ਕਿਸਾਨ ਅੰਦੋਲਨ: 11 ਮਹੀਨੇ ਟਿਕਰੀ ਬਾਰਡਰ 'ਤੇ ਕੱਟਣ ਵਾਲੀ ਇਸ ਬੀਬੀ ਦੇ ਪਤੀ ਨੇ ਮਿਹਣੇ ਤਾਂ ਸੁਣੇ, ਪਰ ਹੁਣ ਕੀ ਕਹਿੰਦੇ

ਤਸਵੀਰ ਸਰੋਤ, Bachittar kaur
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
''ਜਿੱਤ ਦੇ ਨਾਲ ਇਸ ਸੰਘਰਸ਼ ਵਿੱਚ ਅਸੀਂ ਸ਼ਹੀਦੀਆਂ ਵੀ ਝੋਲੀ ਵਿੱਚ ਲੈ ਕੇ ਆਏ ਹਾਂ। ਜੇ ਇਹ ਕਾਨੂੰਨ ਪਹਿਲਾਂ ਵਾਪਸ ਹੋ ਜਾਂਦੇ ਤਾਂ ਅੱਜ ਉਹ ਬੱਚੇ, ਔਰਤਾਂ ਅਤੇ ਬਜ਼ੁਰਗ ਦੀ ਵੀ ਸਾਡੇ ਨਾਲ ਘਰ ਵਾਪਸ ਆਉਂਦੇ।''
ਦਿੱਲੀ ਹਰਿਆਣਾ ਦੇ ਟਿਕਰੀ ਬਾਰਡਰ 'ਤੇ ਸੰਘਰਸ਼ ਦੌਰਾਨ ਗਿਆਰਾਂ ਮਹੀਨੇ ਰਹਿ ਕੇ ਘਰ ਵਾਪਸ ਆਏ ਬਚਿੱਤਰ ਕੌਰ ਘਰ ਵਾਪਸੀ 'ਤੇ ਖ਼ੁਸ਼ ਵੀ ਹਨ ਅਤੇ ਭਾਵੁਕ ਵੀ।
ਪੇਸ਼ੇ ਵਜੋਂ ਅਧਿਆਪਕ ਰਹੇ ਅਤੇ ਹੁਣ ਰਿਟਾਇਰ ਬਚਿੱਤਰ ਕੌਰ ਮੁਤਾਬਕ ਇਸ ਸੰਘਰਸ਼ ਵਿੱਚ ਜਾਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਸਫ਼ਲਤਾ ਵਿੱਚ ਸ਼ਾਮਿਲ ਹੈ।
ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਦਿੱਲੀ ਹਰਿਆਣਾ ਦੀਆਂ ਸਰਹੱਦਾਂ ਤੋਂ ਕਿਸਾਨ ਵਾਪਸ ਆ ਗਏ ਹਨ। ਇਸ ਸੰਘਰਸ਼ ਨੇ ਕਿਸਾਨਾਂ ਦੇ ਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਜੀਵਨ ਨੂੰ ਕਾਫ਼ੀ ਬਦਲਿਆ ਹੈ।
ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਦੇ ਬਚਿੱਤਰ ਕੌਰ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਦੇ ਪਤੀ ਹਾਕਮ ਸਿੰਘ ਹੁਣ ਰਸੋਈ ਦੇ ਕਈ ਕੰਮ ਸਿੱਖ ਗਏ ਹਨ।

ਤਸਵੀਰ ਸਰੋਤ, Bachittar kaur
ਪ੍ਰਦਰਸ਼ਨ ਦੌਰਾਨ ਹੰਝੂ ਗੈਸ ਦੇ ਗੋਲਿਆਂ ਤੋਂ ਬਚਣ ਦੇ ਗੁਰ ਹੁਣ ਬਚਿੱਤਰ ਕੌਰ ਨੂੰ ਆਉਂਦੇ ਹਨ। ਪਰਿਵਾਰ ਵਿੱਚ ਉਨ੍ਹਾਂ ਦੇ ਬੱਚੇ ਵੀ ਹਨ ਜੋ ਵਿਦੇਸ਼ ਰਹਿੰਦੇ ਹਨ।
