ਕੋਰੋਨਾਵਾਇਰਸ: ਵਿਦੇਸ਼ ਤੋਂ ਆ ਰਹੇ ਯਾਤਰੀਆਂ ਲਈ ਸਰਕਾਰ ਨੇ ਇਹ ਨਿਯਮ ਬਦਲੇ - ਪ੍ਰੈੱਸ ਰਿਵਿਊ

ਸਰਕਾਰ ਨੇ ਵੀਰਵਾਰ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਕੀਤਾ ਹੈ ਅਤੇ 'ਜੋਖਮ' ਵਾਲੇ ਦੇਸ਼ਾਂ ਦੀ ਸ਼੍ਰੇਣੀ ਨੂੰ ਹਟਾ ਦਿੱਤਾ ਹੈ ਜੋ ਕਿ ਓਮੀਕਰੋਨ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਤੀ ਗਈ ਸੀ।

ਐੱਨਡੀਟੀਵੀ ਦੀ ਖਬਰ ਮੁਤਾਬਕ, ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ ਸੋਮਵਾਰ, 14 ਫਰਵਰੀ ਤੋਂ ਲਾਗੂ ਹੋਣਗੇ।

ਇਹ ਹਨ ਨਵੇਂ ਨਿਯਮ:

- ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਲਈ ਇੱਕ ਸਵੈ-ਘੋਸ਼ਣਾ ਫਾਰਮ ਆਨਲਾਈਨ ਭਰਨਾ ਪਏਗਾ। (ਇਹ ਫਾਰਮ ਏਅਰ ਸੁਵਿਧਾ ਵੈੱਬ ਪੋਰਟਲ 'ਤੇ ਉਪਲੱਬਧ ਹੋਵੇਗਾ) ਇਸ ਵਿੱਚ ਪਿਛਲੇ 14 ਦਿਨਾਂ ਦੀ ਯਾਤਰਾ ਜਾਣਕਾਰੀ ਵੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ।

- ਯਾਤਰਾ ਸ਼ੁਰੂ ਹੋਣ ਤੋਂ 72 ਘੰਟੇ ਦੇ ਸਮੇਂ ਵਿਚਕਾਰ ਕਰਵਾਏ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਅਪਲੋਡ ਕਰਨੀ ਪਏਗੀ।

- ਜਾਂ ਫਿਰ ਉਹ ਟੀਕੇ ਦੀਆਂ ਦੋਵੇਂ ਖੁਰਾਕਾਂ ਦਾ ਸਰਟੀਫਿਕੇਟ ਵੀ ਅਪਲੋਡ ਕਰ ਸਕਦੇ ਹਨ। ਹਾਲਾਂਕਿ, ਇਹ ਸਿਰਫ ਉਨ੍ਹਾਂ 72 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਉਪਲੱਬਧ ਹੈ ਜਿਨ੍ਹਾਂ ਦੇ ਟੀਕਾਕਰਨ ਪ੍ਰੋਗਰਾਮਾਂ ਨੂੰ ਭਾਰਤ ਸਰਕਾਰ ਇੱਕ ਪਰਸਪਰ ਪ੍ਰੋਗਰਾਮ ਦੇ ਹਿੱਸੇ ਵਜੋਂ ਮਾਨਤਾ ਦਿੰਦੀ ਹੈ।

- ਸਿਰਫ਼ ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਹੀ ਜਹਾਜ਼ 'ਚ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਡਾਣ ਦੌਰਾਨ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ।

- ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਤੋਂ ਇਲਾਵਾ, ਬੇਤਰਤੀਬੇ ਤੌਰ 'ਤੇ ਚੁਣੇ ਗਏ ਯਾਤਰੀਆਂ (ਪ੍ਰਤੀ ਫਲਾਈਟ ਕੁੱਲ ਯਾਤਰੀਆਂ ਦਾ ਦੋ ਪ੍ਰਤੀਸ਼ਤ ਤੱਕ) ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ।

