You’re viewing a text-only version of this website that uses less data. View the main version of the website including all images and videos.
ਕਰਨਾਟਕ ਹਿਜਾਬ ਵਿਵਾਦ: ਵਿਦਿਆਰਥਣ ਨੇ ਕਿਹਾ, 'ਜਦੋਂ ਡਰ ਜਾਂਦੀ ਹਾਂ ਤਾਂ ਅੱਲ੍ਹਾ ਦਾ ਨਾਮ ਲੈਂਦੀ ਹਾਂ'
ਕਰਨਾਟਕ ਵਿੱਚ ਹਿਜਾਬ ਪਾਉਣ ਤੋਂ ਛਿੜੀ ਬਹਿਸ ਮੰਗਲਵਾਰ ਨੂੰ ਇੱਕ ਵਾਇਰਲ ਵੀਡੀਓ ਕਾਰਨ ਹੋਰ ਗਰਮਾ ਗਈ ਤੇ ਇਸ ਬਾਰੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਡਿਆ ਜ਼ਿਲ੍ਹੇ ਦੇ ਇੱਕ ਪ੍ਰੀ-ਯੂਨੀਵਰਿਸਟੀ ਕਾਲਜ ਵਿੱਚ ਇੱਕ ਹਿਜਾਬ ਧਾਰੀ ਵਿਦਿਆਰਥਣ ਆਪਣੀ ਬਾਈਕ ਖੜ੍ਹੀ ਕਰਕੇ ਕਲਾਸ ਵੱਲ ਵਧਦੀ ਹੈ ਤਾਂ ਇੱਕ ਭੀੜ ਉਸ ਦੇ ਮਗਰ ਲੱਗ ਜਾਂਦੀ ਹੈ।
ਭਗਵੇਂ ਪਰਨੇ ਗਲ ਵਿੱਚ ਪਾਈ ਇਹ ਉਤੇਜਿਤ ਲੋਕ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਵਿਦਿਆਰਥਣ ਵੱਲ ਵਧਦੇ ਹਨ। ਵਿਦਿਆਰਥਣ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਮੁੱਠੀ ਚੁੱਕਦੇ ਹੋਏ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਗਾਉਂਦੀ ਹੈ।
ਹਿਜਾਬ ਵਿਵਾਦ ਕੀ ਹੈ?
ਕਰਨਾਟਕ ਬਾਗਲਕੋਟ ਜ਼ਿਲ੍ਹੇ ਦੇ ਸ਼ਿਵਮੋਗਾ ਅਤੇ ਬੰਨਾਹੱਟੀ ਵਿੱਚ ਇੱਕ ਨਿੱਜੀ ਕਾਲਜ ਵਿੱਚ ਪੱਥਰਬਾਜੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਪੁਲਿਸ ਵੱਲੋਂ ਤੁਰੰਤ ਵਿਦਿਆਰਥੀਆਂ ਨੂੰ ਖਦੇੜ ਦਿੱਤਾ ਗਿਆ।
ਜਿਨ੍ਹਾਂ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝੜਪ ਹੋਈ ਉਨ੍ਹਾਂ ਵਿੱਚ, ਇੱਕ ਹਿਜਾਬ ਪਾਉਣ ਵਾਲੇ ਸਨ ਅਤੇ ਦੂਜੇ ਭਗਵੇਂ ਸ਼ਾਲਾਂ ਨਾਲ ਨਾਅਰੇਬਾਜ਼ੀ ਕਰ ਰਹੇ ਸਨ।