ਬਚਿੱਤਰ ਕੌਰ ਦੇ ਪਿਤਾ ਸੁਭਾਸ਼ ਚੰਦਰ ਬੋਸ ਨਾਲ ਆਜ਼ਾਦ ਹਿੰਦ ਫ਼ੌਜ ਦਾ ਹਿੱਸਾ ਵੀ ਰਹੇ ਹਨ ਤੇ ਕਈ ਸਾਲ ਜੇਲ੍ਹ ਵੀ ਕੱਟੀ ਹੈ। ਕਿਸਾਨੀ ਅਤੇ ਸੰਘਰਸ਼ ਨੂੰ ਆਪਣੇ ਖ਼ੂਨ ਦਾ ਹਿੱਸਾ ਹੀ ਸਮਝਦੇ ਹਨ।
ਅੰਦੋਲਨ ਤੋਂ ਵਾਪਸੀ ਬਾਰੇ ਜਾਣਕਾਰੀ ਮਿਲਣ' ਤੇ ਉਨ੍ਹਾਂ ਦੇ ਪਤੀ ਅਤੇ ਰਿਸ਼ਤੇਦਾਰਾਂ ਨੇ ਘਰ ਨੂੰ ਸਜਾਇਆ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਖਾਸ ਇੰਟਰਵਿਊ
ਪਿੰਡ ਦੇ ਗੁਰਦੁਆਰੇ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਰਿਵਾਰ ਨੇ ਵਾਪਸੀ ਦੀ ਖੁਸ਼ੀ ਵਿੱਚ ਢੋਲ ਵਜਾ ਕੇ,ਕੇਕ ਕੱਟ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਜੁੜੇ ਬਚਿੱਤਰ ਕੌਰ ਦੇ ਘਰ ਅਤੇ ਕਾਰ ਉੱਪਰ ਵੀ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲਹਿਰਾਉਂਦਾ ਹੈ।

ਘਰ ਦੀ ਕੰਧ ਉੱਪਰ ਲੱਗੀ ਘੜੀ ਵੀ ਖੇਤੀ ਸੰਘਰਸ਼ ਦੀ ਗਵਾਹੀ ਦਿੰਦੀ ਹੈ।
ਹਰਿਆਣਾ ਵਾਸੀਆਂ ਨੇ ਜਿੱਤਿਆ ਦਿਲ
ਸੰਘਰਸ਼ ਦੌਰਾਨ ਹਰਿਆਣਾ ਦੇ ਲੋਕਾਂ ਤੋਂ ਮਿਲੇ ਸਹਿਯੋਗ ਨੂੰ ਯਾਦ ਕਰਦਿਆਂ ਬਚਿੱਤਰ ਦੱਸਦੇ ਹਨ,"ਸਾਨੂੰ ਲੱਗਦਾ ਸੀ ਕਿ ਹਰਿਆਣਾ ਦੇ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਣਗੇ।"
"ਇਸ ਤੋਂ ਉਲਟ ਉਨ੍ਹਾਂ ਨੇ ਸਾਨੂੰ ਸਨਮਾਨ ਅਤੇ ਸਹਿਯੋਗ ਦਿੱਤਾ। ਸ਼ੁਰੂਆਤੀ ਦਿਨਾਂ ਦੀਆਂ ਔਕੜਾਂ ਦੌਰਾਨ ਪ੍ਰਦਰਸ਼ਨਕਾਰੀ ਔਰਤਾਂ ਨੂੰ ਆਪਣੇ ਘਰਾਂ ਵਿੱਚ ਬਾਥਰੂਮ ਅਤੇ ਟਾਇਲਟ ਦੀ ਵਰਤੋਂ ਵੀ ਕਰਨ ਦਿੱਤੀ।"
ਇਹ ਵੀ ਪੜ੍ਹੋ-