- ਲੱਛਣ ਵਾਲੇ ਯਾਤਰੀਆਂ ਨੂੰ ਤੁਰੰਤ ਕੁਆਰੰਟੀਨ ਕੀਤਾ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ, ਜੇ ਉਹ ਕੋਵਿਡ-ਪਾਜ਼ਿਟਿਵ ਪਾਏ ਜਾਂਦੇ ਹਨ ਤਾਂ ਸੰਪਰਕ ਟਰੇਸਿੰਗ ਕੀਤੀ ਜਾਵੇਗੀ।

- ਸਿਹਤ ਮੰਤਰਾਲੇ ਨੇ ਕਿਹਾ ਕਿ ਬਾਕੀ ਸਾਰੇ ਯਾਤਰੀਆਂ ਨੂੰ ਕੋਵਿਡ ਦਾ ਕੋਈ ਵੀ ਲੱਛਣ ਹੋਣ 'ਤੇ 14 ਦਿਨਾਂ ਲਈ ਸਵੈ-ਨਿਗਰਾਨੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਕ੍ਰਿਪਟੋਕਰੰਸੀ ਨੂੰ ਲੈ ਕੇ ਆਰਬੀਆਈ ਗਵਰਨਰ ਦੀ ਚੇਤਾਵਨੀ- ''ਵਿਆਪਕ ਆਰਥਿਕ ਤੇ ਵਿੱਤੀ ਸਥਿਰਤਾ ਲਈ ਖਤਰਾ

ਬਜਟ 2022-23 ਵਿੱਚ ਕ੍ਰਿਪਟੋਕਰੰਸੀ ਦੇ ਟਰੇਡ ਤੋਂ ਹੋਣ ਵਾਲੇ ਲਾਭਾਂ 'ਤੇ 30 ਪ੍ਰਤੀਸ਼ਤ ਟੈਕਸ ਲਗਾਏ ਜਾਣ ਤੋਂ ਇੱਕ ਹਫ਼ਤੇ ਬਾਅਦ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਨੂੰ "ਮੈਕਰੋ-ਆਰਥਿਕ ਅਤੇ ਵਿੱਤੀ ਸਥਿਰਤਾ ਲਈ ਖ਼ਤਰਾ" ਕਰਾਰ ਦਿੱਤਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਦਾਸ ਨੇ ਇਸ ਸਬੰਧੀ 17ਵੀਂ ਸਦੀ ਦੇ 'ਟਿਊਲਿਪ ਮੇਨੀਆ' ਨੂੰ ਯਾਦ ਕੀਤਾ, ਜਿਸ ਨੂੰ ਵਿਆਪਕ ਤੌਰ 'ਤੇ ਪਹਿਲਾ ਫਾਇਨੈਂਸ਼ਿਅਲ ਬਬਲ ਮੰਨਿਆ ਜਾਂਦਾ ਹੈ।

ਫਾਇਨੈਂਸ਼ਿਅਲ ਬਬਲ ਉਹ ਸਥਿਤੀ ਹੁੰਦੀ ਹੈ ਜਦੋਂ ਕਿਸੇ ਚੀਜ਼ ਦੀ ਕੀਮਤ ਸੱਟੇਬਾਜ਼ੀ ਕਾਰਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨਾ ਕਿ ਉਸ ਦੀ ਆਪਣੀ ਕੀਮਤ ਕਾਰਨ।

ਆਰਬੀਆਈ ਗਵਰਨਰ ਨੇ ਨਿਵੇਸ਼ਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਨਿਵੇਸ਼ਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕ੍ਰਿਪਟੋਕਰੰਸੀ ਦਾ ਕੋਈ ਅੰਡਰਲਾਇੰਗ (ਆਧਾਰ) ਨਹੀਂ ਹੁੰਦਾ।

ਦਾਸ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਸਾਵਧਾਨ ਕਰਨਾ ਉਨ੍ਹਾਂ ਦਾ "ਫ਼ਰਜ਼" ਹੈ ਅਤੇ ਉਨ੍ਹਾਂ ਨੂੰ ਇਹ ਯਾਦ ਰੱਖਣ ਲਈ ਕਿਹਾ ਕਿ ਉਹ ਆਪਣੇ ਜੋਖਮ 'ਤੇ ਨਿਵੇਸ਼ ਕਰ ਰਹੇ ਹਨ।

ਹਿਜਾਬ ਵਿਵਾਦ: ਅਦਾਲਤ ਨੇ ਅਗਲੇ ਆਦੇਸ਼ ਤੱਕ ਧਾਰਮਿਕ ਪਹਿਰਾਵਾ ਪਹਿਨਣ 'ਤੇ ਲਗਾਈ ਪਾਬੰਦੀ

ਹਿਜਾਬ ਵਿਵਾਦ ਮਾਮਲੇ 'ਚ ਕਰਨਾਟਕ ਹਾਈ ਕੋਰਟ ਨੇ ਵੀਰਵਾਰ ਨੂੰ ਸ਼ੁਰੂਆਤੀ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਅਗਲੇ ਆਦੇਸ਼ ਤੱਕ ਧਾਰਮਿਕ ਪਹਿਰਾਵਾ ਪਹਿਨਣ 'ਤੇ ਪਾਬੰਦੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਕਰਨਾਟਕ ਹਾਈ ਕੋਰਟ ਨੇ ਵਿਦਿਆਰਥੀਆਂ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਤੱਕ ਮਾਮਲਾ ਸੁਲਝ ਨਹੀਂ ਜਾਂਦਾ, ਉਦੋਂ ਤੱਕ ਉਹ ਅਜਿਹੇ ਕੱਪੜੇ ਨਾ ਪਹਿਨਣ ਜੋ ਲੋਕਾਂ ਨੂੰ ਭੜਕਾ ਮਕਦਾ ਹੈ, ਭਾਵੇਂ ਉਹ ਹਿਜਾਬ ਜਾਂ ਕੇਸਰੀਆ ਕੱਪੜਾ ਹੀ ਕਿਉਂ ਨਾ ਹੋਵੇ।

ਚੀਫ ਜਸਟਿਸ ਨੇ ਕਿਹਾ, "ਅਸੀਂ ਬੇਨਤੀ ਕਰਾਂਗੇ ਅਤੇ ਨਾ ਸਿਰਫ਼ ਬੇਨਤੀ ਕਰਾਂਗੇ ਬਲਕਿ ਇੱਕ ਆਦੇਸ਼ ਪਾਸ ਕਰਕੇ ਸੰਸਥਾਵਾਂ ਨੂੰ ਮੁੜ ਕੰਮ ਕਰਨ ਦੀ ਇਜਾਜ਼ਤ ਦੇਵਾਂਗੇ ਪਰ ਜਦੋਂ ਤੱਕ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਹ ਵਿਦਿਆਰਥੀ ਅਤੇ ਸਾਰੇ ਹਿੱਸੇਦਾਰ ਧਾਰਮਿਕ ਪੁਸ਼ਾਕ ਮਤਲਬ ਹੈੱਡਡ੍ਰੈਸ ਜਾਂ ਭਗਵਾ ਸ਼ਾਲ ਜਾਂ ਕੁਝ ਵੀ ਪਹਿਨਣ 'ਤੇ ਜ਼ੋਰ ਨਹੀਂ ਦੇਣਗੇ।''

''ਅਸੀਂ ਇਸ ਗੱਲ ਲਈ ਸਾਰਿਆਂ ਨੂੰ ਰੋਕਾਂਗੇ ਕਿਉਂਕਿ ਅਸੀਂ ਸੂਬੇ ਵਿੱਚ ਅਮਨ-ਸ਼ਾਂਤੀ ਚਾਹੁੰਦੇ ਹਾਂ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)