ਇਨ੍ਹਾਂ ਦੋਵਾਂ ਧੜਿਆਂ ਦੀ ਗਰਮ ਬਹਿਸ ਨੇ ਉਡੁਪੀ ਵਿੱਚ ਪ੍ਰਾਈਵੇਟ ਕਾਲਜ ਨੂੰ ਉਦੋਂ ਤੱਕ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਜਦੋਂ ਤੱਕ ਸੂਬਾ ਹਾਈ ਕੋਰਟ ਇਸ ਮੁੱਦੇ 'ਤੇ ਫ਼ੈਸਲਾ ਨਹੀਂ ਲੈਂਦਾ।
ਹਿਜਾਬ ਖ਼ਿਲਾਫ਼ ਵਿਰੋਧ ਦੀ ਸ਼ੁਰੂਆਤ ਉਡੂਪੀ ਦੇ ਸਰਕਾਰੀ ਗਰਲਜ਼ ਪੀਯੂ ਕਾਲਜ ਵਿਚ 6 ਮਹੀਨੇ ਪਹਿਲਾਂ ਹੋਈ ਸੀ। ਉਦੋਂ 6 ਕੁੜੀਆਂ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਹਿਜਾਬ ਪਾਕੇ ਜਮਾਤਾਂ ਲਗਾਉਣ ਤੋਂ ਰੋਕਿਆ ਗਿਆ ਹੈ। ਉਡੂਪੀ ਅਤੇ ਚਿਕਮਗਲੂਰੂ ਵਿਚ ਹਿੰਦੂਤਵੀ ਗਰੁੱਪਾਂ ਨੇ ਕੁੜੀਆਂ ਦੇ ਜਮਾਤ ਵਿਚ ਹਿਜਾਬ ਪਾਕੇ ਆਉਣ ਦਾ ਵਿਰੋਧ ਕੀਤਾ ਸੀ।
ਵਿਦਿਆਰਥਣ- ਕੌਣ ਹੈ
ਉਤੇਜਿਤ ਨਾਅਰੇ ਲਗਾਉਂਦੀ ਹੋਈ ਭੀੜ ਦੇ ਸਾਹਮਣੇ ਡਟਣ ਵਾਲੀ ਇਸ ਵਿਦਿਆਰਥਣ ਦਾ ਨਾਮ ਮੁਸਕਾਨ ਹੈ ਜੋ ਮੈਸੂਰ-ਬੈਂਗਲੂਰੂ ਹਾਈਵੇ ਉੱਪਰ ਪੀਈਐਸ ਕਾਲਜ ਆਫ਼ ਆਰਟਸ ਵਿੱਚ ਸਾਇੰਸ ਐਂਡ ਕਾਮਰਸ ਵਿੱਚ ਬੀ ਕਾਮ, ਦੂਜੇ ਸਾਲ ਦੀ ਵਿਦਿਆਰਥਣ ਹੈ।
ਮੁਸਕਾਨ ਨੇ ਬਾਅਦ ਵਿੱਚ ਕੁਝ ਮੀਡੀਆ ਅਦਾਰਿਆਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਬਾਰੇ ਆਪਣਾ ਪੱਖ ਰੱਖਿਆ।
ਇਹ ਵੀ ਪੜ੍ਹੋ:
ਮੁਸਕਾਨ ਨੇ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਪੰਜ ਹੋਰ ਵਿਦਿਆਰਥਣਾਂ ਨਾਲ ਅਜਿਹਾ ਵਾਕਿਆ ਹੋ ਚੁੱਕਿਆ ਹੈ।
ਘਟਨਾ ਬਾਰੇ ਮੁਸਕਾਨ ਨੇ ਬੀਬੀਸੀ ਨੂੰ ਦੱਸਿਆ, ''ਮੈਂ ਅਸਾਈਨਮੈਂਟ ਜਮ੍ਹਾਂ ਕਰਵਾਉਣ ਜਾ ਰਹੀ ਸੀ। ਮੇਰੇ ਕਾਲਜ ਵਿੱਚ ਵੜਨ ਤੋਂ ਪਹਿਲਾਂ ਹੀ ਕੁਝ ਵਿਦਿਆਰਥਣਾਂ ਨੂੰ ਹਿਜਾਬ ਪਾਉਣ ਕਾਰਨ ਤੰਗ ਕੀਤਾ ਗਿਆ ਸੀ।”
“ਮੈਂ ਇੱਥੇ ਪੜ੍ਹਨ ਆਉਂਦੀ ਹਾਂ। ਮੇਰਾ ਕਾਲਜ ਮੈਨੂੰ ਇਹ ਕੱਪੜੇ ਪਾਉਣ ਦੀ ਆਗਿਆ ਦਿੰਦਾ ਹੈ। ਭੀਣ ਵਿੱਚ ਸਿਰਫ਼ 10 ਫ਼ੀਸਦੀ ਲੋਕ ਮੇਰੇ ਕਾਲਜ ਦੇ ਸਨ। ਬਾਕੀ ਸਾਰੇ ਬਾਹਰੀ ਲੋਕ ਸਨ। ਜਿਸ ਤਰ੍ਹਾਂ ਉਹ ਵਿਹਾਰ ਕਰ ਰਹੇ ਸਨ ਉਸ ਨੇ ਮੈਨੂੰ ਪ੍ਰੇਸ਼ਾਨ ਕੀਤਾ ਅਤੇ ਮੈਂ ਜਵਾਬ ਦਿੱਤਾ।''
