ਪੰਜਾਬ ਚੋਣਾਂ 2022: ਦਿਹਾੜੀ ਮਜ਼ਦੂਰ ਤੋਂ ਘੱਟ ਤਨਖ਼ਾਹ ਲੈ ਰਹੇ ਕੰਟਰੈਕਟ ਟੀਚਰ, ‘ਤਨਖ਼ਾਹ ’ਚੋਂ ਦੋ ਵਕਤ ਦੀ ਰੋਟੀ ਨਹੀਂ ਕੱਢ ਸਕਦੇ’
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
"ਸਾਲ 2015 'ਚ ਸਾਡਾ ਅੰਦੋਲਨ ਚੱਲ ਰਿਹਾ ਸੀ। ਕੋਈ ਹੱਲ ਨਹੀਂ ਹੋ ਰਿਹਾ ਸੀ। ਨਾ ਹੀ ਕੋਈ ਸੁਣਵਾਈ ਹੋ ਰਹੀ ਸੀ। ਮੈਂ ਗੁੱਸੇ 'ਚ ਆ ਕੇ ਨਹਿਰ ਵਿਚ ਛਾਲ ਮਾਰ ਦਿੱਤੀ।"
ਇਹ ਸ਼ਬਦਾਂ ਦਾ ਪ੍ਰਗਟਾਵਾ ਹਰਪ੍ਰੀਤ ਕੌਰ ਨੇ ਕੀਤਾ।
ਨਹਿਰ ਵਿੱਚ ਛਾਲ ਮਾਰਨ ਤੋਂ ਬਾਅਦ ਉਹ ਬਚ ਤਾਂ ਗਈ ਪਰ, ਪੰਜਾਬ ਦੇ ਹੋਰਨਾਂ ਹਜ਼ਾਰਾਂ ਟੀਚਰਾਂ ਜੋ ਉਸ ਵਾਂਗ 'ਕਾਂਟਰੈਕਟ' ’ਤੇ ਨੌਕਰੀ ਕਰਦੇ ਹਨ, ਅੱਜ ਵੀ ਉਨ੍ਹਾਂ ਦਾ ਅੰਦੋਲਨ ਜਾਰੀ ਹੈ।
ਦਰਅਸਲ ਲਗਭਗ 13000 ਕੱਚੇ ਈਟੀਟੀ (ਐਲੀਮੈਂਟਰੀ ਟੀਚਰ ਟਰੇਨਿੰਗ) ਅਧਿਆਪਕ ਕਈ ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਹਨ ਅਤੇ ਸਾਰਿਆਂ ਨੂੰ 6,000 ਰੁਪਏ ਤਨਖ਼ਾਹ ਮਿਲਦੀ ਹੈ।
ਸਰਕਾਰਾਂ ਇਨ੍ਹਾਂ ਨੂੰ ਪੱਕਾ ਕਰਨ ਦੀ ਗੱਲ ਕਰਦੀਆਂ ਆ ਰਹੀਆਂ ਹਨ। ਪਰ ਸਿਰਫ਼ ਈਟੀਟੀ ਅਧਿਆਪਕ ਹੀ ਨਹੀਂ, ਹਜ਼ਾਰਾਂ ਹੋਰ ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀਆਂ ਸੜਕਾਂ 'ਤੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਵਿੱਚ ਲਗਭਗ 7000 ਕੰਪਿਊਟਰ ਟੀਚਰ ਅਤੇ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀ ਟੀਚਰ ਵੀ ਸ਼ਾਮਿਲ ਹਨ, ਜੋ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰਦੇ ਆ ਰਹੇ ਹਨ।
ਕਈ ਹਜ਼ਾਰ ਈਟੀਟੀ ਤੇ ਟੈਟ ਪਾਸ ਬੇਰੁਜ਼ਗਾਰ ਵੀ ਇਸੇ ਤਰੀਕੇ ਨਾਲ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਹਨ।
ਹਰਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਅਧਿਆਪਕਾਂ ਨੂੰ 'ਪਾਰਟ ਟਾਈਮ' ਕੰਮ ਕਰਨਾ ਪੈਂਦਾ ਹੈ ਤਾਂ ਜੋ ਉਹ ਘਰ ਦਾ ਗੁਜ਼ਾਰਾ ਕਰ ਸਕਣ, ਦੋ ਵਕਤ ਦੀ ਰੋਟੀ ਖਾ ਸਕਣ।
ਜਿਵੇਂ ਕਿ ਨਿਸ਼ਾਂਤ ਕੁਮਾਰ ਜੋ ਕਪੂਰਥਲਾ ਵਿਚ ਅਧਿਆਪਕ ਹਨ ਪਰ ਗੁਜ਼ਾਰੇ ਲਈ ਸਕੂਲ ਤੋਂ ਬਾਅਦ ਆਟੋ ਚਲਾਉਂਦੇ ਹਨ।
ਵੀਡੀਓ:ਸਰਕਾਰੀ ਨੌਕਰੀ ਨਾ ਮਿਲੇ ਤਾਂ ਅਧਿਆਪਕਾਂ ਕੋਲ ਕਿਹੜੇ ਬਦਲ
ਦਰਅਸਲ ਇਹ ਸਾਰਿਆਂ ਨੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਵਲੰਟੀਅਰ ਟੀਚਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ।
ਬਾਅਦ ਵਿਚ ਪੰਜਾਬ ਸਰਕਾਰ ਨੇ ਇਹਨਾਂ ਨੂੰ ਈਟੀਟੀ ਦਾ ਕੋਰਸ ਕਰਾਇਆ ਤੇ ਇਹ ਕਿਹਾ ਉਨ੍ਹਾਂ ਸਾਰਿਆਂ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ ਜਿਸ ਨੂੰ ਲੈ ਕੇ ਇਹ ਸਾਰੇ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਨ।
ਹਰਪ੍ਰੀਤ ਦੀ ਕਹਾਣੀ
ਹਰਪ੍ਰੀਤ ਕੌਰ ਉਸੇ ਸ਼ਹਿਰ ਜਲੰਧਰ ਵਿਚ ਰਹਿੰਦੀ ਹੈ, ਜਿੱਥੋਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਆਉਂਦੇ ਹਨ ਅਤੇ ਇਸ ਵਾਰ ਚੋਣ ਵੀ ਲੜ ਰਹੇ ਹਨ।
ਹਰਪ੍ਰੀਤ ਕੌਰ ਉਹ ਅਧਿਆਪਕ ਹੈ ਜਿਸ ਨੇ ਸਾਲ 2015 ਵਿੱਚ ਇੱਕ ਵਾਰ ਅੰਦੋਲਨ ਕਰਦੇ ਹੋਏ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ।
ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਅਧਿਆਪਕਾ ਮਮਤਾ ਦੱਸਦੀ ਹੈ ਕਿ ਚੰਗਾ ਹੋਇਆ ਕਿ ਉਸ ਨੂੰ ਦੇਖ ਕੇ ਇੱਕ ਪੁਲਿਸ ਅਧਿਕਾਰੀ ਨੇ ਵੀ ਪਾਣੀ ਵਿਚ ਛਾਲ ਮਾਰ ਕੇ ਉਸ ਨੂੰ ਬਚਾ ਲਿਆ।
ਹਰਪ੍ਰੀਤ ਤੇ ਬਾਕੀ ਕਈ ਟੀਚਰਾਂ ਨੇ 13 ਦਿਨ ਜੇਲ੍ਹ ਕੱਟੀ, ਟਾਵਰਾਂ 'ਤੇ ਚੜ੍ਹੇ ਪਰ ਅੱਜ ਵੀ ਉਨ੍ਹਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਹਨ।