"ਜੋ ਲੋਕ ਆਖਦੇ ਸਨ ਕਿ ਇਹ ਸਿਰਫ਼ ਪੰਜਾਬ ਦਾ ਅੰਦੋਲਨ ਹੈ ਉਨ੍ਹਾਂ ਨੂੰ ਗ਼ਲਤ ਕਰਾਰ ਦਿੱਤਾ। ਸਾਡੀਆਂ ਸਾਂਝਾਂ ਨੂੰ ਇਸ ਅੰਦੋਲਨ ਨੇ ਹੋਰ ਗੂੜ੍ਹਾ ਕੀਤਾ ਹੈ। ਟਿਕਰੀ ਬਾਰਡਰ 'ਤੇ ਪੰਜਾਬ ਹਰਿਆਣਾ ਏਕਤਾ ਦਾ ਮਾਰਚ ਵੀ ਕੱਢਿਆ ਗਿਆ ਸੀ।"
ਖਾਣ-ਪੀਣ ਬਾਰੇ ਯਾਦ ਕਰਦਿਆਂ ਉਨ੍ਹਾਂ ਕਿਹਾ, "ਹਰਿਆਣਾ ਦੇ ਲੋਕਾਂ ਨੇ ਸਾਨੂੰ ਉਹ ਲੱਸੀ ਪਿਆਈ ਜੋ ਪੰਜਾਬ ਦੀਆਂ ਚਾਟੀਆਂ ਵਿੱਚੋਂ ਅਲੋਪ ਹੋ ਗਈ ਹੈ। ਦੁੱਧ, ਦਹੀਂ, ਲੱਸੀ ਕਿਸੇ ਚੀਜ਼ ਦੀ ਕਮੀ ਕਦੇ ਮਹਿਸੂਸ ਨਹੀਂ ਹੋਈ।"
ਪਰਿਵਾਰ, ਜਿਨ੍ਹਾਂ ਦੇ ਅੰਦੋਲਨ ਦੌਰਾਨ ਜਾਨਾਂ ਗੁਆਈਆਂ
ਵਾਪਸੀ ਦੇ ਮੌਕੇ ਨੂੰ ਯਾਦ ਕਰਦਿਆਂ ਆਖਦੇ ਹਨ ਕਿ ਹਰਿਆਣਾ ਦੀਆਂ ਔਰਤਾਂ ਵੱਲੋਂ ਥਾਂ-ਥਾਂ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਖਾਣ-ਪੀਣ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।
ਬਚਿੱਤਰ ਕੌਰ ਨੇ ਦੱਸਿਆ ਕਿ ਵਾਪਸੀ ਦੇ ਸਮੇਂ ਆਸ-ਪਾਸ ਦੇ ਲੋਕ ਆ ਕੇ ਕਿਸਾਨਾਂ ਦੇ ਗਲੇ ਲੱਗ ਕੇ ਰੋ ਰਹੇ ਸਨ।
ਉਨ੍ਹਾਂ ਹਰਿਆਣੇ ਦੇ ਲੋਕਾਂ ਨੂੰ ਹੌਸਲਾ ਦੇਣ ਲਈ ਬਚਿੱਤਰ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਖਿਆ ਕਿ ਕਿਸਾਨ ਜਿੱਤ ਕੇ ਜਾ ਰਹੇ ਹਨ ਅਤੇ ਇਸ ਲਈ ਉਦਾਸ ਨਹੀਂ ਹੋਣਾ।
ਕਈਆਂ ਨੇ ਉਨ੍ਹਾਂ ਨੂੰ ਤੋਹਫੇ ਦਿੱਤੇ। ਇੱਕ ਪਰਿਵਾਰ ਨੇ ਉਨ੍ਹਾਂ ਨੂੰ ਆਪਣੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਹੈ।
ਹਰਿਆਣਾ ਦੇ ਲੋਕਾਂ ਵੱਲੋਂ ਮਿਲੇ ਤੋਹਫੇ ਅਤੇ ਹੋਰ ਚੀਜ਼ਾਂ ਨੂੰ ਬਚਿੱਤਰ ਬੜੀ ਖ਼ੁਸ਼ੀ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਿਖਾਉਂਦੇ ਹਨ।
ਕਈ ਪਿੰਡ ਵਾਸੀਆਂ ਨੇ ਪਤੀ ਨੂੰ ਦਿੱਤੇ ਸਨ ਤਾਅਨੇ
26 ਨਵੰਬਰ 2020 ਨੂੰ ਬਚਿੱਤਰ ਕੌਰ ਦੇ ਪਤੀ ਹਾਕਮ ਸਿੰਘ ਆਪ ਉਨ੍ਹਾਂ ਨੂੰ ਦਿੱਲੀ ਜਾਣ ਵਾਲੀ ਪਿੰਡ ਦੀ ਟਰਾਲੀ ਵਿੱਚ ਛੱਡ ਕੇ ਗਏ ਸਨ।

ਸੰਘਰਸ਼ ਦੌਰਾਨ ਪਤੀ ਪਤਨੀ ਦਾ ਇਹ ਸਫ਼ਰ ਸੌਖਾ ਨਹੀਂ ਰਿਹਾ। ਹਾਕਮ ਸਿੰਘ ਦੱਸਦੇ ਹਨ ਕਿ ਜਦੋਂ ਸੰਘਰਸ਼ ਲੰਬਾ ਹੁੰਦਾ ਗਿਆ ਤਾਂ ਪਿੰਡ ਦੇ ਕੁਝ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਅਤੇ ਉਨ੍ਹਾਂ ਨੂੰ ਤਾਅਨੇ ਵੀ ਦਿੱਤੇ।
ਹਾਕਮ ਸਿੰਘ ਆਖਦੇ ਹਨ, "ਮੈਂ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਬਚਿੱਤਰ ਸੰਘਰਸ਼ ਜਿੱਤੇ ਬਿਨਾਂ ਵਾਪਸ ਨਹੀਂ ਆਉਣਗੇ। ਅੱਜ ਉਹੀ ਲੋਕ ਪੂਰੇ ਪਿੰਡ ਸਮੇਤ ਕੋਕਰੀ ਕਲਾਂ ਤੋਂ ਬਚਿੱਤਰ ਨੂੰ ਪਿੰਡ ਲੈ ਕੇ ਆਏ ਹਨ।"
ਹਾਕਮ ਸਿੰਘ ਦੇ ਚਿਹਰੇ ਉਪਰ ਖੁਸ਼ੀ ਅਤੇ ਗੱਲਾਂ ਵਿੱਚ ਜਿੱਤ ਦਾ ਮਾਣ ਸਾਫ਼ ਝਲਕਦਾ ਹੈ।
ਸੰਘਰਸ਼ ਦੇ ਸਮੇਂ ਨੂੰ ਯਾਦ ਕਰਦਿਆਂ ਹਾਕਮ ਸਿੰਘ ਦੱਸਦੇ ਹਨ, "ਇਨ੍ਹਾਂ ਦੇ ਜਾਣ ਤੋਂ ਬਾਅਦ ਪਹਿਲੀ ਰਾਤ ਸੇਵੀਆਂ ਅਤੇ ਫਿਰ ਦੋ-ਤਿੰਨ ਦਿਨ ਦਲੀਆ ਬਣਾ ਕੇ ਖਾਧਾ।"
"ਕੁਝ ਦਿਨ ਰਿਸ਼ਤੇਦਾਰਾਂ ਦੇ ਘਰ ਵੀ ਖਾਣਾ ਖਾਧਾ। ਫਿਰ ਹੌਲੀ-ਹੌਲੀ ਮੈਂ ਹੁਣ ਰੋਟੀਆਂ ਬਣਾਉਣੀਆਂ ਆਪ ਹੀ ਸਿੱਖ ਲਈਆਂ ਨੇ।"

ਤਸਵੀਰ ਸਰੋਤ, Bachittar kaur/bbc
26 ਜਨਵਰੀ ਦੀਆਂ ਘਟਨਾਵਾਂ ਅਤੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੂੰ ਯਾਦ ਕਰਦਿਆਂ ਹਾਕਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਸ ਦੌਰਾਨ ਬਚਿੱਤਰ ਦੀ ਸਿਹਤ ਅਤੇ ਸੁਰੱਖਿਆ ਦੀ ਬਹੁਤ ਫ਼ਿਕਰ ਹੋਈ ਸੀ।
ਪਰ ਬਚਿੱਤਰ ਨੇ ਵਾਪਸੀ ਨਹੀਂ ਕੀਤੀ। ਕਈ ਵਾਰ ਬਚਿੱਤਰ ਕੌਰ ਦੀ ਗੈਰਮੌਜੂਦਗੀ ਕਾਰਨ ਮਨ ਉਦਾਸ ਵੀ ਹੋ ਜਾਂਦਾ ਸੀ।