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਲਜ ਪ੍ਰਿੰਸੀਪਲ ਅਤੇ ਹੋਰ ਕਮਰਚਾਰੀਆਂ ਤੋਂ ਇਲਾਵਾ ਹਿੰਦੂ ਸਹਿਪਾਠੀਆਂ ਦਾ ਵੀ ਸਮਰਥਨ ਮਿਲਿਆ।
ਉਨ੍ਹਾਂ ਦੱਸਿਆ, ''ਉੱਥੇ ਇਕੱਠੇ ਹੋਏ ਲੋਕਾਂ ਨੇ ਮੈਨੂੰ ਕਿਹਾ, 'ਤੂੰ ਬੁਰਕੇ ਨਾਲ ਕਾਲਜ ਨਹੀਂ ਜਾਵੇਂਗੀ, ਜੇ ਕਾਲਜ ਜਾਣਾ ਹੈ ਤਾਂ ਬੁਰਕਾ ਜਾਂ ਹਿਜਾਬ ਹਟਾ ਕੇ ਜਾਓ। ਬੁਰਕੇ 'ਚ ਰਹਿਣਾ ਹੈ ਤਾਂ ਤੂੰ ਵਾਪਿਸ ਘਰ ਚਲੀ ਜਾ'।''
''ਮੈਂ ਸੋਚਿਆ ਸੀ ਕਿ ਮੈਂ ਚੁੱਪਚਾਪ (ਕਾਲਜ ਅੰਦਰ) ਚਲੀ ਜਾਵਾਂਗੀ, ਪਰ ਲੋਕ ਉੱਥੇ ਇੰਨਾ ਚੀਕ ਰਹੇ ਸਨ, ਬੁਰਕਾ ਹਟਾ ਅਤੇ ਜੈ ਸ਼੍ਰੀ ਰਾਮ ਵਰਗਾ ਕੁਝ ਬੋਲ ਰਹੇ ਸਨ, ਸੋ ਫਿਰ ਮੈਂ ਵੀ ਆਵਾਜ਼ ਉਠਾਈ।''
''ਫਿਰ ਮੈਂ ਸੋਚਿਆ ਕਿ ਮੈਂ ਕਲਾਸ ਦੇ ਅੰਦਰ ਚਲੀ ਜਾਵਾਂਗੀ ਪਰ ਉਹ ਮੁੰਡੇ ਮੇਰੇ ਪਿੱਛੇ ਆ ਰਹੇ ਸਨ, ਜਿਵੇਂ ਕਿ ਉਹ ਹਮਲਾ ਕਰ ਰਹੇ ਸਨ। 40 ਮੈਂਬਰ ਸਨ, ਮੈਂ ਇਕੱਲੀ ਸੀ।''
''ਕੁਝ ਮਾਨਵਤਾ ਨਹੀਂ ਹੈ ਉਨ੍ਹਾਂ ਲੋਕਾਂ 'ਚ। ਅਚਾਨਕ ਮੇਰੇ ਕੋਲ ਆਏ ਅਤੇ ਚਿੱਲਾਉਣ ਲੱਗੇ। ਉਨ੍ਹਾਂ ਨੇ ਆਰੇਂਜ ਰੰਗ ਦਾ ਸਕਾਰਫ ਫੜਿਆ ਹੋਇਆ ਸੀ, ਮੇਰੇ ਮੂੰਹ ਕੋਲ ਆ ਕੇ ਉਸਨੂੰ ਲਹਿਰਾਉਣ ਲੱਗੇ।''
''ਮੈਨੂੰ ਡਰਾ ਰਹੇ ਸਨ ਸਾਰੇ।''
ਮੁਸਕਾਨ ਨੇ ਕਿਹਾ, ''ਮੇਰੇ ਕਾਲਜ ਦੇ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਨੇ ਕਦੇ ਬੁਰਕਾ ਪਾਉਣ ਤੋਂ ਨਹੀਂ ਰੋਕਿਆ। ਕੁਝ ਬਾਹਰੀ ਲੋਕ ਆਕੇ ਸਾਡੇ ਉੱਪਰ ਦਬਾਅ ਬਣਾਅ ਰਹੇ ਹਨ। ਸਾਨੂੰ ਰੋਕਣ ਵਾਲੇ ਇਹ ਲੋਕ ਕੌਣ ਹਨ? ਸਾਨੂੰ ਇਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ?''