ਵੀਡੀਓ: ਕਰਜ਼ਾ ਚੁੱਕ ਕੇ ਡਿਗਰੀਆਂ ਕੀਤੀਆਂ, ਫਿਰ ਵੀ ਬੇਰੁਜ਼ਗਾਰ
ਜਲੰਧਰ ਦੇ ਇੱਕ ਸਮਾਰਟ ਪ੍ਰਾਇਮਰੀ ਸਕੂਲ ਵਿਚ ਕੰਮ ਕਰਨ ਵਾਲੀ ਹਰਪ੍ਰੀਤ ਕੌਰ ਦਸਦੀ ਹੈ ਕਿ ਉਨ੍ਹਾਂ ਨੇ ਸਾਲ 2008 ਵਿੱਚ ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਵਜੋਂ ਨੌਕਰੀ ਸ਼ੁਰੂ ਕੀਤੀ ਸੀ।
ਉਹ ਇੱਕ ਗਰੈਜੂਏਟ ਹਨ ਤੇ ਉਨ੍ਹਾਂ ਨੇ ਈਟੀਟੀ ਕੀਤੀ ਹੋਈ ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਨੂੰ 6,000 ਰੁਪਏ ਮਹੀਨਾ ਜੋ ਤਨਖ਼ਾਹ ਮਿਲਦੀ ਹੈ, ਉਹ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਘੱਟ ਹੈ।
ਇਹ ਵੀ ਪੜ੍ਹੋ-
ਉਹ ਦੱਸਦੀ ਹੈ, "ਤੁਸੀਂ ਆਪ ਹੀ ਦੇਖ ਲਓ ਕਿ ਮਜ਼ਦੂਰ ਵੀ 500-600 ਰੁਪਏ ਦਿਹਾੜੀ ਲੈਂਦਾ ਹੈ। ਹਿਸਾਬ ਕਰੀਏ ਤਾਂ ਸਾਡਾ 200 ਰੁਪਏ ਇੱਕ ਦਿਨ ਦਾ ਬਣਦਾ ਹੈ। ਚੰਗਾ ਹੁੰਦਾ ਜੇ ਅਸੀਂ ਵੀ ਅਜਿਹਾ ਕੁਝ ਕਰ ਲੈਂਦੇ। ਘੱਟੋ-ਘੱਟ ਘਰ ਦਿਆਂ ਨੂੰ ਤਾਂ ਸਾਡੇ ਤੋਂ ਉਮੀਦ ਨਹੀਂ ਹੋਣੀ ਸੀ।"
ਹਰਪ੍ਰੀਤ ਕਹਿੰਦੀ ਹੈ, "ਮੇਰਾ ਪਤੀ ਇੱਕ ਤਰਖਾਣ ਹੈ। ਕਈ ਵਾਰ ਉਸ ਕੋਲ ਕੋਈ ਕੰਮ ਨਹੀਂ ਹੁੰਦਾ। 6,000 ਰੁਪਏ ਵਿੱਚ ਕਿਵੇਂ ਗੁਜ਼ਾਰਾ ਹੋ ਸਕਦਾ ਹੈ? ਮੇਰੇ ਕੋਲ ਪਾਲਣ ਲਈ 15 ਸਾਲ ਦੀ ਧੀ ਹੈ। ਜਦੋਂ ਤੱਕ ਅਸੀਂ ਅੰਦੋਲਨ ਕੀਤਾ, ਸਾਨੂੰ ਤਾਂ ਉਨ੍ਹਾਂ ਮਹੀਨਿਆਂ ਦੀ ਤਨਖ਼ਾਹ ਵੀ ਨਹੀਂ ਮਿਲੀ। "
ਉਹ ਕਹਿੰਦੀ ਹੈ ਕਿ ਬਹੁਤ ਸਾਰੇ ਅਧਿਆਪਕਾਂ ਨੂੰ ਪਾਰਟ ਟਾਈਮ ਕੰਮ ਕਰਨਾ ਪੈਂਦਾ ਹੈ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ।
‘6000 ਰੁਪਏ ’ਚ ਦੋ ਵਕਤ ਦਾ ਖਾਣਾ ਨਹੀਂ ਖਾ ਸਕਦੇ’

ਜਿਵੇਂ ਨਿਸ਼ਾਂਤ ਕੁਮਾਰ, ਜੋ ਕਿ ਨੇੜਲੇ ਜ਼ਿਲ੍ਹੇ ਕਪੂਰਥਲਾ ਵਿੱਚ ਰਹਿੰਦਾ ਹੈ। ਉਹ ਕਹਿੰਦੇ ਹਨ, "ਮੈਂ ਕਹਿਣ ਨੂੰ ਅਧਿਆਪਕ ਹਾਂ। ਪਰ ਮੈਂ ਗੁਜ਼ਾਰੇ ਲਈ ਇੱਕ ਆਟੋ ਚਲਾਉਂਦਾ ਹਾਂ ਕਿਉਂਕਿ 6,000 ਰੁਪਏ ਵਿਚ ਤਾਂ ਗੁਜ਼ਾਰਾ ਨਹੀਂ ਹੋ ਸਕਦਾ।"
