ਕਰਨਾਟਕ ਹਿਜਾਬ ਵਿਵਾਦ : ਜਦੋਂ ਭਗਵੇਂ ਪਟਕੇ ਪਾਕੇ ਹਿਜਾਬ ਦਾ ਵਿਰੋਧ ਕਰਨ ਵਾਲਿਆਂ ਦਾ ਇਕੱਲੀ ਕੁੜੀ ਨੇ ਕੀਤਾ ਟਾਕਰਾ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਪੱਤਰਕਾਰ

ਕਰਨਾਟਕ ਹਿਜਾਬ ਵਿਵਾਦ ਮਾਮਲੇ ਵਿਚ ਹਾਈਕੋਰਟ ਨੇ ਕਿਹਾ ਹੈ ਕਿ ਉਹ ਕਾਰਨਾਂ ਅਤੇ ਕਾਨੂੰਨ ਮੁਤਾਬਕ ਚੱਲਣਗੇ ਜਨੂੰਨ ਜਾਂ ਭਾਵਨਾਵਾਂ ਮੁਤਾਬਕ ਨਹੀਂ। ਅਦਾਲਤ ਨੇ ਕਿਹਾ ਕਿ ਸੰਵਿਧਾਨ ਕੀ ਕਹਿੰਦਾ ਹੈ, ਅਸੀਂ ਉਸ ਮੁਤਾਬਕ ਚੱਲਣਾ ਹੈ। ਮੇਰੇ ਲਈ ਸੰਵਿਧਾਨ ਭਾਗਵਤ ਗੀਤਾ ਹੈ।

ਅਦਾਲਤ ਨੇ ਇਹ ਟਿੱਪਣੀ ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਹਿਜਾਬ ਪਹਿਨਣ ਨੂੰ ਲੈਕੇ ਹੋਏ ਹਿੰਸਕ ਵਿਵਾਦ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕੀਤੀ।

ਅਦਾਲਤ ਵਿਚ ਸੁਣਵਾਈ ਕਰ ਰਹੇ ਜੱਜ ਕ੍ਰਿਸ਼ਨ ਦੀਕਸ਼ਤ ਨੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਬਹਾਲ ਰੱਖਣ ਦੀ ਅਪੀਲ ਵੀ ਕੀਤੀ।

ਅਦਾਲਤ ਨੇ ਕੈਂਪਸ ਦੇ ਅੰਦਰੋਂ ਅਤੇ ਬਾਹਰੋਂ ਦੋਵਾਂ ਪਾਸਿਆਂ ਤੋਂ ਹੋਈ ਹਿੰਸਾ ਉੱਤੇ ਗਹਿਰੀ ਚਿੰਤਾ ਵੀ ਪ੍ਰਗਟਾਈ

ਇਸ ਵਿਵਾਦ ਦੌਰਾਨ ਵਿਦਿਆਰਥੀਆਂ ਦੇ ਦੋ ਗੁੱਟਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਵਿਚਾਲੇ ਪੱਥਰਬਾਜ਼ੀ ਹੋ ਗਈ ਸੀ।

ਹਿਜਾਬ ਵਿਵਾਦ ਕੀ ਹੈ

ਕਰਨਾਟਕ ਬਾਗਲਕੋਟ ਜ਼ਿਲ੍ਹੇ ਦੇ ਸ਼ਿਵਮੋਗਾ ਅਤੇ ਬੰਨਾਹੱਟੀ ਵਿੱਚ ਇੱਕ ਨਿੱਜੀ ਕਾਲਜ ਵਿੱਚ ਪੱਥਰਬਾਜੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਪੁਲਿਸ ਵੱਲੋਂ ਤੁਰੰਤ ਵਿਦਿਆਰਥੀਆਂ ਨੂੰ ਖਦੇੜ ਦਿੱਤਾ ਗਿਆ।

ਜਿਨ੍ਹਾਂ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝੜਪ ਹੋਈ ਉਨ੍ਹਾਂ ਵਿੱਚ, ਇੱਕ ਹਿਜਾਬ ਪਾਉਣ ਵਾਲੇ ਸਨ ਅਤੇ ਦੂਜੇ ਭਗਵੇਂ ਸ਼ਾਲਾਂ ਨਾਲ ਨਾਅਰੇਬਾਜ਼ੀ ਕਰ ਰਹੇ ਸਨ।

ਇਨ੍ਹਾਂ ਦੋਵਾਂ ਧੜਿਆਂ ਦੀ ਗਰਮ ਬਹਿਸ ਨੇ ਉਡੁਪੀ ਵਿੱਚ ਪ੍ਰਾਈਵੇਟ ਕਾਲਜ ਨੂੰ ਉਦੋਂ ਤੱਕ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਜਦੋਂ ਤੱਕ ਸੂਬਾ ਹਾਈ ਕੋਰਟ ਇਸ ਮੁੱਦੇ 'ਤੇ ਫ਼ੈਸਲਾ ਨਹੀਂ ਲੈਂਦਾ।

ਹਿਜਾਬ ਖ਼ਿਲਾਫ਼ ਵਿਰੋਧ ਦੀ ਸ਼ੁਰੂਆਤ ਉਡੂਪੀ ਦੇ ਸਰਕਾਰੀ ਗਰਲਜ਼ ਪੀਯੂ ਕਾਲਜ ਵਿਚ 6 ਮਹੀਨੇ ਪਹਿਲਾਂ ਹੋਈ ਸੀ। ਉਦੋਂ 6 ਕੁੜੀਆਂ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਹਿਜਾਬ ਪਾਕੇ ਜਮਾਤਾਂ ਲਗਾਉਣ ਤੋਂ ਰੋਕਿਆ ਗਿਆ ਹੈ। ਉਡੂਪੀ ਅਤੇ ਚਿਕਮਗਲੂਰੂ ਵਿਚ ਹਿੰਦੂਤਵੀ ਗਰੁੱਪਾਂ ਨੇ ਕੁੜੀਆਂ ਦੇ ਜਮਾਤ ਵਿਚ ਹਿਜਾਬ ਪਾਕੇ ਆਉਣ ਦਾ ਵਿਰੋਧ ਕੀਤਾ ਸੀ।

ਉਡੂਪੀ ਅਤੇ ਹੋਰ ਖੇਤਰਾਂ ਦੇ ਕਾਲਜਾਂ ਵਿਚ ਇਹ ਸਟਾਫ਼ ਵਲੋਂ ਹਿਜਾਬ ਪਾਕੇ ਜਮਾਤਾਂ ਵਿਚ ਆਉਣ ਉੱਤੇ ਪਾਬੰਦੀ ਦੇ ਬਾਵਜੂਦ ਕੁਝ ਵਿਦਿਆਰਥੀਆਂ ਨੇ ਭਗਵੇਂ ਪਟਕਿਆ ਨਾਲ ਮੁਜ਼ਾਹਰੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਬੀਤੇ ਸ਼ਨੀਵਾਰ ਨੂੰ ਸੂਬਾ ਸਰਕਾਰ ਨੇ ਉਨ੍ਹਾਂ ਕੱਪੜਿਆ ਉੱਤੇ ਪਾਬੰਦੀ ਲਗਾ ਦਿੱਤੀ, ਉਨ੍ਹਾਂ ਮੁਤਾਬਕ ਜੋ ਬਰਾਬਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਖ਼ਰਾਬ ਕਰਦੇ ਹੋਣ।

ਸ਼ਿਵਮੋਗਾ ਅਤੇ ਬੰਨਾਹੱਟੀ ਵਿੱਚ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਨਾਅਰੇਬਾਜ਼ੀ ਅਤੇ ਬਹਿਸਬਾਜ਼ੀ ਤੋਂ ਬਾਅਦ ਦੋਵਾਂ ਧਿਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।

ਕਾਲਜ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਦੇ ਸਰਪ੍ਰਸਤਾਂ ਨੂੰ ਇੱਕ ਵੀਡੀਓ ਵਿੱਚ ਪੱਥਰ ਸੁੱਟਦੇ ਦੇਖਿਆ ਜਾ ਸਕਦਾ ਹੈ।

ਬਾਗਲਕੋਟ ਦੇ ਪੁਲਿਸ ਸੁਪਰਡੈਂਟ ਲੋਕੇਸ਼ ਬੀ ਜਗਲਾਸਰ ਨੇ ਬੀਬੀਸੀ ਨੂੰ ਦੱਸਿਆ, ''ਬੰਨਾਹੱਟੀ ਵਿੱਚ ਹਾਲਾਤ ਕਾਬੂ 'ਚ ਹਨ।"

ਉਡੁਪੀ ਦੇ ਐੱਮਜੀਐੱਮ ਕਾਲਜ ਦੇ ਅੰਦਰ ਵਿਦਿਆਰਥੀ ਸਵੇਰ ਵੇਲੇ ਤੋਂ ਹੀ ਇਕੱਠੇ ਹੋਏ ਸਨ।

ਕੁਝ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਕਾਲਜ ਵਿੱਚ ਜਲਦੀ ਹੀ ਦਾਖ਼ਲ ਹੋ ਗਈਆਂ ਸਨ।

ਇਸ ਤੋਂ ਇਲਾਵਾ ਇੱਕ ਹੋਰ ਸਮੂਹ ਗੇਟ 'ਤੇ ਦੇਖਿਆ ਗਿਆ, ਜਿਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਕਿਉਂਕਿ ਭਗਵਾਂ ਪੱਗਾਂ ਵਾਲੇ ਅਤੇ ਸ਼ਾਲਾਂ ਵਾਲੇ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਨਜ਼ਰ ਆਏ।

ਇੱਕ ਹਿਜਾਬ ਪਹਿਨਣ ਵਾਲੀ ਵਿਦਿਆਰਥਣ ਨੇ ਦੱਸਿਆ, "ਸਾਨੂੰ ਕਾਲਜ ਵੱਲੋਂ ਪਿਛਲੇ ਸਾਰੇ ਸਾਲਾਂ ਦੌਰਾਨ ਹਿਜਾਬ ਪਹਿਨਣ ਦੀ ਇਜਾਜ਼ਤ ਸੀ ਪਰ ਅਚਾਨਕ ਸਾਨੂੰ ਆਖਿਆ ਗਿਆ ਕਿ ਅਸੀਂ ਆਪਣੇ ਕਾਲਜ ਦੇ ਲੇਡੀਜ਼ ਰੂਮ ਵਿੱਚ ਵੀ ਨਹੀਂ ਜਾ ਸਕਦੇ।"

ਭਗਵਾ ਸ਼ਾਲ ਪਹਿਨੀ ਹੋਈ ਇੱਕ ਵਿਦਿਆਰਥਣ ਨੇ ਕੰਨੜ ਟੈਲੀਵਿਜ਼ਨ ਚੈਨਲ ਨੂੰ ਕਿਹਾ, ''ਅਸੀਂ ਸਿਰਫ਼ ਇਕਸਾਰਤਾ ਚਾਹੁੰਦੇ ਹਾਂ। ਅਸੀਂ ਪਹਿਲਾਂ ਕਦੇ ਭਗਵੇਂ ਸ਼ਾਲਾਂ ਨਹੀਂ ਪਹਿਨੀਆਂ।"

ਜਦੋਂ ਵਿਦਿਆਰਥੀ ਵਰਗਾ ਆਪਸ ਵਿੱਚ ਨਾਅਰੇਬਾਜ਼ੀ ਕਰਦਿਆਂ ਬਹਿਸ ਰਹੇ ਸਨ ਤਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਦੇਵਦਾਸ ਭੱਟ ਨੇ ਐਲਾਨ ਕੀਤਾ ਕਿ ਜਦੋਂ ਤੱਕ ਹਾਈ ਕੋਰਟ ਇਸ ਮੁੱਦੇ 'ਤੇ ਫ਼ੈਸਲਾ ਨਹੀਂ ਲੈਂਦਾ, ਉਦੋਂ ਤੱਕ ਕਾਲਜ ਬੰਦ ਰਹੇਗਾ।

ਏਡੀਜੀਪੀ (ਲਾਅ ਅਤੇ ਆਰਡਰ) ਪ੍ਰਤਾਪ ਰੈੱਡ ਨੇ ਦੱਸਿਆ, "ਇਹ ਸਾਰੀਆਂ ਮਾਮੂਲੀ ਘਟਨਾਵਾਂ ਹਨ। ਹਾਲਾਤ ਵਿੱਚ ਕਾਬੂ ਵਿੱਚ ਹਨ।"

ਇਸ ਦੌਰਾਨ, ਕਰਨਾਟਕ ਹਾਈ ਕੋਰਟ ਦੇ ਜਸਟਿਸ ਕ੍ਰਿਸ਼ਨਾ ਦੀਕਸ਼ਿਤ ਨੇ 'ਜਨਤਕ ਆਦੇਸ਼' ਦੇ ਹਿੱਤ ਵਿੱਚ ਹਿਜਾਬ ਪਹਿਨਣ 'ਤੇ ਪਾਬੰਦੀ ਦੇ ਸ਼ਨੀਵਾਰ ਨੂੰ ਜਾਰੀ ਕੀਤੇ ਸਰਕਾਰੀ ਆਦੇਸ਼ ਦੇ ਖ਼ਿਲਾਫ਼ ਪਟੀਸ਼ਨਰਾਂ ਦੀ ਸੁਣਵਾਈ ਸ਼ੁਰੂ ਕੀਤੀ ਸੀ ।

ਇਹ ਵੀ ਪੜ੍ਹੋ:-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)