You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਲਈ ਇਨ੍ਹਾਂ ਖਿਡਾਰਨਾਂ ਨੇ ਬਣਾਈ ਥਾਂ
ਬੀਬੀਸੀ ਇਸ ਸਾਲ 'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ' ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸ ਲਈ ਨਾਮਜ਼ਦ ਖਿਡਾਰਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: 2021 ਐਵਾਰਡ ਲਈ ਪੰਜ ਨਾਮਜ਼ਦ ਖਿਡਾਰਨਾਂ ਦੇ ਨਾਮ ਦਾ ਹੋਇਆ ਐਲਾਨ।
2021 ਲਈ ਪੰਜ ਦਾਅਵੇਦਾਰਾਂ ਦੀ ਸੂਚੀ ਵਿੱਚ ਇਨ੍ਹਾਂ ਖਿਡਾਰਨਾਂ ਨੇ ਜਗ੍ਹਾਂ ਬਣਾਈ ਹੈ…
• ਗੋਲਫਰ ਅਦਿਤੀ ਅਸ਼ੋਕ
• ਮੁੱਕੇਬਾਜ਼ ਲਵਲੀਨਾ ਬੋਰਗੋਹੇਨ
• ਵੇਟ ਲਿਫਟਰ ਮੀਰਾਬਾਈ ਚਾਨੂ
• ਪੈਰਾ ਸ਼ੂਟਰ ਅਵਨੀ ਲੇਖਰਾ
• ਬੈਡਮਿੰਡਨ ਖਿਡਾਰਨ ਪੀਵੀ ਸਿੰਧੂ
ਇਹ ਐਵਾਰਡ ਭਾਰਤੀ ਖਿਡਾਰਨਾਂ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ ਅਤੇ ਦੇਸ਼ ਵਿੱਚ ਖੇਡਾਂ 'ਚ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ।
ਤੁਸੀਂ ਬੀਬੀਸੀ ਦੀ ਕਿਸੇ ਵੀ ਭਾਰਤੀ ਭਾਸ਼ਾ ਦੀ ਵੈੱਬਸਾਈਟ, ਜਿਵੇਂ www.bbc.com/punjabi ਜਾਂ ਬੀਬੀਸੀ ਸਪੋਰਟ ਵੈੱਬਸਾਈਟ 'ਤੇ ਜਾ ਕੇ ਸਾਲ ਦੀ ਆਪਣੀ ਪਸੰਦੀਦਾ ਭਾਰਤੀ ਖਿਡਾਰਨ ਲਈ ਵੋਟ ਦੇ ਸਕਦੇ ਹੋ।
ਵੋਟਿੰਗ 28 ਫਰਵਰੀ 2022 ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਤੱਕ ਖੁੱਲ੍ਹੀ ਰਹੇਗੀ।
ਜੇਤੂ ਦਾ ਐਲਾਨ 28 ਮਾਰਚ 2022 ਨੂੰ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ। ਇਸ ਸਬੰਧੀ ਸਾਰੇ ਨਿਯਮ ਅਤੇ ਸ਼ਰਤਾਂ ਅਤੇ ਗੋਪਨੀਯਤਾ ਨੋਟਿਸ, ਵੈੱਬਸਾਈਟ 'ਤੇ ਉਪਲਬਧ ਹਨ।
ਨਤੀਜਿਆਂ ਦਾ ਐਲਾਨ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਸਾਈਟਾਂ ਅਤੇ ਬੀਬੀਸੀ ਸਪੋਰਟ ਵੈੱਬਸਾਈਟ 'ਤੇ ਵੀ ਕੀਤਾ ਜਾਵੇਗਾ।
ਸਭ ਤੋਂ ਵੱਧ ਜਨਤਕ ਵੋਟਾਂ ਹਾਸਲ ਕਰਨ ਵਾਲੀ ਖਿਡਾਰਨ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਹੋਵੇਗੀ।
ਨਾਮਜ਼ਦ ਖਿਡਾਰਨਾਂ ਬਾਰੇ ਜਾਣੋ
ਅਦਿਤੀ ਅਸ਼ੋਕ
ਅਦਿਤੀ ਅਸ਼ੋਕ ਇੱਕ ਪੇਸ਼ੇਵਰ ਖਿਡਾਰਨ ਬਣਨ ਤੋਂ ਬਾਅਦ ਹੀ ਮਹਿਲਾ ਗੋਲਫ ਵਿੱਚ ਭਾਰਤ ਦੀ ਪਛਾਣ ਰਹੇ ਹਨ।
18 ਸਾਲ ਦੀ ਉਮਰ ਵਿੱਚ ਅਦਿਤੀ 2016 ਵਿੱਚ ਰੀਓ ਓਲੰਪਿਕ ਵਿੱਚ ਭਾਰਤੀ ਦਲ ਵਿੱਚ ਸਭ ਤੋਂ ਛੋਟੀ ਉਮਰ ਦੀ ਮੈਂਬਰ ਸਨ।
23 ਸਾਲਾ ਖਿਡਾਰਨ ਨੇ ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ। ਗੋਲਫ ਵਿੱਚ ਅਦਿਤੀ ਦੀ ਸਫਲਤਾ ਨੇ ਭਾਰਤ ਵਿੱਚ ਕੁੜੀਆਂ ਦੀ ਗੋਲਫ ਵਿੱਚ ਦਿਲਚਸਪੀ ਜਗਾਈ ਹੈ, ਉਹ ਖੇਡ ਜਿਸ ਵਿੱਚ ਭਾਰਤ ਨੇ ਗਲੋਬਲ ਪੱਧਰ 'ਤੇ ਸੀਮਤ ਸਫਲਤਾ ਦੇਖੀ ਹੈ।
ਉਹ 2016 ਵਿੱਚ ਲੇਡੀਜ਼ ਯੂਰਪੀਅਨ ਟੂਰ ਈਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹਨ।
ਅਵਨੀ ਲੇਖਰਾ
20 ਸਾਲਾ ਅਵਨੀ ਲੇਖਰਾ ਇਤਿਹਾਸ ਦੀ ਪਹਿਲੀ ਭਾਰਤੀ ਮਹਿਲਾ ਹਨ ਜਿਨ੍ਹਾਂ ਨੇ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਉਨ੍ਹਾਂ ਨੇ ਟੋਕੀਓ ਪੈਰਾਲੰਪਿਕਸ ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ 1 ਸ਼੍ਰੇਣੀ ਵਿੱਚ ਨਵਾਂ ਪੈਰਾਲੰਪਿਕ ਰਿਕਾਰਡ ਕਾਇਮ ਕੀਤਾ ਹੈ।
ਅਵਨੀ ਨੇ ਖੇਡਾਂ ਵਿੱਚ ਔਰਤਾਂ ਦੀ 50 ਮੀਟਰ ਰਾਈਫਲ 3-ਪੋਜ਼ੀਸ਼ਨ ਐੱਸਐੱਚ 1 ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ।
ਬਚਪਨ ਵਿੱਚ ਇੱਕ ਵੱਡੇ ਕਾਰ ਹਾਦਸੇ ਕਾਰਨ ਉਨ੍ਹਾਂ ਨੂੰ ਕਮਰ ਤੋਂ ਹੇਠਾਂ ਅਧਰੰਗ ਹੋ ਗਿਆ ਸੀ।
ਦੁਰਘਟਨਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਸ਼ੂਟਿੰਗ ਕਰਵਾਉਣੀ ਸ਼ੁਰੂ ਕੀਤੀ ਅਤੇ ਅਵਨੀ ਨੇ ਉਦੋਂ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ। ਖੇਡਾਂ ਪ੍ਰਤੀ ਆਪਣੇ ਜਨੂੰਨ ਨੂੰ ਅੱਗੇ ਵਧਾਉਂਦੇ ਹੋਏ ਉਹ ਨਾਲ-ਨਾਲ ਕਾਨੂੰਨ ਦੀ ਪੜ੍ਹਾਈ ਵੀ ਕਰ ਰਹੇ ਹਨ।
ਲਵਲੀਨਾ ਬੋਰਗੋਹੇਨ
ਲਵਲੀਨਾ ਬੋਰਗੋਹੇਨ ਟੋਕੀਓ ਗੇਮਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੇ ਤੀਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਗਏ ਹਨ।
ਲਵਲੀਨਾ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਕਈ ਤਗ਼ਮੇ ਜਿੱਤੇ ਹਨ ਅਤੇ ਉਹ 2018 ਵਿੱਚ ਉਦਘਾਟਨੀ ਇੰਡੀਆ ਓਪਨ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਚਰਚਾ ਵਿੱਚ ਆਏ ਸੀ, ਜਿਸ ਤੋਂ ਬਾਅਦ ਆਸਟਰੇਲੀਆ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਉੱਤਰ-ਪੂਰਬੀ ਰਾਜ ਅਸਾਮ ਵਿੱਚ ਪੈਦਾ ਹੋਏ 24 ਸਾਲਾ ਲਵਲੀਨਾ ਨੇ ਆਪਣੀਆਂ ਦੋ ਵੱਡੀਆਂ ਭੈਣਾਂ ਤੋਂ ਪ੍ਰੇਰਨਾ ਲੈਂਦਿਆਂ ਕਿੱਕ ਬਾਕਸਰ ਵਜੋਂ ਸ਼ੁਰੂਆਤ ਕੀਤੀ ਸੀ, ਪਰ ਬਾਕਸਿੰਗ ਉਨ੍ਹਾਂ ਦੀ ਪਛਾਣ ਬਣੀ।
ਮੀਰਾਬਾਈ ਚਾਨੂ
ਵੇਟਲਿਫਟਿੰਗ ਚੈਂਪੀਅਨ ਸਾਈਖੋਮ ਮੀਰਾਬਾਈ ਚਾਨੂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ, ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਏ।
ਉਨ੍ਹਾਂ ਨੇ 2016 ਤੋਂ ਬਾਅਦ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੇ ਸੀ ਅਤੇ ਲਗਭਗ ਇਸ ਖੇਡ ਨੂੰ ਅਲਵਿਦਾ ਕਹਿ ਗਏ ਸੀ।
ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਚਾਨੂ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਪੈਦਾ ਹੋਏ ਅਤੇ ਇੱਕ ਚਾਹ ਦਾ ਸਟਾਲ ਲਗਾਉਣ ਵਾਲੇ ਸ਼ਖਸ ਦੀ ਧੀ ਹਨ।
ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਲਿਆ ਹੈ।
ਪੀ ਵੀ ਸਿੰਧੂ
ਬੈਡਮਿੰਟਨ ਖਿਡਾਰਨ ਪੁਸਾਰਲਾ ਵੈਂਕਟ ਸਿੰਧੂ (ਪੀ ਵੀ ਸਿੰਧੂ) ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ।