ਹਾਕਮ ਸਿੰਘ ਨੇ ਵੀ ਟਿਕਰੀ ਬਾਰਡਰ 'ਤੇ ਕਈ ਦਿਨ ਗੁਜ਼ਾਰੇ ਹਨ।
'ਸਾਡੇ ਚੁੱਲ੍ਹਿਆਂ ਅਤੇ ਰੋਟੀ ਦੀ ਲੜਾਈ ਸੀ'
ਖੇਤੀ ਸੰਘਰਸ਼ ਬਾਰੇ ਬਚਿੱਤਰ ਕੌਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਹਿਲਾਂ ਉਹ ਪਿੰਡ ਡਗਰੂ ਦੇ ਸ਼ੈਲਰ ਦੇ ਬਾਹਰ ਪ੍ਰਦਰਸ਼ਨ ਕਰਦੇ ਸਨ ਅਤੇ ਫਿਰ ਉਨ੍ਹਾਂ ਨੇ ਜੱਥੇਬੰਦੀ ਨਾਲ ਦਿੱਲੀ ਜਾਣ ਦਾ ਫ਼ੈਸਲਾ ਲਿਆ।
ਟਿਕਰੀ ਬਾਰਡਰ ਤੱਕ ਪਹੁੰਚਣ ਲਈ ਦੋ ਦਿਨ ਲੱਗੇ ਅਤੇ ਫਿਰ ਉਸ ਤੋਂ ਬਾਅਦ ਪਹਿਲੀ ਰਾਤ ਉੱਥੇ ਆਰਜ਼ੀ ਚੁੱਲ੍ਹੇ ਬਣਾ ਕੇ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਰੋਟੀਆਂ ਪਕਾਈਆਂ।
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟਰਾਲੀਆਂ ਵਿੱਚ ਹੀ ਸੌਣਾ ਅਤੇ ਬਾਕੀ ਦੇ ਕੰਮ ਹੁੰਦੇ ਸਨ।
ਪਹਿਲੇ ਚਾਰ ਦਿਨ ਪਾਣੀ ਅਤੇ ਟਾਇਲਟ ਦੀ ਗ਼ੈਰ-ਮੌਜੂਦਗੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਬਚਿੱਤਰ ਕੌਰ ਨੇ ਦੱਸਿਆ ਕਿ ਟਿਕਰੀ ਬਾਰਡਰ ਤੋਂ ਵਾਪਸ ਆਉਂਦੇ ਹੋਏ ਜੋ ਆਰਜ਼ੀ ਚੁੱਲ੍ਹੇ ਬਣਾਏ ਸਨ, ਉਹ ਅਸੀਂ ਤੋੜੇ ਨਹੀਂ।
ਉੱਥੇ ਹੀ ਛੱਡ ਕੇ ਆ ਗਏ ਹਾਂ। ਇਹ ਬਹੁਤ ਵੱਡਾ ਸੰਘਰਸ਼ ਸੀ। ਇਹ ਸਾਡੀ ਰੋਜ਼ੀ-ਰੋਟੀ ਅਤੇ ਚੁੱਲ੍ਹਿਆਂ ਦਾ ਮਸਲਾ ਸੀ।
ਭਾਵੇਂ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਕਿਸਾਨ ਘਰ ਵਾਪਸ ਆ ਗਏ ਹਨ ਪਰ ਬਚਿੱਤਰ ਕੌਰ ਵਾਂਗ ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਇਸ ਸੰਘਰਸ਼ ਨਾਲ ਅਭੁੱਲ ਯਾਦਾਂ ਲੈ ਕੇ ਆਏ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