ਮੁਸਕਾਨ ਨੇ ਕਿਹਾ, ''ਮੇਰੇ ਤੋਂ ਪਹਿਲਾਂ 4 ਕੁੜੀਆਂ ਆਈਆਂ, ਉਨ੍ਹਾਂ ਲਈ ਤਾਂ ਦਰਵਾਜ਼ਾ ਹੀ ਲੌਕ ਕਰ ਦਿੱਤਾ। ਉਹ ਕੁੜੀਆਂ ਰੋ ਕੇ ਅੰਦਰ ਚਲੀਆਂ ਗਈਆਂ। ਫਿਰ ਮੇਰੇ ਨਾਲ ਵੀ ਇੰਝ ਹੀ ਕੀਤਾ, ਮੈਂ ਨਹੀਂ ਰੋਈ।''
''ਮੈਂ ਬੋਲੀ 'ਅੱਲ੍ਹਾ ਹੂ ਅਕਬਰ', ਕਿਉਂਕਿ ਮੈਂ ਡਰ ਗਈ ਸੀ। ਮੈਂ ਜਦੋਂ ਡਰਦੀ ਹਾਂ, ਅੱਲ੍ਹਾ ਦਾ ਨਾਮ ਲੈਂਦੀ ਹਾਂ, ਇਸ ਨਾਲ ਮੈਨੂੰ ਹਿੰਮਤ ਆਉਂਦੀ ਹੈ।''
ਪ੍ਰਤੀਕਿਰਿਆਵਾਂ
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਪਰ ਇਸ ਬਾਰੇ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, ਬਿਕਨੀ ਹੋਵੇ, ਘੁੰਡ ਹੋਵੇ, ਜੀਨਸ ਜਾਂ ਫਿਰ ਹਿਜਾਬ, ਔਰਤਾਂ ਦੀ ਮਰਜ਼ੀ ਹੈ ਕਿ ਉਹ ਆਪਣੀ ਪਸੰਦ ਦੇ ਕੱਪੜੇ ਪਾਉਣ। ਇਹ ਹੱਕ ਔਰਤਾਂ ਨੂੰ ਸੰਵਿਧਾਨ ਨੇ ਦਿੱਤਾ ਹੈ। ਔਰਤਾਂ ਨੂੰ ਸਤਾਉਣਾ ਬੰਦ ਕਰੋ।
ਏਆਈਐਮਆਈਐੱਮ ਦੇ ਨੇਤਾ, ਅਸਦ-ਉਦ-ਦੀਨ ਓਵੈਸੀ ਨੇ ਵੀ ਆਪਣੇ ਇੱਕ ਭਾਸ਼ਣ ਵਿੱਚ ਕੁੜੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ,''ਮੈਂ ਸਲਾਮ ਕਰਦਾ ਹਾਂ ਉਸ ਬਹਾਦਰ ਬੇਟੀ ਦੀ ਬਹਾਦਰੀ ਨੂੰ, ਮੈਂ ਸਲਾਮ ਕਰਦਾ ਹਾਂ ਉਸ ਬੱਚੀ ਦੇ ਮਾਂ-ਬਾਪ ਨੂੰ ਜਿਨ੍ਹਾਂ ਨੇ ਇਸ ਬੇਟੀ ਨੂੰ ਇੰਨਾ ਬਹਾਦਰ ਬਣਾਇਆ।''
ਭੀਮ ਆਰਮੀ ਦੇ ਮੁਖੀ ਦੇ ਦਲਿਤ ਆਗੂ ਚੰਦਰਸ਼ੇਖ਼ਰ ਆਜ਼ਦ ਨੇ ਲਿਖਿਆ, ''ਕਰਨਾਟਕ ਵਿੱਚ ਬੀਬੀ ਮੁਸਕਾਨ ਨਾਮ ਦੀ ਬਹਾਦਰ ਭੈਣ ਦੇ ਨਾਲ ਜੋ ਹੋਇਆ ਇਸ ਨੇ ਭਾਜਪਾ ਦੇ ਸੁਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਭਾਜਪਾ ਸਰਕਾਰ ਆਪਣੀ ਸੁਰੱਖਿਆ ਵਿੱਚ ਗੁੰਡੇ ਪਾਲਦੀ ਹੈ। ਉਨ੍ਹਾਂ ਗੁੰਡਿਆਏ ਦੀ ਵਰਤੋਂ ਹਿੰਸਾ ਵਿੱਚ ਕਰਦੀ ਹੈ। ਜਨਸਰੋਕਾਰ ਦੇ ਹਰ ਇੱਕ ਮੁੱਦੇ ਉੱਪਰ ਅਸਫ਼ਲ ਰਹੀ ਭਾਜਪਾ ਹੁਣ ਇਸ ਮੁੱਦੇ ਨੂੰ ਹਵਾ ਦੇ ਰਹੀ ਹੈ।''
ਆਲੋਚਨਾ
ਭਾਰਤੀ ਜਨਤਾ ਪਾਰਟੀ ਦੀ ਕੌਮੀ ਬੁਲਾਰਾ ਸੰਜੂ ਵਰਮਾ ਨੇ ਅੱਲ੍ਹਾ-ਹੂ-ਅਕਬਰ ਨਾਅਰਾ ਲਗਾਉਣ ਵਾਲੀ ਕੁੜੀ ਨੂੰ ਇੱਕ ਕੱਟੜਪੰਥੀ ਅਤੇ ਗੁੰਮਰਾਹ ਕੁੜੀ ਦੱਸਿਆ ਹੈ।
ਸੰਜੂ ਵਰਮਾ ਨੇ ਟਵੀਟ ਕੀਤਾ,''ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾਉਣ ਵਾਲੀ ਉਸ ਗੁੰਮਰਾਹ ਅਤੇ ਕੱਟੜੰਪਥੀ ਕੁੜੀ ਨੇ ਬਹਾਦਰੀ ਵਾਲਾ ਕੋਈ ਕੰਮ ਨਹੀਂ ਕੀਤਾ ਹੈ। ਜ਼ਿਆਦਾਤਰ ਇਸਲਾਮਿਕ ਦੇਸ਼ਾਂ ਨੇ ਵੀ ਹਿਜਾਬ ਪਾਉਣ ਤੇ ਰੋਕ ਲਗਾ ਦਿੱਤੀ ਹੈ। ਜੋ ਲੋਕ #HijabisOurRight ਨੂੰ ਟਰੈਂਡ ਕਰਵਾ ਰਹੇ ਹਨ, ਉਨ੍ਹਾਂ ਨੂੰ ਜੇ 18ਵੀਂ ਸਦੀ ਦੀ ਮਾਨਸਿਕਤਾ ਵਿੱਚ ਰਹਿਣ ਦਾ ਸ਼ੌਂਕ ਹੈ ਤਾਂ ਮਦਰੱਸੇ ਵਿੱਚ ਚਲੇ ਜਾਣ।''
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਰਨਾਟਕ ਵਿੱਚ ਹਿਜਾਬ ਮਾਮਲੇ ਉੱਪਰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜਿਹਾਦੀ ਅਤੇ ਉਨ੍ਹਾਂ ਦੇ ਪੈਰੋਕਾਰ ਹਿਜਾਬ ਦੀ ਆੜ ਵਿੱਚ ਅਰਜਾਕਤਾ ਤੋਂ ਬਾਜ਼ ਆਉਣ।
ਵੀਐਚਪੀ ਦੇ ਕੌਮੀ ਬੁਲਾਰੇ ਵਿਨੋਦ ਬੰਸਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਰਨਾਟਕ ਦੇ ਉਡੀਪੀ ਤੋਂ ਸ਼ੁਰੂ ਹੋਇਆ ਵਿਵਾਦ ਦਰਅਸਲ ਹਿਜਾਬ ਦੀ ਆੜ ਵਿੱਚ ਜਿਹਾਦੀ ਅਰਾਜਕਤਾ ਫ਼ੈਲਾਉਣ ਦੀ ਸਾਜਿਸ਼ ਹੈ।