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ 15-16 ਸਾਲਾਂ ਤੋਂ ਸਾਡਾ ਸ਼ੋਸ਼ਣ ਕਰ ਰਹੀ ਹੈ। ਤੁਸੀਂ 6,000 ਰੁਪਏ ਵਿੱਚ ਦੋ ਵਕਤ ਦਾ ਖਾਣਾ ਨਹੀਂ ਖਾ ਸਕਦੇ।
"ਇਸ ਲਈ ਮੈਂ ਸਕੂਲ ਦੇ ਸਮੇਂ ਤੋਂ ਬਾਅਦ ਆਟੋ ਚਲਾਉਂਦਾ ਹਾਂ। ਮੈਂ ਇੱਕ ਆਟੋ ਡਰਾਈਵਰ ਵਜੋਂ 10,000 ਰੁਪਏ ਕਮਾ ਲੈਂਦਾ ਹਾਂ। ਮੈਂ ਅਧਿਆਪਕ ਦੀ ਬਜਾਇ ਆਟੋ ਡਰਾਈਵਰ ਬਣਨਾ ਪਸੰਦ ਕਰਾਂਗਾ।"
ਹਰਪ੍ਰੀਤ ਦਾ ਕਹਿਣਾ ਹੈ ਕਿ ਸਾਲ 2016 ਵਿੱਚ ਜਦੋਂ ਉਹ ਲੋਕ ਅਕਾਲੀ-ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਸਨ, ਉਦੋਂ ਪੰਜਾਬ ਚੋਣਾਂ ਹੋਣ ਵਾਲੀਆਂ ਸਨ।
ਉਨ੍ਹਾਂ ਮੁਤਾਬਕ, "ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਸਾਡੇ ਅੰਦੋਲਨ ਵਿੱਚ ਆਏ ਅਤੇ ਸਾਨੂੰ ਪੁੱਛਿਆ ਕਿ ਸਾਡੀ ਤਨਖ਼ਾਹ ਕਿੰਨੀ ਹੈ। ਅਸੀਂ ਜਵਾਬ ਦਿੱਤਾ 5,000 ਰੁਪਏ।"
ਉਨ੍ਹਾਂ ਕਿਹਾ ਕਿ ਇਹ ਸਰਕਾਰ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਇਸ ਤੋਂ ਵੱਧ ਉਨ੍ਹਾਂ ਦੇ ਘਰ ਦਾ ਮਾਲੀ ਲੈ ਜਾਂਦਾ ਹੈ ਤੇ ਤੁਸੀਂ ਪੜ੍ਹੇ ਲਿਖੇ ਅਧਿਆਪਕ ਹੋ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੂੰ ਵੋਟ ਪਾਓ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਲੋਕਾਂ ਨੂੰ ਪੱਕੀ ਨੌਕਰੀ ਦੇ ਕੇ ਤਨਖ਼ਾਹ ਵਧਾ ਦੇਵਾਂਗੇ।
ਉਨ੍ਹਾਂ ਦੀ ਸਰਕਾਰ ਆ ਗਈ। ਅਮਰਿੰਦਰ ਨੂੰ ਸਾਡੇ ਚਾਰ ਸਾਲ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
ਨਿਸ਼ਾਂਤ ਕਹਿੰਦੇ ਹਨ ਕਿ ਪਹਿਲੀ ਮੀਟਿੰਗ ਤਾਂ ਛੱਡੋ ਆਖ਼ਰੀ ਕੈਬਨਿਟ ਮੀਟਿੰਗ ਤੱਕ ਵੀ ਕੁਝ ਨਹੀਂ ਹੋਇਆ।
ਵੀਡੀਓ: ਚੰਨੀ ਦੀ ਰੈਲੀ ਵਿੱਚ ਜਦੋਂ ਟੀਚਰ ਮੁਜ਼ਾਹਰਾ ਕਰਨ ਪਹੁੰਚੇ ਸੀ
ਹਰਪ੍ਰੀਤ ਕੌਰ ਅੱਗੇ ਕਹਿੰਦੀ ਹੈ ਕਿ ਚਰਨਜੀਤ ਚੰਨੀ ਮੁੱਖ ਮੰਤਰੀ ਬਣ ਕੇ ਕਹਿਣ ਲੱਗੇ ਕਿ ਮੈਂ ਗ਼ਰੀਬਾਂ ਦਾ ਮਸੀਹਾ ਹਾਂ। ਮੈਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗਾ। ਪਰ ਹੁਣ ਤੱਕ ਅਜਿਹਾ ਕੁਝ ਨਹੀਂ ਹੋਇਆ।"
ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਤਨਖ਼ਾਹ 6500 ਵਧਾਉਣ ਦੀ ਗੱਲ ਚੱਲੀ ਸੀ ਪਰ ਉਹ ਵਾਅਦਾ ਵੀ ਪੂਰਾ ਨਹੀਂ ਹੋਇਆ।
ਹੁਣ ਫਿਰ ਚੋਣਾਂ ਹੋਣ ਵਾਲੀਆਂ ਹਨ ਤੇ ਮੁੜ ਮੁੱਦਾ ਚਰਚਾ ਵਿਚ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤਾਂ ਇਹਨਾਂ ਟੀਚਰਾਂ ਦੇ ਧਰਨੇ 'ਤੇ ਪੁੱਜ ਗਏ ਤੇ ਕਹਿਣ ਲੱਗੇ ਕਿ ਤੁਸੀਂ ਮਜ਼ਦੂਰਾਂ ਨਾਲੋਂ ਵੀ ਘੱਟ ਤਨਖ਼ਾਹ ਤੇ ਕੰਮ ਕਰ ਰਹੇ ਹੋ।
ਉਨ੍ਹਾਂ ਨੇ ਕਿਹਾ, "ਸਾਡੀ ਸਰਕਾਰ ਆਈ ਤਾਂ ਤੁਹਾਨੂੰ ਇਨਸਾਫ਼ ਮਿਲੇਗਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੌਣ-ਕੌਣ ਸੜਕਾਂ 'ਤੇ
ਪੰਜਾਬ ਦੇ ਟੀਚਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਪਿਛਲੇ ਮਹੀਨਿਆਂ ਦੌਰਾਨ ਆਪਣੇ ਧਰਨੇ ਪ੍ਰਦਰਸ਼ਨਾਂ ਕਾਰਨ ਸੁਰਖ਼ੀਆਂ 'ਚ ਰਹੀਆਂ ਹਨ।
- ਦਸੰਬਰ ਵਿਚ ਚਰਨਜੀਤ ਚੰਨੀ ਦੇ ਭਾਸ਼ਨ ਦੌਰਾਨ ਅਧਿਆਪਕਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਘਸੀਟਦੇ ਅਤੇ ਗੱਡੀਆਂ ਵਿੱਚ ਲੱਦਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਸਨ।
- ਅਕਤੂਬਰ 'ਚ ਬੀਐੱਡ, ਟੀਈਟੀ, ਪਾਸ ਬੇਰੁਜ਼ਗਾਰ ਜਲੰਧਰ 'ਚ ਪਾਣੀ ਦੀ ਓਵਰ ਹੈੱਡ ਟੈਂਕੀ 'ਤੇ ਚੜ੍ਹ ਗਏ।
- ਨਵੰਬਰ 'ਚ ਅਧਿਆਪਕਾਂ ਨੇ ਮੁਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ ਮੁੱਖ ਗੇਟ ਨੂੰ ਜਾਮ ਕਰ ਦਿੱਤਾ।
- ਨਵੰਬਰ 'ਚ ਪ੍ਰਦਰਸ਼ਨਕਾਰੀ ਅਧਿਆਪਕ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਜਲੰਧਰ ਸਥਿਤ ਰਿਹਾਇਸ਼ 'ਤੇ ਦਾਖਲ ਹੋ ਗਏ।
ਚੰਨੀ ਦੀ ਰੈਲੀ ਵਿੱਚ ਪ੍ਰਦਰਸ਼ਨ ਕਰਨ ਵਾਲੇ ਟੀਚਰਾਂ ਦੀ ਜ਼ਿੰਦਗੀ
ਸਾਲ 2020 ਤੱਕ ਪ੍ਰਾਪਤ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਵਿਚ ਲਗਭਗ 5100 ਮਿਡਲ ਸਕੂਲ, ਲਗਭਗ ਇੰਨੇ ਹੀ 10+2 ਸਕੂਲ, 13000 ਪ੍ਰਾਇਮਰੀ ਸਕੂਲ ਤੇ 4400 ਹਾਈ ਸਕੂਲ ਹਨ। ਇੰਨ੍ਹਾਂ ਸਕੂਲਾਂ ਵਿਚ ਸਾਰੇ ਟੀਚਰਾਂ ਦੀ ਗਿਣਤੀ ਲਗਭਗ 2.75 ਲੱਖ ਹੈ।
ਪੰਜਾਬ ਵਿਚ ਕੁਲ 186 ਬੀਐੱਡ ਕਾਲਜ ਹਨ ਜਦੋਂ ਕਿ ਸਾਲ 2000 ਵਿਚ ਇਹ ਗਿਣਤੀ ਸਿਰਫ 22 ਸੀ।
ਵੀਡੀਓ: ਪਰਗਟ ਸਿੰਘ -ਮੁਜ਼ਾਹਰਾਕਾਰੀ ਟੀਚਰਾਂ ਦਾ ਘਰ ਵੜਨਾ ਗ਼ਲਤ, ਇਨਸਾਨੀਅਤ ਕਿੱਥੇ ਹੈ?
ਕੀ ਕਹਿੰਦੇ ਹਨ ਸਿੱਖਿਆ ਮੰਤਰੀ
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਟੀਚਰਾਂ ਦੀ ਕੁੱਲ 31,000 ਪੋਸਟਾਂ ਹਨ।
19000 ਟੀਚਰਾਂ ਦੀਆਂ ਪੋਸਟਾਂ ਪਹਿਲਾਂ ਸੀ ਤੇ 12,880 ਨਵੀਆਂ ਬਣਾਈ ਗਈਆਂ ਹਨ।
ਉਨ੍ਹਾਂ ਨੇ ਕਿਹਾ, "ਸਮੇਂ-ਸਮੇਂ ’ਤੇ ਨਿਯਮਾਂ ਦੀ ਡਾਇਵਰਸ਼ਨ ਹੋ ਗਈ ਜਿਸ ਦੇ ਕਾਰਨ ਉਹ ਜਿਹੜੀ ਪ੍ਰਕਿਰਿਆ ਸੀ ਉਹ ਹਾਈ ਕੋਰਟ ਜਾਂ ਕਿਸੇ ਹੋਰ ਕਿਸੇ ਨਾ ਕਿਸੇ ਪੱਧਰ ’ਤੇ ਹੈ। ਇੰਨੀ ਹੀ ਸਮੱਸਿਆ ਹੈ।"
"ਇਹ ਠੀਕ ਹੈ ਕਿ ਪਿਛਲੇ ਦਸ ਸਾਲਾਂ ਤੋਂ ਇਹ ਅਸਾਮੀਆਂ ਇਕੱਠੀਆਂ ਹੋ ਰਹੀਆਂ ਹਨ। ਮੈਨੂੰ ਇਸ ਅਹੁਦੇ ਦੇ ਤਿੰਨ ਮਹੀਨੇ ਹੀ ਮਿਲੇ ਜੋ ਕਿ ਘੱਟ ਸਮਾਂ ਸੀ ਪਰ ਤਾਂ ਵੀ ਮੈਂ ਰਸਤੇ 'ਤੇ ਪਾ ਦਿੱਤਾ ਹੈ। ਮੈਂ 12880 ਪੋਸਟਾਂ ਦੀ ਭਰਤੀ ਦੀ ਪ੍ਰਕਿਰਿਆ ਚੋਣਾਂ ਦੇ ਕੋਡ ਲੱਗਣ ਤੋਂ ਪਹਿਲਾਂ ਸ਼ੁਰੂ ਕਰਵਾ ਦਿੱਤੀ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2


