ਟੋਕੀਓ ਖੇਡਾਂ ਦਾ ਕਾਂਸੀ ਤਗ਼ਮਾ ਉਨ੍ਹਾਂ ਦੀ ਦੂਜੀ ਓਲੰਪਿਕ ਜਿੱਤ ਹੈ - ਉਨ੍ਹਾਂ ਨੇ 2016 ਵਿੱਚ ਰੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਪੀ ਵੀ ਸਿੰਧੂ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ (ਬੀਡਬਲਯੂਐੱਫ) ਵਰਲਡ ਟੂਰ ਫਾਈਨਲਜ਼ ਵਿੱਚ 2021 ਦਾ ਅੰਤ ਚਾਂਦੀ ਦੇ ਤਗ਼ਮੇ ਨਾਲ ਕੀਤਾ ਸੀ। ਉਹ ਜਨਵਰੀ, 2022 ਵਿੱਚ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਖਿਤਾਬ ਦੇ ਜੇਤੂ ਵੀ ਰਹੇ।
ਸਿੰਧੂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਏ।
ਉਨ੍ਹਾਂ ਨੇ ਸਤੰਬਰ 2012 ਵਿੱਚ 17 ਸਾਲ ਦੀ ਉਮਰ ਵਿੱਚ ਬੀਡਬਲਯੂਐੱਫ ਵਿਸ਼ਵ ਦਰਜਾਬੰਦੀ ਦੇ ਸਿਖਰਲੇ 20 ਸਥਾਨਾਂ ਵਿੱਚ ਦਾਖਲਾ ਲਿਆ।
ਉਨ੍ਹਾਂ ਨੇ ਜਨਤਕ ਵੋਟ ਤੋਂ ਬਾਅਦ 2019 ਵਿੱਚ ਪਹਿਲਾ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ ਜਿੱਤਿਆ।
ਕਿਵੇਂ ਹੁੰਦੀ ਹੈ ਨਾਮਜ਼ਦ ਖਿਡਾਰਨਾਂ ਦੀ ਚੋਣ?
ਬੀਬੀਸੀ 28 ਮਾਰਚ 2022 ਨੂੰ ਹੋਣ ਵਾਲੇ ਸਮਾਗਮ ਦੌਰਾਨ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਇੱਕ ਪ੍ਰਸਿੱਧ ਖਿਡਾਰਨ ਨੂੰ ਸਨਮਾਨਿਤ ਕਰੇਗਾ।
ਬੀਬੀਸੀ ਸਾਲ ਦੇ ਭਾਰਤੀ ਉੱਭਰਦੇ ਖਿਡਾਰੀ ਦਾ ਸਨਮਾਨ ਵੀ ਕਰੇਗਾ।
ਬੀਬੀਸੀ ਨੇ ਫਰਵਰੀ 2020 ਵਿੱਚ ਇਸ ਐਵਾਰਡ ਦਾ ਉਦਘਾਟਨੀ ਸੀਜ਼ਨ ਲੌਂਚ ਕੀਤਾ ਸੀ। ਇਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਨੇ ਜ਼ਿੰਦਗੀ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਇਸ ਦੌਰਾਨ ਹੀ ਬੀਬੀਸੀ ਦੀ ਇਹ ਮੁਹਿੰਮ ਹੁਣ ਆਪਣੇ ਤੀਜੇ ਸਾਲ ਵਿੱਚ ਦਾਖਲ ਹੋ ਗਈ ਹੈ।
ਪਿਛਲੇ ਸਾਲ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ ਐਵਾਰਡ 2020 ਦੀ ਜੇਤੂ ਸਨ।
ਬੀਬੀਸੀ ਵੱਲੋਂ ਚੁਣੇ ਗਏ ਇੱਕ ਪੈਨਲ ਨੇ ਇਸ ਸਾਲ ਪੰਜ ਭਾਰਤੀ ਖਿਡਾਰਨਾਂ ਦੀ ਸ਼ਾਰਟਲਿਸਟ ਸੂਚੀ ਤਿਆਰ ਕੀਤੀ ਹੈ।
ਜਿਊਰੀ ਵਿੱਚ ਭਾਰਤ ਦੇ ਅਹਿਮ ਉੱਘੇ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਹਨ। ਜਿਊਰੀ ਵੱਲੋਂ ਸਭ ਤੋਂ ਵੱਧ ਨਾਮਜ਼ਦਗੀਆਂ ਵਾਲੀ ਸਪੋਰਟਸ ਵੂਮਨ ਨੂੰ ਜਨਤਕ ਵੋਟਿੰਗ ਲਈ ਨਾਮਜ਼ਦ ਕੀਤਾ ਗਿਆ ਹੈ।