ਪਾਕਿਸਤਾਨ ਵਿੱਚ ਪ੍ਰਤੀਕਿਰਿਆ
ਮੁਸਕਾਨ ਨੂੰ ਪਾਕਿਸਤਾਨ ਵਿੱਚ ਵੀ ਖੂਬ ਸਮਰਥਨ ਮਿਲ ਰਿਹਾ ਹੈ।
ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀਟੀਆਈ ਨੇ ਇੱਕ ਵੀਡੀਓ ਟਵੀਟ ਕਰਕੇ ਲਿਖਿਆ, ''ਬਹਾਦਰੀ ਦੀ ਮਿਸਾਲ। ਅੱਲ੍ਹਾ-ਹੂ-ਅਕਬਰ। ਮੋਦੀ ਰਾਜ ਵਿੱਚ ਭਾਰਤ ਵਿੱਚ ਸਿਰਫ਼ ਤਬਾਹੀ ਹੋ ਰਹੀ ਹੈ। ਜਿਨਾਹ ਸਹੀ ਸਨ।''
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਭਾਰਤ ਇਸ ਵਿਵਾਦ ਉੱਪਰ ਆਪਣੀ ਰਾਇ ਰੱਖੀ ਹੈ।
ਉਨ੍ਹਾਂ ਨੇ ਲਿਖਿਆ,''ਮੁਸਲਮਾਨ ਕੁੜੀਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਣਾ ਮੌਲਿਕ ਹੱਕਾਂ ਦੀ ਉਲੰਘਣਾ ਹੈ। ਇਸ ਮੌਲਿਕ ਹੱਕ ਤੋਂ ਕਿਸੇ ਨੂੰ ਵਾਂਝਿਆਂ ਕਰਨਾ ਅਤੇ ਹਿਜਾਬ ਪਾਉਣ ਪਿੱਛੇ ਡਰਾਉਣਾ ਪੂਰੀ ਤਰ੍ਹਾਂ ਦਮਨਕਾਰੀ ਹੈ। ਦੁਨੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਮੁਸਲਮਾਨਾਂ ਨੂੰ ਇੱਕ ਤੰਗ ਬਸਤੀ ਵਿੱਚ ਰਹਿਣ ਲਈ ਮਜਬੂਰ ਕਰਨ ਦੀ ਭਾਰਤ ਦੀ ਯੋਜਨਾ ਦਾ ਹਿੱਸਾ ਹੈ।''
ਉੱਥੇ ਹੀ ਇਮਰਾਨ ਖ਼ਾਨ ਸਰਕਾਰ ਵਿੱਚ ਮੰਤਰੀ ਚੌਧਰੀ ਫ਼ਵਾਦ ਹੁਸੈਨ ਲਿਖਦੇ ਹਨ,''ਮੋਦੀ ਦੇ ਭਾਰਤ ਵਿੱਚ ਜੋ ਹੋ ਰਿਹਾ ਹੈ ਉਹ ਭਿਆਨਕ ਹੈ। ਅਸਥਿਰ ਅਗਵਾਈ ਵਿੱਚ ਭਾਰਤੀ ਸਮਾਜ ਦਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਕਿਸੇ ਹੋਰ ਕੱਪੜੇ ਵਾਂਗ ਹੀ ਹਿਜਾਬ ਪਾਉਣਾ ਵੀ ਇੱਕ ਨਿੱਜੀ ਪਸੰਦ ਹੈ ਜੋ ਵਿਕਲਪ ਹਰ ਨਾਗਰਿਕ ਨੂੰ ਮਿਲਣਾ ਚਾਹੀਦਾ ਹੈ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: