ਸਈਅਦ ਅਲੀ ਸ਼ਾਹ ਗਿਲਾਨੀ ਨਹੀਂ ਰਹੇ, ਕਸ਼ਮੀਰ ਘਾਟੀ 'ਚ ਇੰਟਰਨੈੱਟ ਬੰਦ, ਪਾਕਿਸਤਾਨ 'ਚ ਸੋਗ

ਭਾਰਤ ਸ਼ਾਸਿਤ ਕਸ਼ਮੀਰ ਦੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਦੇ ਮੁਤਾਬਕ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਗਿਲਾਨੀ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਨੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਰਾਤ ਨੂੰ ਸ੍ਰੀਨਗਰ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ।

ਸਈਅਦ ਅਲੀ ਸ਼ਾਹ ਗਿਲਾਨੀ ਕਸ਼ਮੀਰ ਦੇ ਵੱਖਵਾਦੀ ਸੰਗਠਨਾਂ ਦੇ ਸਮੂਹ ਹੁਰੀਅਤ ਕਾਨਫ਼ਰੰਸ ਦੇ ਮੋਢੀਆਂ ਵਿੱਚੋਂ ਇੱਕ ਸਨ। ਇਹ ਦਲ ਹੁਣ ਸਰਗਰਮ ਨਹੀਂ ਹੈ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਕੇ ਕਿਹਾ ਹੈ, "ਗਿਲਾਨੀ ਸਾਹਿਬ ਦੇ ਚਲਾਣੇ ਦੀ ਖ਼ਬਰ ਤੋਂ ਦੁਖੀ ਹਾਂ। ਬਹੁਤ ਸਾਰੇ ਮਸਲਿਆਂ 'ਤੇ ਸਾਡੇ ਵਿੱਚ ਮਤਭੇਦ ਸਨ ਪਰ ਮੈਂ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ। ਅੱਲ੍ਹਾ ਉਨ੍ਹਾਂ ਨੂੰ ਜੰਨਤ ਵਿੱਚ ਥਾਂ ਦੇਣ ਅਤੇ ਚਾਹੁਣ ਵਾਲ਼ਿਆਂ ਨੂੰ ਸਬਰ।"

ਇਹ ਵੀ ਪੜ੍ਹੋ:

ਸੁਰੱਖਿਆ ਵਿੱਚ ਵਾਧਾ ਕੀਤਾ ਗਿਆ

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਫ਼ੌਜੀ ਦਸਤਿਆਂ ਦੀ ਤੈਨਾਤੀ ਵਧਾ ਦਿੱਤੀ ਹੈ ਅਤੇ ਅਹਿਤਿਆਤ ਵਜੋਂ ਇੰਟਰਨੈਟ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।

ਕਸ਼ਮੀਰ ਦੇ ਪੁਲਿਸ ਮੁਖੀ ਵਿਜੇ ਕੁਮਾਰ ਨੇ ਖ਼ਬਰ ਏਜੰਸੀ ਰੌਇਟਰਜ਼ ਅਤੇ ਏਐੱਨਆਈ ਨੂੰ ਦੱਸਿਆ, ''ਇਹਿਤਿਆਤੀ ਕਦਮ ਵਜੋਂ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਅਤੇ ਰੋਕਾਂ ਲਗਾ ਦਿੱਤੀਆਂ ਗਈਆਂ ਹਨ।

ਸ੍ਰੀਨਗਰ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਫ਼ੌਜੀ ਦਸਤੇ ਤੈਨਾਅਤ ਕੀਤੇ ਜਾ ਰਹੇ ਹਨ ਅਤੇ ਆਵਾਜਾਈ ਦੀ ਇਜਾਜ਼ਤ ਨਹੀਂ ਹੈ।"

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਇੱਕ ਹੋਰ ਅਫ਼ਸਰ ਨੇ ਦੱਸਿਆ ਕਿ ਗਿਲਾਨੀ ਦੇ ਘਰ ਨੂੰ ਜਾਂਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਗਿਲਾਨੀ 15 ਸਾਲ ਵਿਧਾਇਕ ਰਹੇ ਸਨ

ਗਿਲਾਨੀ 15 ਸਾਲ ਤੱਕ ਸਾਬਕਾ ਜੰਮੂ-ਕਸ਼ਮੀਰ ਸੂਬੇ ਦੀ ਵਿਧਾਨ ਸਭਾ ਦੇ ਮੈਂਬਰ ਰਹੇ ਸਨ। ਉਹ ਸਾਲ 1972, 1977 ਅਤੇ 1987 ਵਿੱਚ ਸੋਪੋਰ ਤੋਂ ਵਿਧਾਇਕ ਸਨ।

ਉਹ ਜਮਾਤ-ਏ-ਇਸਲਾਮੀ ਦੀ ਨੁਮਾਇੰਦਗੀ ਕਰਦੇ ਸਨ ਜਿਸ ਉੱਪਰ ਹੁਣ ਪਾਬੰਦੀ ਹੈ। ਉਨ੍ਹਾਂ ਨੇ ਸਾਲ 1989 ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਣ ਦੇ ਦੌਰਾਨ ਚਾਰ ਹੋਰ ਜਮਾਤ ਆਗੂਆਂ ਦੇ ਨਾਲ਼ ਅਸਤੀਫ਼ਾ ਦੇ ਦਿੱਤਾ ਸੀ।

1993 ਵਿੱਚ 20 ਤੋਂ ਜ਼ਿਆਦਾ ਧਾਰਮਿਕ ਅਤੇ ਸਿਆਸੀ ਪਾਰਟੀਆਂ ਆਲ ਪਾਰਟੀਜ਼ ਹੁਰੀਅਤ ਕਾਨਫ਼ਰੰਸ ਦੇ ਬੈਨਰ ਹੇਠ ਜੁੜੀਆਂ ਅਤੇ 19 ਸਾਲ ਦੇ ਮੀਰਵਾਈਜ਼ ਉਮਰ ਫਾਰੂਕ ਇਸ ਦੇ ਚੇਅਰਮੈਨ ਬਣੇ। ਬਾਅਦ ਵਿੱਚ ਗਿਲਾਨੀ ਨੂੰ ਹੁਰੀਅਤ ਦਾ ਚੇਅਰਮੈਨ ਚੁਣਿਆ ਗਿਆ।

ਗਿਲਾਨੀ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਵੱਖਰੇ ਹੋ ਕੇ 2003 ਵਿੱਚ ਇੱਕ ਸੰਗਠਨ ਬਣਾਇਆ। ਉਹ ਤਾਉਮਰ ਹੁਰੀਅਤ (ਗਿਲਾਨੀ) ਦੇ ਚੇਅਰਮੈਨ ਚੁਣ ਲਏ ਗਏ। ਉਨ੍ਹਾਂ ਨੇ ਜੂਨ 2020 ਵਿੱਚ ਹੁਰੀਅਤ ਛੱਡ ਦਿੱਤੀ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵਿੱਟਰ ਰਾਹੀਂ ਗਿਲਾਨੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਇੱਕ ਦਿਨ ਦਾ ਸੋਗ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)