ ਬਣਾਏ ਸਨ। ਉਨ੍ਹਾਂ ਨੇ ਅਗਸਤ ਵਿੱਚ ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਹੀ ਅਫ਼ਗਾਨਿਸਤਾਨ ਛੱਡਣਾ ਸ਼ੁਰੂ ਕਰ ਦਿੱਤਾ ਸੀ।

ਜਾਰਜ ਟਾਊਨ ਯੂਨੀਵਰਸਿਟੀ ਵਿੱਚ ਗੋਲਬਲ ਰਾਜਨੀਤੀ ਅਤੇ ਸੁਰੱਖਿਆ ਦੀ ਪ੍ਰੋਫੈਸਰ ਅਤੇ ਅਫ਼ਗਾਨਿਸਤਾਨ ਵਿੱਚ ਕੰਮ ਕਰ ਚੁੱਕੀ ਅਮਰੀਕੀ ਹਵਾਈ ਸੈਨਾ ਦੀ ਰਿਟਾਇਰਡ ਅਧਿਕਾਰੀ ਜੋਡੀ ਵਿਟੋਰੀ ਇਸ 'ਤੇ ਸਹਿਮਤ ਹੈ ਕਿ ਤਾਲਿਬਾਨ ਕੋਲ ਇਨ੍ਹਾਂ ਏਅਰਕ੍ਰਾਫਟ ਨੂੰ ਸਾਂਭਣ ਲਈ ਹੁਨਰ ਦੀ ਘਾਟ ਹੈ।

ਉਹ ਕਹਿੰਦੀ ਹੈ, "ਤਾਲਿਬਾਨ ਵੱਲੋਂ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਦਾ ਤਤਕਾਲ ਕੋਈ ਖ਼ਤਰਾ ਨਹੀਂ ਹੈ।"

ਉਹ ਇਹ ਵੀ ਕਹਿੰਦੀ ਹੈ ਕਿ ਅਫ਼ਗਾਨ ਬਲਾਂ ਦੇ ਆਤਮ-ਸਮਰਪਣ ਤੋਂ ਪਹਿਲਾਂ ਇਨ੍ਹਾਂ ਏਅਰਕ੍ਰਾਫਟ ਨੂੰ ਅੰਸ਼ਿਕ ਤੌਰ 'ਤੇ ਨਸ਼ਟ ਕੀਤਾ ਜਾ ਸਕਦਾ ਸੀ।

ਰੈਂਡ ਕਾਰਪੋਰੇਸ਼ਨ ਦੇ ਇੱਕ ਖੋਜਕਾਰ ਅਤੇ ਅਮਰੀਕੀ ਰੱਖਿਆ ਮੰਤਰੀ ਦੇ ਦਫ਼ਤਰ ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਨਿਰਦੇਸ਼ਕ ਜੇਸਨ ਕੈਂਪਬੇਲ ਕਹਿੰਦੇ ਹਨ, "ਹਾਲਾਂਕਿ, ਤਾਲਿਬਾਨ ਸਾਬਕਾ ਅਫ਼ਗਾਨ ਪਾਇਲਟਾਂ ਨੂੰ ਇਨ੍ਹਾਂ ਏਅਰਕ੍ਰਾਫਟਾਂ ਨੂੰ ਉਡਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰੇਗਾ।"

"ਤਾਲਿਬਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਧਮਕੀਆਂ ਦੇਵੇਗਾ, ਇਸ ਲਈ ਉਹ ਕੁਝ ਏਅਰਕ੍ਰਾਫਟ ਉਡਾਉਣ ਵਿੱਚ ਸਮਰੱਥ ਹੋ ਸਕਦੇ ਹਨ। ਹਾਲਾਂਕਿ, ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਸੰਭਾਵਨਾਵਾਂ ਧੁੰਦਲੀਆਂ ਨਜ਼ਰ ਆਉਂਦੀਆਂ ਹਨ।"

ਇਹ ਵੀ ਕਿਹਾ ਜਾਂਦਾ ਹੈ ਕਿ ਤਾਲਿਬਾਨ ਦੇ ਰੂਸ ਦੇ ਬਣੇ ਐੱਮਆਈ-17 ਨੂੰ ਚਲਾਉਣ ਵਿੱਚ ਸਮਰੱਥ ਹੋਣ ਦੀਆਂ ਸੰਭਾਵਨਾਵਾਂ ਹਨ, ਕਿਉਂਕਿ ਇਹ ਏਅਰਕ੍ਰਾਫਟ ਦਹਾਕਿਆਂ ਤੋਂ ਅਫ਼ਗਾਨਿਸਤਾਨ ਵਿੱਚ ਹੈ। ਉੱਥੇ ਹੀ ਸਾਂਭ-ਸੰਭਾਲ ਅਤੇ ਸਿਖਲਾਈ ਲਈ ਆਪਣੇ ਸਮਰਥਕ ਦੇਸ਼ਾਂ ਦਾ ਸਹਾਰਾ ਲੈ ਸਕਦੇ ਹਨ।

ਹਾਸਿਲ ਹੋਏ ਹੋਰ ਹਥਿਆਰਾਂ ਨੂੰ ਸੰਭਾਲਣ ਵਿੱਚ ਤਾਲਿਬਾਨ ਨੂੰ ਆਸਾਨੀ ਹੋਵੇਗੀ। ਇੱਥੋਂ ਤੱਕ ਕਿ ਤਾਲਿਬਾਨ ਦੇ ਪੈਦਲ ਸੈਨਿਕ ਵੀ ਜ਼ਮੀਨੀ ਉਪਕਰਨਾਂ ਦੀ ਵਰਤੋਂ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹਨ।

ਇੰਨੇ ਸਾਲਾਂ ਵਿੱਚ, ਕਬਜ਼ਾ ਕੀਤੇ ਗਏ ਚੈਕਪੁਆਇੰਟ ਅਤੇ ਸੈਨਾ ਦੇ ਭਗੌੜਿਆਂ ਨੇ ਉਨ੍ਹਾਂ ਨੂੰ ਇਨ੍ਹਾਂ ਹਥਿਆਰਾਂ ਨਾਲ ਜਾਣੂ ਕਰਵਾ ਦਿੱਤਾ ਹੈ।

ਵਾਸ਼ਿੰਗਟਨ ਵਿੱਚ ਵਿਲਸਨ ਸੈਂਟਰ ਦੇ ਉਪ-ਨਿਦੇਸ਼ਕ ਮਾਈਕਲ ਕੁਗੇਲਮੈਨ ਕਹਿੰਦੇ ਹਨ ਕਿ ਤਾਲਿਬਾਨ ਤੱਕ ਇਨ੍ਹਾਂ ਆਧੁਨਿਕ ਹਥਿਆਰਾਂ ਦੀ ਪਹੁੰਚ ਇੱਕ "ਵੱਡੀ ਅਸਫ਼ਲਤਾ" ਹੈ।

ਇਸ ਦਾ ਬੁਰਾ ਅਸਰ ਕੇਵਲ ਅਫ਼ਗਾਨਿਸਤਾਨ ਤੱਕ ਸੀਮਤ ਨਹੀਂ ਹੋਵੇਗਾ। ਅਜਿਹਾ ਸ਼ੱਕ ਹੈ ਕਿ ਛੋਟੇ ਹਥਿਆਰ ਕਾਲੇ ਬਾਜ਼ਾਰ ਵਿੱਚ ਨਜ਼ਰੀ ਪੈ ਸਕਦੇ ਹਨ ਅਤੇ ਦੁਨੀਆਂ ਭਰ ਵਿੱਚ ਦੂਜੇ ਬਗਾਵਤਾਂ ਨੂੰ ਹੋਰ ਵਧਾ ਸਕਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਵਿਟੋਰੀ ਕਹਿੰਦੀ ਹੈ ਕਿ ਅਜੇ ਤਤਕਾਲ ਖ਼ਤਰਾ ਨਹੀਂ ਹੈ, ਪਰ ਅਗਲੇ ਕੁਝ ਮਹੀਨਿਆਂ ਵਿੱਚ ਇਸ ਦੀ ਇੱਕ ਸਪਲਾਈ ਚੇਨ ਨਜ਼ਰ ਆ ਸਕਦੀ ਹੈ। ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਪਾਕਿਸਤਾਨ, ਚੀਨ ਅਤੇ ਰੂਸ ਵਰਗੇ ਗੁਆਂਢੀ ਦੇਸ਼ਾਂ 'ਤੇ ਹੈ।

ਹਾਲਾਂਕਿ, ਕੈਂਪਬੇਲ ਦਾ ਕਹਿਣਾ ਹੈ ਕਿ ਤਾਲਿਬਾਨ ਆਪਣਾ ਜ਼ਿੰਮੇਵਾਰ ਚਿਹਰਾ ਪੇਸ਼ ਕਰਨ ਦਾ ਇਛੁੱਕ ਹੈ। ਉਨ੍ਹਾਂ ਲਈ ਦੁਨੀਆਂ ਦੇ ਇਕੋ-ਜਿਹੇ ਵਿਚਾਰ ਵਾਲੇ ਸੰਗਠਨਾਂ ਦਾ ਸਮਰਥ ਨਾ ਕਰਨਾ ਬਹੁਤ ਕਠਿਨ ਹੋਵੇਗਾ।

ਤਾਲਿਬਾਨ ਦੀ ਆਪਸੀ ਏਕਤਾ, ਇੱਕ ਮਹੱਤਵਪੂਰਨ ਕਾਰਕ ਹੈ, ਜੋ ਇਨ੍ਹਾਂ ਹਥਿਆਰਾਂ ਦੀ ਵਰਤੋਂ ਤੈਅ ਕਰੇਗਾ।

ਜੋਡੀ ਵਿਟੋਰੀ ਕਹਿੰਦੀ ਹੈ ਕਿ ਅਜਿਹੀ ਸੰਭਾਵਨਾ ਹੈ ਕਿ ਤਾਲਿਬਾਨ ਤੋਂ ਟੁੱਟ ਕੇ ਵੱਖ ਹੋਣ ਵਾਲੇ ਸਮੂਹ ਆਪਣੇ ਨਾਲ ਹਥਿਆਰ ਵੀ ਲੈ ਕੇ ਜਾ ਸਕਦੇ ਹਨ।

ਅਜਿਹੇ ਵਿੱਚ, ਬਹੁਤ ਕੁਝ ਇਸ 'ਤੇ ਨਿਰਭਰ ਕਰੇਗਾ ਕਿ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਦਾ ਸ਼ੁਰੂਆਤੀ ਉਤਸ਼ਾਹ ਸ਼ਾਂਤ ਹੋਣ 'ਤੇ ਤਾਲਿਬਾਨ ਦੀ ਅਗਵਾਈ ਕਿਸ ਪ੍ਰਕਾਰ ਆਪਣੇ ਸਮੂਹ ਨੂੰ ਇੱਕਜੁਟ ਰੱਖ ਸਕੇਗੀ।

ਰਿਪੋਰਟਿੰਗ ਦਾ ਮੁੱਖ ਹਿੱਸਾ ਡੇਵਿਡ ਬ੍ਰਾਊਨ ਵੱਲੋਂ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)